-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਵਿੱਚ ਘਰ ਬਣਾਉਣੇ, ਖਰੀਦਣੇ, ਵੇਚਣੇ ਅਤੇ ਕਿਰਾਏ ਤੇ ਦੇਣੇ ਬਹੁਤ ਵੱਡਾ ਕਾਰੋਬਾਰ ਹੈ l ਇਸ ਕਿੱਤੇ ਵਿੱਚ ਲੱਖਾਂ ਲੋਕ ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਹਨ l
ਇਸ ਦੇ ਨਾਲ ਨਾਲ ਇਸ ਕਾਰੋਬਾਰ ਵਿੱਚੋਂ ਲੋਕ ਆਪਣੇ ਬੁਢਾਪੇ ਦੀ ਆਮਦਨ ਪੈਦਾ ਕਰਦੇ ਹਨ l ਤਕਰੀਬਨ 65 ਸਾਲ ਦੀ ਉਮਰ ਹੋਣ ਤੇ ਪੈਨਸ਼ਨ ਬਹੁਤ ਘੱਟ ਮਿਲਦੀ ਹੈ ਪਰ ਜੇਕਰ ਕਿਸੇ ਕੋਲ ਇੱਕ ਦੋ ਮੁੱਲ ਦੇ ਘਰ ਹਨ ਜੋ ਕਿਰਾਏ ਤੇ ਦਿੱਤੇ ਹੋਏ ਹਨ ਤਾਂ ਉਸ ਵਿਅਕਤੀ ਦਾ ਬੁਢਾਪਾ ਚੰਗਾ ਨਿੱਕਲ ਜਾਂਦਾ ਹੈ l
ਜੋ ਲੋਕ ਜਿਆਦਾ ਅਮੀਰਾਂ ਦੀ ਗਿਣਤੀ ਵਿੱਚ ਆਉਂਦੇ ਹਨ ਉਨ੍ਹਾਂ ਵਿੱਚੋਂ ਤਕਰੀਬਨ 85% ਤੋਂ ਵੱਧ ਲੋਕ ਜ਼ਮੀਨ, ਘਰਾਂ ਜਾਂ ਬਿਲਡਿੰਗਾਂ ਦੇ ਜਰੀਏ ਹੀ ਅਮੀਰ ਹੁੰਦੇ ਹਨ l ਇਹ ਲੋਕ ਆਪਣੇ ਜੁਆਨੀ ਦੇ ਦਿਨਾਂ ਵਿੱਚ ਸਖਤ ਕੰਮ ਕਰਕੇ ਪਹਿਲਾਂ ਹੀ ਰਿਟਾਇਰ ਹੋ ਜਾਂਦੇ ਹਨ ਭਾਵ ਉਨ੍ਹਾਂ ਨੂੰ ਫਿਰ ਕੰਮ ਕਰਨ ਦੀ ਲੋੜ ਹੀ ਨਹੀਂ ਰਹਿੰਦੀ l ਜਿਆਦਾ ਕੀਮਤ ਘਰ ਦੀ ਨਹੀਂ ਵਧਦੀ ਸਗੋਂ ਜਿਸ ਜ਼ਮੀਨ ਤੇ ਘਰ ਬਣਿਆ ਹੁੰਦਾ ਹੈ ਉਹ ਜ਼ਮੀਨ ਮਹਿੰਗੀ ਹੋ ਜਾਂਦੀ ਹੈ l ਜ਼ਮੀਨ ਇੱਕ ਐਸੀ ਚੀਜ਼ ਹੈ ਜੋ ਹੋਰ ਪੈਦਾ ਨਹੀਂ ਹੁੰਦੀ l ਜ਼ਮੀਨ ਦੀ ਮੰਗ ਦਿਨੋਂ ਦਿਨ ਵਧਣ ਕਰਕੇ ਇਸ ਦੀ ਕੀਮਤ ਵਧਦੀ ਜਾਂਦੀ ਹੈ l ਜੇਕਰ ਆਰਥਿਕ ਮੰਦੀ ਵੇਲੇ ਜ਼ਮੀਨ ਦੀ ਕੀਮਤ ਘਟ ਵੀ ਜਾਵੇ ਤਾਂ ਵੀ ਕੁੱਝ ਸਾਲਾਂ ਤੱਕ ਜ਼ਮੀਨ ਫਿਰ ਮਹਿੰਗੀ ਹੋ ਜਾਂਦੀ ਹੈ l ਖਾਸ ਤੌਰ ਤੇ ਉਹ ਜ਼ਮੀਨ ਮਹਿੰਗੀ ਹੋ ਜਾਂਦੀ ਹੈ ਜਿਸ ਤੇ ਹੋਰ ਘਰ ਬਣਨੇ ਹੁੰਦੇ ਹਨ l
ਜੇਕਰ ਕੋਈ ਘਰ ਖਰੀਦ ਕੇ ਲੰਬਾ ਸਮਾਂ ਰੱਖਦਾ ਹੈ ਤਾਂ ਉਹ ਇਸ ਖੇਤਰ ਵਿੱਚ ਕਾਫੀ ਪੈਸੇ ਬਣਾ ਲੈਂਦਾ ਹੈ ਪਰ ਜਿਹੜੇ ਲੋਕ ਕੁੱਝ ਸਾਲ ਹੀ ਘਰ ਰੱਖਦੇ ਹਨ ਉਨ੍ਹਾਂ ਵਿੱਚੋਂ ਕਈ ਲੋਕ ਘਾਟਾ ਵੀ ਖਾ ਜਾਂਦੇ ਹਨ l ਆਮ ਤੌਰ ਤੇ ਘਾਟਾ ਖਾਣ ਵਾਲੇ ਲੋਕ ਘਰ ਗਲਤ ਸਮੇਂ ਤੇ ਖਰੀਦਦੇ ਹਨ ਅਤੇ ਗਲਤ ਵੇਲੇ ਹੀ ਵੇਚਦੇ ਹਨ l ਇਸ ਤਰਾਂ ਉਹ ਖਰੀਦਣ ਵੇਲੇ ਵੀ ਘਾਟਾ ਖਾਂਦੇ ਹਨ ਅਤੇ ਵੇਚਣ ਵੇਲੇ ਵੀ ਘਾਟਾ ਖਾਂਦੇ ਹਨ l
ਜੇਕਰ ਪਿਛਲੇ 40 ਕੁ ਸਾਲ ਦਾ ਨਿਊਜ਼ੀਲੈਂਡ ਦਾ ਇਤਿਹਾਸ ਦੇਖੀਏ ਤਾਂ ਘਰਾਂ ਦੀ ਕੀਮਤ ਤਕਰੀਬਨ ਹਰ 10 ਕੁ ਸਾਲਾਂ ਵਿੱਚ ਦੁੱਗਣੀ ਹੁੰਦੀ ਰਹੀ ਹੈ ਪਰ ਪਿਛਲੇ ਥੋੜ੍ਹੇ ਸਾਲਾਂ ਵਿੱਚ ਹੀ ਕੀਮਤ ਦੁੱਗਣੀ ਹੋ ਗਈ l ਇਸ ਦਾ ਭਾਵ ਅਗਲਾ ਕੀਮਤ ਦੁੱਗਣੇ ਹੋਣ ਦਾ ਸਮਾਂ 10 ਸਾਲ ਤੋਂ ਵਧ ਸਕਦਾ ਹੈ ਪਰ ਔਸਤ ਸ਼ਾਇਦ ਫਿਰ ਵੀ ਦਸ ਸਾਲ ਹੀ ਰਹੇ l ਇਸ ਵਿੱਚ ਆਰਥਿਕ ਮੰਦੀ ਵਾਲੇ ਦੌਰ ਵੀ ਸ਼ਾਮਲ ਹਨ l
ਇਸ ਵੇਲੇ ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਪਿਛਲੇ 9 ਕੁ ਮਹੀਨਿਆਂ ਤੋਂ ਥੋੜ੍ਹੀ ਥੱਲੇ ਜਾ ਰਹੀ ਹੈ l ਬਹੁਤੇ ਲੋਕ ਡਰਦੇ ਮਾਰੇ ਘਰ ਨਹੀਂ ਖਰੀਦ ਰਹੇ l ਉਹ ਸੋਚਦੇ ਹਨ ਕਿ ਜੇਕਰ ਘਰਾਂ ਦੀ ਮਾਰਕੀਟ ਖਰੀਦਣ ਤੋਂ ਬਾਦ ਹੋਰ ਥੱਲੇ ਚਲੇ ਗਈ ਤਾਂ ਸਾਨੂੰ ਘਾਟਾ ਨਾ ਪੈ ਜਾਵੇ l
ਜਿਹੜੇ ਉਪਰਲੇ 5% ਲੋਕ ਅਮੀਰਾਂ ਦੀ ਗਿਣਤੀ ਵਿੱਚ ਸ਼ਾਮਲ ਹਨ ਜਾਂ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਇਸ ਮੌਕੇ ਨੂੰ ਵਧੀਆ ਗਿਣਦੇ ਹਨ l ਉਨ੍ਹਾਂ ਨੂੰ ਘਰਾਂ ਦੀ ਮੰਗ ਘੱਟ ਹੋਣ ਕਾਰਣ ਬਹੁਤ ਸਸਤੇ ਘਰ ਮਿਲ ਜਾਂਦੇ ਹਨ ਜਿਸ ਨਾਲ ਉਹ ਹੋਰ ਤੇਜ਼ੀ ਨਾਲ ਅਮੀਰ ਹੁੰਦੇ ਹਨ l ਭਾਵੇਂ ਕਿ ਨਿਊਜ਼ੀਲੈਂਡ ਵਿੱਚ ਅਮੀਰਾਂ ਅਤੇ ਗਰੀਬਾਂ ਲਈ ਕਰਜ਼ਾ ਲੈਣ ਦਾ ਕਨੂੰਨ ਇੱਕੋ ਜਿਹਾ ਹੈ ਪਰ ਇਸ ਦਾ ਫਾਇਦਾ ਕੁੱਝ ਲੋਕ ਹੀ ਉਠਾਉਂਦੇ ਹਨ l
ਇਸ ਸਮੇਂ ਘਰਾਂ ਦੇ ਕਰਜ਼ੇ ਦੇ ਵਿਆਜ਼ ਵਧੇ ਹੋਣ ਕਰਕੇ ਕੁੱਝ ਲੋਕਾਂ ਨੂੰ ਮਜ਼ਬੂਰੀ ਵਿੱਚ ਘਰ ਘਾਟੇ ਵਿੱਚ ਵੇਚਣੇ ਪੈ ਰਹੇ ਹਨ ਅਤੇ ਕੁੱਝ ਨੂੰ ਸਸਤੇ ਮਿਲ ਰਹੇ ਹਨ l
ਸਰਕਾਰ ਨੇ ਜਿਹੜੇ 165,000 ਦੇ ਕਰੀਬ ਮਾਇਗਰੈਂਟ ਪੱਕੇ ਕਰਨ ਦਾ ਐਲਾਨ ਕੀਤਾ ਸੀ ਉਨ੍ਹਾਂ ਵਿੱਚੋਂ ਬਹੁਤ ਗਿਣਤੀ ਪੱਕੀ ਹੋ ਚੁੱਕੀ ਹੈ l ਉਨ੍ਹਾਂ ਵਿੱਚੋਂ ਜਿਨ੍ਹਾਂ ਨੇ ਡਿਪੋਜਿਟ ਵਾਸਤੇ ਪੈਸੇ ਪਹਿਲਾਂ ਹੀ ਇਕੱਠੇ ਕੀਤੇ ਹੋਏ ਹਨ ਉਹ ਇਸ ਮਾਰਕੀਟ ਦਾ ਫਾਇਦਾ ਵੀ ਲੈ ਰਹੇ ਹਨ l ਇਹ ਨਵੇਂ ਖਰੀਦਦਾਰ ਮਾਰਕੀਟ ਵਿੱਚ ਆਉਣ ਨਾਲ ਘਰਾਂ ਦੀ ਮਾਰਕੀਟ ਜਿਆਦਾ ਥੱਲੇ ਡਿਗਣੋਂ ਬਚ ਰਹੀ ਹੈ l
ਇਸ ਦੇ ਨਾਲ ਨਾਲ ਇਹ ਵੀ ਦੇਖਣ ਦੀ ਲੋੜ ਹੈ ਕਿ ਵੇਚਣ ਵਾਲੇ ਘਰਾਂ ਦੀ ਗਿਣਤੀ ਪਹਿਲਾਂ ਨਾਲੋਂ 70% ਵਧੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵਧਣ ਦੀ ਆਸ ਹੈ l ਜਦੋਂ ਵੀ ਵੇਚਣ ਵਾਲੇ ਘਰਾਂ ਦੀ ਗਿਣਤੀ ਵਧਦੀ ਹੈ ਤਾਂ ਘਰਾਂ ਦੀ ਕੀਮਤ ਘਟ ਜਾਂਦੀ ਹੈ ਪਰ ਜੇ ਰਿਜਰਵ ਬੈਂਕ ਚਾਹੇ ਤਾਂ ਘਰਾਂ ਦਾ ਡਿਪੋਜਿਟ ਘੱਟ ਕਰਕੇ ਡਿਗਦੇ ਹੋਏ ਘਰਾਂ ਦੇ ਮੁੱਲ ਨੂੰ ਡਿਗਣੋਂ ਘੱਟ ਵੀ ਕਰ ਸਕਦੀ ਹੈ l ਇਸ ਸਮੇਂ ਇਨਵੈਸਟਰ ਵਾਸਤੇ ਘਰ ਖਰੀਦਣ ਲਈ ਡਿਪੋਜਿਟ 40% ਹੈ ਜੋ ਬਹੁਤ ਜਿਆਦਾ ਹੈ l ਕਾਫੀ ਸਾਲ ਪਹਿਲਾਂ 20% ਹੁੰਦਾ ਸੀ l ਜਿਆਦਾ ਲੋਕਾਂ ਨੇ ਘਰਾਂ ਦੇ ਖੇਤਰ ਵਿੱਚ ਪੈਸਾ ਲਗਾਇਆ ਹੋਇਆ ਹੈ l ਘਰਾਂ ਦੀ ਕੀਮਤ ਥੋੜ੍ਹੀ ਜਿਹੀ ਵੀ ਘਟਣ ਨਾਲ ਉਹ ਲੋਕ ਥੋੜ੍ਹਾ ਗਰੀਬ ਮਹਿਸੂਸ ਕਰਨ ਲੱਗ ਪੈਂਦੇ ਹਨ l ਇਸ ਕਰਕੇ ਉਹ ਖਰਚਾ ਕਰਨਾ ਘੱਟ ਕਰ ਦਿੰਦੇ ਹਨ l ਜਦੋਂ ਵੀ ਲੋਕ ਖਰਚਾ ਕਰਨਾ ਘੱਟ ਕਰ ਦੇਣ ਤਾਂ ਆਰਥਿਕ ਮੰਦੀ ਦੀ ਸ਼ੁਰੂਆਤ ਹੋ ਜਾਂਦੀ ਹੈ l
ਆਰਥਿਕ ਮੰਦੀ ਦੌਰਾਨ ਕਈ ਕਾਰੋਬਾਰ ਫੇਲ੍ਹ ਹੋਣ ਨਾਲ ਲੋਕ ਬੇਰੁਜ਼ਗਾਰ ਹੋ ਜਾਂਦੇ ਹਨ l ਉਹ ਘਰਾਂ ਦੀਆਂ ਕਿਸ਼ਤਾਂ ਨਹੀਂ ਦੇ ਪਾਉਂਦੇ ਅਤੇ ਘਰ ਬੈਂਕਾਂ ਦੁਆਰਾ ਮੋਰਗੇਜੀ ਸੇਲ ਰਾਹੀਂ ਵੇਚ ਦਿੱਤੇ ਜਾਂਦੇ ਹਨ l ਨਿਊਜ਼ੀਲੈਂਡ ਦੇ ਹੱਕ ਵਿੱਚ ਇਹ ਗੱਲ ਜਾਂਦੀ ਹੈ ਕਿ ਇਥੇ ਕਾਮਿਆਂ ਦੀ ਬਹੁਤ ਜਿਆਦਾ ਘਾਟ ਹੈ l ਜੇਕਰ ਆਰਥਿਕ ਮੰਦੀ ਦੌਰਾਨ ਕੁੱਝ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਂਦੀਆਂ ਹਨ ਤਾਂ ਵੀ ਉਨ੍ਹਾਂ ਨੂੰ ਹੋਰ ਨਵੀਆਂ ਨੌਕਰੀਆਂ ਮਿਲਣ ਦੀ ਆਸ ਹੈ l ਸਰਕਾਰ ਨੇ ਜਿਹੜੇ ਨਵੇਂ 165,000 ਦੇ ਕਰੀਬ ਮਾਇਗਰੈਂਟ ਪੱਕੇ ਕਰਨ ਦਾ ਐਲਾਨ ਕੀਤਾ ਹੈ ਉਹ ਪਹਿਲਾਂ ਹੀ ਨੌਕਰੀਆਂ ਕਰ ਰਹੇ ਹਨ l ਇਸ ਕਰਕੇ ਉਹ ਮੁਲਕ ਤੇ ਕੋਈ ਬੋਝ ਨਹੀਂ ਹਨ ਸਗੋਂ ਉਨ੍ਹਾਂ ਆਸਰੇ ਕਾਰੋਬਾਰ ਚੱਲ ਰਹੇ ਹਨ l
ਜਿਨ੍ਹਾਂ ਨੇ 3 ਕੁ ਸਾਲ ਵਿੱਚ ਘਰਾਂ ਦੇ ਖੇਤਰ ਵਿੱਚੋਂ ਅਮੀਰ ਬਣਨਾ ਹੈ ਉਹ ਇਸ ਮਾਰਕੀਟ ਵਿੱਚ ਵੀ ਘਰ ਖਰੀਦ ਰਹੇ ਹਨ ਪਰ ਉਨ੍ਹਾਂ ਦੀ ਕਾਮਯਾਬੀ ਦੀਆਂ ਕਹਾਣੀਆਂ ਤਿੰਨ ਚਾਰ ਸਾਲ ਬਾਦ ਅਖਬਾਰਾਂ ਜਾਂ ਕਿਤਾਬਾਂ ਵਿੱਚ ਛਪਣਗੀਆਂ l ਕੋਈ ਵੀ ਹਿੰਮਤ ਕਰਕੇ ਉਨ੍ਹਾਂ ਦੇ ਰਾਹਾਂ ਤੇ ਚੱਲ ਸਕਦਾ ਹੈ ਅਤੇ ਕੋਈ ਵੀ ਕੁੱਝ ਨਾ ਕਰਕੇ 3 ਸਾਲਾਂ ਤੱਕ ਉਨ੍ਹਾਂ ਦੀਆਂ ਕਹਾਣੀਆਂ ਪੜ੍ਹ ਸਕਦਾ ਹੈ l ਫੈਸਲਾ ਹਮੇਸ਼ਾਂ ਆਪਣੇ ਹੱਥ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147