ਹਰ ਸਾਲ ਨਵਾਂ ਸਾਲ ਚੜ੍ਹਦਾ ਹੈ ਤੇ ਸਭ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ l ਨਵੇਂ ਸਾਲ ਦਾ ਚੜ੍ਹਨਾ ਸਿਰਫ ਤਰੀਕਾਂ ਦਾ ਬਦਲਾਓ ਹੀ ਹੁੰਦਾ ਹੈ l ਆਪਣੇ ਨਾਲ ਨਵਾਂ ਸਾਲ ਹੋਰ ਕੁਝ ਲੈ ਕੇ ਨਹੀਂ ਆਉਂਦਾ l ਹਰ ਸਾਲ ਬੀਤਣ ਨਾਲ ਜਿੰਦਗੀ ਦਾ ਇੱਕ ਹੋਰ ਸਾਲ ਗੁਆਚ ਜਾਂਦਾ ਹੈ l
ਨਵੇਂ ਸਾਲ ਦੀ ਖੁਸ਼ੀ ਉਸ ਵੇਲੇ ਹੀ ਹੁੰਦੀ ਹੈ ਜਦੋਂ ਕੁੱਝ ਨਵਾਂ ਕਰਨ ਦੇ ਨਿਸ਼ਾਨੇ ਮਿਥੀਏ, ਜੋ ਪਿਛਲੇ ਸਾਲ ਦਾ ਵਿਗੜਿਆ ਹੋਇਆ ਉਸ ਨੂੰ ਸੁਧਾਰੀਏ, ਆਪਣੇ ਰਾਹ ਪੱਧਰੇ ਕਰੀਏ, ਦੂਜਿਆਂ ਦੇ ਰਾਹਾਂ ਨੂੰ ਪੱਧਰੇ ਕਰਨ ਦੀ ਕੋਸ਼ਿਸ਼ ਕਰੀਏ, ਹੋਰਾਂ ਦੇ ਰਾਹਾਂ ਵਿੱਚ ਰੋੜੇ ਨਾ ਬਣੀਏ, ਜੋ ਪਿੱਛੇ ਰਹਿ ਗਏ ਉਨ੍ਹਾਂ ਨੂੰ ਨਾਲ ਰਲਾਉਣ ਦੀ ਕੋਸ਼ਿਸ਼ ਕਰੀਏ, ਦੂਜਿਆਂ ਦੀਆਂ ਲੱਤਾਂ ਖਿੱਚਣੀਆਂ ਛੱਡੀਏ, ਆਪਣੇ ਆਪ ਨੂੰ ਦੂਜਿਆਂ ਵਰਗੇ ਸਮਝੀਏ, ਜਿਹੜੇ ਦੁੱਖਾਂ ਦੇ ਮਾਰੇ ਹਨ ਉਨ੍ਹਾਂ ਨੂੰ ਨਵੀਆਂ ਆਸਾਂ ਦੇਈਏ l
ਨਵੇਂ ਸਾਲ ਵਿੱਚ ਰਿਸ਼ਵਤ, ਚੋਰੀ, ਝੂਠ ਛੱਡ ਕੇ ਇਮਾਨਦਾਰੀ ਅਪਣਾਈਏ l ਧਰਮ ਨੂੰ ਮੰਨਣ ਦੀ ਬਜਾਏ ਧਰਮ ਦੀਆਂ ਚੰਗੀਆਂ ਗੱਲਾਂ ਮੰਨੀਏ ਅਤੇ ਮਾੜੀਆਂ ਛੱਡੀਏ l ਸਿਰ ਝੁਕਾਉਣ ਦੀ ਜਗ੍ਹਾ ਸਿਰ ਉਠਾਉਣਾ ਸਿੱਖੀਏ l ਹੱਥ ਜੋੜਨ ਦੀ ਬਜਾਏ ਹੱਥ ਚਲਾਉਣੇ ਸਿੱਖੀਏ l ਦੂਜਿਆਂ ਪਿੱਛੇ ਲੱਗਣ ਦੀ ਬਜਾਏ ਆਪਣਾ ਦਿਮਾਗ ਵਰਤਣਾ ਸ਼ੁਰੂ ਕਰੀਏ ਅਤੇ ਖੁਦ ਨਵੇਂ ਰਾਹ ਬਣਾਈਏ l
ਨਵੇਂ ਸਾਲ ਵਿੱਚ ਪੜ੍ਹਨਾ, ਪੜ੍ਹਾਉਣਾ, ਲਿਖਣਾ, ਸਿੱਖਣਾ ਅਤੇ ਸਿਖਾਉਣਾ ਜਾਰੀ ਰੱਖੀਏ l ਲਾਇਬਰੇਰੀਆਂ ਨਾਲ ਜੁੜ ਕੇ ਕਿਤਾਬਾਂ ਪੜ੍ਹੀਏ, ਸਮਝੀਏ, ਵਿਚਾਰ ਥੋਪਣ ਦੀ ਬਜਾਏ ਵਿਚਾਰ ਕਰਨਾ ਸਿੱਖੀਏ l ਆਪਣੇ ਘਰਾਂ ਵਿੱਚ ਆਪਣੀਆਂ ਲਾਇਬਰੇਰੀਆਂ ਬਣਾਈਏ ਜਿੱਥੋਂ ਹਰ ਆਉਣ ਜਾਣ ਵਾਲਾ ਕਿਤਾਬਾਂ ਪੜ੍ਹੇ l ਕਿਤਾਬਾਂ ਇੱਕ ਦੂਜੇ ਨਾਲ ਵਟਾ ਕੇ ਪੜ੍ਹਨ ਦੀ ਆਦਤ ਪਾਈਏ ਤਾਂ ਕਿ ਘੱਟ ਖਰਚੇ ਵਿੱਚ ਵੱਧ ਗਿਆਨ ਹਾਸਿਲ ਹੋਵੇ l
ਹੋ ਸਕਦਾ ਹੈ ਕਿ ਸਭ ਕੁੱਝ ਇੱਕ ਸਾਲ ਵਿੱਚ ਨਾ ਬਦਲੇ ਪਰ ਕਿਸੇ ਚੀਜ਼ ਬਦਲਣ ਦੀ ਸ਼ੁਰੂਆਤ ਕਰਨੀ ਹੀ ਬਹੁਤ ਵੱਡਾ ਕਦਮ ਹੁੰਦਾ ਹੈ l
ਇਹ ਸਭ ਆਸਾਂ ਰੱਖਦਾ ਹੋਇਆ ਨਵੇਂ ਸਾਲ ਨੂੰ ਜੀ ਆਇਆਂ ਆਖਦਾ ਹਾਂ ਅਤੇ ਨਵੀਆਂ ਸ਼ੁਰੂਆਤਾਂ ਕਰਨ ਲਈ ਮੁਬਾਰਕਾਂ ਦਿੰਦਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147