-ਆਪਣੇ ਤਜ਼ਰਬੇ ਅਨੁਸਾਰ
ਨਵਾਂ ਸਾਲ ਸਿਰਫ ਤਾਂ ਹੀ ਨਵਾਂ ਹੁੰਦਾ ਹੈ ਜੇ ਇਸ ਵਿੱਚ ਕੁੱਝ ਨਵਾਂ ਸਿੱਖੀਏ, ਕਰੀਏ ਅਤੇ ਹੋਰਾਂ ਨੂੰ ਕਰਨ ਲਈ ਪ੍ਰੇਰੀਏ l ਨਹੀਂ ਤਾਂ ਇਹ ਸਿਰਫ ਅੱਖਰਾਂ ਦਾ ਬਦਲਾਓ ਹੀ ਹੁੰਦਾ ਹੈ ਜੋ ਹਰ ਸਾਲ ਹੁੰਦਾ ਰਹੇਗਾ l ਆਪਣੀ ਬਦਲੀ ਹੋਈ ਸੋਚ ਅਤੇ ਕੰਮ ਹੀ ਵੱਖਰੇ ਨਤੀਜੇ ਲਿਆਉਂਦੇ ਹਨ l
ਮਨੁੱਖੀ ਸਰੀਰ ਦੀਆਂ 85% ਤੋਂ ਵੱਧ ਬਿਮਾਰੀਆਂ ਗਲਤ ਖਾਣ ਪੀਣ ਦੀਆਂ ਆਦਤਾਂ ਕਰਕੇ ਹੀ ਲਗਦੀਆਂ ਹਨ l
ਅੱਜ ਤੋਂ 40 ਕੁ ਸਾਲ ਪਹਿਲਾਂ ਜਿਆਦਾ ਲੋਕਾਂ ਕੋਲ ਪੈਸੇ ਦੀ ਕਮੀ ਹੁੰਦੀ ਸੀ, ਖਾਣੇ ਦੀ ਕਮੀ ਹੁੰਦੀ ਸੀ ਅਤੇ ਕਦੇ ਕਦੇ ਕਾਲ ਵੀ ਪੈ ਜਾਂਦੇ ਸਨ ਜਿਸ ਕਾਰਣ ਨਾ ਚਾਹੁੰਦਿਆਂ ਹੋਇਆਂ ਵੀ ਘੱਟ ਖਾਧਾ ਜਾਂਦਾ ਸੀ l ਇਸ ਤੋਂ ਇਲਾਵਾ ਵਿਆਹ-ਸ਼ਾਦੀ ਅਤੇ ਧਾਰਮਿਕ ਸਮਾਗਮ ਵੀ ਘੱਟ ਖਰਚ ਵਾਲੇ ਹੁੰਦੇ ਸਨ ਅਤੇ ਆਪਣੇ ਘਰਾਂ ਵਿੱਚ ਹੀ ਹੁੰਦੇ ਸਨ ਜਿਸ ਕਾਰਣ ਘੱਟ ਅਤੇ ਸਿਹਤਮੰਦ ਖਾਣਾ ਖਾਧਾ ਜਾਂਦਾ ਸੀ l
ਜੇਕਰ ਡਰਿੰਕਾਂ ਦੀ ਗੱਲ ਕਰੀਏ ਤਾਂ ਬੰਟੇ ਵਾਲਾ ਸੋਢਾ ਹੀ ਹੁੰਦਾ ਸੀ ਜੋ ਵਿਰਲੇ ਲੋਕ ਹੀ ਪੀਂਦੇ ਸਨ ਜਾਂ ਦੁੱਧ ਸੋਢਾ ਰਲਾ ਕੇ ਪੀਂਦੇ ਸਨ l ਵੱਡੀ ਗਿਣਤੀ ਨਿੰਬੂ ਪਾਣੀ ਪੀ ਲੈਂਦੀ ਸੀ ਜੋ ਅੱਜ ਦੀਆਂ ਡਰਿੰਕਾਂ ਨਾਲੋਂ ਸਿਹਤ ਲਈ ਵਧੀਆ ਸੀ l ਉਸ ਸਮੇਂ ਖੰਡ ਦੀ ਵਰਤੋਂ ਘੱਟ ਸੀ ਅਤੇ ਜਿਆਦਾਤਰ ਵੱਡੀ ਗਿਣਤੀ ਘਰ ਦਾ ਕੱਢਿਆ ਗੁੜ ਜਾਂ ਸ਼ੱਕਰ ਵਰਤਦੀ ਹੁੰਦੀ ਸੀ ਜਿਸ ਵਿੱਚ ਕੈਮੀਕਲ ਨਹੀਂ ਪੈਂਦੇ ਸਨ l ਸਿਰਫ ਮਿੱਠਾ ਸੋਢਾ ਪਾ ਕੇ ਹੀ ਗੁੜ ਵਿੱਚ ਨਿਖਾਰ ਲਿਆਇਆ ਜਾਂਦਾ ਸੀ l ਮਿੱਠੇ ਦੇ ਤੌਰ ਤੇ ਲੋਕ ਸ਼ੱਕਰ ਘਿਓ ਖਾ ਲੈਂਦੇ ਸਨ l
ਉਸ ਸਮੇਂ ਜਿਆਦਾ ਲੋਕ ਖੇਤੀਬਾੜੀ, ਮਜ਼ਦੂਰੀ ਜਾਂ ਫੈਕਟਰੀਆਂ ਵਿੱਚ ਕੰਮ ਕਰਦੇ ਸਨ ਜਿਸ ਕਾਰਣ ਉਨ੍ਹਾਂ ਦੀ ਕਸਰਤ ਬਹੁਤ ਜਿਆਦਾ ਹੋ ਜਾਂਦੀ ਸੀ l
ਆਵਾਜਾਈ ਦੇ ਸਾਧਨ ਘੱਟ ਸਨ ਜਿਸ ਕਾਰਣ ਤੁਰਨਾ ਜਾਂ ਸਾਇਕਲ ਚਲਾਉਣਾ ਆਮ ਲੋੜ ਸੀ ਜਿਸ ਕਾਰਣ ਖਾਧਾ ਪੀਤਾ ਪਚ ਜਾਂਦਾ ਸੀ l
ਜਿਵੇਂ ਜਿਵੇਂ ਪੈਸਾ ਵਧਿਆ ਉਵੇਂ ਹੀ ਵੱਡੀ ਗਿਣਤੀ ਲੋਕਾਂ ਨੇ ਕੰਮ ਕਰਨੇ ਘੱਟ ਕਰ ਦਿੱਤੇ ਜਾਂ ਛੱਡ ਦਿੱਤੇ l ਮਸ਼ੀਨਾਂ ਨਾਲ ਕੰਮ ਹੋਣ ਲੱਗੇ, ਤੁਰਨ ਜਾਂ ਸਾਇਕਲ ਚਲਾਉਣ ਦੀ ਜਗ੍ਹਾ ਮੋਟਰਸਾਈਕਲ, ਕਾਰਾਂ ਅਤੇ ਹੋਰ ਆਵਾਜਾਈ ਦੇ ਸਾਧਨ ਵਰਤੋਂ ਵਿੱਚ ਆਉਣ ਲੱਗੇ l ਜਿੱਥੇ ਇਸ ਤਰਾਂ ਕਰਨ ਨਾਲ ਕਸਰਤ ਘਟੀ ਉੱਥੇ ਹੀ ਪੈਸਾ ਵੱਧ ਹੋਣ ਕਾਰਣ ਲੋਕਾਂ ਨੇ ਜਿਆਦਾ ਖਾਣਾ ਸ਼ੁਰੂ ਕਰ ਦਿੱਤਾ l ਵਿਹਲੇ ਰਹਿਣ ਨੂੰ ਲੋਕਾਂ ਨੇ ਐਸ਼ ਕਰਨਾ ਕਹਿਣਾ ਸ਼ੁਰੂ ਕਰ ਦਿੱਤਾ l ਸਾਫ਼ ਸੁਥਰੇ ਕੱਪੜੇ ਪਾਉਣਾ ਅਤੇ ਵਿਹਲੇ ਰਹਿਣਾ ਅਮੀਰ ਹੋਣ ਦੀ ਨਿਸ਼ਾਨੀ ਬਣ ਗਿਆ l ਜ਼ਮੀਨਾਂ ਦੇ ਭਾਅ ਵਧ ਗਏ l ਜ਼ਮੀਨਾਂ ਵੇਚ ਕੇ ਕੋਠੀਆਂ ਪੈਣ ਕਾਰਣ ਖੇਤੀਬਾੜੀ ਦੀ ਜ਼ਮੀਨ ਘਟਣੀ ਸ਼ੁਰੂ ਹੋਈ l
ਪੈਸਾ ਵੱਧ ਆਉਣ ਨਾਲ ਲੋਕਾਂ ਨੇ ਘਰ ਦਾ ਖਾਣਾ ਛੱਡ ਕੇ ਬਾਹਰ ਦਾ ਖਾਣਾ ਸ਼ੁਰੂ ਕਰ ਦਿੱਤਾ ਅਤੇ ਵਿਆਹ ਸ਼ਾਦੀ ਮਹਿੰਗੇ ਮਹਿੰਗੇ ਪੈਲਸਾਂ, ਹੋਟਲਾਂ ਜਾਂ ਹਾਲਾਂ ਵਿੱਚ ਕਰਨੇ ਸ਼ੁਰੂ ਕਰ ਦਿੱਤੇ l ਸਿੱਟੇ ਵਜੋਂ ਬਿਮਾਰੀਆਂ ਵਧਣ ਲੱਗੀਆਂ ਜੋ ਹੁਣ ਗੰਭੀਰ ਰੂਪ ਧਾਰਨ ਕਰ ਗਈਆਂ ਹਨ l
ਇਸ ਕੰਮ ਵਿੱਚ ਧਾਰਮਿਕ ਅਸਥਾਨ ਵੀ ਪਿੱਛੇ ਨਹੀਂ ਰਹੇ l ਉੱਥੇ ਵੀ ਤਰਾਂ ਤਰਾਂ ਦੇ ਪਕਵਾਨ ਸੰਗਤਾਂ ਲਈ ਪੱਕਣ ਲੱਗ ਪਏ ਅਤੇ ਸੰਗਤਾਂ ਵੀ ਪਤਾ ਕਰਕੇ ਧਾਰਮਿਕ ਅਸਥਾਨਾਂ ਤੇ ਜਾਣ ਲੱਗੀਆਂ ਕਿ ਲੰਗਰ ਵਿੱਚ ਕਿੱਥੇ ਕੀ ਬਣਾਇਆ ਹੋਇਆ ਹੈ l ਵਿਦੇਸ਼ਾਂ ਵਿੱਚ ਬਣੇ ਧਾਰਮਿਕ ਅਸਥਾਨਾਂ ਵਿੱਚ ਇਹ ਆਮ ਲੋਕਾਂ ਦੇ ਮੂੰਹੋਂ ਸੁਣਿਆ ਜਾ ਸਕਦਾ ਹੈ l ਸੰਗਤਾਂ ਬਾਣੀ ਦੇ ਅਰਥਾਂ ਤੋਂ ਦੂਰ ਹੋ ਗਈਆਂ ਪਰ ਭਾਂਤ ਭਾਂਤ ਦੇ ਪਕਵਾਨਾਂ ਦੇ ਲਾਗੇ ਹੋ ਗਈਆਂ l
ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੇਸਟਰੋਲ, ਹਾਈ ਸ਼ੂਗਰ, ਕਿਡਨੀ ਦੀ ਬਿਮਾਰੀ, ਸਟਰੋਕ, ਦਿਲ ਦਾ ਦੌਰਾ ਅਤੇ ਲਿਵਰ ਦੀਆਂ ਬਿਮਾਰੀਆਂ ਜਿਆਦਾ ਤੌਰ ਤੇ ਵੱਧ ਅਤੇ ਗਲਤ ਖਾਣੇ ਦਾ ਨਤੀਜਾ ਹੀ ਹੁੰਦੀਆਂ ਹਨ l
ਆਪਣੇ ਖਾਣੇ ਨੂੰ ਠੀਕ ਕਰਕੇ, ਕਸਰਤ ਕਰਕੇ ਅਤੇ ਲਗਾਤਾਰ ਆਪਣਾ ਖੂਨ ਟੈਸਟ (ਬਿਮਾਰੀ ਹੋਣ ਤੋਂ ਪਹਿਲਾਂ) ਕਰਵਾ ਕੇ ਉਪਰੋਕਤ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਜਾਂ ਬੁਢਾਪੇ ਤੱਕ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ l
ਮੋਬਾਈਲ ਫੋਨ ਨੇ ਲੋਕਾਂ ਨੂੰ ਬਹੁਤ ਜਿਆਦਾ ਬੀਜ਼ੀ (Busy) ਕਰ ਦਿੱਤਾ ਹੈ l ਲੋਕ ਘੰਟਿਆਂ ਤੱਕ ਇਸ ਤੇ ਸਮਾਂ ਬਰਬਾਦ ਕਰਦੇ ਹਨ ਜਿਸ ਦਾ ਲਾਭ ਹੋਣ ਦੀ ਬਜ਼ਾਏ ਨੁਕਸਾਨ ਹੋ ਰਿਹਾ ਹੈ l ਘੰਟਿਆਂ ਦੇ ਹਿਸਾਬ ਨਾਲ ਕੁਰਸੀ ਜਾਂ ਸੋਫੇ ਤੇ ਬੈਠ ਕੇ ਮੋਬਾਈਲ ਚਲਾਉਂਦੇ ਰਹਿਣਾ ਸਰੀਰਕ ਸਮੱਸਿਆਵਾਂ ਅਤੇ ਮਾਨਸਿਕ ਸਮੱਸਿਆਵਾਂ ਪੈਦਾ ਕਰਦਾ ਹੈ l
ਕਿਉਂ, ਕੀ, ਕਦੋਂ ਅਤੇ ਕਿੰਨਾ ਖਾਣਾ ਪਤਾ ਹੋਣਾ ਬਹੁਤ ਜ਼ਰੂਰੀ ਹੈ l
ਕਿਉਂ :- ਖਾਣਾ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਉਂ ਖਾਣ ਲੱਗੇ ਹਾਂ l ਉਦਾਹਰਣ ਦੇ ਤੌਰ ਤੇ ਜੇ ਭੁੱਖ ਨਹੀਂ ਲੱਗੀ ਤਾਂ ਨਾ ਖਾਓ l
ਕੀ :- ਖਾਣਾ ਖਾਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਖਾਣ ਲੱਗੇ ਹਾਂ ਅਤੇ ਸਾਡੇ ਸਰੀਰ ਤੇ ਇਸ ਦਾ ਕੀ ਅਸਰ ਪਵੇਗਾ? ਕੁਦਰਤੀ ਖਾਣਾ ਜੋ ਧਰਤੀ ਵਿੱਚੋਂ ਪੈਦਾ ਹੋਇਆ ਹੁੰਦਾ ਹੈ ਜਿਆਦਾ ਹਾਲਤਾਂ ਵਿੱਚ ਵਿਅਕਤੀ ਦੀ ਸਿਹਤ ਲਈ ਠੀਕ ਰਹਿੰਦਾ ਹੈ ਪਰ ਜੇ ਉਸ ਖਾਣੇ ਨੂੰ ਕੁੱਕ ਕੀਤਾ ਗਿਆ ਹੋਵੇ ਤਾਂ ਉਹ ਓਨਾ ਸਿਹਤਮੰਦ ਨਹੀਂ ਰਹਿੰਦਾ ਕਿਉਂਕਿ ਕੁੱਕ ਕਰਨ ਲਈ ਉਸ ਵਿੱਚ ਹੋਰ ਚੀਜ਼ਾਂ ਮਿਲਾ ਦਿੱਤੀਆਂ ਜਾਂਦੀਆਂ ਹਨ ਜਿਵੇਂ ਵੱਖ ਵੱਖ ਤੇਲ ਆਦਿ l ਹਰ ਖਾਣ ਵਾਲੀ ਚੀਜ਼ ਆਪਣੇ ਮੂੰਹ ਵਿੱਚ ਪਾਉਣ ਨਾਲ ਸਾਡੀ ਤੰਦਰੁਸਤੀ, ਬਿਮਾਰੀ ਅਤੇ ਸਾਡੇ ਸਾਹਾਂ ਦਾ ਫੈਸਲਾ ਹੁੰਦਾ ਹੈ l
ਕਿੰਨਾ:- ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਕਿੰਨਾ ਖਾਣਾ ਚਾਹੀਦਾ ਹੈ l ਚੰਗੀ ਗੱਲ ਹੈ ਕਿ 80% ਖਾ ਕੇ ਰੁਕ ਲਿਆ ਜਾਵੇ ਅਤੇ ਜੇ ਹੋਰ ਭੁੱਖ ਹੋਵੇ ਤਾਂ ਬਾਦ ਵਿੱਚ ਰੁਕ ਕੇ ਹੀ ਖਾਧਾ ਜਾਵੇ l ਜਿਹੜੇ ਲੋਕ 100% ਖਾ ਕੇ ਰੁਕਦੇ ਹਨ ਉਹ ਅਕਸਰ ਲੋੜ ਤੋਂ ਵੱਧ ਖਾ ਜਾਂਦੇ ਹਨ ਅਤੇ ਖਾਣ ਤੋਂ ਬਾਦ ਉਨ੍ਹਾਂ ਦਾ ਢਿੱਡ ਬਾਹਰ ਵਾਲੇ ਪਾਸੇ ਨੂੰ ਧੱਕਦਾ ਹੈ ਜੋ ਕਿ ਵੱਧ ਖਾਣ (Over Eating) ਦੀ ਨਿਸ਼ਾਨੀ ਹੈ ਅਤੇ ਬਾਦ ਵਿੱਚ ਡਕਾਰ ਮਾਰਨੇ ਵੀ ਵੱਧ ਖਾਣ ਦੀ ਨਿਸ਼ਾਨੀ ਹੈ l ਤੇਜ਼ ਖਾਣ ਵਾਲੇ ਵੀ ਲੋੜ ਤੋਂ ਵੱਧ ਖਾ ਜਾਂਦੇ ਹਨ l
ਕਦੋਂ:- ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਕਦੋਂ ਖਾਣਾ ਹੈ? ਭੁੱਖ ਲੱਗਣ ਤੇ ਸਵੇਰੇ 8 ਵਜੇ ਤੋਂ ਬਾਦ ਅਤੇ ਸ਼ਾਮ 6 ਵਜੇ ਤੋਂ ਪਹਿਲਾਂ ਖਾਣਾ ਚਾਹੀਦਾ ਹੈ l ਦੇਰ ਰਾਤ ਨੂੰ ਖਾਧਾ ਭੋਜਨ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਪੈਦਾ ਕਰਦਾ ਹੈ l ਇਸ ਤਰਾਂ ਕਰਨ ਨਾਲ ਸੌਣ ਤੋਂ ਪਹਿਲਾਂ (ਰਾਤ 9 ਕੁ ਵਜੇ ਤੱਕ) ਖਾਣਾ ਪਚ ਜਾਂਦਾ ਹੈ ਪਰ ਜੇਕਰ ਮੀਟ/ਮਾਸ ਖਾਧਾ ਹੋਵੇ ਤਾਂ ਵੱਧ ਸਮਾਂ ਲੱਗ ਸਕਦਾ ਹੈ l
ਪਾਰਟੀਆਂ:- ਵਿਦੇਸ਼ਾਂ ਵਿੱਚ ਜਿਆਦਾ ਪਾਰਟੀਆਂ ਰਾਤ 6.30 ਵਜੇ ਸ਼ੁਰੂ ਹੁੰਦੀਆਂ ਹਨ ਅਤੇ ਪੰਜਾਬ ਵਿੱਚ ਰਾਤ 8 ਵਜੇ ਜਾਂ 8.30 ਵਜੇ ਸ਼ੁਰੂ ਹੁੰਦੀਆਂ ਹਨ ਜਿਸ ਕਾਰਣ ਰਾਤ ਦੇ ਖਾਣੇ ਲਈ 10 ਜਾਂ 11 ਵੱਜ ਜਾਂਦੇ ਹਨ l ਸ਼ਾਇਦ ਹਫ਼ਤੇ ਵਿੱਚ ਇੱਕ ਦਿਨ ਦੇਰ ਨਾਲ ਖਾਧਾ ਏਨਾ ਨੁਕਸਾਨ ਨਾ ਕਰੇ ਪਰ ਰੋਜ਼ਾਨਾ ਦੇਰ ਨਾਲ ਖਾਣਾ ਜ਼ਰੂਰ ਨੁਕਸਾਨ ਕਰਦਾ ਹੈ l
ਕਸਰਤ:- ਆਪਣੀ ਉਮਰ ਜਾਂ ਫਿੱਟਨੈੱਸ ਅਨੁਸਾਰ ਰੋਜ਼ਾਨਾ ਇੱਕ ਜਾਂ ਡੇਢ ਘੰਟਾ ਕਸਰਤ ਕਰਨੀ ਚੰਗੀ ਗੱਲ ਹੈ l ਇਸ ਨੂੰ ਸਵੇਰ ਸ਼ਾਮ ਵਿੱਚ ਵੀ ਵੰਡ ਕੇ ਕਰ ਸਕਦੇ ਹੋ l
ਉਪਰੋਕਤ ਖਾਣ ਪੀਣ ਦੀ ਰੁਟੀਨ ਠੀਕ ਕਰਨ ਨਾਲ ਸਿਹਤ ਸਬੰਧੀ ਬਹੁਤ ਸਮੱਸਿਆਵਾਂ ਆਪਣੇ ਆਪ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ l ਬਹੁਤ ਹਾਲਤਾਂ ਵਿੱਚ ਦਵਾਈਆਂ ਦੀ ਲੋੜ ਘਟ ਜਾਂਦੀ ਹੈ ਜਾਂ ਦਵਾਈਆਂ ਦੀ ਲੋੜ ਹੀ ਨਹੀਂ ਰਹਿੰਦੀ l
ਸਲਾਦ ਅਤੇ ਫ਼ਲ:- ਰੋਜ਼ਾਨਾ ਤਿੰਨ ਚਾਰ ਫ਼ਲ ਖਾਣੇ ਅਤੇ ਤਿੰਨ ਚਾਰ ਤਰਾਂ ਦਾ ਸਲਾਦ ਖਾਣਾ ਸਿਹਤ ਲਈ ਕਾਫੀ ਲਾਭਦਾਇਕ ਹੁੰਦਾ ਹੈ l ਸਲਾਦ ਵਿੱਚ ਹਰੇ ਪੱਤੇ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ l
ਪ੍ਰਹੇਜ਼:- ਚਾਹ, ਕੌਫੀ ਅਤੇ ਖੰਡ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ l
ਜੇਕਰ ਕਿਸੇ ਨੂੰ ਕੋਈ ਬਿਮਾਰੀ ਹੋਵੇ ਜਾਂ ਕੋਈ ਵਿਅਕਤੀ ਦਵਾਈ ਖਾਂਦਾ ਹੋਵੇ ਤਾਂ ਉਪਰੋਕਤ ਰੁਟੀਨ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ l
ਚੇਤੇ ਰੱਖਣਾ ਚਾਹੀਦਾ ਹੈ ਕਿ ਅਸੀਂ ਜੋ ਖਾਂਦੇ ਹਾਂ ਉਹੋ ਜਿਹਾ ਦਿਸਦੇ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147