ਜਦੋਂ ਸੰਨ 2008 ਤੋਂ ਦੁਨੀਆਂ ਪੱਧਰ ਦੀ ਆਰਥਿਕ ਮੰਦੀ (ਗਲੋਬਲ ਫਾਇਨੈਂਸ਼ਲ ਕਰਾਇਸਿਸ/Global Financial Crisis) ਸ਼ੁਰੂ ਹੋਈ ਤਾਂ ਇਸ ਦਾ ਅਸਰ ਨਿਊਜ਼ੀਲੈਂਡ ਤੇ ਵੀ ਹੋਇਆ ਅਤੇ ਕਈ ਕੁੱਝ ਨਵਾਂ ਸਿੱਖਣ ਨੂੰ ਮਿਲਿਆ l
ਜਦੋਂ ਤੱਕ ਇਸ ਤਰਾਂ ਦੀਆਂ ਘਟਨਾਵਾਂ ਵਿੱਚੋਂ ਵਿਅਕਤੀ ਖੁਦ ਨਹੀਂ ਨਿਕਲਦਾ ਓਨਾ ਚਿਰ ਉਸ ਵਾਸਤੇ ਸਿੱਖਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ l
ਨਿਊਜ਼ੀਲੈਂਡ ਵਿੱਚ ਰਿਹਾਇਸ਼ੀ ਘਰਾਂ ਵਿੱਚ ਕੀਮਤਾਂ ਡਿਗਣ ਕਾਰਣ ਬਹੁਤ ਮੋਰਗੇਜ਼ੀ ਸੇਲਾਂ ਹੋਈਆਂ l ਘਰਾਂ ਦੇ ਖੇਤਰ ਵਿੱਚ ਜਿਆਦਾ ਮੰਦੀ ਔਕਲੈਂਡ ਵਿੱਚ 2008 ਤੋਂ ਸ਼ੁਰੂ ਹੋ ਕੇ 3-4 ਸਾਲ ਚੱਲੀ ਅਤੇ ਹੋਰ ਕਈ ਇਲਾਕਿਆਂ ਵਿੱਚ 2016 ਤੱਕ ਵੀ ਚੱਲੀ l ਨਿਊਜ਼ੀਲੈਂਡ ਦੇ ਰੋਟੋਰੂਆ, ਟੀ ਕੁਟੀ, ਟਮਰਾਨੂਈ, ਟੋਕੋਰੋਆ ਅਤੇ ਕੁੱਝ ਹੋਰ ਇਲਾਕਿਆਂ ਵਿੱਚ ਘਰਾਂ ਦੀ ਕੀਮਤ 2016 ਤੱਕ ਡਿਗੀ ਰਹੀ ਸੀ l
ਘਰਾਂ ਦੀਆਂ ਬੋਲੀਆਂ ਤੇ ਘਰ ਅਸਲ ਖਰੀਦ ਮੁੱਲ ਤੋਂ ਘੱਟ ਮੁੱਲ ਤੇ ਵਿਕੇ ਸਨ l ਕਈ ਵਾਰ ਤਾਂ ਦੇਖਿਆ ਗਿਆ ਸੀ ਕਿ ਘਰਾਂ ਤੇ ਬੋਲੀ ਦੇਣ ਵਾਲਾ ਇੱਕ ਹੀ ਵਿਅਕਤੀ ਹੁੰਦਾ ਸੀ ਅਤੇ ਰੀਅਲ ਐਸਟੇਟ ਏਜੇਂਟ ਦੀ ਕੋਸ਼ਿਸ਼ ਹੁੰਦੀ ਸੀ ਕਿ ਉਸੇ ਹੀ ਵਿਅਕਤੀ ਨਾਲ ਸੌਦਾ ਹੋ ਜਾਵੇ l
ਉਸ ਵੇਲੇ ਜਿਹੜੇ ਘਰਾਂ ਦੀ ਮੋਰਗੇਜ਼ੀ ਸੇਲ ਹੋਈ ਉਨ੍ਹਾਂ ਵਿੱਚੋਂ ਬਹੁਤੇ ਘਰ 2006 ਤੋਂ 2007 ਦੇ ਵਿੱਚ ਮਹਿੰਗੇ ਭਾਅ ਖਰੀਦੇ ਗਏ ਸਨ ਭਾਵ ਆਰਥਿਕ ਮੰਦੀ ਤੋਂ ਇੱਕ ਜਾਂ ਦੋ ਸਾਲ ਪਹਿਲਾਂ ਖਰੀਦੇ ਗਏ ਸਨ l ਇਸ ਮੰਦੀ ਦੌਰਾਨ ਕਈ ਰੀਅਲ ਐਸਟੇਟ ਏਜੇਂਟ ਵੀ ਆਪਣਾ ਕਿੱਤਾ ਛੱਡ ਕੇ ਹੋਰ ਕਿੱਤੇ ਕਰਨ ਲੱਗ ਪਏ ਸਨ, ਕਈ ਘਰਾਂ ਤੇ ਕਰਜ਼ਾ ਦੇਣ ਵਾਲੀਆਂ ਕੰਪਨੀਆਂ ਦੀਵਾਲੀਆ ਹੋ ਗਈਆਂ ਸਨ, ਕਈ ਘਰਾਂ ਦੇ ਕੰਮ ਦੀ ਸਿਖਲਾਈ ਦੇਣ ਵਾਲੀਆਂ ਕੰਪਨੀਆਂ ਡੁੱਬ ਗਈਆਂ ਸਨ ਅਤੇ ਕਈ ਹੋਰ ਕਿੱਤਿਆਂ ਵਿੱਚੋਂ ਵੀ ਲੋਕ ਬੇਰੁਜ਼ਗਾਰ ਹੋ ਗਏ ਸਨ l
ਇਸੇ ਤਰਾਂ ਹੀ ਨਵੰਬਰ 2021 ਦੇ ਅਖੀਰ ਤੇ ਨਿਊਜ਼ੀਲੈਂਡ ਵਿੱਚ ਪ੍ਰਾਪਰਟੀ ਦੀਆਂ ਕੀਮਤਾਂ ਸਿਖਰਾਂ ਤੇ ਸਨ l ਸੰਨ 2022 ਤੋਂ ਘਰਾਂ ਦੇ ਖੇਤਰ ਵਿੱਚ ਆਰਥਿਕ ਮੰਦੀ ਸ਼ੁਰੂ ਹੋਈ l ਬਹੁਤ ਸਾਰੇ ਲੋਕ ਨੈਗੇਟਿਵ ਇਕਊਟੀ ਵਿੱਚ ਚਲੇ ਗਏ ਅਤੇ ਕੁੱਝ ਦੀਆਂ ਮੋਰਗੇਜ਼ੀ ਸੇਲਾਂ ਵੀ ਹੋਈਆਂ l
2022 ਤੋਂ ਜਿਹੜੇ ਘਰ ਨੈਗੇਟਿਵ ਇਕਊਟੀ ਵਿੱਚ ਗਏ ਜਾਂ ਮੋਰਗੇਜ਼ੀ ਸੇਲ ਤੇ ਗਏ ਉਨ੍ਹਾਂ ਵਿੱਚੋਂ ਵੀ ਵੱਡੀ ਗਿਣਤੀ ਘਰ 2020 ਤੋਂ 2021 ਵਿੱਚ ਖਰੀਦੇ ਗਏ ਸਨ l
ਉਪਰੋਕਤ ਦੋਨਾਂ ਆਰਥਿਕ ਮੰਦੀਆਂ ਤੋਂ ਇੱਕ ਗੱਲ ਸਾਹਮਣੇ ਆਈ ਕਿ ਜਿਆਦਾ ਮੋਰਗੇਜ਼ੀ ਸੇਲਾਂ ਉਨ੍ਹਾਂ ਘਰਾਂ ਦੀਆਂ ਹੁੰਦੀਆਂ ਹਨ ਜਿਹੜੇ ਮਾਰਕੀਟ ਸਿਖਰ ਤੇ ਪਹੁੰਚਣ ਤੋਂ ਇੱਕ ਜਾਂ ਡੇਢ ਸਾਲ ਪਹਿਲਾਂ ਖਰੀਦੇ ਜਾਂਦੇ ਹਨ l ਕਾਰਣ ਵੀ ਸਾਫ਼ ਹੈ ਕਿ ਉਨ੍ਹਾਂ ਘਰਾਂ ਨੂੰ ਖਰੀਦਣ ਵੇਲੇ ਮਹਿੰਗਾ ਭਾਅ ਦਿੱਤਾ ਜਾਂਦਾ ਹੈ l
2008 ਵਾਲੀ ਆਰਥਿਕ ਮੰਦੀ ਤੋਂ ਇੱਕ ਹੋਰ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ ਨੇ 2008 ਵਿੱਚ ਆਪਣੇ ਘਰ ਜਾਂ ਇਨਵੈਸਟਮੈਂਟ ਪ੍ਰਾਪਰਟੀਆਂ ਨਹੀਂ ਵੇਚੀਆਂ ਉਨ੍ਹਾਂ ਵਿੱਚੋਂ ਤਕਰੀਬਨ 99% ਮਿਲੀਅਨੇਅਰ ਬਣ ਗਏ ਹਨ ਕਿਉਂਕਿ ਉਨ੍ਹਾਂ ਪ੍ਰਾਪਰਟੀਆਂ ਦੀ ਕੀਮਤ ਮਿਲੀਅਨਾਂ ਵਿੱਚ ਹੋ ਗਈ ਹੈ l ਇਸ ਸਫ਼ਰ ਨੂੰ 16 ਤੋਂ 18 ਕੁ ਸਾਲ ਲੱਗੇ l ਜਿਸ ਵਿਅਕਤੀ ਨੇ 2008 ਵਾਲੀ ਆਰਥਿਕ ਮੰਦੀ ਦੌਰਾਨ ਘਰ ਖਰੀਦੇ ਜਾਂ ਆਪਣੇ ਘਰ ਨਹੀਂ ਵੇਚੇ ਉਨ੍ਹਾਂ ਵਿੱਚੋਂ ਕੋਈ ਵੀ ਮੈਨੂੰ ਉਦਾਸ ਹੋਇਆ ਨਹੀਂ ਮਿਲਿਆ l
ਆਮ ਤੌਰ ਤੇ ਇਤਿਹਾਸ ਫਿਰ ਦੁਹਰਾਉਂਦਾ ਹੈ l ਜੇ ਇਸੇ ਤਰਾਂ ਹੁੰਦਾ ਹੈ ਤਾਂ 2022 ਤੋਂ ਬਾਦ ਪਈ ਮੰਦੀ ਦੌਰਾਨ ਖਰੀਦੇ ਘਰ ਜਾਂ ਨਾ ਵੇਚੇ ਘਰ ਵੀ ਸ਼ਾਇਦ 16-18 ਸਾਲ ਬਾਦ ਬਹੁਤ ਮਹਿੰਗੇ ਹੋ ਜਾਣ ਪਰ ਭਵਿੱਖ ਬਾਰੇ ਸਿਰਫ ਅੰਦਾਜ਼ੇ ਹੀ ਲਗਾਏ ਜਾ ਸਕਦੇ ਹਨ ਜੋ ਗਲਤ ਜਾਂ ਠੀਕ ਹੁੰਦੇ ਹਨ l
ਵਿਅਕਤੀ ਵਾਸਤੇ ਜਿਆਦਾ ਜ਼ਰੂਰੀ ਹੁੰਦਾ ਹੈ ਕਿ ਆਰਥਿਕ ਮੰਦੀਆਂ ਦੌਰਾਨ ਘਬਰਾਹਟ ਵਿੱਚ ਨਾ ਆਵੇ ਅਤੇ ਕਾਹਲੀ ਵਿੱਚ ਫੈਸਲੇ ਨਾ ਲਵੇ l
ਇਹ ਗੱਲ ਨੋਟ ਕਰਨ ਵਾਲੀ ਹੈ ਕਿ ਆਰਥਿਕ ਮੰਦੀ ਦੌਰਾਨ ਵੀ ਕਈ ਲੋਕ ਪਹਿਲਾਂ ਨਾਲੋਂ ਵੱਧ ਆਰਥਿਕ ਤੌਰ ਤੇ ਮਜ਼ਬੂਤ ਹੋ ਜਾਂਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147