ਜਦੋਂ ਘਰ ਖਰੀਦਣ ਵਾਸਤੇ ਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਲੱਗ ਪੈਣ ਤਾਂ ਕੁੱਝ ਮਹੀਨੇ ਉਡੀਕਣ ਬਾਦ ਬੈਂਕ ਉਸ ਘਰ ਨੂੰ ਮੋਰਗੇਜ਼ੀ ਬੋਲੀ (Mortgagee Auction) ਰਾਹੀਂ ਵੇਚ ਦਿੰਦੀ ਹੈ ਜਿਸ ਨੂੰ ਮਾਲਕ ਰੋਕ ਨਹੀਂ ਸਕਦਾ l
ਮੋਰਗੇਜ਼ੀ ਸੇਲਾਂ ਜਿਆਦਾ ਤੌਰ ਤੇ ਉਨ੍ਹਾਂ ਘਰਾਂ ਦੀਆਂ ਹੁੰਦੀਆਂ ਹਨ ਜੋ ਪ੍ਰਾਪਰਟੀ ਮਾਰਕੀਟ ਦੇ ਮਹਿੰਗੇ ਦੌਰ ਵਿੱਚ ਖਰੀਦੇ ਹੁੰਦੇ ਹਨ ਜਿਸ ਤਰਾਂ ਨਿਊਜ਼ੀਲੈਂਡ ਵਿੱਚ 2007 ਵਿੱਚ ਘਰ ਬਹੁਤ ਮਹਿੰਗੇ ਖਰੀਦੇ ਗਏ ਸਨ ਜਿਸ ਤੋਂ ਬਾਦ 2008 ਵਿੱਚ ਦੁਨੀਆਂ ਪੱਧਰ ਦੀ ਆਰਥਿਕ ਮੰਦੀ ਸ਼ੁਰੂ ਹੋਈ ਜੋ ਕਈ ਸਾਲ ਚੱਲੀ l ਇਸ ਨੂੰ ਗਲੋਬਲ ਫਾਈਨੈਂਸ਼ਲ ਕਰਾਇਸਿਸ ਵੀ ਕਿਹਾ ਜਾਂਦਾ ਹੈ l ਇਹ ਮੰਦੀ ਕੁੱਝ ਨਿਊਜ਼ੀਲੈਂਡ ਦੇ ਸ਼ਹਿਰਾਂ ਵਿੱਚ 4-5 ਸਾਲ ਚੱਲੀ ਅਤੇ ਕੁੱਝ ਸ਼ਹਿਰਾਂ ਵਿੱਚ 8 ਸਾਲ ਤੱਕ ਚੱਲੀ l ਇਸ ਚੱਲਦੀ ਮੰਦੀ ਦੌਰਾਨ ਜਿਆਦਾ ਮੋਰਗੇਜ਼ੀ ਸੇਲਾਂ ਉਨ੍ਹਾਂ ਘਰਾਂ ਦੀਆਂ ਹੋਈਆਂ ਜੋ 2006 ਜਾਂ 2007 ਵਿੱਚ ਮਹਿੰਗੇ ਭਾਅ ਖਰੀਦੇ ਗਏ ਸਨ l
ਸੰਨ 2021 ਵਿੱਚ ਵੀ ਘਰਾਂ ਦੀ ਮਾਰਕੀਟ ਬਹੁਤ ਉੱਪਰ ਸੀ l ਉਸ ਸਮੇਂ ਵੀ ਲੋਕਾਂ ਨੇ ਬਹੁਤ ਮਹਿੰਗੇ ਘਰ ਖਰੀਦੇ ਸੀ l ਬੈਂਕਾਂ ਕਰਜ਼ਾ ਵੀ ਵੱਧ ਦੇ ਰਹੀਆਂ ਸਨ ਕਿਉਂਕਿ ਬੈਂਕਾਂ ਦੀ ਵਿਆਜ਼ ਦਰ ਬਹੁਤ ਘੱਟ ਸੀ ਜਿਸ ਕਾਰਣ ਬਹੁਤ ਸਾਰੇ ਕਰਜ਼ਾ ਲੈਣ ਵਾਲੇ ਵੱਧ ਕਰਜ਼ਾ ਲੈਣ ਲਈ ਯੋਗ ਬਣ ਜਾਂਦੇ ਸਨ l
ਉਸ ਤੋਂ ਬਾਦ ਵਿਆਜ਼ ਮਹਿੰਗੇ ਹੋਣ ਲੱਗੇ ਜੋ ਤਕਰੀਬਨ 2% ਤੋਂ ਵਧ ਕੇ 7% ਤੋਂ ਉੱਪਰ ਹੋ ਗਏ ਭਾਵ ਤਕਰੀਬਨ ਢਾਈ ਤਿੰਨ ਗੁਣਾਂ ਹੋ ਗਏ l ਮਹਿੰਗਾਈ ਦਰ ਵਧੀ l ਲੋਕਾਂ ਦੇ ਹੋਰ ਖਰਚੇ ਵਧੇ ਅਤੇ ਮੋਜ਼ੂਦਾ ਦੌਰ (2025) ਵਿੱਚ ਲੋਕਾਂ ਦੀਆਂ ਨੌਕਰੀਆਂ ਲਗਾਤਾਰ ਖੁੱਸ ਰਹੀਆਂ ਹਨ ਅਤੇ ਕਾਫੀ ਕਾਰੋਬਾਰ ਬੰਦ ਹੋ ਰਹੇ ਹਨ ਜੋ ਕਿ ਕੁੱਝ ਲੋਕਾਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ l ਹੁਣ ਵੀ ਉਨ੍ਹਾਂ ਘਰਾਂ ਦੀਆਂ ਕੀਮਤਾਂ ਜਿਆਦਾ ਡਿਗੀਆਂ ਹਨ ਜੋ ਸੰਨ 2021 ਦੇ ਕਰੀਬ ਖਰੀਦੇ ਗਏ ਅਤੇ ਸਭ ਤੋਂ ਵੱਧ ਉਨ੍ਹਾਂ ਘਰਾਂ ਦੀਆਂ ਕੀਮਤਾਂ ਡਿਗੀਆਂ ਜਿਨ੍ਹਾਂ ਦੇ ਨਾਲ ਸੈਕਸ਼ਨ ਵੱਡੇ ਸਨ l ਉਸ ਸਮੇਂ ਹਰ ਕੋਈ ਵੱਧ ਜ਼ਮੀਨ ਵਾਲਾ ਘਰ ਖਰੀਦ ਕੇ 7-8 ਘਰ ਬਣਾਉਣੇ ਚਾਹੁੰਦਾ ਸੀ ਭਾਵ ਡਿਵੇਲਪਰ ਬਣਨਾ ਚਾਹੁੰਦਾ ਸੀ l ਮਾਰਕੀਟ ਵਿੱਚ ਮੰਦੀ ਆਉਣ ਕਾਰਣ ਉਹੀ ਘਰ 3-4 ਲੱਖ ਡਾਲਰ ਸਸਤੇ ਵਿਕਣ ਲੱਗੇ l ਕੁੱਝ ਘਰ ਵੱਡੇ ਸੈਕਸ਼ਨ ਵਾਲੇ ਇਸ ਤਰਾਂ ਵੀ ਵਿਕੇ ਕਿ ਇੱਕ ਮਹੀਨੇ ਬਾਦ ਹੀ ਭਾਅ ਲੱਖ ਡਾਲਰ ਵਧਾ ਕੇ ਵੇਚ ਦਿੱਤੇ ਗਏ l ਜਦੋਂ ਇਸ ਤਰਾਂ ਹੁੰਦਾ ਹੈ ਤਾਂ ਮਾਰਕੀਟ ਡਿਗਣ ਦੇ ਪੂਰੇ ਆਸਾਰ ਹੁੰਦੇ ਹਨ ਕਿਉਂਕਿ ਡਿੱਗਦੀ ਉਹੀ ਮਾਰਕੀਟ ਹੈ ਜਿਹੜੀ ਉੱਪਰ ਗਈ ਹੋਵੇ l
ਜਿਹੜੇ ਲੋਕਾਂ ਨੇ ਘਰ 10% ਡਿਪੋਜ਼ਿਟ ਦੇ ਕੇ ਖਰੀਦੇ ਸਨ ਉਹ ਘਰ ਨੈਗੇਟਿਵ ਇਕੁਟੀ (Negative Equity) ਵਿੱਚ ਚਲੇ ਗਏ ਹਨ l ਭਾਵ ਜੇ ਕਿਸੇ ਨੇ 10 ਲੱਖ ਡਾਲਰ ਦਾ ਘਰ 10% ਡਿਪੋਜ਼ਿਟ ਦੇ ਕੇ 9 ਲੱਖ ਡਾਲਰ ਕਰਜ਼ਾ ਲੈ ਕੇ ਖਰੀਦਿਆ ਸੀ ਉਸ ਦੀ ਕੀਮਤ 9 ਲੱਖ ਤੋਂ ਘੱਟ ਰਹਿ ਗਈ ਹੈ l ਉਸ ਨੂੰ ਵੇਚਣ ਦੀ ਸੂਰਤ ਵਿੱਚ ਦਿੱਤਾ ਹੋਇਆ ਡਿਪੋਜ਼ਿਟ ਵੀ ਜਾਂਦਾ ਲਗਦਾ ਹੈ ਅਤੇ ਬੈਂਕ ਦਾ ਕਰਜ਼ਾ ਵੀ ਪੂਰਾ ਨਹੀਂ ਹੁੰਦਾ l
ਇਸ ਸਮੇਂ ਦੌਰਾਨ ਕਾਫੀ ਲੋਕ ਆਪਣੇ ਨਿਊਜ਼ੀਲੈਂਡ ਵਾਲੇ ਘਰ ਛੱਡ ਕੇ ਆਸਟ੍ਰੇਲੀਆ ਚਲੇ ਗਏ ਜਾਂ ਜਾ ਰਹੇ ਹਨ l ਉਨ੍ਹਾਂ ਵਿੱਚੋਂ ਕੁੱਝ ਘਰ ਵਿਕਰੀ ਤੇ ਲੱਗ ਗਏ ਹਨ ਅਤੇ ਕੁੱਝ ਕਿਰਾਏ ਤੇ ਦੇਣ ਲਈ ਮਾਰਕੀਟ ਤੇ ਆਏ ਹਨ l ਇਸੇ ਕਰਕੇ ਕਿਰਾਏ ਵਾਲੇ ਘਰਾਂ ਅਤੇ ਵਿਕਰੀ ਵਾਲੇ ਘਰਾਂ ਦੀ ਸਪਲਾਈ ਵੱਧ ਹੋਈ ਹੈ ਜਿਸ ਕਾਰਣ ਘਰਾਂ ਦੀਆਂ ਕੀਮਤਾਂ ਅਤੇ ਘਰਾਂ ਦੇ ਕਿਰਾਏ ਘਟੇ ਹਨ l
ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਰਫਤਾਰ ਨਾਲ ਲੋਕ ਆਸਟ੍ਰੇਲੀਆ ਜਾ ਰਹੇ ਹਨ ਤਾਂ ਹੋ ਸਕਦਾ ਹੈ ਉੱਥੇ ਵੀ ਇਹ ਹਾਲਾਤ ਪੈਦਾ ਹੋ ਜਾਣ l ਜੇ ਉੱਥੇ ਵੀ ਇਸ ਤਰਾਂ ਹੋਵੇਗੀ ਤਾਂ ਕੀ ਸਾਨੂੰ ਹੋਰ ਮੁਲਕ ਲੱਭਣਾ ਪਵੇਗਾ?
ਲੋੜ ਹੈ ਹਾਲਾਤਾਂ ਦਾ ਮੁਕਾਬਲਾ ਕਰਨ ਦੀ l ਸਚਾਈ ਇਹ ਹੈ ਕਿ ਜਦੋਂ ਵੀ ਆਰਥਿਕ ਮੰਦੀ ਆਉਂਦੀ ਹੈ ਉਸੇ ਦੌਰਾਨ ਹੀ ਮਿਲੀਅਨੇਅਰ ਬਣਨ ਦੇ ਵਧੇਰੇ ਮੌਕੇ ਹੁੰਦੇ ਹਨ ਜੋ ਉਨ੍ਹਾਂ ਲੋਕਾਂ ਨੂੰ ਹੀ ਮਿਲਦੇ ਹਨ ਜੋ ਇਸ ਵਾਸਤੇ ਤਿਆਰ ਹੁੰਦੇ ਹਨ l
ਭਾਵੇਂ ਕਿ ਹੁਣ ਮੋਰਗੇਜ਼ੀ ਸੇਲਾਂ ਵਧੀਆਂ ਹਨ ਪਰ ਇਹ 2008 ਵੇਲੇ ਦੇ ਗਲੋਬਲ ਫਾਈਨੈਂਸ਼ਲ ਕਰਾਇਸੀਸ ਦੇ ਲਾਗੇ ਵੀ ਨਹੀਂ ਹਨ l
ਇੱਕ ਪਾਸੇ ਰੌਲਾ ਪਾਇਆ ਜਾ ਰਿਹਾ ਹੈ ਕਿ ਬੇਰੁਜ਼ਗਾਰੀ ਵਧੀ ਹੈ ਜੋ ਕਿ ਸਚਾਈ ਵੀ ਹੈ l ਦੂਜੇ ਪਾਸੇ ਇਹ ਵੀ ਸਚਾਈ ਹੈ ਕਿ ਕਈ ਖੇਤਰਾਂ ਵਿੱਚ ਕਾਮਿਆਂ ਦੀ ਅਜੇ ਵੀ ਘਾਟ ਹੈ l ਔਕਲੈਂਡ ਤੋਂ ਬਾਹਰ ਛੋਟੇ ਸ਼ਹਿਰਾਂ ਵਿੱਚ ਹੈਲਥੀ ਹੋਮ ਸਟੈਂਡਰਡ ਐਸੇਸਮੈਂਟ ਕਰਨ ਵਾਲਿਆਂ ਕੋਲ ਤਿੰਨ ਮਹੀਨੇ ਦੇ ਕਰੀਬ ਦੀ ਉਡੀਕ ਸੂਚੀ ਸੀ ਜਿਸ ਨੂੰ ਉਹ ਹੁਣ ਘੱਟ ਕਰਨ ਦੀ ਕੋਸ਼ਿਸ਼ ਵਿੱਚ ਹਨ l ਇਹ ਸਟੈਂਡਰਡ ਪੂਰੇ ਕਰਨ ਲਈ ਜਿਹੜੇ ਕੰਮ ਕਰਨ ਦੀ ਲੋੜ ਸੀ ਉਨ੍ਹਾਂ ਕੋਲ ਵੀ ਲੰਬੀ ਉਡੀਕ ਸੂਚੀ ਚੱਲਦੀ ਰਹੀ l ਲੋੜ ਹੈ ਆਪਣੇ ਕਿੱਤੇ ਬਦਲਣ ਦੀ ਨਾ ਕਿ ਇੱਕੋ ਕਿੱਤੇ ਤੇ ਝਾਕ ਰੱਖਣ ਦੀ l
ਇੱਕ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਜਿਹੜੇ ਲੋਕਾਂ ਨੇ 2008 ਵੇਲੇ ਵਾਲੀ ਆਰਥਿਕ ਮੰਦੀ ਵੇਲੇ ਆਪਣੇ ਘਰ ਨਹੀਂ ਵੇਚੇ ਸਨ ਉਹ ਅੱਜ 17 ਸਾਲਾਂ ਬਾਦ ਮਿਲੀਅਨੇਅਰ ਬਣੇ ਹੋਏ ਹਨ l ਅੱਜ ਤੁਹਾਨੂੰ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਮਿਲੇਗਾ ਜੋ ਦੁਖੀ ਹੋਵੇ l ਜੇ ਇਸ ਤਰਾਂ ਹੀ ਦੁਬਾਰਾ ਹੁੰਦਾ ਹੈ ਤਾਂ ਹੁਣ ਤੋਂ 17 ਸਾਲਾਂ ਬਾਦ ਉਹ ਲੋਕ ਵੀ ਖੁਸ਼ ਹੋਣਗੇ ਜੋ ਅੱਜ ਦੀ ਮਾਰਕੀਟ ਵਿੱਚ ਘਰ ਨਹੀਂ ਵੇਚਣਗੇ l
ਬਾਕੀ ਤੁਰੰਤ ਫ਼ਲ ਭਾਲਣ ਵਾਲਿਆਂ ਲਈ ਰੀਅਲ ਐਸਟੇਟ ਘਾਟੇ ਵੀ ਦਿੰਦੀ ਹੈ ਅਤੇ ਫਾਇਦੇ ਵੀ ਦਿੰਦੀ ਹੈ l
ਮੋਰਗੇਜ਼ੀ ਸੇਲਾਂ ਹੋਣ ਦੇ ਬਹੁਤ ਕਾਰਣ ਹੁੰਦੇ ਹਨ ਜਿਸ ਤਰਾਂ ਤਲਾਕ ਹੋ ਜਾਣਾ, ਕਿਸੇ ਦੇ ਸੱਟ ਲੱਗ ਜਾਣੀ, ਕਿਸੇ ਦੀ ਮੌਤ ਹੋ ਜਾਣੀ, ਕਿਸੇ ਦੀ ਨੌਕਰੀ ਚਲੇ ਜਾਣੀ, ਕਿਸੇ ਨੂੰ ਕੋਈ ਬਿਮਾਰੀ ਲੱਗ ਜਾਣੀ, ਕਿਸੇ ਨੂੰ ਅਚਾਨਕ ਮੁਲਕ ਛੱਡਣਾ ਪੈਣਾ, ਘਰ ਵਿੱਚ ਕੋਈ ਵੱਡਾ ਨੁਕਸ ਹੋਣਾ ਅਤੇ ਕਰਜ਼ੇ ਦੀ ਕਿਸ਼ਤ ਵਧ ਜਾਣੀ l ਮੋਰਗੇਜ਼ੀ ਸੇਲਾਂ ਹੋਰ ਵੀ ਵਧ ਸਕਦੀਆਂ ਹਨ ਪਰ ਪ੍ਰਤੀਸ਼ਤ ਦੇ ਹਿਸਾਬ ਨਾਲ ਇਹ ਬਹੁਤ ਘੱਟ ਹਨ l ਜੇਕਰ ਲੋਕ ਬਹੁਤ ਜਿਆਦਾ ਆਰਥਿਕ ਦਬਾਅ ਵਿੱਚ ਹੋਣ ਤਾਂ ਆਪਣੇ ਖਰਚੇ ਘਟਾ ਲੈਂਦੇ ਹਨ ਪਰ ਜੇ ਭਾਰਤੀਆਂ ਵੱਲ ਦੇਖੀਏ ਤਾਂ ਗਾਉਣ ਵਾਲਿਆਂ ਵਲੋਂ ਕੀਤੇ ਸ਼ੋ ਅਜੇ ਵੀ ਸੋਲਡ ਆਉਟ ਜਾ ਰਹੇ ਹਨ ਅਤੇ ਖੂਬ ਭੰਗੜੇ ਪੈ ਰਹੇ ਹਨ l
ਫ਼ਿਕਰ ਕਰਨ ਨਾਲੋਂ ਮਸਲਿਆਂ ਦਾ ਹੱਲ ਲੱਭਣਾ ਹੋਰ ਵੀ ਵਧੀਆ ਹੁੰਦਾ ਹੈ l
ਨੋਟ:- ਇਸ ਲੇਖ ਦਾ ਲੇਖਕ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਨਹੀਂ ਹੈ ਪਰ 26 ਸਾਲ ਦਾ ਘਰਾਂ ਦੇ ਖੇਤਰ ਦਾ ਤਜ਼ਰਬਾ ਰੱਖਦਾ ਹੈ l ਹੋਰ ਜਾਣਕਾਰੀ ਲਈ ਲੇਖਕ ਦੀ ਕਿਤਾਬ ਹੋਮਲੈੱਸ ਤੋਂ ਮਲਟੀ ਮਿਲੀਅਨੇਅਰ ਪੜ੍ਹ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147