-ਆਪਣੇ ਤਜਰਬੇ ਤੇ ਅਧਾਰਤ
ਪਿਛਲੇ ਕਾਫੀ ਮਹੀਨਿਆਂ ਤੋਂ ਨਿਊਜ਼ੀਲੈਂਡ ਵਿੱਚ ਘਰਾਂ ਦੀ ਕੀਮਤ ਥੱਲੇ ਡਿਗ ਰਹੀ ਹੈ ਜੋ ਕਿ ਹੈਰਾਨੀ ਵਾਲੀ ਗੱਲ ਨਹੀਂ ਹੈ l ਇਤਿਹਾਸ ਦੇਖੀਏ ਤਾਂ ਪਹਿਲਾਂ ਵੀ ਕਈ ਵਾਰ ਨਿਊਜ਼ੀਲੈਂਡ ਵਿੱਚ ਇਸ ਤਰਾਂ ਹੋ ਚੁੱਕੀ ਹੈ l ਸੰਨ 2008 ਵਿੱਚ ਵੀ ਆਰਥਿਕ ਮੰਦੀ ਆਈ ਸੀ ਜੋ ਕਈ ਸਾਲ ਜਾਰੀ ਰਹੀ ਸੀ l
ਘਰਾਂ ਦੀ ਮਾਰਕੀਟ ਥੱਲੇ ਡਿਗਣ ਦੇ ਕਾਰਨਾਂ ਵੱਲ ਦੇਖੀਏ ਤਾਂ ਮੁੱਖ ਤੌਰ ਤੇ ਇਨਵੈਸਟਰਾਂ ਪ੍ਰਤੀ ਸਰਕਾਰ ਦਾ ਨਾਂਹ ਪੱਖੀ ਵਤੀਰਾ ਜਿਸ ਤਹਿਤ ਇਨਵੈਸਟਰ ਪੁਰਾਣੇ ਘਰਾਂ ਦੇ ਕਰਜ਼ੇ ਦੇ ਵਿਆਜ਼ ਨੂੰ ਖਰਚੇ ਦੇ ਤੌਰ ਤੇ ਕਲੇਮ ਨਹੀਂ ਕਰ ਸਕਦੇ ਅਤੇ ਪਿਛਲੇ ਸਾਲ ਘਰਾਂ ਦੀ ਕੀਮਤ ਦਾ ਇਕਦਮ ਵਧਣਾ ਸ਼ਾਮਲ ਹੈ l ਇਸ ਦੇ ਨਾਲ ਹੀ ਘਰਾਂ ਦੇ ਕਰਜ਼ੇ ਦੇ ਵਿਆਜ਼ ਦਾ ਵਧਣਾ ਵੀ ਮਾਰਕੀਟ ਨੂੰ ਥੱਲੇ ਲਿਆਉਣ ਦਾ ਕਾਰਨ ਬਣਿਆ ਹੈ l ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਦਰ 7.2% ਹੋਣ ਕਾਰਣ ਅਜੇ ਘਰਾਂ ਦੇ ਕਰਜ਼ੇ ਦੇ ਵਿਆਜ਼ ਹੋਰ ਵਧਣ ਦੀ ਸੰਭਾਵਨਾ ਹੈ l ਹੋ ਸਕਦਾ ਹੈ ਕਿ ਅਗਲੀ ਆਫੀਸ਼ਲ ਕੈਸ਼ ਰੇਟ (OCR) ਅਨਾਊਂਸਮੈਂਟ ਵੇਲੇ ਵਾਧਾ 0.75 ਪੁਆਇੰਟਸ ਦਾ ਹੋ ਜਾਵੇ l ਜਿਸ ਤਰਾਂ ਵਿਆਜ਼ ਦਰਾਂ ਵਿੱਚ ਵਾਧਾ ਹੋਵੇਗਾ ਉਸੇ ਤਰਾਂ ਬੈਂਕਾਂ ਕਰਜ਼ਾ ਦੇਣ ਵਾਸਤੇ ਸਖ਼ਤਾਈ ਵਧਾਉਣਗੀਆਂ l ਬਹੁਤ ਸਾਰੇ ਪਹਿਲਾ ਘਰ ਖਰੀਦਣ ਵਾਲੇ ਅਤੇ ਇਨਵੈਸਟਰ ਕਰਜ਼ੇ ਨੂੰ ਸਰਵਿਸ ਕਰਨ ਦੇ ਯੋਗ ਨਹੀਂ ਰਹਿਣਗੇ l ਬੈਂਕ ਦਾ ਸਟਰੈਸ (stress) ਰੇਟ ਆਮ ਵਿਆਜ ਨਾਲੋਂ ਜਿਆਦਾ ਹੁੰਦਾ ਹੈ l ਇਸ ਵੇਲੇ ਸਟਰੈਸ ਰੇਟ 8.5% ਦੇ ਲਾਗੇ ਵਰਤਿਆ ਜਾ ਰਿਹਾ ਹੈ ਜਦਕਿ ਵਿਆਜ 6% ਦੇ ਲਾਗੇ ਹੈ l ਇਸੇ ਤਰਾਂ ਕਿਰਾਏ ਵਾਲੇ ਘਰ ਦਾ ਕਿਰਾਇਆ ਵੀ ਆਮਦਨ ਵਿੱਚ 70% ਤੋਂ 75% ਦੇ ਵਿੱਚ ਹੀ ਗਿਣਿਆ ਜਾਂਦਾ ਹੈ ਅਤੇ ਸਮੇਂ ਸਮੇਂ ਵਿੱਚ ਇਸ ਵਿਚ ਬਦਲਾਅ ਹੁੰਦਾ ਰਹਿੰਦਾ ਹੈ l ਬਹੁਤ ਵਾਰ ਇਨਵੈਸਟਰ ਕਹਿੰਦੇ ਹਨ ਕਿ ਅਸੀਂ ਕਰਜ਼ੇ ਦੀ ਕਿਸ਼ਤ ਚੁੱਕ ਸਕਦੇ ਹਾਂ ਪਰ ਬੈਂਕ ਦੀ ਨਜ਼ਰ ਵਿੱਚ ਉਪਰੋਕਤ ਕਾਰਨਾਂ ਕਰਕੇ ਤੁਸੀਂ ਕਿਸ਼ਤ ਚੁੱਕਣ ਦੇ ਕਾਬਲ ਨਹੀਂ ਹੁੰਦੇ l ਉਦਾਹਰਣ ਦੇ ਤੌਰ ਤੇ ਜੇ ਤੁਹਾਡਾ ਘਰ $400 ਪ੍ਰਤੀ ਹਫਤਾ ਕਿਰਾਏ ਤੇ ਚੜ੍ਹਿਆ ਹੋਵੇ ਤਾਂ ਬੈਂਕ ਇਸ ਦੀ ਆਮਦਨ ਸਿਰਫ $300 (75% of $400) ਦੇ ਕਰੀਬ ਹੀ ਗਿਣੇਗੀ l
ਜਿਨਾਂ ਦਾ ਕਰਜ਼ਾ ਫਲੋਟਿੰਗ (floating) ਰੇਟ ਤੇ ਹੈ ਜਾਂ ਜਿਨਾਂ ਦੀ ਫਿਕਸ ਟਰਮ ਖਤਮ ਹੋਣ ਵਾਲੀ ਹੈ ਉਨ੍ਹਾਂ ਨੂੰ ਵਧੀ ਹੋਈ ਕਿਸ਼ਤ ਦਾ ਸਾਹਮਣਾ ਕਰਨਾ ਪਵੇਗਾ ਭਾਵ ਬੱਚਤ ਦਾ ਵੱਡਾ ਹਿੱਸਾ ਘਰਾਂ ਦੀਆਂ ਕਿਸ਼ਤਾਂ ਵਿੱਚ ਚਲੇ ਜਾਵੇਗਾ l
ਇਸ ਸਮੇਂ ਔਸਤਨ ਘਰਾਂ ਦਾ ਕਰਜ਼ਾ ਔਕਲੈਂਡ ਦੇ ਮਾਲਕਾਂ ਸਿਰ $650,000 ਹੈ l ਇਨ੍ਹਾਂ ਵਿੱਚੋਂ ਬਹੁਤਿਆਂ ਨੇ ਘਰ ਪਿਛਲੇ ਦੋ ਸਾਲਾਂ ਵਿੱਚ ਖਰੀਦੇ ਹੋਏ ਹਨ l ਭਾਵ ਜਦੋਂ ਉਨ੍ਹਾਂ 2 ਸਾਲ ਪਹਿਲਾਂ ਕਰਜ਼ਾ ਫਿਕਸ ਕਰਵਾਇਆ ਹੋਵੇਗਾ ਉਹ 2.5% ਦੀ ਵਿਆਜ਼ ਦਰ ਦੇ ਲਾਗੇ ਕਰਵਾਇਆ ਹੋਵੇਗਾ ਅਤੇ ਹੁਣ 6% ਦੇ ਲਾਗੇ ਫਿਕਸ ਕਰਵਾਉਣਾ ਪਵੇਗਾ ਜੋ ਕਿ ਉਨ੍ਹਾਂ ਲਈ ਬਹੁਤ ਜਿਆਦਾ ਹੈ l
ਜਿੱਥੇ ਇੱਕ ਪਾਸੇ ਘਰਾਂ ਦੀ ਮਾਰਕੀਟ ਡਿਗ ਰਹੀ ਹੈ ਉਸ ਦੇ ਨਾਲ ਘਰਾਂ ਦਾ ਕਿਰਾਇਆ ਵੀ ਥੱਲੇ ਆ ਰਿਹਾ ਹੈ l ਭਾਵ ਆਮਦਨ ਘਟ ਰਹੀ ਹੈ ਅਤੇ ਖਰਚੇ ਵਧ ਰਹੇ ਹਨ l ਇਸ ਨੂੰ ਦੇਖ ਕੇ ਕਾਫੀ ਇਨਵੈਸਟਰ ਹੈਰਾਨ ਹਨ l ਜਿਆਦਾ ਨਵੇਂ ਇਨਵੈਸਟਰ ਸੋਚਦੇ ਸਨ ਕਿ ਜਦੋਂ ਖਰਚੇ ਵਧਦੇ ਹਨ ਤਾਂ ਘਰਾਂ ਦਾ ਕਿਰਾਇਆ ਵਧਣਾ ਚਾਹੀਦਾ ਹੈ ਪਰ ਇਸ ਤਰਾਂ ਨਹੀਂ ਹੁੰਦਾ ਕਿਉਂਕਿ ਹਰ ਇੱਕ ਚੀਜ਼ ਸਪਲਾਈ ਅਤੇ ਡਿਮਾਂਡ ਦੇ ਅਧਾਰ ਤੇ ਥੱਲੇ ਉੱਤੇ ਜਾਂਦੀ ਹੈ l ਇਸ ਦੇ ਨਾਲ ਹੀ ਲੋਕਾਂ ਦੀ ਗੁੰਜਾਇਸ਼/ਅਫੋਰਡਬਿਲਟੀ (affordability) ਤੇ ਵੀ ਮਾਰਕੀਟ ਨਿਰਭਰ ਕਰਦੀ ਹੈ l
ਜਿਹੜੇ ਘਰ ਵਿਕ ਨਹੀਂ ਰਹੇ ਉਨ੍ਹਾਂ ਵਿੱਚੋਂ ਬਹੁਤੇ ਮਾਲਕ ਉਨ੍ਹਾਂ ਘਰਾਂ ਨੂੰ ਕਿਰਾਏ ਤੇ ਦੇ ਰਹੇ ਹਨ ਜਿਸ ਨਾਲ ਕਿਰਾਏ ਵਾਲੇ ਘਰਾਂ ਦੀ ਗਿਣਤੀ ਵਧਣ ਨਾਲ ਘਰਾਂ ਦੇ ਕਿਰਾਏ ਘਟੇ ਹਨ ਅਤੇ ਹੋਰ ਵੀ ਘਟ ਰਹੇ ਹਨ l
ਇੱਕ ਰਿਪੋਰਟ ਮੁਤਾਬਕ ਔਕਲੈਂਡ ਵਿੱਚ ਪਹਿਲਾਂ ਦੇ ਮੁਕਾਬਲੇ 19000 ਲੋਕ ਘਟੇ ਹਨ ਭਾਵ ਮੁਲਕ ਛੱਡ ਕੇ ਚਲੇ ਗਏ ਹਨ ਜਿਸ ਕਾਰਨ ਵੀ ਕਾਫੀ ਘਰ ਖਾਲੀ ਹੋਏ ਹਨ l ਤਕਰੀਬਨ ਹਰ ਮਹੀਨੇ ਇੱਕ ਹਜ਼ਾਰ ਘਰ ਔਕਲੈਂਡ ਵਿੱਚ ਨਵੇਂ ਬਣ ਰਹੇ ਹਨ ਜੋ ਕਿ ਸਾਲ ਵਿੱਚ 12 ਹਜ਼ਾਰ ਨਵੇਂ ਘਰ ਫਾਲਤੂ ਹੋ ਜਾਣਗੇ ਜਿਨਾਂ ਨੂੰ ਭਰਨ ਲਈ 30,000 ਲੋਕਾਂ ਦੀ ਹੋਰ ਜਰੂਰਤ ਹੈ l ਇਸ ਤੋਂ ਸਾਫ ਪਤਾ ਲਗਦਾ ਹੈ ਕਿ ਘਰਾਂ ਦੀ ਕੀਮਤ ਅਜੇ ਹੋਰ ਥੱਲੇ ਜਾ ਸਕਦੀ ਹੈ l
ਇੱਕ ਕਹਾਵਤ ਹੈ ਕਿ “ਕਦੇ ਦਾਦੇ ਦੀਆਂ ਅਤੇ ਕਦੇ ਪੋਤੇ ਦੀਆਂ” l ਪਹਿਲਾਂ ਘਰਾਂ ਦੇ ਮਾਲਕਾਂ ਲਈ ਵਧੀਆ ਸਮਾਂ ਸੀ l ਹੁਣ ਘਰ ਖਰੀਦਣ ਵਾਲਿਆਂ ਲਈ ਵਧੀਆ ਸਮਾਂ ਹੈ l ਵੈਸੇ ਵੀ ਚੰਗੀ ਗੱਲ ਹੈ ਕਿ ਦੋਨਾਂ ਧਿਰਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ l
ਹੁਣ ਇਸ ਮਾਰਕੀਟ ਵਿੱਚ ਜਦੋਂ ਸਭ ਕੁੱਝ ਘਰਾਂ ਦੇ ਮਾਲਕਾਂ ਖਿਲਾਫ ਜਾ ਰਿਹਾ ਹੈ ਉਹ ਆਪਣੀ ਆਮਦਨ ਵਧਾਉਣ ਲਈ ਅਤੇ ਮਾੜੇ ਸਮੇਂ ਵਾਸਤੇ ਤਿਆਰ ਹੋਣ ਲਈ ਥੱਲੇ ਦਿੱਤੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਨ :-
*ਆਪਣੇ ਕਿਰਾਏ ਵਾਲੇ ਘਰ ਨੂੰ ਦੂਜਿਆਂ ਦੇ ਮੁਕਾਬਲੇ ਵਧੀਆ ਬਣਾਓ ਤਾਂ ਕਿ ਤੁਹਾਡਾ ਘਰ ਕਿਰਾਏ ਤੇ ਛੇਤੀ ਚੜ੍ਹ ਜਾਵੇ l
*ਘਰ ਦੀ ਮੁਰੰਮਤ ਜਲਦੀ ਕਰਵਾਓ ਤਾਂ ਕਿ ਕਿਰਾਏਦਾਰ ਘਰ ਖਾਲੀ ਕਰਕੇ ਨਾ ਜਾਵੇ ਮੇਰੇ ਘਰਾਂ ਵਿੱਚ ਕਈ ਕਿਰਾਏਦਾਰ 14 ਸਾਲ ਤੋਂ ਰਹਿ ਰਹੇ ਹਨ l ਨਵਾਂ ਕਿਰਾਏਦਾਰ ਲੱਭਣ ਨਾਲੋਂ ਪੁਰਾਣੇ ਦੀ ਦੇਖਭਾਲ ਕਰਨੀ ਚਾਹੀਦੀ ਹੈ l
*ਧਿਆਨ ਦਿਓ ਕਿ ਕਿਰਾਏਦਾਰ ਨੂੰ ਘਰ ਵਿੱਚ ਕੋਈ ਤੰਗੀ ਨਾ ਆਉਂਦੀ ਹੋਵੇ l ਜੇ ਉਸ ਨੂੰ ਗਾਰਡਨ ਸ਼ੈੱਡ ਚਾਹੀਦੀ ਹੋਵੇ ਉਹ ਬਣਾ ਕੇ ਦੇ ਸਕਦੇ ਹੋ l ਉਸ ਨਾਲ ਕਿਰਾਇਆ ਵੀ ਵਧ ਜਾਂਦਾ ਹੈ l
*ਜੇਕਰ ਕਿਰਾਏ ਵਾਲੇ ਘਰ ਨੂੰ ਪ੍ਰਤੀ ਰੂਮ ਦੇ ਹਿਸਾਬ ਨਾਲ ਕਿਰਾਏ ਤੇ ਦਿੱਤਾ ਜਾਵੇ ਤਾਂ ਵੱਧ ਕਿਰਾਇਆ ਮਿਲ ਜਾਂਦਾ ਹੈ l
*ਘਰ ਕਿਰਾਏ ਤੇ ਦੇਣ ਤੋਂ ਪਹਿਲਾਂ ਕਿਰਾਏਦਾਰ ਦਾ ਰਿਕਾਰਡ ਚੰਗੀ ਤਰਾਂ ਚੈੱਕ ਕਰੋ ਤਾਂ ਕਿ ਤੁਹਾਨੂੰ ਬਾਦ ਵਿੱਚ ਕੋਈ ਘਾਟਾ ਨਾ ਪਵੇ l
* ਘਰ ਦਾ ਮਾਰਕੀਟ ਰੈਂਟ ਪਤਾ ਕਰਕੇ ਕਿਰਾਇਆ ਮੰਗੋ l
*ਮਾੜੇ ਸਮੇਂ ਲਈ ਬੱਚਤ ਕਰੋ l ਆਮਦਨ ਵਧਾਉਣ ਲਈ ਥੋੜ੍ਹਾ ਫਾਲਤੂ ਕੰਮ ਕਰ ਸਕਦੇ ਹੋ l
*ਫਾਲਤੂ ਖਰਚੇ ਘੱਟ ਕੀਤੇ ਜਾ ਸਕਦੇ ਹਨ l
*ਵੱਖ ਵੱਖ ਬੈਂਕਾਂ ਨਾਲ ਵਿਆਜ ਦਰ ਚੈੱਕ ਕਰੋ ਤਾਂ ਕਿ ਤੁਹਾਨੂੰ ਵਧੀਆ ਵਿਆਜ ਦਰ ਮਿਲ ਜਾਵੇ l ਮੋਰਗੇਜ ਬ੍ਰੋਕਰ ਇਸ ਵਿੱਚ ਮੱਦਦ ਕਰ ਸਕਦੇ ਹਨ ਜਿਨਾਂ ਦੀ ਫੀਸ ਵੀ ਆਮ ਤੌਰ ਤੇ ਬੈਂਕਾਂ ਹੀ ਦਿੰਦੀਆਂ ਹਨ l
*ਬੈਂਕ ਬਦਲਣ ਵੇਲੇ ਬੈਂਕ ਨੂੰ ਕੈਸ਼ ਬੈਕ ਬਾਰੇ ਪੁੱਛੋ l ਕੁੱਝ ਬੈਂਕਾਂ ਕੈਸ਼ ਬੈਕ ਦੇ ਦਿੰਦੀਆਂ ਹਨ l
*ਬੁਰਾ ਸਮਾਂ ਆਉਣ ਤੋਂ ਪਹਿਲਾਂ ਹੀ ਆਪਣੇ ਘਰ ਦੀ ਮੁਰੰਮਤ ਦਾ ਬੱਜਟ ਬਣਾਓ l
*ਕਮਰਸ਼ੀਅਲ ਪ੍ਰਾਪਰਟੀ ਤੇ ਵੀ ਨਜ਼ਰ ਰੱਖੋ l ਕਈ ਵਾਰ ਕਮਰਸ਼ੀਅਲ ਪ੍ਰਾਪਰਟੀ ਘਰਾਂ ਨਾਲੋਂ ਵੱਧ ਆਮਦਨ ਦੇ ਜਾਂਦੀ ਹੈ ਅਤੇ ਕਮਰਸ਼ੀਅਲ ਪ੍ਰਾਪਰਟੀ ਤੇ ਟੈਕਸ (ਹੁਣ ਦੇ ਲਾ ਮੁਤਾਬਕ) ਵੀ ਰਿਹਾਇਸ਼ੀ ਇਨਵੈਸਟਮੈਂਟ ਤੋਂ ਵੱਖਰੀ ਤਰਾਂ ਲਗਦਾ ਹੈ l
ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜੇਕਰ ਕੋਈ ਬਿਜਨਸ ਸਰਕਾਰ ਦੇ ਕਨੂੰਨਾਂ ਦਾ ਮੁਹਤਾਜ਼ ਹੈ, ਇਮੀਗ੍ਰੇਸ਼ਨ ਦੇ ਕਨੂੰਨਾਂ ਦਾ ਮੁਹਤਾਜ਼ ਹੈ, ਕਰੰਸੀ ਉੱਪਰ ਥੱਲੇ ਜਾਣ ਦਾ ਮੁਹਤਾਜ਼ ਹੈ, ਮੌਸਮ ਤੇ ਨਿਰਭਰ ਹੈ ਜਾਂ ਮਹਿੰਗਾਈ ਦਾ ਮੁਹਤਾਜ਼ ਹੈ ਤਾਂ ਉਸ ਉੱਪਰ ਕਦੇ ਵੀ ਮਾੜਾ ਅਸਰ ਪੈ ਸਕਦਾ ਹੈ ਕਿਉਂਕਿ ਇਹ ਚੀਜ਼ਾਂ ਹਮੇਸ਼ਾਂ ਬਦਲਦੀਆਂ ਰਹਿੰਦੀਆਂ ਹਨ l ਇਨ੍ਹਾਂ ਤੋਂ ਬਚਣ ਲਈ ਆਪਣੇ ਕੋਲ ਦੂਜਾ ਹੱਲ (back up plan) ਹੋਣਾ ਜਰੂਰੀ ਹੈ ਤਾਂ ਕਿ ਹਰ ਤਰਾਂ ਦੇ ਹਲਾਤਾਂ ਵਿੱਚ ਕਾਰੋਬਾਰਾਂ ਨੂੰ ਜਾਰੀ ਰੱਖਿਆ ਜਾ ਸਕੇ l
ਉਪਰੋਕਤ ਸਭ ਚੀਜ਼ਾਂ ਨੂੰ ਬਦਲਣਾ ਇਨਵੈਸਟਰ ਦੇ ਵੱਸ ਵਿੱਚ ਨਹੀਂ ਹੁੰਦਾ ਪਰ ਇੱਕ ਚੀਜ਼ ਇਨਵੈਸਟਰ ਦੇ ਹੱਥ ਵਿੱਚ ਹੁੰਦੀ ਹੈ l ਉਹ ਇਹ ਹੈ ਕਿ ਜਦੋਂ ਹਲਾਤ ਬਦਲ ਜਾਣ ਉਦੋਂ ਆਪਣੇ ਕੰਮ ਕਰਨ ਦੇ ਢੰਗ ਨੂੰ ਬਦਲ ਲਵੋ l ਕਾਮਯਾਬੀ ਹਰ ਖੇਤਰ ਵਿੱਚ ਤੁਹਾਡਾ ਰਾਹ ਚੁੰਮੇਗੀ l
ਨੋਟ :- ਯਾਦ ਰੱਖੋ ਕਿ ਕੋਈ ਵੀ ਇਨਵੈਸਟਮੈਂਟ ਮਾੜੀ ਨਹੀਂ ਹੁੰਦੀ ਪਰ ਉਸ ਨੂੰ ਅਸੀਂ ਕਿਸ ਤਰਾਂ ਮੈਨੇਜ ਕਰਦੇ ਹਾਂ? ਕਾਮਯਾਬੀ ਇਸ ਵਿੱਚ ਲੁਕੀ ਹੋਈ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147