ਬਹੁਤ ਸਾਰੇ ਵਿਦਿਆਰਥੀ ਭਾਰਤ ਤੋਂ ਖਾਸ ਤੌਰ ਤੇ ਪੰਜਾਬ ਤੋਂ ਨਿਊਜ਼ੀਲੈਂਡ ਵਿੱਚ ਪੜ੍ਹਾਈ ਕਰਨ ਵਾਸਤੇ ਆਉਂਦੇ ਹਨ l ਕਹਿਣ ਨੂੰ ਤਾਂ ਉਹ ਪੜ੍ਹਾਈ ਕਰਨ ਵਾਸਤੇ ਆਉਂਦੇ ਹਨ ਪਰ ਉਹ ਇਸ ਸਾਫ ਸੁਥਰੇ ਮੁਲਕ ਵਿੱਚ ਆਪਣਾ ਭਵਿੱਖ ਵਧੀਆ ਬਣਾਉਣ ਦੀ ਆਸ ਲਗਾ ਕੇ ਆਉਂਦੇ ਹਨ ਭਾਵ ਕਿ ਪੜ੍ਹਨ ਤੋਂ ਬਾਦ ਪੱਕੇ ਹੋਣਾ ਵੀ ਉਨ੍ਹਾਂ ਦਾ ਮਕਸਦ ਹੁੰਦਾ ਹੈ l
ਉਨ੍ਹਾਂ ਵਿੱਚੋਂ ਕੁੱਝ ਚੰਗਾ ਖਾਂਦੇ ਪੀਂਦੇ ਘਰਾਂ ਦੇ ਹੁੰਦੇ ਹਨ ਪਰ ਬਹੁਤ ਸਾਰੇ ਕਰਜ਼ਾ ਚੁੱਕ ਕੇ ਹੀ ਨਿਊਜ਼ੀਲੈਂਡ ਆਉਂਦੇ ਹਨ l ਜਿਥੇ ਉਨ੍ਹਾਂ ਨਿਊਜ਼ੀਲੈਂਡ ਆ ਕੇ ਆਪਣੀ ਪੜ੍ਹਾਈ ਦਾ, ਰਿਹਾਇਸ਼ ਦਾ ਖਰਚਾ ਚੁੱਕਣਾ ਹੁੰਦਾ ਹੈ ਉਥੇ ਹੀ ਉਨ੍ਹਾਂ ਨੂੰ ਭਾਰਤ ਵਿੱਚੋਂ ਚੁੱਕਿਆ ਕਰਜ਼ਾ ਸਤਾਉਂਦਾ ਰਹਿੰਦਾ ਹੈ l ਇਸ ਤੋਂ ਇਲਾਵਾ ਉਨ੍ਹਾਂ ਦੀ ਬੁੱਢੇ ਹੋ ਰਹੇ ਮਾਪਿਆਂ ਦੀ ਦੇਖ ਭਾਲ, ਢਿੱਲ ਮੱਠ ਅਤੇ ਉਨ੍ਹਾਂ ਵਾਸਤੇ ਲੋੜ ਅਨੁਸਾਰ ਆਰਥਿਕ ਮੱਦਦ ਵੀ ਜਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ l ਇਸ ਤੋਂ ਇਲਾਵਾ ਨਿਊਜ਼ੀਲੈਂਡ ਵਿੱਚ ਆ ਕੇ ਇਮੀਗ੍ਰੇਸ਼ਨ ਅਤੇ ਵਕੀਲਾਂ ਦਾ ਖਰਚਾ ਵੀ ਉਨ੍ਹਾਂ ਚੁੱਕਣਾ ਹੁੰਦਾ ਹੈ l
ਭਾਰਤ ਤੋਂ ਤੁਰਨ ਵੇਲੇ ਬਹੁਤੇ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਵਿੱਚ ਆਉਂਦੀਆਂ ਬਹੁਤੀਆਂ ਸਮੱਸਿਆਵਾਂ ਦੀ ਜਾਣਕਾਰੀ ਨਹੀਂ ਹੁੰਦੀ ਜੋ ਕਿ ਨਿਊਜ਼ੀਲੈਂਡ ਆਉਣ ਤੇ ਉਨ੍ਹਾਂ ਦੀ ਜਿੰਦਗੀ ਨੂੰ ਹੋਰ ਮੁਸ਼ਕਲ ਕਰਦੀ ਹੈ l
ਜਿਸ ਸਮੇਂ ਵਿਦਿਆਰਥੀ ਪੜ੍ਹਦੇ ਹਨ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ 20 ਘੰਟੇ ਹਫਤੇ ਵਿੱਚ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ l ਹੁਣ ਸਿਰਫ 20 ਘੰਟੇ ਕੰਮ ਕਰਕੇ ਉਨ੍ਹਾਂ ਦਾ ਗੁਜਾਰਾ ਨਹੀਂ ਹੁੰਦਾ ਭਾਵ ਕਿ 20 ਘੰਟਿਆਂ ਦੇ ਕੰਮ ਨਾਲ ਉਪਰੋਕਤ ਸਾਰੇ ਖਰਚੇ ਚੁੱਕੇ ਨਹੀਂ ਜਾ ਸਕਦੇ l
ਨਿਊਜ਼ੀਲੈਂਡ ਵਿੱਚ ਕਨੂੰਨੀ ਤੌਰ ਤੇ ਕੰਮ ਕਰਨ ਵਾਸਤੇ ਵਰਕ ਪਰਮਿਟ ਹੋਣਾ ਜ਼ਰੂਰੀ ਹੁੰਦਾ ਹੈ, ਟੈਕਸ ਤਾਰਨ ਵਾਸਤੇ ਆਈ ਆਰ ਡੀ (IRD) ਨੰਬਰ ਹੋਣਾ ਜ਼ਰੂਰੀ ਹੁੰਦਾ ਹੈ l ਕਾਰੋਬਾਰੀ ਵਾਸਤੇ ਆਪਣੇ ਕਾਮੇ ਨੂੰ ਕੰਮ ਕਰਵਾਉਣ ਬਦਲੇ ਘੱਟੋ ਘੱਟ ਤਨਖਾਹ (Minimum Wages) ਦੇਣੀ ਲਾਜ਼ਮੀ ਹੁੰਦੀ ਹੈ l
ਜਦੋਂ ਵਿਦਿਆਰਥੀ 20 ਘੰਟੇ ਤੋਂ ਵੱਧ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਵਾਸਤੇ ਉਸ ਕੋਲ ਵਰਕ ਪਰਮਿਟ ਨਹੀਂ ਹੁੰਦਾ ਅਤੇ ਉਹ ਇਸ ਕੰਮ ਵਾਸਤੇ ਆਪਣਾ IRD ਨੰਬਰ ਵੀ ਨਹੀਂ ਵਰਤ ਸਕਦਾ l ਫਿਰ ਵਿਦਿਆਰਥੀ ਕਾਰੋਬਾਰੀ ਤੋਂ ਨਕਦ ਤਨਖਾਹ ਦੀ ਮੰਗ ਕਰਦਾ ਹੈ ਭਾਵ ਕੈਸ਼ ਜੌਬ ਜਿਸ ਦਾ ਕੋਈ ਟੈਕਸ ਨਾ ਤਾਰਿਆ ਜਾਵੇ ਅਤੇ ਕੋਈ ਰਿਕਾਰਡ ਨਾ ਰੱਖਿਆ ਜਾਵੇ l ਇਹ ਵਿਦਿਆਰਥੀ ਦੀ ਮਜ਼ਬੂਰੀ ਹੁੰਦੀ ਹੈ l
ਦੂਜੇ ਪਾਸੇ ਕਾਰੋਬਾਰੀ ਦੀ ਮਜ਼ਬੂਰੀ ਹੁੰਦੀ ਹੈ ਕਿ ਜੇ ਉਹ ਵਿਦਿਆਰਥੀ ਬਿਨਾਂ ਵਰਕ ਪਰਮਿਟ ਇਮੀਗ੍ਰੇਸ਼ਨ ਦੁਆਰਾ ਕੰਮ ਕਰਦਾ ਫੜਿਆ ਗਿਆ ਤਾਂ ਕਾਰੋਬਾਰੀ ਨੂੰ ਇਮੀਗ੍ਰੇਸ਼ਨ ਜੁਰਮਾਨਾ ਕਰੇਗੀ l ਜੁਰਮਾਨਾ ਦਸ ਹਜ਼ਾਰ ਡਾਲਰ ਤੋਂ ਵੀ ਉੱਪਰ ਹੋ ਸਕਦਾ ਹੈ l ਦੂਜੀ ਕਾਰੋਬਾਰੀ ਦੀ ਸਮੱਸਿਆ ਇਹ ਹੈ ਕਿ ਕਿਉਂਕਿ ਵਿਦਿਆਰਥੀ ਨੇ IRD ਨੰਬਰ ਕੰਮ ਕਰਨ ਵਾਸਤੇ ਨਹੀਂ ਦਿੱਤਾ ਤਾਂ ਕਾਰੋਬਾਰੀ ਨੂੰ ਵੱਧ ਟੈਕਸ ਦੇਣਾ ਪੈ ਸਕਦਾ ਹੈ l ਇਸ ਕਰਕੇ ਕਾਰੋਬਾਰੀ ਵਿਦਿਆਰਥੀ ਨੂੰ ਘੱਟ ਤਨਖਾਹ ਦਿੰਦਾ ਹੈ ਜੋ ਕਿ ਗੈਰਕਨੂੰਨੀ ਹੈ l ਭਾਵ ਇਸ ਤਰਾਂ ਕਰਨ ਨਾਲ ਦੋਨੋਂ ਧਿਰਾਂ ਗੈਰਕਨੂੰਨੀ ਕੰਮ ਕਰਦੀਆਂ ਹਨ ਪਰ ਫੜੇ ਜਾਣ ਤੇ ਕਾਰੋਬਾਰੀ ਨੂੰ ਵੱਧ ਕਸੂਰਵਾਰ ਮੰਨਿਆ ਜਾਵੇਗਾ ਕਿਉਂਕਿ ਇਹ ਕਾਰੋਬਾਰੀ ਦੀ ਜਿੰਮੇਵਾਰੀ ਹੈ ਕਿ ਜੌਬ ਦੇਣ ਤੋਂ ਪਹਿਲਾਂ ਕਾਮੇ ਦਾ ਵਰਕ ਪਰਮਿਟ ਚੈੱਕ ਕਰੇ l ਇਮੀਗ੍ਰੇਸ਼ਨ ਵਿਦਿਆਰਥੀ ਉਤੇ ਵੀ ਐਕਸ਼ਨ ਲੈ ਸਕਦੀ ਹੈ l ਉਸ ਦਾ ਪਰਮਿਟ ਕੈਂਸਲ ਕੀਤਾ ਜਾ ਸਕਦਾ ਹੈ l
ਇਸ ਤੋਂ ਇਲਾਵਾ ਜੇਕਰ ਵਿਦਿਆਰਥੀ ਨੂੰ ਪੱਕਾ ਹੋਣ ਵਾਸਤੇ ਕਾਰੋਬਾਰੀ ਤੋਂ ਜੋਬ ਲੈਟਰ ਚਾਹੀਦਾ ਹੋਵੇ ਤਾਂ ਦੋਨਾਂ ਧਿਰਾਂ ਵਿਚਕਾਰ ਸੌਦਾ ਹੋਣ ਲਗਦਾ ਹੈ l ਕਈ ਸੌਦਿਆਂ ਵਿੱਚ ਵਿਦਿਆਰਥੀਆਂ ਵਲੋਂ ਕਾਰੋਬਾਰੀਆਂ ਨੂੰ $35,000 ਤੱਕ ਵੀ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਕੋਈ ਰਸੀਦ ਜਾਂ ਸਬੂਤ ਵੀ ਨਹੀਂ ਹੁੰਦਾ l ਇਸ ਤਰਾਂ ਦਾ ਜਿਆਦਾ ਪੈਸਾ ਭਾਰਤ ਵਿੱਚੋਂ ਜ਼ਮੀਨ ਵੇਚ ਕੇ ਜਾਂ ਗਹਿਣੇ ਰੱਖ ਕੇ ਹੀ ਲਿਆਂਦਾ ਜਾਂਦਾ ਹੈ l ਜੇਕਰ ਇਹ ਨਕਦ ਰਾਸ਼ੀ ਨਾ ਵੀ ਦਿੱਤੀ ਜਾਵੇ ਤਾਂ ਵੀ ਵਿਦਿਆਰਥੀ ਆਪਣੀ ਲੋੜ ਪੂਰੀ ਕਰਨ ਲਈ ਜਾਂ ਪੱਕੇ ਹੋਣ ਖਾਤਰ $2 ਪ੍ਰਤੀ ਘੰਟਾ ਤੇ ਵੀ ਕੰਮ ਕਰਨ ਨੂੰ ਰਾਜੀ ਹੋ ਜਾਂਦੇ ਹਨ l ਕਈ ਹਾਲਾਤਾਂ ਵਿੱਚ ਵਿਦਿਆਰਥੀ ਬਹੁਤ ਲੰਮੇ ਘੰਟੇ ਕੰਮ ਕਰਦੇ ਹਨ ਪਰ ਪੈਸੇ ਉਨ੍ਹਾਂ ਨੂੰ ਥੋੜ੍ਹੇ ਘੰਟਿਆਂ ਦੇ ਹੀ ਦਿੱਤੇ ਜਾਂਦੇ ਹਨ l
ਜਦੋਂ ਤੱਕ ਵਿਦਿਆਰਥੀ ਨੂੰ ਪੱਕੇ ਹੋਣ ਦੀ ਆਸ ਬਣੀ ਰਹਿੰਦੀ ਹੈ ਓਨੀ ਦੇਰ ਉਹ ਬਿਨਾਂ ਕਿਸੇ ਇਤਰਾਜ਼ਗੀ ਕੰਮ ਕਰਦਾ ਰਹਿੰਦਾ ਹੈ ਪਰ ਜੇਕਰ ਕਿਸੇ ਵਜ੍ਹਾ ਕਰਕੇ ਇਮੀਗ੍ਰੇਸ਼ਨ ਵਿਦਿਆਰਥੀ ਦੇ ਪੱਕੇ ਹੋਣ ਦਾ ਕੇਸ ਫੇਲ੍ਹ ਕਰ ਦੇਵੇ ਜਾਂ ਕਿਸੇ ਵਜ੍ਹਾ ਕਰਕੇ ਮਾਲਕ ਵਿਦਿਆਰਥੀ ਨੂੰ ਪੱਕਾ ਨਾ ਕਰਵਾਵੇ ਤਾਂ ਫਿਰ ਇੱਕ ਦੂਜੇ ਪ੍ਰਤੀ ਇਤਰਾਜਗੀ ਸ਼ੁਰੂ ਹੁੰਦੀ ਹੈ l ਵਿਦਿਆਰਥੀ ਮਾਲਕ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਘੱਟ ਪੈਸਿਆਂ ਵਿੱਚ ਕੰਮ ਕੀਤਾ ਅਤੇ ਤੂੰ ਮੈਨੂੰ ਪੱਕਾ ਵੀ ਨਹੀਂ ਕਰਵਾਇਆ l ਇਸ ਕਰਕੇ ਮੇਰੇ ਬਾਕੀ ਬਣਦੇ ਤਨਖਾਹ ਦੇ ਪੈਸੇ ਦਿਓ l
ਮਾਲਕ ਕਹਿੰਦਾ ਹੈ ਕਿ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਅਤੇ ਇਮੀਗ੍ਰੇਸ਼ਨ ਨੇ ਪੱਕਾ ਨਹੀਂ ਕੀਤਾ ਤਾਂ ਮੇਰਾ ਕੀ ਕਸੂਰ ? ਫਿਰ ਸਰਕਾਰੀ ਮਹਿਕਮਿਆਂ (MBI) ਨੂੰ ਵਿਦਿਆਰਥੀ ਵਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਮੇਰੇ ਕੋਲੋਂ ਮਾਲਕ ਘੱਟ ਪੈਸਿਆਂ ਵਿੱਚ ਕੰਮ ਕਰਵਾਉਂਦਾ ਰਿਹਾ ਹੈ l ਜਿਸ ਵਿੱਚ ਜਿਆਦਾ ਤੌਰ ਤੇ ਕਾਰੋਬਾਰੀ ਦੋਸ਼ੀ ਸਾਬਤ ਹੁੰਦਾ ਹੈ ਅਤੇ ਉਸ ਨੂੰ ਵਿਦਿਆਰਥੀ ਦੀ ਰਹਿੰਦੀ ਤਨਖਾਹ ਸਮੇਤ ਜੁਰਮਾਨਾ ਵੀ ਹੁੰਦਾ ਹੈ l
ਜਿਸ ਸਮੇਂ ਇਸ ਤਰਾਂ ਦੇ ਬਹੁਤ ਮਸਲੇ ਪਬਲਿਕ ਵਿੱਚ ਆਉਂਦੇ ਹਨ ਤਾਂ ਬਹੁਤੇ ਕਾਰੋਬਾਰੀ ਹੋਰ ਨਵੇਂ ਵਿਦਿਆਰਥੀਆਂ ਨੂੰ ਜੌਬ ਜਾਂ ਜੌਬ ਲੈਟਰ ਨਹੀਂ ਦਿੰਦੇ l ਜਿਸ ਕਰਕੇ ਬਾਦ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੋਰ ਵਧਦੀਆਂ ਹਨ ਅਤੇ ਪੂਰੇ ਮੁਲਕ ਵਿੱਚ ਦੋਨੋਂ ਧਿਰਾਂ ਦਾ ਨਾਮ ਖਰਾਬ ਹੁੰਦਾ ਹੈ l ਗੋਰੇ ਵੀ ਇੱਕ ਦੂਜੇ ਦਾ ਮਖੌਲ ਉਡਾਉਂਦੇ ਹਨ ਕਿ ਭਾਰਤੀ ਇੱਕ ਦੂਜੇ ਪ੍ਰਤੀ ਇਸ ਤਰਾਂ ਦਾ ਵਰਤਾਅ ਕਰਦੇ ਹਨ l
ਜਿਆਦਾ ਕਾਰੋਬਾਰੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਖੁਦ ਵੀ ਦਿਹਾੜੀਦਾਰ ਹੀ ਰਹੇ ਹੁੰਦੇ ਹਨ ਅਤੇ ਇੱਕ ਕਾਮੇ ਹੋਣ ਕਰਕੇ ਕਾਮਿਆਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰਾਂ ਜਾਣਦੇ ਹੁੰਦੇ ਹਨ l ਇਸ ਕਰਕੇ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਵਿਦਿਆਰਥੀਆਂ ਨਾਲ ਵਧੀਆ ਸਲੂਕ ਕਰਨ ਕਿਉਂਕਿ ਨਵੇਂ ਵਿਦਿਆਰਥੀ ਹੀ ਹਨ ਜਿਨ੍ਹਾਂ ਭਵਿੱਖ ਵਿੱਚ ਸਾਡੇ ਕਾਰੋਬਾਰ ਸਾਂਭਣੇ ਹਨ l ਸਾਨੂੰ ਲੋੜ ਹੈ ਕਿ ਉਨ੍ਹਾਂ ਦਾ ਹੱਥ ਫੜੀਏ ਅਤੇ ਆਪਣੀ ਕੋਸ਼ਿਸ਼ ਨਾਲ ਉਨ੍ਹਾਂ ਨੂੰ ਉੱਪਰ ਚੁਕੀਏ l
ਅੱਜ ਲੋੜ ਹੈ ਕਾਰੋਬਾਰੀਆਂ ਨੂੰ ਸਬਰ ਅਤੇ ਸੰਤੋਖ ਦੀ l ਕਿਉਂਕਿ ਉਨ੍ਹਾਂ ਦਾ ਔਖਾ ਵੇਲਾ ਨਿਕਲ ਚੁੱਕਾ ਹੈ ਅਤੇ ਹੁਣ ਵਿਦਿਆਰਥੀਆਂ ਦਾ ਔਖਾ ਵੇਲਾ ਚੱਲ ਰਿਹਾ ਹੈ ਜਿਸ ਵਿੱਚ ਉਹ ਤੁਹਾਡੇ ਤੋਂ ਹੀ ਮੱਦਦ ਦੀ ਆਸ ਰੱਖ ਸਕਦੇ ਹਨ l
ਇੱਕ ਦੂਜੇ ਪ੍ਰਤੀ ਹਮਦਰਦੀ ਰੱਖਣ ਅਤੇ ਮੱਦਦ ਕਰਨ ਨਾਲ ਭਾਈਚਾਰੇ ਵਿੱਚ ਮਿਠਾਸ ਬਣੀ ਰਹੇਗੀ ਅਤੇ ਦੂਜੀਆਂ ਕਮਿਊਨਿਟੀਆਂ ਵਿੱਚ ਵੀ ਸਭ ਦੀ ਇੱਜਤ ਵਧੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਡੇ ਤੇ ਮਾਣ ਕਰਨਗੀਆਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
ਫੋਨ 006421392147