-ਸੱਚ ਤੇ ਅਧਾਰਤ ਘਟਨਾ

ਜਦੋਂ ਪੰਜਾਬ ਦਸਵੀਂ ਜਮਾਤ ਪਾਸ ਕਰਕੇ ਛੱਡਿਆ ਅਤੇ ਮੈਂ ਨਿਊਜ਼ੀਲੈਂਡ ਆਇਆ ਤਾਂ ਉਸ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਅਵਾਰਾ ਕੁੱਤੇ ਹੁੰਦੇ ਸਨ l ਸ਼ਾਇਦ ਅੱਜ ਵੀ ਇਹੀ ਹਾਲ ਹੋਵੇਗਾ l ਪੰਜਾਬ ਵਿੱਚ ਹੁੰਦਿਆਂ ਬਚਪਨ ਤੋਂ ਹੀ ਅਵਾਰਾ ਕੁੱਤਿਆਂ ਵਲੋਂ ਵੱਢਣ ਦਾ ਡਰ ਬਣਿਆ ਰਹਿੰਦਾ ਸੀ l ਜਦੋਂ ਨਿਊਜ਼ੀਲੈਂਡ ਆਏ ਤਾਂ ਇਥੇ ਦੇ ਗੋਰੇ ਗੋਰੀਆਂ ਕੁੱਤਿਆਂ ਨੂੰ ਪਰਿਵਾਰਕ ਮੈਂਬਰਾਂ ਵਾਂਗ ਰੱਖਦੇ ਦੇਖੇ ਤਾਂ ਬੜੀ ਹੈਰਾਨੀ ਹੋਈ l ਕੁੱਤੇ ਅਤੇ ਬਿੱਲੀਆਂ ਘਰਾਂ ਵਿੱਚ ਇਕੱਠੇ ਰਹਿੰਦੇ ਸੀ ਅਤੇ ਲੜਦੇ ਵੀ ਨਹੀਂ ਸੀ l ਕਾਰਾਂ ਵਿੱਚ ਕੁੱਤੇ ਗੋਰੀਆਂ ਨੇ ਸੀਟਾਂ ਤੇ ਬਿਠਾਏ ਹੋਏ ਹੁੰਦੇ ਸੀ l ਕਈਆਂ ਨੇ ਤਾਂ ਕਾਰ ਚਲਾਉਂਦਿਆਂ ਆਪਣੇ ਪੱਟਾਂ ਤੇ ਹੀ ਬਿਠਾਏ ਹੁੰਦੇ ਸੀ l ਕੁੱਤਿਆਂ ਤੋਂ ਇਥੇ ਕੰਮ ਵੀ ਕਾਫੀ ਲਿਆ ਜਾਂਦਾ ਸੀ l ਫਾਰਮਾਂ ਵਿੱਚ ਤਿੰਨ ਸੌ ਤੋਂ ਵੱਧ ਗਾਈਆਂ (Cows) ਨੂੰ ਦੋ ਬੰਦੇ ਅਤੇ ਇੱਕ ਕੁੱਤਾ ਹੀ ਸਾਂਭ ਲੈਂਦਾ ਸੀ l ਇਹ ਦੇਖ ਕੇ ਵੀ ਹੈਰਾਨੀ ਹੋਈ ਕਿ ਪੰਜਾਬ ਵਿੱਚ ਦੋ ਮੱਝਾਂ ਨੇ ਸਾਰਾ ਟੱਬਰ ਤੰਗ ਕੀਤਾ ਹੁੰਦਾ ਹੈ ਅਤੇ ਇਥੇ ਬੰਦਿਆਂ ਤੋਂ ਵੱਧ ਕੰਮ ਕੁੱਤੇ ਹੀ ਕਰੀ ਜਾਂਦੇ ਸਨ l

ਉਨ੍ਹਾਂ ਦਿਨਾਂ ਵਿੱਚ ਅਜੇ ਨਿਊਜ਼ੀਲੈਂਡ ਵਿੱਚ ਬਹੁਤੇ ਕੰਮ ਕਾਰ ਨਹੀਂ ਹੁੰਦੇ ਸੀ l ਇਕੱਲੇ ਇਕੱਲੇ ਫਾਰਮ ਵਿੱਚ ਜਾ ਕੇ ਦਿਹਾੜੀ ਪੁੱਛਣੀ ਪੈਂਦੀ ਸੀ l ਕੰਮ ਕਾਰ ਪੁੱਛਣ ਦੇ ਨਾਲ ਨਾਲ ਇਥੇ ਦੇ ਕਲਚਰ ਬਾਰੇ ਵੀ ਹੌਲੀ ਹੌਲੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਸੀ l ਅੰਗਰੇਜ਼ੀ ਸਾਡੇ ਸਾਰਿਆਂ ਵਿਚੋਂ ਬੜੀ ਮੁਸ਼ਕਲ ਨਾਲ 2% ਲੋਕਾਂ ਨੂੰ ਹੀ ਆਉਂਦੀ ਸੀ ਅਤੇ ਬਾਕੀ ਤਾਂ ਅੱਖਰ ਅੱਖਰ ਜੋੜ ਕੇ ਗੁਜ਼ਾਰਾ ਕਰਦੇ ਸੀ l ਇੱਕ ਚੀਜ਼ ਇਹ ਸਿੱਖ ਲਈ ਕਿ ਜਦੋਂ ਕਿਸੇ ਨੂੰ ਪਹਿਲੀ ਵਾਰ ਮਿਲਣਾ ਤਾਂ ਉਸ ਨਾਲ ਹੱਥ ਮਿਲਾ ਕੇ ਆਪਣਾ ਨਾਂ ਦੱਸਣਾ ਅਤੇ ਅਗਲੇ ਨੇ ਆਪਣਾ ਨਾਂ ਦੱਸਣਾ ਹੁੰਦਾ ਹੈ l ਦੂਜੀ ਗੱਲ ਇਹ ਕਿ ਇਥੇ ਆਦਮੀ ਔਰਤ ਵਿੱਚ ਫਰਕ ਬਹੁਤ ਘੱਟ ਸੀ l ਉਨ੍ਹਾਂ ਦਿਨਾਂ ਵਿੱਚ 10-12 ਜਣਿਆਂ ਦੇ ਗਰੁੱਪਾਂ ਵਿੱਚ ਕੰਮ ਕਰਦੇ ਹੁੰਦੇ ਸੀ l ਇੱਕ ਜਣੇ ਨੂੰ ਅੰਗਰੇਜ਼ੀ ਆਉਂਦੀ ਹੁੰਦੀ ਸੀ ਤੇ ਬਾਕੀ ਉਸੇ ਵਿਅਕਤੀ ਦੀ ਅੰਗਰੇਜ਼ੀ ਨਾਲ ਕੰਮ ਚਲਾ ਲੈਂਦੇ ਸੀ l

ਜਿਹੜਾ ਸਾਡੇ ਗਰੁੱਪ ਵਿੱਚ ਅੰਗਰੇਜ਼ੀ ਵਾਲਾ ਸੀ ਉਸ ਨੂੰ ਹੱਥ ਮਿਲਾਉਣ ਦੀ ਜਿਆਦਾ ਹੀ ਆਦਤ ਪੈ ਗਈ l ਉਸ ਨੂੰ ਕਈ ਵਾਰ ਟੋਕਿਆ ਕਿ ਤੂੰ ਕਈ ਵਾਰ ਬੇਲੋੜਾ ਹੀ ਹੱਥ ਮਿਲਾਉਣ ਲੱਗ ਪੈਂਦਾ ਹੈਂ ਪਰ ਉਹ ਹਟਿਆ ਨਾ l ਇੱਕ ਦਿਨ ਅਸੀਂ ਇੱਕ ਫਾਰਮ ਵਿੱਚ ਕੰਮ ਕਰਨ ਲਈ ਪਹੁੰਚ ਗਏ l ਅਜੇ ਕੋਈ ਮਾਲਕ ਵੀ ਆਇਆ ਨਹੀਂ ਸੀ l ਥੋੜ੍ਹੇ ਮਿੰਟ ਉਡੀਕ ਕਰਨ ਤੋਂ ਬਾਦ ਗੋਰੀ ਚਮਕਦੀ ਕਾਰ ਵਿੱਚ ਆਈ l ਉਸ ਦੀ ਕਾਰ ਦੇ ਸ਼ੀਸ਼ੇ ਕਾਲੇ (Tinted) ਸੀ ਤੇ ਕਾਰ ਦਾ ਅੰਦਰਲਾ ਪਾਸਾ ਬਾਹਰੋਂ ਦਿਖਾਈ ਨਹੀਂ ਦਿੰਦਾ ਸੀ l ਉਸ ਨੇ ਕਾਰ ਵਿਚੋਂ ਹੀ ਕੰਮ ਦੱਸਣ ਵਾਸਤੇ ਥੋੜ੍ਹਾ ਸ਼ੀਸ਼ਾ ਥੱਲੇ ਕੀਤਾ l ਏਨੇ ਚਿਰ ਨੂੰ ਸਾਡੇ ਵਿਚੋਂ ਅੰਗਰੇਜ਼ੀ ਬੋਲਣ ਵਾਲਾ ਵੀ ਗੋਰੀ ਦੀ ਕਾਰ ਮੁੱਢ ਪਹੁੰਚ ਗਿਆ ਜਿਸ ਨੂੰ ਹੱਥ ਮਿਲਾਉਣ ਦੀ ਬਹੁਤ ਆਦਤ ਸੀ l ਗੋਰੀ ਅਜੇ ਕਾਰ ਵਿੱਚ ਬੈਠੀ ਉਸ ਨੂੰ ਕੰਮ ਦੱਸਣ ਲੱਗੀ ਤਾਂ ਉਸ ਨੇ ਪਹਿਲਾਂ ਹੀ ਉਸ ਨਾਲ ਹੱਥ ਮਿਲਾਉਣ ਵਾਸਤੇ ਆਪਣਾ ਹੱਥ ਗੋਰੀ ਦੀ ਕਾਰ ਵਿੱਚ ਕਰ ਦਿੱਤਾ l ਗੋਰੀ ਦੇ ਪੱਟਾਂ ਵਿੱਚ ਕੁੱਤਾ ਬੈਠਾ ਸੀ l ਕੁੱਤੇ ਨੇ ਸੋਚਿਆ ਕਿ ਇਹ ਬੰਦਾ ਮੇਰੀ ਮਾਲਕਣ ਤੇ ਹਮਲਾ ਕਰਨ ਲੱਗਾ ਹੈ l ਇਸ ਕਰਕੇ ਕੁੱਤੇ ਨੇ ਉਸ ਦਾ ਹੱਥ ਹੀ ਫੜ ਲਿਆ l ਉਸ ਦਿਨ ਤੋਂ ਬਾਦ ਫਿਰ ਉਸ ਦੀ ਹੱਥ ਮਿਲਾਉਣ ਦੀ ਆਦਤ ਘਟੀ l ਇਸੇ ਤਰਾਂ ਅਸੀਂ ਬਹੁਤ ਫਾਰਮਾਂ ਵਿੱਚ ਕੰਮ ਪੁੱਛਣ ਗਏ l ਕਈ ਫਾਰਮਾਂ ਵਾਲਿਆਂ ਨੇ ਤਾਂ ਪਹਿਲਾਂ ਗੇਟ ਤੇ ਹੀ ਲਿਖਿਆ ਹੁੰਦਾ ਸੀ ਕਿ ਕੋਈ ਕੰਮ ਜਾਂ ਜੌਬ ਨਹੀਂ ਹੈ l ਅਸੀਂ ਫਿਰ ਵੀ ਫਾਰਮ ਦੇ ਅੰਦਰ ਜਾ ਕੇ ਪੁੱਛਣ ਚਲੇ ਜਾਣਾ ਕਿ ਸ਼ਾਇਦ ਉਹ ਕੰਮ ਤੇ ਰੱਖ ਹੀ ਲਵੇ l

ਕੰਮ ਲੱਭਦਿਆਂ ਲੱਭਦਿਆਂ ਹੇਸਟਿੰਗਜ਼ ਸ਼ਹਿਰ ਵਿੱਚ ਅਸਪੈਰਾਗਸ (Asparagus) ਕੱਟਣ ਦਾ ਕੰਮ ਮਿਲ ਗਿਆ l ਅਸਪੈਰਾਗਸ ਸਰੋਂ ਦੀਆਂ ਗੰਦਲਾਂ ਨਾਲੋਂ ਮੋਟੀ ਹੁੰਦੀ ਹੈ l ਉਸ ਦਾ ਸਾਗ ਵੀ ਬਣਾਇਆ ਜਾ ਸਕਦਾ ਹੈ l ਇੱਕ ਵਾਰ ਬੀਜ਼ ਦਿਓ ਤਾਂ 10-15 ਸਾਲ ਆਪ ਹੀ ਆਪਣੀ ਰੁੱਤੇ ਉੱਗ ਪੈਂਦੀ ਹੈ l ਕੰਮ ਕਾਫੀ ਔਖਾ ਸੀ ਪਰ ਔਖਿਆਈ ਕਿਸ ਨੂੰ ਦੱਸਦੇ ? ਇਹ ਕੋਈ ਪੰਜਾਬ ਤਾਂ ਨਹੀਂ ਸੀ ਕਿ ਘਰਦਿਆਂ ਨੂੰ ਕਹਿੰਦੇ ਕਿ ਔਖਾ ਕੰਮ ਮੈਂ ਨਹੀਂ ਕਰਨਾ l ਔਖੇ ਕੰਮ ਦੇ ਨਾਲ ਨਾਲ ਜਦੋਂ ਆਪਣੇ ਖਰਚਿਆਂ ਤੇ ਨਿਗ੍ਹਾ ਮਾਰੀ ਤਾਂ ਖਰਚੇ ਵੀ ਲਾਈਨ ਲਾਈ ਖੜ੍ਹੇ ਸੀ l ਭਾਰਤ ਤੋਂ ਆਉਂਦਿਆਂ ਲਗਾਈ ਟਿਕਟ ਦਾ ਖਰਚਾ, ਮਕਾਨ ਦਾ ਕਿਰਾਇਆ, ਬਿਜਲੀ ਦਾ ਬਿੱਲ, ਫੋਨ ਦਾ ਬਿੱਲ, ਪਾਣੀ ਦਾ ਬਿੱਲ, ਕਰਿਆਨੇ ਦਾ ਖਰਚਾ, ਕਾਰ ਦਾ ਖਰਚਾ ਅਤੇ ਇਮੀਗ੍ਰੇਸ਼ਨ ਦੀਆਂ ਫੀਸਾਂ ਅਤੇ ਹੋਰ ਵੀ ਕਈ ਖਰਚੇ ਦਿਸੇ l ਫਿਰ ਪੰਜਾਬ ਵੱਲ ਨਿਗ੍ਹਾ ਮਾਰੀ ਤਾਂ ਸਾਰੇ ਪਰਿਵਾਰ, ਦੋਸਤਾਂ ਤੇ ਰਿਸ਼ਤੇਦਾਰਾਂ ਦੀਆਂ ਮੇਰੇ ਤੇ ਲਾਈਆਂ ਹੋਈਆਂ ਉਮੀਦਾਂ ਦਿਸੀਆਂ l ਇਸ ਸਭ ਕੁੱਝ ਨੂੰ ਨਿਗ੍ਹਾ ਮਾਰਨ ਤੋਂ ਬਾਦ ਉਹੀ ਕੰਮ ਸੌਖਾ ਲੱਗਣ ਲੱਗ ਪਿਆ l

ਸਵੇਰ ਵੇਲੇ ਅਸਪੈਰਾਗਸ ਕੱਟਣ ਦਾ ਫਾਰਮ ਵਿੱਚ ਕੰਮ ਸ਼ੁਰੂ ਕੀਤਾ l ਅਸਪੈਰਾਗਸ ਦੀਆਂ ਲਾਈਨਾਂ ਕਾਫੀ ਲੰਮੀਆਂ ਸਨ l ਗੋਰੀ ਦਾ ਘਰ ਉਥੋਂ ਇੱਕ ਕਿਲੋਮੀਟਰ ਦੂਰ ਸੀ l ਗੋਰੀ ਆਪ ਚਲੇ ਗਈ ਪਰ ਉਹ ਕੁੱਤੇ ਨੂੰ ਉਥੇ ਛੱਡ ਗਈ l ਉਹ ਸਾਨੂੰ ਕਹਿ ਗਈ ਕਿ ਕੁੱਤੇ ਤੋਂ ਡਰਨ ਦੀ ਲੋੜ ਨਹੀਂ l ਇਹ ਵੱਢਦਾ ਨਹੀਂ ਹੈ l ਗੋਰੀ ਦੇ ਜਾਣ ਤੋਂ ਦਸ ਕੁ ਮਿੰਟ ਬਾਦ ਉਥੇ ਅਖ਼ਬਾਰ ਸੁੱਟਣ ਵਾਲਾ ਵਿਅਕਤੀ ਆਇਆ ਅਤੇ ਉਸ ਨੇ ਉਥੇ ਅਖ਼ਬਾਰ ਸੁੱਟ ਦਿੱਤੀ ਅਤੇ ਕੁੱਤਾ ਅਖ਼ਬਾਰ ਚੁੱਕ ਕੇ ਆਪਣੇ ਘਰ ਛੱਡ ਆਇਆ l ਬੜੀ ਹੈਰਾਨੀ ਹੋਈ ਕਿ ਕੁੱਤੇ ਨੂੰ ਕਿਸੇ ਨੇ ਅਖ਼ਬਾਰ ਚੁੱਕਣ ਨੂੰ ਵੀ ਨਹੀਂ ਕਿਹਾ ਸੀ l ਇਹ ਫਿਰ ਵੀ ਅਖ਼ਬਾਰ ਚੁੱਕ ਕੇ ਘਰ ਲੈ ਗਿਆ l ਪੰਜਾਬ ਚੇਤੇ ਆ ਗਿਆ ਜਿਥੇ ਮਾਂ ਪਿਓ ਕਈ ਵਾਰ ਨਿਆਣਿਆਂ ਦੇ ਅੱਗੇ ਤਰਲੇ ਕਰਦੇ ਰਹਿੰਦੇ ਸੀ ਕੋਈ ਕੰਮ ਕਰਵਾਉਣ ਲਈ ਅਤੇ ਨਿਆਣਾ ਫਿਰ ਵੀ ਕਿਹਾ ਨਹੀਂ ਮੰਨਦਾ ਸੀ l ਮੈਨੂੰ ਲੱਗਾ ਕਿ ਕੁੱਤਾ ਤਾਂ ਨਿਆਣਿਆਂ ਨਾਲੋਂ ਵੱਧ ਆਗਿਆਕਾਰੀ ਹੈ l ਕੁੱਤਾ ਅਖ਼ਬਾਰ ਛੱਡ ਕੇ ਫਿਰ ਸਾਡੇ ਕੋਲ ਆ ਗਿਆ l ਪਹਿਲਾਂ ਧੁੱਪੇ ਬੈਠਾ ਰਿਹਾ l ਸ਼ਾਇਦ ਵਿਟਾਮਿਨ ਡੀ ਦੀ ਘਾਟ ਪੂਰੀ ਕਰਦਾ ਹੋਵੇ ਅਤੇ ਘੰਟੇ ਕੁ ਬਾਦ ਦਰੱਖਤ ਦੀ ਛਾਵੇਂ ਬੈਠ ਗਿਆ l

ਅਸੀਂ ਆਪਣੀਆਂ ਕਾਰਾਂ ਫਾਰਮ ਦੇ ਵਿੱਚ ਹੀ ਲੈ ਗਏ ਸੀ l ਉਨ੍ਹਾਂ ਦਿਨਾਂ ਵਿੱਚ ਗਾਣੇ ਸੁਣਨ ਦੇ ਸਾਰੇ ਹੀ ਸ਼ੁਕੀਨ ਸਨ l ਕਾਰ ਖਰੀਦਣ ਵੇਲੇ ਵੀ ਪਹਿਲਾਂ ਇਹ ਦੇਖਦੇ ਸੀ ਕਿ ਇਸ ਵਿੱਚ ਸਟੀਰੀਓ (stereo) ਹੈ ਜਾਂ ਨਹੀਂ ? ਫਾਰਮ ਵਿੱਚ ਕਾਰ ਖੜ੍ਹੀ ਕਰਕੇ ਉੱਚੀ ਅਵਾਜ਼ ਵਿੱਚ ਗਾਣੇ ਲਾ ਕੇ ਕੰਮ ਕਰੀ ਜਾਣਾ l ਕਈ ਵਾਰ ਸੋਚਦੇ ਕਿ ਕੁੱਤਾ ਵੀ ਸੋਚਦਾ ਹੋਣਾ ਕਿ ਐਨੀ ਉੱਚੀ ਇਹ ਗਾਣੇ ਕਿਉਂ ਸੁਣ ਰਹੇ ਆ ? ਕੁੱਤੇ ਨੂੰ ਕੀ ਪਤਾ ਸੀ ਕਿ ਗਾਣੇ ਅਸੀਂ ਇਕੱਲਾ ਆਪਣੇ ਲਈ ਥੋੜ੍ਹੀ ਸੁਣ ਰਹੇ ਸੀ l ਅਸੀਂ ਤਾਂ ਦੂਜਿਆਂ ਨੂੰ ਵੀ ਦੱਸਣਾ ਹੁੰਦਾ ਸੀ ਕਿ ਸਾਡੇ ਕੋਲ ਉੱਚੀ ਅਵਾਜ਼ ਵਿੱਚ ਚੱਲਣ ਵਾਲਾ ਸਟੀਰੀਓ ਵੀ ਹੈ l ਕੁੱਤੇ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਬਹੁਤੇ ਘਰਾਂ ਵਿੱਚ ਟੇਪ ਨਹੀਂ ਹੁੰਦੀ ਸੀ l ਸਿਰਫ ਅਰਬ ਦੇ ਮੁਲਕਾਂ ਤੋਂ ਆਏ ਲੋਕਾਂ ਕੋਲ ਹੀ ਹੁੰਦੀ ਸੀ l ਉੱਚੀ ਅਵਾਜ਼ ਵਿੱਚ ਗਾਣੇ ਲਾ ਕੇ ਅਸੀਂ ਤਾਂ ਉਹ ਹੀ ਕਸਰ ਕੱਢਦੇ ਸੀ l ਦਸ ਵਜੇ ਚਾਹ ਪੀਣ ਦਾ ਵੇਲਾ ਸੀ l ਜਦ 9-50 ਹੋਏ ਤਾਂ ਸਾਡੀਆਂ ਲਾਈਨਾਂ ਕਾਰਾਂ ਦੇ ਬਰਾਬਰ ਆ ਗਈਆਂ l ਅਸੀਂ ਸੋਚਿਆ ਕਿ ਚਾਹ ਦਸ ਮਿੰਟ ਪਹਿਲਾਂ ਹੀ ਪੀ ਲੈਂਦੇ ਹਾਂ l ਜੇ ਪੂਰੇ ਦਸ ਵਜੇ ਚਾਹ ਪੀਤੀ ਤਾਂ ਸਾਡੀਆਂ ਲਾਈਨਾਂ ਕਾਰਾਂ ਤੋਂ ਕਾਫੀ ਦੂਰ ਚਲੇ ਜਾਣੀਆਂ ਸਨ ਅਤੇ ਸਾਨੂੰ ਕਾਰਾਂ ਕੋਲ ਆਉਣ ਨੂੰ ਕਾਫੀ ਸਮਾਂ ਲੱਗ ਜਾਣਾ ਸੀ l ਅਸੀਂ ਸੋਚਿਆ ਕਿ ਕੁੱਤੇ ਨੂੰ ਵੀ ਕੁੱਝ ਖਾਣ ਨੂੰ ਦੇਈਏ l ਜਦ ਕੁੱਤੇ ਨੇ ਦੇਖਿਆ ਕਿ ਅਸੀਂ ਕੁੱਝ ਖਾਣ ਲੱਗੇ ਹਾਂ ਤਾਂ ਕੁੱਤਾ ਆਪਣੇ ਘਰ ਨੂੰ ਚਲਾ ਗਿਆ l ਸ਼ਾਇਦ ਉਸ ਦੇ ਵੀ ਚਾਹ ਪਾਣੀ ਦਾ ਵੇਲਾ ਹੋ ਗਿਆ ਸੀ l

ਅਸੀਂ ਦੁਬਾਰਾ ਕੰਮ ਤੇ ਲੱਗ ਪਏ l ਬਾਦ ਵਿੱਚ ਕੁੱਤਾ ਅਤੇ ਗੋਰੀ ਇਕੱਠੇ ਆਏ l ਗੋਰੀ ਕਹਿੰਦੀ ਕਿ ਤੁਸੀਂ ਚਾਹ ਕਿੰਨੇ ਵਜੇ ਪੀਤੀ ਸੀ ? ਅੰਗਰੇਜ਼ੀ ਬੋਲਣ ਵਾਲੇ ਨੇ ਕਿਹਾ ਕਿ ਦਸ ਵਜੇ l ਗੋਰੀ ਕਹਿੰਦੀ ਕੁੱਤੇ ਨੇ ਉਦੋਂ ਘਰ ਨੂੰ ਆਉਣਾ ਸੀ ਜਦੋਂ ਤੁਸੀਂ ਚਾਹ ਪੀਣੀ ਸੀ ਪਰ ਕੁੱਤਾ ਦਸ ਮਿੰਟ ਪਹਿਲਾਂ ਆ ਗਿਆ ਸੀ l ਮੈਂ ਸੋਚਿਆ ਤੁਸੀਂ ਚਾਹ ਦਸ ਮਿੰਟ ਪਹਿਲਾਂ ਪੀ ਲਈ ਹੋਵੇਗੀ l ਗੋਰੀ ਨੂੰ ਦੱਸਿਆ ਕਿ ਸਾਡੀਆਂ ਲਾਈਨਾਂ ਕਾਰਾਂ ਦੇ ਲਾਗੇ ਦਸ ਮਿੰਟ ਪਹਿਲਾਂ ਆਉਣ ਕਾਰਣ ਅਸੀਂ ਚਾਹ ਪਹਿਲਾਂ ਪੀ ਲਈ ਸੀ l ਗੋਰੀ ਨੇ ਤਾਂ ਕੁੱਝ ਨਹੀਂ ਕਿਹਾ ਪਰ ਸਾਨੂੰ ਬੜੀ ਹੈਰਾਨੀ ਹੋਈ ਕਿ ਇਥੇ ਤਾਂ ਕੁੱਤੇ ਵੀ ਸਾਡੀ ਰਾਖੀ ਕਰ ਰਹੇ ਹਨ l ਫਿਰ ਅਸੀਂ ਮਾਲਕਾਂ ਦੇ ਨਾਲ ਨਾਲ ਕੁੱਤਿਆਂ ਦਾ ਵੀ ਖਿਆਲ ਰੱਖਣ ਲੱਗ ਪਏ l

ਨੋਟ :- ਨਵਾਂ ਮੁਲਕ ਹਮੇਸ਼ਾਂ ਨਵੀਆਂ ਗੱਲਾਂ ਸਿਖਾਉਂਦਾ ਹੈ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
avtar31@hotmail.com