-ਆਪਣੇ ਤਜ਼ਰਬੇ ਤੇ ਅਧਾਰਿਤ
ਮੈਂ ਨਿਊਜ਼ੀਲੈਂਡ ਦੀ ਪ੍ਰਾਪਰਟੀ ਮਾਰਕੀਟ ਵਿੱਚ ਕਾਮਯਾਬੀ ਨਾਲ 26 ਸਾਲ ਬਿਤਾਏ ਹਨ l ਇਸ ਦੌਰਾਨ ਕਈ ਵਾਰ ਆਰਥਿਕ ਮੰਦੀ ਆਈ, ਕਈ ਵਾਰ ਪ੍ਰਾਪਰਟੀ ਮਾਰਕੀਟ ਉੱਪਰ ਗਈ ਜਾਂ ਥੱਲੇ ਡਿਗੀ l ਇਸ ਦੇ ਬਾਵਯੂਦ ਮੇਰਾ ਪ੍ਰਾਪਰਟੀ ਬਿਜ਼ਨਸ ਇਕਸਾਰ ਹੀ ਚੱਲਿਆ l
ਇਸ ਕਾਰੋਬਾਰ ਵਿੱਚ ਲੰਬਾ ਸਮਾਂ ਬਿਤਾਉਣ ਕਰਕੇ ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਨਿਊਜ਼ੀਲੈਂਡ ਪ੍ਰਾਪਰਟੀ ਮਾਰਕੀਟ ਕਦੋਂ ਠੀਕ ਹੋਵੇਗੀ? ਇਹ ਪ੍ਰਸ਼ਨ ਜਿਆਦਾ ਉਸ ਵੇਲੇ ਪੁੱਛਿਆ ਜਾਂਦਾ ਹੈ ਜਦੋਂ ਪ੍ਰਾਪਰਟੀ ਮਾਰਕੀਟ ਥੱਲੇ ਡਿਗੀ ਹੋਈ ਹੋਵੇ ਕਿਉਂਕਿ ਲੋਕ ਜਿਆਦਾ ਫਿਕਰਮੰਦ ਹੁੰਦੇ ਹਨ ਕਿ ਉਨ੍ਹਾਂ ਦੀ ਸਸਤੀ ਪ੍ਰਾਪਰਟੀ ਮਹਿੰਗੀ ਕਦੋਂ ਹੋਵੇਗੀ?
ਜਿਹੜੇ ਲੋਕ ਘਰ ਖਰੀਦਣਾ ਚਾਹੁੰਦੇ ਹਨ ਉਨ੍ਹਾਂ ਲਈ ਤਾਂ ਇਹ ਮਾਰਕੀਟ ਬਹੁਤ ਵਧੀਆ ਹੈ ਕਿਉਂਕਿ ਹੁਣ ਘਰ ਸਸਤੇ ਮਿਲ ਜਾਂਦੇ ਹਨ l ਜਿਨ੍ਹਾਂ ਨੇ ਘਰ ਵੇਚ ਕੇ ਹੋਰ ਘਰ ਖਰੀਦਣੇ ਹਨ ਉਨ੍ਹਾਂ ਲਈ ਵੀ ਬਹੁਤ ਵਧੀਆ ਹੈ ਕਿਉਂਕਿ ਜੇਕਰ ਛੇ ਲੱਖ ਵਾਲਾ ਘਰ ਤੁਹਾਨੂੰ ਮੰਦੀ ਕਾਰਣ ਸਾਢੇ ਪੰਜ ਲੱਖ ਦਾ ਵੇਚਣਾ ਪਵੇ ਤਾਂ ਤੁਹਾਨੂੰ ਨਵਾਂ ਬਾਰਾਂ ਲੱਖ ਵਾਲਾ ਘਰ ਗਿਆਰਾਂ ਲੱਖ ਵਿੱਚ ਜਾਂ ਸਾਢੇ ਦਸ ਲੱਖ ਵਿੱਚ ਮਿਲ ਜਾਵੇਗਾ l ਇਸ ਦਾ ਮਤਲਬ ਤੁਸੀਂ ਘਾਟਾ ਖਾ ਕੇ ਵੀ ਫਾਇਦੇ ਵਿੱਚ ਰਹੋਗੇ ਜਾਂ ਕਹਿ ਲਵੋ ਕਿ ਪਜ਼ਾਹ ਹਜ਼ਾਰ ਗੁਆ ਕੇ ਡੇਢ ਲੱਖ ਬਚਾ ਲਿਆ l
ਜਿਨ੍ਹਾਂ ਲੋਕਾਂ ਨੇ ਘਰ ਮਜ਼ਬੂਰੀ ਵਿੱਚ ਹੁਣੇ ਵੇਚਣਾ ਹੈ ਅਤੇ ਦੁਬਾਰਾ ਹੋਰ ਨਹੀਂ ਖਰੀਦਣਾ ਉਨ੍ਹਾਂ ਨੂੰ ਜ਼ਰੂਰ ਘਾਟਾ ਹੈ l ਜੇਕਰ ਉਹੀ ਘਰ ਉਨ੍ਹਾਂ ਨੇ ਅੱਠ ਦਸ ਸਾਲ ਪਹਿਲਾਂ ਖਰੀਦਿਆ ਹੋਇਆ ਹੈ ਤਾਂ ਵੀ ਉਨ੍ਹਾਂ ਨੂੰ ਕੋਈ ਘਾਟਾ ਨਹੀਂ ਹੈ ਕਿਉਂਕਿ ਦਸ ਸਾਲ ਪਹਿਲਾਂ ਘਰ ਸਸਤਾ ਖਰੀਦਿਆ ਹੋਵੇਗਾ ਪਰ ਜਿਹੜੇ ਲੋਕਾਂ ਨੇ ਸੰਨ 2021 ਦੇ ਲਾਗੇ ਘਰ ਖਰੀਦੇ, ਜੇ ਉਹ ਉਨ੍ਹਾਂ ਨੂੰ ਹੁਣ ਵੇਚਣਗੇ ਤਾਂ ਜ਼ਰੂਰ ਕੁੱਝ ਘਾਟਾ ਪਵੇਗਾ ਪਰ ਅਸਲ ਵਿੱਚ ਉਹ ਘਾਟਾ ਨਹੀਂ ਹੁੰਦਾ l ਇਹ ਸਿੱਖਣ ਦੀ ਕੀਮਤ ਹੁੰਦੀ ਹੈ l
ਉਹ ਲੱਖਾਂ ਦੀ ਕੀਮਤ ਦਾ ਘਰ ਖਰੀਦਣ ਲਈ ਸਿੱਖਿਆ ਕਿੱਥੋਂ ਲਈ? ਆਪਾਂ ਦੁੱਧ ਦੀ ਬੋਤਲ, ਆਟਾ, ਦਾਲ, ਕੱਪੜੇ ਖਰੀਦਣ ਵੇਲੇ ਅਕਸਰ ਇੱਕ ਦੂਜੇ ਤੋਂ ਪੁੱਛਦੇ ਹਾਂ ਕਿ ਸਸਤੀ ਚੀਜ਼ ਕਿੱਥੋਂ ਮਿਲੇਗੀ ਭਾਵ ਮਾਰਕੀਟ ਰਿਸਰਚ ਕਰਦੇ ਹਾਂ l ਸਵਾਲ ਇਹ ਪੈਦਾ ਹੁੰਦਾ ਹੈ ਕਿ ਲੱਖਾਂ ਡਾਲਰ ਘਰ ਤੇ ਖਰਚਣ ਵੇਲੇ ਮਾਰਕੀਟ ਰਿਸਰਚ ਕਿਉਂ ਨਹੀਂ ਕੀਤੀ ਗਈ? ਜੇ ਕੀਤੀ ਗਈ ਤਾਂ ਕੀ ਉਹ ਆਜ਼ਾਦ ਰਿਸਰਚ ਸੀ?
ਹੁਣ ਗੱਲ ਕਰਦੇ ਹਾਂ ਕਿ ਘਰਾਂ ਦੀ ਮਾਰਕੀਟ ਕਦੋਂ ਉੱਪਰ ਜਾਵੇਗੀ? ਹਰ ਬਿਜ਼ਨਸ ਦਾ ਉੱਪਰ ਥੱਲੇ ਜਾਣਾ ਸਪਲਾਈ ਅਤੇ ਡਿਮਾਂਡ ਤੇ ਨਿਰਭਰ ਕਰਦਾ ਹੈ l ਇਸੇ ਤਰਾਂ ਘਰਾਂ ਦੇ ਖੇਤਰ ਵਿੱਚ ਸਪਲਾਈ ਤੇ ਡਿਮਾਂਡ ਦਾ ਅਸਰ ਪੈਂਦਾ ਹੈ l ਸਪਲਾਈ ਸਿਰਫ ਨਵੇਂ ਘਰ ਬਣਨ ਜਾਂ ਨਾ ਬਣਨ ਨਾਲ ਵਧਦੀ ਜਾਂ ਘਟਦੀ ਨਹੀਂ l
ਕੁੱਝ ਮਹੀਨਿਆਂ ਵਿੱਚ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਚਲੇ ਗਏ ਜਿਸ ਕਾਰਣ ਉਹ ਘਰ ਖਾਲੀ ਹੋ ਗਏ l ਉਹ ਵਿਕਣ ਤੇ ਲੱਗ ਗਏ ਜਾਂ ਕਿਰਾਏ ਤੇ ਦੇਣ ਲਈ ਵਧ ਗਏ, ਘਰਾਂ ਦੇ ਕਰਜ਼ੇ ਦੀ ਵਿਆਜ਼ ਦਰ ਉੱਪਰ ਹੋਣ ਨਾਲ ਬਹੁਤ ਨਵੇਂ ਲੋਕ ਘਰ ਨਹੀਂ ਖਰੀਦ ਰਹੇ l ਬੇਰੋਜ਼ਗਾਰੀ ਦਰ ਵਧਣ ਕਾਰਣ ਲੋਕ ਡਰੇ ਹੋਏ ਹਨ ਅਤੇ ਉਹ ਆਪਣਾ ਪੈਸਾ ਖਰਚਣ ਦੀ ਬਜਾਏ ਬਚਾ ਕੇ ਰੱਖ ਰਹੇ ਹਨ ਤਾਂ ਕਿ ਬੁਰੇ ਵਕਤ ਵੇਲੇ ਕੰਮ ਆਵੇ l
ਘਰਾਂ ਦੀ ਮਾਰਕੀਟ ਵਿੱਚ ਮੁੜ ਜਾਨ ਪਾਉਣ ਲਈ ਕਰਜ਼ੇ ਦਾ ਵਿਆਜ਼ 4.25% ਦੇ ਕਰੀਬ ਆਉਣਾ ਚਾਹੀਦਾ ਹੈ ਜਿਸ ਦੀ ਅਜੇ ਆਸ ਨਹੀਂ ਹੈ, ਨਿਊਜ਼ੀਲੈਂਡ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਘਟਣੀ ਚਾਹੀਦੀ ਹੈ, ਵਿਦੇਸ਼ਾਂ ਤੋਂ ਹੋਰ ਲੋਕ ਨਿਊਜ਼ੀਲੈਂਡ ਵਿੱਚ ਲਿਆਉਣ ਦੀ ਲੋੜ ਹੈ l
ਇਸ ਵੇਲੇ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਨਵੇਂ ਘਰ ਬਣ ਰਹੇ ਹਨ ਕਿਉਂਕਿ ਘਰ ਬਣਾਉਣ ਦਾ ਖਰਚਾ ਬਹੁਤ ਹੈ ਅਤੇ ਵੇਚਣ ਤੇ ਆਮਦਨ ਘੱਟ ਹੈ l ਜੇਕਰ ਕਈ ਸਾਲ ਇਸ ਤਰਾਂ ਚੱਲਦਾ ਰਿਹਾ ਤਾਂ ਘਰਾਂ ਦੀ ਘਾਟ ਫਿਰ ਆ ਸਕਦੀ ਹੈ ਭਾਵ ਮਾਰਕੀਟ ਉੱਪਰ ਜਾ ਸਕਦੀ ਹੈ ਪਰ ਇਹ ਇੱਕ ਦੋ ਸਾਲਾਂ ਵਿੱਚ ਹੋਣ ਦੀ ਆਸ ਨਹੀਂ ਹੈ l
ਅਸਲੀ ਬਿਜ਼ਨਸ ਉਹ ਹੁੰਦਾ ਹੈ ਜੋ ਮਾਰਕੀਟ ਥੱਲੇ ਜਾਂ ਉੱਪਰ ਜਾਣ ਦੀ ਹਾਲਤ ਵਿੱਚ ਵੀ ਠੀਕ ਠਾਕ ਚੱਲੇ l
ਇਸ ਤਰਾਂ ਮੈਨੂੰ ਘਰਾਂ ਦੀ ਮਾਰਕੀਟ ਉੱਪਰ ਥੱਲੇ ਜਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਬਿਜ਼ਨਸ ਮਾਡਲ ਇਸ ਤਰਾਂ ਬਣਾਇਆ ਹੋਇਆ ਹੈ l
ਘਰਾਂ ਦੇ ਖੇਤਰ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਮੇਰੀ ਕਿਤਾਬ “Homeless To Multi Millionaire” ਹੇਠ ਦਿੱਤੇ ਲਿੰਕ ਤੋਂ ਖਰੀਦ ਸਕਦੇ ਹੋ, ਟਰੇਡ ਮੀ ਤੋਂ ਜਾਂ ਮੈਨੂੰ ਫੋਨ ਕਰਕੇ ਆਰਡਰ ਦੇ ਸਕਦੇ ਹੋ l ਕਿਤਾਬ ਸਿਰਫ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੀ ਉਪਲਬਧ ਹੈ l ਇਹ ਕਿਤਾਬ ਪਹਿਲੇ ਦੋ ਮਹੀਨਿਆਂ ਵਿੱਚ ਦੋ ਵਾਰ ਸੋਲਡ ਆਉਟ ਹੋ ਗਈ ਸੀ ਅਤੇ ਇਸ ਨੂੰ ਖਰੀਦਣ ਵਾਲੇ 90% ਗ਼ੈਰ ਪੰਜਾਬੀ ਹਨ l
ਨੋਟ:- ਇਹ ਲੇਖ ਮੇਰੇ ਆਪਣੇ ਤਜ਼ਰਬੇ ਤੇ ਅਧਾਰਤ ਹੈ l ਕੋਈ ਵੀ ਇਨਵੈਸਮੈਂਟ ਕਰਨ ਤੋਂ ਪਹਿਲਾਂ ਆਪਣੇ ਅੱਥੋਰਾਈਜ਼ਡ ਫਾਈਨੈਂਸ਼ਲ ਅਡਵਾਇਜ਼ਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147