-ਆਪਣੇ ਤਜਰਬੇ ਤੇ ਅਧਾਰਤ
ਰੋਟੀ, ਕੱਪੜਾ, ਮਕਾਨ ਅਤੇ ਸਿਹਤ ਸਹੂਲਤਾਂ ਹਰ ਵਿਅਕਤੀ ਦੀ ਲੋੜ ਹੁੰਦੀਆਂ ਹਨ l ਇਨ੍ਹਾਂ ਦਾ ਇੰਤਜ਼ਾਮ ਜਾਂ ਇਨ੍ਹਾਂ ਦੇ ਭਾਅ ਤੇ ਕੰਟਰੋਲ ਕਰਨਾ ਸਰਕਾਰ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ l ਵਧੀਆ ਤਾਂ ਇਹ ਹੁੰਦਾ ਹੈ ਕਿ ਇਹ ਚੀਜ਼ਾਂ ਸਰਕਾਰ ਦੇ ਅਧੀਨ ਹੀ ਚੱਲਣ ਪਰ ਬਹੁਤੇ ਦੇਸ਼ਾਂ ਵਿੱਚ ਇਸ ਤਰਾਂ ਨਹੀਂ ਹੁੰਦਾ l
ਨਿਊਜ਼ੀਲੈਂਡ ਜਿਸ ਨੂੰ ਵਧੀਆ ਮੁਲਕਾਂ ਵਿੱਚ ਗਿਣਿਆ ਜਾਂਦਾ ਹੈ ਵਿੱਚ ਵੀ ਇਹ ਚੀਜ਼ਾਂ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਹਨ l ਜਿਹੜੀ ਚੀਜ਼ ਪ੍ਰਾਈਵੇਟ ਹੱਥਾਂ ਵਿੱਚ ਚਲੇ ਜਾਵੇ ਉਸ ਦਾ ਭਾਅ ਵਧਣਾ ਲਾਜ਼ਮੀ ਹੁੰਦਾ ਹੈ l
ਇਨ੍ਹਾਂ ਚੀਜ਼ਾਂ ਦਾ ਭਾਅ ਇਕੱਲੇ ਪ੍ਰਾਈਵੇਟ ਅਦਾਰੇ ਹੀ ਨਹੀਂ ਵਧਾਉਂਦੇ ਬਲਕਿ ਸਰਕਾਰ ਵੀ ਇਨ੍ਹਾਂ ਚੀਜ਼ਾਂ ਤੇ ਦੂਜੀਆਂ ਚੀਜ਼ਾਂ ਵਾਂਗ ਟੈਕਸ ਲਗਾ ਕੇ ਆਮ ਵਿਅਕਤੀ ਦੀ ਜਿੰਦਗੀ ਤੇ ਵੱਡਾ ਅਸਰ ਪਾਉਂਦੀ ਹੈ l
ਇਨ੍ਹਾਂ ਚੀਜ਼ਾਂ ਵਿੱਚੋਂ ਸਭ ਤੋਂ ਮਹਿੰਗੀ ਚੀਜ਼ ਘਰ ਹੈ l ਜਦੋਂ ਘਰਾਂ ਦਾ ਪਿਛਲੇ 60 ਕੁ ਸਾਲਾਂ ਦਾ ਇਤਿਹਾਸ ਦੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਨਿਊਜ਼ੀਲੈਂਡ ਵਿੱਚ ਤਕਰੀਬਨ 10 ਤੋਂ 12 ਸਾਲਾਂ ਵਿੱਚ ਘਰਾਂ ਦੀ ਕੀਮਤ ਦੁਗਣੀ ਹੋ ਜਾਂਦੀ ਹੈ l ਇਸ ਵਿੱਚ ਆਰਥਿਕ ਮੰਦੀ ਵਾਲੇ ਦੌਰ ਵੀ ਸ਼ਾਮਿਲ ਹਨ l ਕਈ ਘਰ ਤਾਂ ਕਈ ਵਾਰ ਪੰਜ ਸਾਲਾਂ ਵਿੱਚ ਵੀ ਦੁਗਣੇ ਭਾਅ ਦੇ ਹੋ ਗਏ l
ਹਾਲਾਂਕਿ ਘਰਾਂ ਦੀ ਕੀਮਤ ਵਧਣ ਦੇ ਕਈ ਕਾਰਨ ਹੁੰਦੇ ਹਨ ਪਰ ਸਭ ਤੋਂ ਵੱਡਾ ਕਾਰਨ ਹੈ ਕਿ ਪਿਛਲੀਆਂ ਸਰਕਾਰਾਂ ਨੇ ਵਧਦੀ ਅਬਾਦੀ ਦੇ ਨਾਲ ਨਾਲ ਘਰਾਂ ਨੂੰ ਬਣਾ ਕੇ ਇਹ ਘਾਟ ਦੂਰ ਨਹੀਂ ਕੀਤੀ l ਪਿਛਲੇ ਬਹੁਤ ਸਾਲਾਂ ਤੋਂ ਇਹ ਸਿਲਸਿਲਾ ਜਾਰੀ ਹੈ l
ਤਕਰੀਬਨ ਦਸਾਂ ਸਾਲਾਂ ਵਿੱਚ ਇੱਕ ਵਾਰ ਆਰਥਿਕ ਮੰਦੀ ਆ ਜਾਂਦੀ ਹੈ l ਉਸ ਸਮੇਂ ਦੌਰਾਨ ਲੋਕਾਂ ਦੀਆਂ ਨੌਕਰੀਆਂ ਜਾਣ ਕਰਕੇ ਘਰ ਵਿਕ ਜਾਂਦੇ ਹਨ l
ਸੰਨ 2007 ਵਿੱਚ ਵੀ ਘਰਾਂ ਦੀ ਕੀਮਤ ਸਿਖਰ ਤੇ ਸੀ l ਇੱਕ ਇੱਕ ਘਰ ਉਤੇ ਚਾਰ ਜਾਂ ਪੰਜ ਖਰੀਦਣ ਵਾਲਿਆਂ ਦੀਆਂ ਓਫਰਾਂ (offers) ਆ ਜਾਂਦੀਆਂ ਸਨ l ਬੋਲੀ ਵਾਲੇ ਕਮਰੇ ਵੀ ਲੋਕਾਂ ਨਾਲ ਭਰੇ ਹੁੰਦੇ ਸਨ l ਕਈ ਘਰ ਤਾਂ ਅਖ਼ਬਾਰ ਵਿੱਚ ਛਪਣ ਤੋਂ ਪਹਿਲਾਂ ਹੀ ਵਿਕ ਜਾਂਦੇ ਸਨ l
ਸੰਨ 2008 ਵਿੱਚ ਘਰਾਂ ਦੀ ਮਾਰਕੀਟ 8% ਤੋਂ 9% ਤੱਕ ਥੱਲੇ ਚਲੀ ਗਈ ਸੀ l ਉਸ ਸਮੇਂ ਆਰਥਿਕ ਮੰਦੀ ਦਾ ਦੌਰ ਸੀ l
ਫਿਰ 2009 ਵਿੱਚ ਮਾਰਕੀਟ 5. 5% ਉੱਪਰ ਚਲੀ ਗਈ ਅਤੇ ਸੰਨ 2010 ਵਿੱਚ ਡੇਢ ਤੋਂ ਦੋ ਪ੍ਰਤੀਸ਼ਤ ਥੱਲੇ ਚਲੀ ਗਈ l
ਜਦੋਂ 2008 ਵਿੱਚ ਘਰਾਂ ਦੀ ਮਾਰਕੀਟ ਥੱਲੇ ਗਈ ਤਾਂ ਬਹੁਤਿਆਂ ਦੇ ਘਰ ਬੈਂਕ ਨੇ ਵੇਚ ਦਿੱਤੇ ਜਿਹੜੇ ਬੈਂਕ ਦੀਆਂ ਕਿਸ਼ਤਾਂ ਨਹੀਂ ਦੇ ਸਕੇ l ਉਸ ਵਿੱਚ ਇਹ ਸਾਹਮਣੇ ਆਇਆ ਕਿ ਜਿਆਦਾ ਘਰ ਉਨ੍ਹਾਂ ਲੋਕਾਂ ਦੇ ਵਿਕੇ ਸਨ ਜਿਨ੍ਹਾਂ ਆਰਥਿਕ ਮੰਦੀ ਆਉਣ ਤੋਂ ਇੱਕ ਜਾਂ ਦੋ ਸਾਲ ਪਹਿਲਾਂ ਖਰੀਦੇ ਸਨ l
ਅੱਜ ਜਦੋਂ ਘਰਾਂ ਦੀ ਬੋਲੀ ਤੇ ਜਾਂਦੇ ਹਾਂ ਤਾਂ 2007 ਵਾਂਗ ਹੀ ਘਰਾਂ ਨੂੰ ਖਰੀਦਣ ਵਾਲਿਆਂ ਦੀ ਭੀੜ ਹੁੰਦੀ ਹੈ l ਇੱਕ ਦੂਜੇ ਤੋਂ ਉੱਪਰ ਬੋਲੀ ਦੇ ਕੇ ਘਰ ਖਰੀਦੇ ਜਾਂਦੇ ਹਨ l ਇਸ ਨਾਲ ਘਰਾਂ ਦੀ ਕੀਮਤ ਲਗਾਤਾਰ ਵਧੀ ਜਾ ਰਹੀ ਹੈ l 2007 ਨਾਲੋਂ ਇੱਕ ਫਰਕ ਇਹ ਹੈ ਕਿ ਅੱਜ ਉਸ ਸਮੇਂ ਨਾਲੋਂ ਬੈਂਕ ਦਾ ਵਿਆਜ਼ ਬਹੁਤ ਘੱਟ ਹੈ l
ਕਈ ਪਹਿਲਾ ਘਰ ਖਰੀਦਣ ਵਾਲੇ ਘਰ ਨਾ ਖਰੀਦ ਸਕਣ ਕਰਕੇ ਉਦਾਸ ਹੋ ਕੇ ਘਰਾਂ ਨੂੰ ਮੁੜਦੇ ਹਨ l ਕਈਆਂ ਨਾਲ ਤਾਂ ਇਸ ਤਰਾਂ ਬਹੁਤ ਵਾਰ ਹੋ ਚੁੱਕੀ ਹੈ l ਉਨ੍ਹਾਂ ਨੂੰ ਹੱਲ ਕੋਈ ਦਿਖਾਈ ਨਹੀਂ ਦੇ ਰਿਹਾ l
ਘਰਾਂ ਦੀ ਬੋਲੀ ਤੇ ਘਰ ਖਰੀਦਣ ਤੋਂ ਪਹਿਲਾਂ ਬੈਂਕ ਤੋਂ ਕਰਜ਼ਾ ਪਾਸ ਕਰਵਾਉਣਾ ਪੈਂਦਾ ਹੈ l ਜਦੋਂ ਬੋਲੀ ਤੇ ਘਰ ਨਹੀਂ ਖਰੀਦ ਹੁੰਦਾ ਤਾਂ ਫਿਰ ਅਗਲੇ ਘਰ ਦਾ ਕਰਜ਼ਾ ਪਾਸ ਕਰਵਾਉਣਾ ਪੈਂਦਾ ਹੈ l ਇਸ ਤਰਾਂ ਘਰ ਖਰੀਦਣ ਵਾਲਿਆਂ ਨੂੰ ਵਾਰ ਵਾਰ ਬੈਂਕ ਤੋਂ ਕਰਜ਼ਾ ਪਾਸ ਕਰਵਾਉਣ ਦੀ ਵਜ੍ਹਾ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ l ਕਈਆਂ ਨੂੰ ਕੰਮ ਤੋਂ ਦਿਹਾੜੀ ਤੋੜ ਕੇ ਹਰ ਵਾਰੀ ਬੈਂਕ ਜਾਣਾ ਪੈਂਦਾ ਹੈ l
ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਘਰਾਂ ਦੀਆਂ ਕੀਮਤਾਂ ਬੇਲੋੜਾ ਨਾ ਵਧਣ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147