ਜੋ ਲੋਕ ਰੱਬ ਨੂੰ ਮੰਨਦੇ ਹਨ ਉਨ੍ਹਾਂ ਨੂੰ ਆਸਤਿਕ ਵਜੋਂ ਜਾਣਿਆ ਜਾਂਦਾ ਹੈ ਅਤੇ ਜੋ ਰੱਬ ਦੀ ਹੋਂਦ ਜਾਂ ਕਿਸੇ ਗੈਬੀ ਸ਼ਕਤੀ ਨੂੰ ਨਹੀਂ ਮੰਨਦੇ, ਉਨ੍ਹਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ l
ਆਸਤਿਕ ਹੋਣ ਲਈ ਕਿਸੇ ਸਬੂਤ ਨੂੰ ਲੱਭਣ ਦੀ ਲੋੜ ਨਹੀਂ, ਕੋਈ ਤਰਕ ਕਰਨ ਦੀ ਲੋੜ ਨਹੀਂ ਅਤੇ ਬਹੁਤੀਆਂ ਹਾਲਤਾਂ ਵਿੱਚ ਆਪਣਾ ਦਿਮਾਗ ਵਰਤਣ ਦੀ ਵੀ ਲੋੜ ਨਹੀਂ ਕਿਉਂਕਿ ਆਸਤਿਕਾਂ ਨੂੰ ਇਹ ਸਭ ਕੁੱਝ ਕੀਤਾ ਕਰਾਇਆ ਪਿਛਲੀ ਪੀੜ੍ਹੀ ਤੋਂ ਮਿਲ ਜਾਂਦਾ ਹੈ l ਪਿਛਲੀ ਪੀੜ੍ਹੀ ਨੂੰ ਇਹ ਸਭ ਕੁੱਝ ਉਨ੍ਹਾਂ ਦੀ ਪਿਛਲੀ ਪੀੜ੍ਹੀ ਤੋਂ ਮਿਲਦਾ ਹੈ l ਪਿਛਲੀ ਪੀੜ੍ਹੀ ਅਗਲੀ ਪੀੜ੍ਹੀ ਨੂੰ ਆਪਣੇ ਵਰਗਾ ਕਰਨਾ ਹੀ ਆਪਣਾ ਫਰਜ਼ ਸਮਝਦੀ ਹੈ l
ਆਸਤਿਕਾਂ ਦੀ ਪਿਛਲੀ ਪੀੜ੍ਹੀ ਬੱਚੇ ਨੂੰ ਜਨਮ ਦੇਣ ਮਗਰੋਂ ਹੀ ਟ੍ਰੇਨਿੰਗ ਦੇਣਾ ਸ਼ੁਰੂ ਕਰ ਦਿੰਦੀ ਹੈ ਕਿ ਤੇਰਾ ਧਰਮ ਇਹ ਹੈ, ਤੇਰੀ ਜਾਤ ਇਹ ਹੈ, ਤੇਰਾ ਧਰਮ ਬਾਕੀ ਧਰਮਾਂ ਨਾਲੋਂ ਸੁਪਰੀਮ ਹੈ, ਤੂੰ ਇਹ ਖਾਣਾ ਹੈ, ਤੂੰ ਇਹ ਪਹਿਨਣਾ ਹੈ, ਇਹ ਛੱਡਣਾ ਹੈ, ਰੋਜ਼ਾਨਾ ਤੂੰ ਇਹ ਪਾਠ ਪੂਜਾ ਕਰਨੀ ਹੈ, ਮਰਨ ਤੋਂ ਬਾਦ ਸਵਰਗ ਅਤੇ ਨਰਕ ਮਿਲਣ ਦੀਆਂ ਗੱਲਾਂ, ਧਰਮ ਰਾਜ ਦਾ ਡਰ, ਕਿਸਮਤ ਵਿੱਚ ਲਿਖਿਆ ਹੋਇਆ ਹੀ ਮਿਲਣਾ, ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਰਸਮਾਂ ਆਦਿ l ਭਾਵ ਬੱਚੇ ਨੂੰ ਜਨਮ ਤੋਂ ਮਰਨ ਤੱਕ ਦੀ ਟ੍ਰੇਨਿੰਗ ਦੇ ਦਿੱਤੀ ਜਾਂਦੀ ਹੈ l ਬੱਚੇ ਨੂੰ ਦੱਸਿਆ ਹੀ ਨਹੀਂ ਜਾਂਦਾ ਕਿ ਤੂੰ ਕਿਤੇ ਆਪਣਾ ਦਿਮਾਗ ਵੀ ਵਰਤਣਾ ਹੈ l ਇਸ ਤਰਾਂ ਆਸਤਿਕ ਪੀੜ੍ਹੀ ਦਰ ਪੀੜ੍ਹੀ ਆਪਣੀਆਂ ਹੀ ਕਾਪੀਆਂ (ਫੋਟੋਸਟੇਟ) ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ l ਬੱਚੇ ਦੇ ਦਿਮਾਗ ਦਾ ਕਾਫੀ ਹਿੱਸਾ ਇਸ ਟ੍ਰੇਨਿੰਗ ਨਾਲ ਭਰ ਦਿੱਤਾ ਜਾਂਦਾ ਹੈ l
ਨਾਸਤਿਕਾਂ ਵਿੱਚ ਵਰਤਾਰਾ ਕਾਫੀ ਉਲਟ ਹੈ l ਨਾਸਤਿਕਤਾ ਵਿਅਕਤੀ ਦੀ ਖੁਦ ਦੀ ਖੋਜ਼ ਤੇ ਅਧਾਰਤ ਹੁੰਦੀ ਹੈ l ਇਹ ਨਿਰਭਰ ਕਰਦਾ ਹੈ ਕਿ ਵਿਅਕਤੀ ਨੇ ਕੀ ਪੜ੍ਹਿਆ, ਕਿੰਨਾ ਪੜ੍ਹਿਆ, ਕਿਹੋ ਜਿਹੇ ਲੋਕਾਂ ਨੂੰ ਮਿਲਿਆ ਅਤੇ ਉਸ ਨੇ ਆਪਣੇ ਦਿਮਾਗ ਨਾਲ ਕੀ ਕੀ ਸੋਚਿਆ ਅਤੇ ਕੀ ਕੀ ਸਿੱਟੇ ਕੱਢੇ l ਹੋਰ ਵੱਡਾ ਫ਼ਰਕ ਹੈ ਕਿ ਨਾਸਤਿਕਤਾ ਆਪਣੇ ਬੱਚਿਆਂ ਨੂੰ ਪੀੜ੍ਹੀ ਦਰ ਪੀੜ੍ਹੀ ਦਿੱਤੀ ਨਹੀਂ ਜਾ ਸਕਦੀ l ਨਾਸਤਿਕਾਂ ਦੇ ਬੱਚਿਆਂ ਨੂੰ ਖੁਦ ਖੋਜ਼ ਕਰਕੇ ਹੀ ਸਿੱਟੇ ਕੱਢਣੇ ਪੈਂਦੇ ਹਨ l
ਕੁੱਝ ਧਾਰਮਿਕ ਲੋਕ ਨਾਸਤਿਕਾਂ ਨੂੰ ਹੰਕਾਰੀ ਕਹਿ ਕੇ ਭੰਡਦੇ ਹਨ ਜੋ ਕਿ ਸਚਾਈ ਤੋਂ ਕੋਹਾਂ ਦੂਰ ਹੈ l
ਜੋ ਗੱਲ ਨਾਸਤਿਕ ਮਾਣ ਨਾਲ ਦੱਸਦੇ ਹਨ, ਉਸ ਨੂੰ ਹੰਕਾਰ ਨਾਲ ਜੋੜ ਦਿੱਤਾ ਜਾਂਦਾ ਹੈ l
ਹੰਕਾਰ ਅਤੇ ਮਾਣ ਵਿੱਚ ਬਹੁਤ ਵੱਡਾ ਫ਼ਰਕ ਹੁੰਦਾ ਹੈ ਪਰ ਇਹ ਫ਼ਰਕ ਥੋੜ੍ਹੇ ਲੋਕਾਂ ਨੂੰ ਹੀ ਨਜ਼ਰ ਆਉਂਦਾ ਹੈ l
ਨਾਸਤਿਕ ਹੋਣਾ ਮਾਣ ਵਾਲੀ ਗੱਲ ਹੈ l ਹੰਕਾਰ ਕਰਨ ਵਾਲਾ ਵਿਅਕਤੀ ਦੂਜਿਆਂ ਨੂੰ ਹਮੇਸ਼ਾਂ ਤੰਗ ਕਰਦਾ ਹੈ ਅਤੇ ਮਾਣ ਕਰਨ ਵਾਲਾ ਵਿਅਕਤੀ ਦੂਜਿਆਂ ਨੂੰ ਆਪਣੇ ਵਰਗੇ ਹੋਣ ਲਈ ਪ੍ਰੇਰਦਾ ਹੈ l
ਆਓ ਆਪਣੇ ਵੱਡੇ ਵਡੇਰਿਆਂ ਦੀ ਕਾਪੀ ਕਰਨ ਦੀ ਬਜਾਏ ਕੁੱਝ ਨਵਾਂ ਕਰਨਾ ਸਿੱਖੀਏ ਅਤੇ ਦੂਜਿਆਂ ਨੂੰ ਵੀ ਕੁੱਝ ਨਵਾਂ ਸਿਖਾਈਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147