-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਕੈਪਟਲਿਸਟ ਮੁਲਕ ਹੋਣ ਕਰਕੇ ਇਹ ਮਾਰਕੀਟ ਕਰੈਸ਼ਾਂ (Market Crashes) ਤੇ ਨਿਰਭਰ ਕਰਦਾ ਹੈ l ਮਾਰਕੀਟ ਉੱਪਰ ਜਾਣ ਵੇਲੇ ਲੋਕ ਵੱਧ ਕਰਜ਼ਾ ਚੁੱਕ ਕੇ ਘਰ ਖਰੀਦਦੇ ਹਨ ਅਤੇ ਮਾਰਕੀਟ ਥੱਲੇ ਜਾਣ ਵੇਲੇ ਲੋਕ ਮਜ਼ਬੂਰੀ ਵਿੱਚ ਜਾਂ ਕਰਜ਼ੇ ਦੀ ਕਿਸ਼ਤ ਨਾ ਚੁੱਕ ਹੋਣ ਕਰਕੇ ਸਸਤੇ ਭਾਅ ਘਰਾਂ ਨੂੰ ਵੇਚਦੇ ਹਨ l
ਇਸ ਦਾ ਮਤਲਬ ਘਰਾਂ ਦੀ ਮਾਰਕੀਟ ਉੱਪਰ ਜਾਵੇ ਜਾਂ ਥੱਲੇ ਜਾਵੇ ਨੁਕਸਾਨ ਆਮ ਲੋਕਾਂ ਦਾ ਵੱਧ ਹੁੰਦਾ ਹੈ l ਉਨ੍ਹਾਂ ਦੀ ਕਈ ਸਾਲਾਂ ਦੀ ਕਮਾਈ ਘਾਟੇ ਵਿੱਚ ਰੁੜ੍ਹ ਜਾਂਦੀ ਹੈ l ਆਮ ਵਿਅਕਤੀ ਨੂੰ ਇਹ ਪਤਾ ਹੀ ਨਹੀਂ ਲਗਦਾ ਕਿ ਘਰਾਂ ਦੀ ਮਾਰਕੀਟ ਉੱਪਰ ਜਾ ਰਹੀ ਹੈ ਜਾਂ ਥੱਲੇ? ਇਹ ਵੀ ਪਤਾ ਨਹੀਂ ਲਗਦਾ ਕਿ ਮੁਲਕ ਵਿੱਚ ਆਰਥਿਕ ਮੰਦੀ ਦੇ ਅਸਾਰ ਤਾਂ ਨਹੀਂ ਬਣ ਰਹੇ?
ਜਿਨ੍ਹਾਂ ਨੇ ਘਰ ਖਰੀਦੇ ਹੋਏ ਹਨ ਉਹ ਤਾਂ ਇਹ ਚਾਹੁੰਦੇ ਹਨ ਕਿ ਘਰਾਂ ਦੀਆਂ ਕੀਮਤਾਂ ਕਦੇ ਥੱਲੇ ਨਾ ਜਾਣ ਬਲਕਿ ਉਹ ਚਾਹੁੰਦੇ ਹਨ ਕਿ ਕੀਮਤਾਂ ਲਗਾਤਾਰ ਵਧਦੀਆਂ ਰਹਿਣ l ਇਸ ਦੇ ਉਲਟ ਜਿਨ੍ਹਾਂ ਅਜੇ ਪਹਿਲਾ ਘਰ ਖਰੀਦਣਾ ਹੈ ਉਹ ਘਰਾਂ ਦੇ ਸਸਤੇ ਹੋਣ ਦੀ ਉਡੀਕ ਕਰ ਰਹੇ ਹਨ l ਉਨ੍ਹਾਂ ਨੂੰ ਸਰਕਾਰ ਦਾ ਲਗਾਇਆ ਕੋਈ ਵੀ ਲਾਰਾ ਸੱਚ ਲਗਦਾ ਹੈ l ਇਸੇ ਕਰਕੇ ਘਰ ਸਸਤੇ ਹੋਣ ਦੀ ਆਸ ਵਿੱਚ ਜਿੰਦਗੀ ਬੀਤਦੀ ਜਾਂਦੀ ਹੈ l
ਕਈ ਵਾਰ ਮੈਂ ਘਰਾਂ ਦੀ ਮਾਰਕੀਟ ਬਾਰੇ ਆਪਣੇ ਵਿਚਾਰ ਦੇ ਦੇਵਾਂ ਤਾਂ ਦੋਨੋਂ ਧਿਰਾਂ (ਮਾਲਕ ਅਤੇ ਖਰੀਦਦਾਰ) ਮੇਰੇ ਨਾਲ ਲੜ ਪੈਂਦੀਆਂ ਹਨ l ਹਾਲਾਂਕਿ ਮੇਰੇ ਵਿਚਾਰ ਦੇਣ ਨਾਲ ਘਰਾਂ ਦੀ ਮਾਰਕੀਟ ਉੱਪਰ ਥੱਲੇ ਨਹੀਂ ਜਾਣੀ ਹੁੰਦੀ l
ਇਸ ਕਰਕੇ ਇਸ ਲੇਖ ਵਿੱਚ ਬਜਾਏ ਕਿ ਮੈਂ ਆਪਣੇ ਵਿਚਾਰ ਦਿਆਂ ਮੈਂ ਕੁੱਝ ਸਧਾਰਣ ਨਿਸ਼ਾਨੀਆਂ ਦੇ ਰਿਹਾ ਹਾਂ ਜਿਸ ਨਾਲ ਅਨਪੜ੍ਹ ਜਾਂ ਬਹੁਤ ਘੱਟ ਪੜ੍ਹਿਆ ਵਿਅਕਤੀ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਮਾਰਕੀਟ ਉੱਪਰ ਜਾ ਰਹੀ ਹੈ ਜਾਂ ਥੱਲੇ?
ਵੈਸੇ ਮਾਰਕੀਟ ਉੱਪਰ ਥੱਲੇ ਜਾਂਦੀ ਦੇਖਣ ਲਈ ਤੁਸੀਂ ਵੱਖ ਵੱਖ ਵੈੱਬਸਾਈਟਾਂ ਤੇ ਦੇਖ ਸਕਦੇ ਹੋ ਅਤੇ ਰੀਅਲ ਇਸਟੇਟ ਏਜੇਂਟਾਂ ਨਾਲ ਗੱਲ ਕਰ ਸਕਦੇ ਹੋ l
ਸਭ ਤੋਂ ਪਹਿਲਾਂ ਮੁਲਕ ਦੇ ਹਲਾਤਾਂ ਬਾਰੇ ਟੈਕਸੀ ਡਰਾਈਵਰਾਂ ਨੂੰ ਪਤਾ ਲਗਦਾ ਹੈ ਕਿ ਮੁਲਕ ਵਿੱਚ ਕੀ ਹੋਣ ਦੀ ਸੰਭਾਵਨਾ ਹੈ? ਟੈਕਸੀਆਂ ਵਿੱਚ ਵੱਖ ਵੱਖ ਕਾਰੋਬਾਰੀ ਸਫ਼ਰ ਕਰਦੇ ਹਨ, ਅਰਥ ਸ਼ਾਸਤਰੀ (ਇਕਨੋਮਿਸਟ) ਸਫ਼ਰ ਕਰਦੇ ਹਨ l ਉਨ੍ਹਾਂ ਨਾਲ ਅਕਸਰ ਟੈਕਸੀ ਡਰਾਈਵਰ ਗੱਲਬਾਤ ਕਰ ਲੈਂਦੇ ਹਨ l
ਇਸ ਤੋਂ ਬਾਦ ਮੋਟਲਾਂ ਦੇ ਮਾਲਕਾਂ ਨੂੰ ਪਤਾ ਲਗਦਾ ਹੈ ਕਿ ਮੁਲਕ ਵਿੱਚ ਕੀ ਹੋਣ ਦੀ ਸੰਭਾਵਨਾ ਹੈ? ਉਪਰੋਕਤ ਦੱਸੇ ਸਾਰੇ ਵਿਅਕਤੀ ਮੋਟਲਾਂ ਵਿੱਚ ਮੀਟਿੰਗਾਂ ਤੋਂ ਬਾਦ ਠਹਿਰਦੇ ਹਨ ਜਿਨ੍ਹਾਂ ਤੋਂ ਮੋਟਲਾਂ ਦੇ ਮਾਲਕਾਂ ਜਾਂ ਮੈਨੇਜਰਾਂ ਨੂੰ ਪਤਾ ਲਗਦਾ ਹੈ l
ਇਸ ਤੋਂ ਅੱਗੇ ਰਿਟੇਲ ਸੈਕਟਰ ਵਿੱਚ ਦੁਕਾਨਾਂ ਕਰਨ ਵਾਲਿਆਂ ਤੋਂ ਪਤਾ ਲਗਦਾ ਹੈ ਕਿ ਲੋਕਾਂ ਕੋਲ ਪੈਸਾ ਵੱਧ ਹੈ ਜਾਂ ਘੱਟ?
ਜੇਕਰ ਤੁਹਾਨੂੰ ਉਪਰੋਕਤ ਸਭ ਕੁੱਝ ਤੋਂ ਬਾਦ ਫਿਰ ਵੀ ਪਤਾ ਨਹੀਂ ਲਗਦਾ ਕਿ ਘਰਾਂ ਦੀ ਮਾਰਕੀਟ ਉੱਪਰ ਜਾ ਰਹੀ ਹੈ ਜਾਂ ਥੱਲੇ ਤਾਂ ਥੱਲੇ ਕੁੱਝ ਨਿਸ਼ਾਨੀਆਂ ਦੇ ਰਿਹਾ ਹਾਂ :-
ਘਰਾਂ ਦੀ ਮਾਰਕੀਟ ਉੱਪਰ ਜਾਣ ਦੀਆਂ ਨਿਸ਼ਾਨੀਆਂ :-
*ਘਰਾਂ ਦੀ ਮਾਰਕੀਟ ਉੱਪਰ ਜਾਣ ਵੇਲੇ ਵਿਕਣ ਵਾਲੇ ਘਰਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਖਰੀਦਦਾਰ ਵੱਧ ਹੁੰਦੇ ਹਨ l
*ਵਿਕਣ ਵਾਲੇ ਵੱਡੀ ਗਿਣਤੀ ਵਿੱਚ ਘਰ ਬੋਲੀ (Auction) ਰਾਹੀਂ ਵਿਕਦੇ ਹਨ ਜਿੱਥੇ ਲੋਕ ਵਧ ਵਧ ਕੇ ਬੋਲੀਆਂ ਦਿੰਦੇ ਹਨ l
*ਲੋਕਾਂ ਨੂੰ ਫੋਮੋ (FOMO) ਦਾ ਡਰ ਹੋ ਜਾਂਦਾ ਹੈ ਭਾਵ ਲੋਕਾਂ ਨੂੰ ਘਰਾਂ ਦੀ ਬੋਲੀ ਤੇ ਲਗਦਾ ਹੈ ਕਿ ਜੇ ਇਹ ਘਰ ਅੱਜ ਨਾ ਖਰੀਦਿਆ ਤਾਂ ਮੁੜ ਕੇ ਹੋਰ ਨਹੀਂ ਮਿਲਣਾ l FOMO ਦਾ ਭਾਵ ਹੈ Fear of Missing Out. ਇਸੇ ਕਰਕੇ ਲੋਕ ਬੋਲੀ ਤੇ ਮਹਿੰਗੇ ਘਰ ਖਰੀਦਦੇ ਹਨ l
*ਘਰਾਂ ਦੀ ਬੋਲੀ ਵਾਲੇ ਕਮਰੇ ਵਿੱਚ ਜਿੰਨੀਆਂ ਕੁਰਸੀਆਂ ਲੱਗੀਆਂ ਹੋਣ ਲੋਕ ਉਸ ਨਾਲੋਂ ਵੱਧ ਆਏ ਹੁੰਦੇ ਹਨ l ਫਾਲਤੂ ਕੁਰਸੀਆਂ ਨਾ ਹੋਣ ਕਰਕੇ ਲੋਕ ਕਮਰੇ ਵਿੱਚ ਪਿੱਛੇ ਵੀ ਖੜ੍ਹੇ ਹੁੰਦੇ ਹਨ l ਕਈ ਵਾਰ ਤਾਂ ਲੋਕ ਕਮਰੇ ਤੋਂ ਬਾਹਰ ਵੀ ਖੜ੍ਹੇ ਹੁੰਦੇ ਹਨ l
*ਬੋਲੀ ਵਿੱਚ ਇੱਕ ਦੋ ਘਰਾਂ ਨੂੰ ਛੱਡ ਕੇ ਬਾਕੀ ਸਭ ਵਿਕ ਜਾਂਦੇ ਹਨ l
*ਜੇਕਰ ਤੁਸੀਂ ਕਿਸੇ ਏਜੇਂਟ ਨੂੰ ਫੋਨ ਕਰਦੇ ਹੋ ਕੋਈ ਘਰ ਖਰੀਦਣ ਵਾਸਤੇ ਤਾਂ ਫੋਨ ਮੈਸੇਜ ਤੇ ਚਲੇ ਜਾਂਦਾ ਹੈ l ਬਹੁਤੀ ਵਾਰ ਏਜੇਂਟ ਤੁਹਾਡੇ ਮੈਸੇਜ ਦਾ ਜਵਾਬ ਨਹੀਂ ਦਿੰਦੇ ਕਿਉਂਕਿ ਉਸੇ ਘਰ ਦੇ ਉਨ੍ਹਾਂ ਕੋਲ ਹੋਰ ਗਾਹਕ ਹੁੰਦੇ ਹਨ l
*ਜੇਕਰ ਤੁਸੀਂ ਏਜੇਂਟ ਰਾਹੀਂ ਕਿਸੇ ਮਾਲਕ ਨਾਲ ਕਿਸੇ ਘਰ ਬਾਰੇ ਨੈਗੋਸੀਏਸ਼ਨ ਕਰਦੇ ਹੋ ਤਾਂ ਦੋ ਦਿਨਾਂ ਵਿੱਚ ਹੀ ਹੋਰ ਗਾਹਕ ਆ ਜਾਂਦੇ ਹਨ ਅਤੇ ਘਰ ਮਲਟੀਪਲ (Multiple) ਆਫਰ (Offer) ਤੇ ਚਲਾ ਜਾਂਦਾ ਹੈ ਅਤੇ ਮਹਿੰਗਾ ਵਿਕਦਾ ਹੈ l
*ਕਈ ਘਰ ਅਖ਼ਬਾਰ ਵਿੱਚ ਐਡ ਆਉਣ ਤੋਂ ਪਹਿਲਾਂ ਹੀ ਵਿਕ ਜਾਂਦੇ ਹਨ l
*ਕਈ ਵਾਰੀ ਇੱਕੋ ਘਰ ਮਹੀਨੇ ਵਿੱਚ ਦੋ ਜਾਂ ਤਿੰਨ ਵਾਰ ਵਿਕ ਜਾਂਦਾ ਹੈ l
*ਘਰਾਂ ਦੇ ਕਰਜ਼ੇ ਦੇ ਵਿਆਜ਼ ਆਮ ਨਾਲੋਂ ਘਟੇ ਹੋਏ ਹੁੰਦੇ ਹਨ l
*ਟੀ ਵੀ, ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਮਹਿੰਗੇ ਘਰਾਂ ਦੀ ਚਰਚਾ ਹਰ ਹਫ਼ਤੇ ਹੁੰਦੀ ਹੈ l
*ਜੇ ਕੋਈ ਤੁਹਾਨੂੰ ਖਾਣੇ ਤੇ ਸੱਦ ਲਵੇ ਉਹ ਖਾਣੇ ਦੀ ਘੱਟ ਅਤੇ ਘਰਾਂ ਦੀਆਂ ਕੀਮਤਾਂ ਵਧਣ ਦੀ ਗੱਲ ਵੱਧ ਕਰਦਾ ਹੈ l
*ਤੁਹਾਨੂੰ ਬਹੁਤ ਲੋਕ ਕਹਿੰਦੇ ਮਿਲਦੇ ਹਨ ਕਿ ਘਰਾਂ ਦੀਆਂ ਕੀਮਤਾਂ ਕਦੇ ਘਟਦੀਆਂ ਨਹੀਂ ਜੋ ਕਿ ਬਿਲਕੁਲ ਗਲਤ ਜਾਣਕਾਰੀ ਹੈ l
*ਬੇਰੁਜਗਾਰੀ ਘੱਟ ਹੁੰਦੀ ਹੈ l
*ਮੋਰਗੇਜੀ ਵਿਕਰੀਆਂ (Mortgagee Sales) ਬਹੁਤ ਘੱਟ ਹੁੰਦੀਆਂ ਹਨ l
*ਬਹੁਤ ਸਾਰੇ ਨਵੇਂ ਏਜੇਂਟ ਮਾਰਕੀਟ ਵਿੱਚ ਆ ਜਾਂਦੇ ਹਨ l
*ਬੈਂਕਾਂ ਦਾ ਘਰਾਂ ਦੇ ਕਰਜ਼ੇ ਦਾ ਵਿਆਜ਼ ਘੱਟ ਹੁੰਦਾ ਹੈ l
*ਬੈਂਕਾਂ ਘਰਾਂ ਉੱਪਰ ਕਰਜ਼ਾ ਸੌਖਾ ਦਿੰਦੀਆਂ ਹਨ l
*ਜਦੋਂ ਮਾਰਕੀਟ ਉੱਪਰ ਜਾਂਦੀ ਹੈ ਤਾਂ ਇਸ ਨੂੰ ਘਰ ਵੇਚਣ ਵਾਲਿਆਂ ਦੀ ਮਾਰਕੀਟ ਕਿਹਾ ਜਾਂਦਾ ਹੈ l
ਘਰਾਂ ਦੀ ਮਾਰਕੀਟ ਥੱਲੇ ਜਾਣ ਦੀਆਂ ਨਿਸ਼ਾਨੀਆਂ :-
*ਘਰਾਂ ਦੀ ਮਾਰਕੀਟ ਥੱਲੇ ਜਾਣ ਵੇਲੇ ਵਿਕਣ ਵਾਲੇ ਘਰਾਂ ਦੀ ਗਿਣਤੀ ਵਧ ਜਾਂਦੀ ਹੈ ਅਤੇ ਖਰੀਦਦਾਰਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ l
*ਵਿਕਣ ਵਾਲੇ ਘਰ ਬੋਲੀ (Auction) ਤੇ ਬਹੁਤ ਘੱਟ ਜਾਂਦੇ ਹਨ ਅਤੇ ਜਿਹੜੇ ਜਾਂਦੇ ਹਨ ਉਨ੍ਹਾਂ ਵਿੱਚੋਂ ਘੱਟ ਵਿਕਦੇ ਹਨ l
*ਘਰਾਂ ਦੇ ਖਰੀਦਦਾਰਾਂ ਨੂੰ ਫੂਪ (FOOP) ਦਾ ਡਰ ਹੋ ਜਾਂਦਾ ਹੈ l FOOP ਦਾ ਭਾਵ ਹੈ Fear of over paying. ਭਾਵ ਖਰੀਦਦਾਰ ਡਰਦੇ ਹਨ ਕਿ ਕਿਤੇ ਘਰ ਖਰੀਦਣ ਦੀ ਜਿਆਦਾ ਕੀਮਤ ਨਾ ਦੇ ਦੇਈਏ l
*ਘਰਾਂ ਦੀ ਬੋਲੀ ਤੇ ਜਿੰਨੀਆਂ ਕੁਰਸੀਆਂ ਲੱਗੀਆਂ ਹੁੰਦੀਆਂ ਹਨ ਉਨ੍ਹਾਂ ਵਿੱਚੋਂ ਵੀ ਕਈ ਖਾਲੀ ਰਹਿ ਜਾਂਦੀਆਂ ਹਨ l ਖਰੀਦਦਾਰਾਂ ਨਾਲੋਂ ਏਜੇਂਟ ਕਮਰੇ ਵਿੱਚ ਵੱਧ ਦਿਖਾਈ ਦਿੰਦੇ ਹਨ l
*ਹੁਣ ਏਜੇਂਟ ਨੂੰ ਫੋਨ ਨਹੀਂ ਕਰਨਾ ਪੈਂਦਾ l ਏਜੇਂਟ ਤੁਹਾਨੂੰ ਫੋਨ ਕਰਨਾ ਸ਼ੁਰੂ ਕਰ ਦਿੰਦੇ ਹਨ l
*ਹੁਣ ਤੁਸੀਂ ਭਾਵੇਂ ਹਫਤਾ ਜਾਂ ਮਹੀਨਾ ਨੈਗੋਸੀਏਸ਼ਨ ਕਰਦੇ ਰਹੋ ਹੋਰ ਆਫਰ ਬਹੁਤ ਘੱਟ ਆਉਂਦੀ ਹੈ l ਇਸ ਤਰਾਂ ਦੀ ਮਾਰਕੀਟ ਵਿੱਚ ਕਈ ਘਰਾਂ ਦੀ ਨੈਗੋਸੀਏਸ਼ਨ ਮੈਂ ਇੱਕ ਸਾਲ ਤੋਂ ਵੀ ਵੱਧ ਕਰਦਾ ਰਿਹਾ ਹਾਂ l ਮਲਟੀਪਲ ਆਫਰ ਦੇ ਮੌਕੇ ਬਹੁਤ ਘੱਟ ਹੋ ਜਾਂਦੇ ਹਨ l
*ਘਰ ਕਈ ਕਈ ਮਹੀਨੇ ਨਹੀਂ ਵਿਕਦੇ ਅਤੇ ਕਈ ਸਾਲ ਬਾਦ ਵੀ ਨਹੀਂ ਵਿਕਦੇ l
*ਘਰਾਂ ਦੇ ਕਰਜ਼ੇ ਦੇ ਵਿਆਜ਼ ਵਧਣਾ ਸ਼ੁਰੂ ਹੋ ਜਾਂਦੇ ਹਨ l
*ਟੀਵੀ, ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਘਰਾਂ ਦੇ ਸਸਤੇ ਵਿਕਣ ਦੀ ਚਰਚਾ ਆਮ ਹੁੰਦੀ ਹੈ ਅਤੇ ਘਰਾਂ ਦੇ ਕਰਜ਼ੇ ਦੇ ਵਿਆਜ਼ ਵਧਣ ਦੀ ਚਰਚਾ ਅਕਸਰ ਹੋਣ ਲਗਦੀ ਹੈ l
*ਤੁਹਾਨੂੰ ਲੋਕ ਘਰਾਂ ਦੀ ਕੀਮਤ ਥੱਲੇ ਡਿਗਣ ਦਾ ਡਰ ਵਾਰ ਵਾਰ ਦੁਹਰਾਉਂਦੇ ਹਨ l
*ਬੇਰੁਜ਼ਗਾਰੀ ਵਧਣੀ ਸ਼ੁਰੂ ਹੁੰਦੀ ਹੈ l ਕੁੱਝ ਲੋਕ ਆਪਣੀਆਂ ਨੌਕਰੀਆਂ ਗੁਆ ਲੈਂਦੇ ਹਨ l
*ਮੋਰਗੇਜੀ ਸੇਲਸ (Mortgagee Sales) ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ l
*ਕਈ ਕੰਸਟ੍ਰਕਸ਼ਨ ਕੰਪਨੀਆਂ ਬੰਦ ਹੋ ਜਾਂਦੀਆਂ ਹਨ l
*ਘਰ ਨਾ ਵਿਕਣ ਕਰਕੇ ਕੁੱਝ ਏਜੇਂਟ ਮਾਰਕੀਟ ਛੱਡ ਕੇ ਹੋਰ ਕੋਈ ਨੌਕਰੀ ਸ਼ੁਰੂ ਕਰ ਦਿੰਦੇ ਹਨ l
*ਬੈਂਕਾਂ ਘਰਾਂ ਉੱਤੇ ਕਰਜ਼ਾ ਔਖਾ ਦਿੰਦੀਆਂ ਹਨ l
*ਜਦੋਂ ਮਾਰਕੀਟ ਥੱਲੇ ਜਾਂਦੀ ਹੈ ਤਾਂ ਇਸ ਨੂੰ ਖਰੀਦਦਾਰ ਦੀ ਮਾਰਕੀਟ ਕਿਹਾ ਜਾਂਦਾ ਹੈ l
ਉਪਰੋਕਤ ਪਛਾਣਾਂ ਵਿੱਚੋਂ ਜਰੂਰੀ ਨਹੀਂ ਕਿ ਸਭ ਕੁੱਝ ਹੋਵੇ ਪਰ ਇਸ ਵਿੱਚੋਂ ਜਿਆਦਾ ਕੁੱਝ ਦੋਨਾਂ ਮਾਰਕੀਟਾਂ ਵਿੱਚ ਹੁੰਦਾ ਹੈ l
ਇਸ ਸਭ ਕੁੱਝ ਤੋਂ ਇਲਾਵਾ ਦੁਨੀਆਂ ਪੱਧਰ ਤੇ ਨਿਗ੍ਹਾ ਰੱਖਣੀ ਚਾਹੀਦੀ ਹੈ ਕਿ ਕਿਤੇ ਕੋਈ ਵੱਡੀ ਘਟਨਾ ਤਾਂ ਨਹੀਂ ਵਾਪਰੀ? ਮੁਲਕਾਂ ਦੀ ਲੜਾਈ ਦਾ ਵੀ ਘਰਾਂ ਦੀ ਮਾਰਕੀਟ ਤੇ ਅਸਰ ਪੈਂਦਾ ਹੈ l ਕਿਸੇ ਬਿਮਾਰੀ ਦੇ ਅਚਨਚੇਤ ਫੈਲਣ ਨਾਲ ਵੀ ਘਰਾਂ ਦੀ ਮਾਰਕੀਟ ਤੇ ਅਸਰ ਪੈਂਦਾ ਹੈ l
ਘਰਾਂ ਦੀ ਮਾਰਕੀਟ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਪਰ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਹੋ l ਜੇਕਰ ਤੁਸੀਂ ਕਿਸੇ ਖਤਰੇ ਬਾਰੇ ਪਹਿਲਾਂ ਜਾਣਦੇ ਹੋਵੋ ਤਾਂ ਤੁਸੀਂ ਉਸ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹੋ l ਪਹਿਲਾਂ ਤਿਆਰੀ ਕਰਨ ਨਾਲ ਤੁਹਾਡੇ ਤੇ ਮਾੜਾ ਅਸਰ ਘਟ ਜਾਂਦਾ ਹੈ l
ਮਾਰਕੀਟ ਕੋਈ ਵੀ ਮਾੜੀ ਨਹੀਂ ਹੁੰਦੀ l ਹਰ ਮਾਰਕੀਟ ਵਿੱਚ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ l ਮਾਰਕੀਟ ਬਾਰੇ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ l
ਇਹ ਕਿਹਾ ਜਾ ਸਕਦਾ ਹੈ ਕਿ ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਵਿੱਚ “ਕਦੇ ਦਾਦੇ ਦੀਆਂ ਅਤੇ ਕਦੇ ਪੋਤੇ ਦੀਆਂ” ਵਾਲੀ ਗੱਲ ਹੁੰਦੀ ਹੈ l ਭਾਵ ਕਦੇ ਘਰਾਂ ਦੇ ਮਾਲਕਾਂ ਦੀ ਵਾਰੀ ਹੁੰਦੀ ਹੈ ਅਤੇ ਕਦੇ ਖਰੀਦਦਾਰਾਂ ਦੀ l
ਨੋਟ :- ਘਰ ਖਰੀਦਣ ਵੇਲੇ ਆਪਣੇ ਅੱਥੋਰਾਈਜਡ ਫਾਈਨੈਂਸ਼ਲ ਅਡਵਾਈਜਰ ਦੀ ਸਲਾਹ, ਵਕੀਲ ਦੀ ਸਲਾਹ ਅਤੇ ਅਕਾਉੰਟੈਂਟ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ l ਇਹ ਲੇਖ ਸਿਰਫ ਮੇਰੇ ਤਜਰਬੇ ਤੇ ਅਧਾਰਤ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147