*ਕੁੱਝ ਸਿੱਖਣ ਅਤੇ ਸੋਚਣ ਦਾ ਵੇਲਾ*
-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਵਿੱਚ ਅੱਧੋਂ ਵੱਧ ਲੋਕ ਰੱਬ ਨੂੰ ਨਹੀਂ ਮੰਨਦੇ l ਇਸ ਕਰਕੇ ਇਸ ਨੂੰ ਦੁਨੀਆਂ ਦੇ ਬਹੁਤ ਲੋਕ ਨਾਸਤਿਕਾਂ ਦਾ ਮੁਲਕ ਵੀ ਕਹਿੰਦੇ ਹਨ l
ਨਿਊਜ਼ੀਲੈਂਡ ਵਿੱਚ ਸਭ ਤੋਂ ਪਹਿਲਾਂ ਦਿਨ ਚੜ੍ਹਦਾ ਹੈ ਭਾਵ ਸੂਰਜ ਦੇ ਦਰਸ਼ਣ ਹਰ ਰੋਜ਼ ਨਿਊਜ਼ੀਲੈਂਡ ਵਿੱਚ ਸਭ ਤੋਂ ਪਹਿਲਾਂ ਹੁੰਦੇ ਹਨ l ਭਾਰਤ ਵਿੱਚ ਬਹੁਤ ਲੋਕ ਸੂਰਜ ਨੂੰ ਦੇਵਤਾ ਵੀ ਮੰਨਦੇ ਹਨ l ਇਸ ਦਾ ਮਤਲਬ ਹੈ ਕਿ ਦੇਵਤਾ ਵੀ ਸਭ ਤੋਂ ਪਹਿਲਾਂ ਨਾਸਤਿਕਾਂ ਦੇ ਮੁਲਕ ਦੇ ਹੀ ਦਰਸ਼ਣ ਕਰਦਾ ਹੈ l ਸੂਰਜ ਨਾਸਤਿਕਾਂ ਨਾਲ ਐਨਾ ਪਿਆਰ ਕਰਦਾ ਹੈ ਕਿ ਉਹ ਰੱਬ ਨੂੰ ਮੰਨਣ ਵਾਲੇ ਲੋਕਾਂ ਤੋਂ ਪਹਿਲਾਂ ਨਾਸਤਿਕਾਂ ਦੇ ਦਰਸ਼ਣ ਕਰਨ ਨੂੰ ਚੰਗਾ ਸਮਝਦਾ ਹੈ l ਇਥੇ ਦੇ ਨਾਸਤਿਕ ਵੀ ਹਰ ਧਰਮ ਜਾਂ ਰੱਬ ਨੂੰ ਮੰਨਣ ਵਾਲੇ ਦਾ ਸਤਿਕਾਰ ਕਰਦੇ ਹਨ l
ਅੱਜ ਨਵਾਂ ਸਾਲ ਚੜ੍ਹਿਆ ਹੈ l ਉਹ ਵੀ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਚੜ੍ਹਿਆ ਹੈ l ਖੂਬ ਖੁਸ਼ੀਆਂ ਮਨਾਈਆਂ ਗਈਆਂ l ਬਹੁਤ ਪਾਰਟੀਆਂ ਹੋਈਆਂ ਅਤੇ ਅਜੇ ਵੀ ਜਾਰੀ ਹਨ l ਬਹੁਤ ਦੇਸ਼ਾਂ ਵਿੱਚ ਕਰੋਨਾ ਦੀ ਵਜ੍ਹਾ ਕਰਕੇ ਪਬੰਧੀਆਂ ਲੱਗੀਆਂ ਹੋਈਆਂ ਹਨ l ਇਥੇ ਪਬੰਧੀ ਨਾ ਹੋਣ ਕਰਕੇ ਸਭ ਕੁੱਝ ਆਮ ਦੀ ਤਰਾਂ ਹੀ ਹੈ l ਮੈਂ ਪੁਕੀਕੋਹੀ ਸ਼ਹਿਰ ਵਿੱਚ ਰਹਿੰਦਾ ਹਾਂ ਜੋ ਕਿ ਸਾਊਥ ਔਕਲੈਂਡ ਵਿੱਚ ਪੈਂਦਾ ਹੈ l ਮੇਰੀ ਜਾਣਕਾਰੀ ਅਨੁਸਾਰ ਇਥੇ ਇੱਕ ਵੀ ਕਰੋਨਾ ਦਾ ਕੇਸ ਅਜੇ ਤੱਕ ਨਹੀਂ ਆਇਆ ਹੈ ਹਾਲਾਂਕਿ ਆਲੇ ਦੁਆਲੇ ਦੇ ਚਾਰ ਪੰਜ ਪਿੰਡ ਵੀ ਇਥੋਂ ਹੀ ਸਮਾਨ ਦੀ ਖਰੀਦੋ ਫਰੋਖਤ ਕਰਨ ਆਉਂਦੇ ਹਨ ਪਰ ਫਿਰ ਵੀ ਸਭ ਠੀਕ ਠਾਕ ਹੈ l
ਭਾਵੇਂ ਕਿ ਅਸੀਂ ਨਵੇਂ ਸਾਲ ਤੇ ਇੱਕ ਦੂਜੇ ਨੂੰ ਵਧਾਈ ਦਿੰਦੇ ਹਾਂ ਅਤੇ ਸ਼ੁਭ ਇੱਛਾਵਾਂ ਵੀ ਭੇਜਦੇ ਹਾਂ ਪਰ ਜੇ ਬਰੀਕੀ ਨਾਲ ਦੇਖੀਏ ਤਾਂ ਇਸ ਦਿਨ ਖਾਸ ਕੀ ਹੁੰਦਾ ਹੈ ? ਸਿਰਫ ਦਿਨ, ਤਰੀਕ, ਮਹੀਨਾ ਅਤੇ ਸਾਲ ਬਦਲਦਾ ਹੈ l ਇਹ ਸਭ ਸਾਲ ਦੇ ਦੌਰਾਨ ਵੀ ਹੁੰਦਾ ਹੈ l ਸਿਰਫ ਸਾਲ ਦੌਰਾਨ ਸੰਨ ਨਹੀਂ ਬਦਲਦਾ l ਇਸ ਦਿਨ ਆਪੋ ਆਪਣੇ ਧਰਮ ਜਾਂ ਰੱਬ ਨੂੰ ਮੰਨਣ ਅਨੁਸਾਰ ਲੋਕ ਆਪਣੀ ਇੱਛਾ ਅਨੁਸਾਰ ਰੱਬ ਅੱਗੇ ਪ੍ਰਾਰਥਨਾਵਾਂ, ਦੁਆਵਾਂ ਅਤੇ ਅਰਦਾਸਾਂ ਕਰਦੇ ਹਨ l
ਕੰਮਾਂ ਕਾਰਾਂ ਵਿੱਚ ਛੁਟੀਆਂ ਹੁੰਦੀਆਂ ਹਨ ਅਤੇ ਲੋਕ ਘੁੰਮਣ ਫਿਰਨ ਚਲੇ ਜਾਂਦੇ ਹਨ l ਕਾਰੋਬਾਰੀ ਅਦਾਰੇ ਆਪਣੇ ਕਾਰੋਬਾਰ ਛੁਟੀਆਂ ਵਾਸਤੇ ਬੰਦ ਕਰਨ ਤੋਂ ਪਹਿਲਾਂ ਆਪਣੇ ਕਾਰੋਬਾਰ ਦੀ ਪੜਚੋਲ ਜਾਂ ਨਿਰੀਖਣ ਕਰਦੇ ਹਨ ਜਿਸ ਤੋਂ ਪਤਾ ਲੱਗ ਸਕੇ ਕਿ ਕਾਰੋਬਾਰ ਵਿੱਚ ਕਿਹੜੀ ਚੀਜ਼ ਕਰਨ ਨਾਲ ਫਾਇਦਾ ਹੋਇਆ ਅਤੇ ਕਿਹੜੀ ਨਾਲ ਨੁਕਸਾਨ ? ਇਸ ਨੂੰ ਦੇਖ ਕੇ ਉਹ ਆਪਣੇ ਅਗਲੇ ਸਾਲ ਵਾਸਤੇ ਨੀਤੀ ਬਣਾਉਂਦੇ ਹਨ ਤਾਂ ਕਿ ਉਹ ਹੋਰ ਕਾਮਯਾਬ ਹੋਣ l
ਰੱਬ ਤੇ ਯਕੀਨ ਰੱਖਣ ਵਾਲੇ ਇਸ ਦਿਨ ਆਪਣੇ ਕੀਤੇ ਦੀ ਪੜਚੋਲ ਨਹੀਂ ਕਰਦੇ l ਉਨ੍ਹਾਂ ਦਾ ਸਾਲ ਭਾਵੇਂ ਚੰਗਾ ਰਿਹਾ ਹੋਵੇ ਭਾਵੇਂ ਮਾੜਾ ਉਹ ਕਦੇ ਵੀ ਰੱਬ ਨੂੰ ਮਾੜਾ ਨਹੀਂ ਕਹਿੰਦੇ l ਭਾਵ ਉਨ੍ਹਾਂ ਪਿਛਲੇ ਸਾਲ ਵੀ ਅੱਜ ਦੀ ਤਰਾਂ ਹੀ ਪ੍ਰਾਰਥਨਾਵਾਂ, ਦੁਆਵਾਂ ਜਾਂ ਅਰਦਾਸਾਂ ਕੀਤੀਆਂ ਸਨ ਪਰ ਇਸ ਦੇ ਬਾਵਯੂਦ 2020 ਨੇ ਬਹੁਤਿਆਂ ਦੇ ਕੰਨੀਂ ਹੱਥ ਲਗਵਾ ਦਿੱਤੇ l ਇਸ ਦੇ ਬਾਵਯੂਦ ਅੱਜ ਵੀ ਉਨ੍ਹਾਂ ਉਹ ਹੀ ਕੀਤਾ ਜੋ ਪਿਛਲੇ ਸਾਲ ਕੀਤਾ ਸੀ l
ਬਹੁਤੇ ਕਾਰੋਬਾਰ ਆਪਣੀ ਕਾਰਗੁਜ਼ਾਰੀ ਤੇ ਸਰਵੇ (survey) ਕਰਵਾਉਂਦੇ ਰਹਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਕਿਹੜੀ ਚੀਜ਼ ਉਨ੍ਹਾਂ ਲਈ ਕੰਮ ਕਰਦੀ ਹੈ ਅਤੇ ਕਿਹੜੀ ਨਹੀਂ ? ਉਹ ਸਰਵੇ ਆਪਣੇ ਕਾਮਿਆਂ ਪ੍ਰਤੀ ਵੀ ਕਰਵਾਉਂਦੇ ਰਹਿੰਦੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਕਾਮੇ ਦੀ ਗਾਹਕਾਂ ਨਾਲ ਬੋਲ ਬਾਣੀ ਕਿਸ ਤਰਾਂ ਦੀ ਹੈ ?
ਰੱਬ ਦੇ ਨਾਮ ਤੇ ਕਿਸੇ ਕਿਸਮ ਦਾ ਕੋਈ ਸਰਵੇ (survey) ਵੀ ਨਹੀਂ ਹੁੰਦਾ l ਉਦਾਹਰਣ ਦੇ ਤੌਰ ਤੇ ਭਾਰਤ ਵਿੱਚ 135 ਕਰੋੜ ਦੇ ਕਰੀਬ ਅਬਾਦੀ ਹੋਣ ਕਰਕੇ ਘੱਟੋ ਘੱਟ ਹਰ ਰੋਜ 80 ਕਰੋੜ (ਬੱਚੇ ਕੱਢ ਕੇ) ਦੇ ਕਰੀਬ ਰੱਬ ਅੱਗੇ ਦੁਆਵਾਂ, ਪ੍ਰਾਰਥਨਾਵਾਂ ਜਾਂ ਅਰਦਾਸਾਂ ਹੁੰਦੀਆਂ ਹੋਣਗੀਆਂ ਪਰ ਉਹ ਸੁਣੀਆਂ ਕਿੰਨੀਆਂ ਜਾਂਦੀਆਂ ਹਨ ? ਇਹ ਆਪਾਂ ਭਲੀ ਭਾਂਤ ਜਾਣਦੇ ਹਾਂ l ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਇਹ ਜਾਨਣ ਦੇ ਬਾਵਯੂਦ ਅਸੀਂ ਮੰਨਣ ਨੂੰ ਵੀ ਤਿਆਰ ਨਹੀਂ l ਉਲਟਾ ਅਸੀਂ ਕਹੀ ਜਾਂਦੇ ਹਾਂ ਕਿ ਸੱਚੇ ਮਨੋਂ ਕੀਤੀ ਪ੍ਰਾਰਥਨਾ ਵਿਅਰਥ ਨਹੀਂ ਜਾਂਦੀ l ਸੋਚਣ ਦੀ ਲੋੜ ਹੈ ਕਿ ਜਦ ਪ੍ਰਾਰਥਨਾ ਮੰਨੀ ਨਹੀਂ ਜਾਂਦੀ ਤਾਂ ਕੀ 80 ਕਰੋੜ ਲੋਕ ਪ੍ਰਾਰਥਨਾ ਝੂਠੇ ਮਨੋਂ ਕਰਦੇ ਹਨ ? ਫਿਰ ਸੱਚੇ ਮਨ ਵਾਲੇ ਕਿਥੋਂ ਆਉਣਗੇ ਜਿਨ੍ਹਾਂ ਦੀ ਪ੍ਰਾਰਥਨਾ ਸੁਣੀ ਜਾਵੇ ? ਜਾਂ ਕੀ ਪ੍ਰਾਰਥਨਾ ਸੁਣਨ ਵਾਲਾ ਹੀ ਕੋਈ ਨਹੀਂ ਹੈ ? ਭਾਵ ਅਸੀਂ ਇਸ ਮਸਲੇ ਤੇ ਜਾਣਦੇ ਹੋਏ ਵੀ ਅੱਖਾਂ ਮੀਟ ਲੈਂਦੇ ਹਾਂ l
ਅੰਗਰੇਜ਼ੀ ਦੀ ਕਹਾਵਤ ਹੈ ਕਿ ‘If you do what you have always done, you will get what you have always got’. ਭਾਵ ਕਿ ਜੇ ਤੁਸੀਂ ਉਹ ਕੁੱਝ ਕਰੀ ਜਾਂਦੇ ਹੋ ਜੋ ਪਹਿਲਾਂ ਕਰਦੇ ਸੀ ਤਾਂ ਤੁਹਾਨੂੰ ਉਹ ਕੁੱਝ ਹੀ ਮਿਲੇਗਾ ਜੋ ਪਹਿਲਾਂ ਮਿਲਦਾ ਸੀ l ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਵੱਖਰੇ ਨਤੀਜੇ ਲਿਆਉਣ ਲਈ ਵੱਖਰੇ ਕੰਮ ਕਰਨੇ ਪੈਂਦੇ ਹਨ l
ਇਸ ਕਰਕੇ ਅੱਜ ਨਵੇਂ ਸਾਲ ਵਾਲੇ ਦਿਨ ਆਪਾਂ ਪ੍ਰਣ ਕਰੀਏ ਕੁੱਝ ਨਵਾਂ ਕਰਨ ਦੀ l ਆਪਣੀ ਪੜਚੋਲ ਕਰੀਏ l ਆਪਾਂ ਜਾਣੀਏ ਅਤੇ ਸੂਚੀ ਬਣਾਈਏ ਕਿ :-
*ਪਿਛਲੇ ਸਾਲ ਅਸੀਂ ਕੀ ਕੀ ਸਿੱਖਿਆ ?
*ਕੀ ਕੀ ਕੀਤਾ ਜਿਸ ਦੇ ਸਾਰਥਿਕ ਨਤੀਜੇ ਨਹੀਂ ਨਿਕਲੇ ?
*ਸੂਚੀ ਬਣਾਈਏ ਕਿ ਸਾਨੂੰ ਇਸ ਸਾਲ ਕੀ ਕੀ ਕਰਨ ਦੀ ਲੋੜ ਹੈ ਜਿਸ ਨਾਲ ਵੱਧ ਸਾਰਥਕ ਨਤੀਜੇ ਨਿਕਲਣ l
*ਸਾਲ ਦੌਰਾਨ ਅਸੀਂ ਕਿਹੜੀ ਲੋਕ ਭਲਾਈ ਕੀਤੀ ?
*ਕਿੰਨੇ ਲੋਕ ਸਾਡੀ ਵਜ੍ਹਾ ਕਰਕੇ ਖੁਸ਼ ਹੋਏ ?
*ਕਿੰਨੇ ਲੋਕ ਸਾਡੀ ਵਜ੍ਹਾ ਕਰਕੇ ਦੁਖੀ ਹੋਏ ?
*ਕਿੰਨੇ ਭੁੱਖਿਆਂ ਤੱਕ ਅਸੀਂ ਰਾਸ਼ਣ ਪਹੁੰਚਾਇਆ ?
*ਕਿੰਨੇ ਅਨਪੜ੍ਹਾਂ ਨੂੰ ਅਸੀਂ ਪੜ੍ਹਾਈ ਕਰਵਾਈ ?
*ਕਿੰਨੇ ਬੱਚਿਆਂ ਨੂੰ ਅਸੀਂ ਪੜ੍ਹਾਇਆ ?
*ਅਸੀਂ ਕਿਹੜੀ ਚੰਗੀ ਆਦਤ ਅਪਣਾਈ ?
*ਅਸੀਂ ਕਿਹੜੀ ਮਾੜੀ ਆਦਤ ਛੱਡੀ ?
*ਅਸੀਂ ਲਾਈਲੱਗਤਾ ਵਾਲੇ ਕਿੰਨੇ ਕੰਮ ਕੀਤੇ ?
*ਅਸੀਂ ਇਸ ਸਾਲ ਕਿਹੜਾ ਨਸ਼ਾ ਵਰਤਣਾ ਸ਼ੁਰੂ ਕੀਤਾ ?
*ਅਸੀਂ ਕਿਹੜਾ ਨਸ਼ਾ ਇਸ ਸਾਲ ਛੱਡਿਆ ?
*ਇੱਕ ਸਾਲ ਵਿੱਚ ਅਸੀਂ ਕਿੰਨਾ ਭਾਰ ਘਟਾਇਆ ?
*ਇੱਕ ਸਾਲ ਵਿੱਚ ਸਾਨੂੰ ਕਿਹੜੀ ਬਿਮਾਰੀ ਲੱਗੀ ?
*ਇੱਕ ਸਾਲ ਵਿੱਚ ਕਿਹੜੀ ਬਿਮਾਰੀ ਅਸੀਂ ਪਰਹੇਜ਼ ਕਰਕੇ ਹਟਾਈ ?
*ਇੱਕ ਸਾਲ ਵਿੱਚ ਕਿਹੜੀ ਐਕਸਰਸਾਈਜ਼ ਕੀਤੀ ?
*ਇੱਕ ਸਾਲ ਵਿੱਚ ਕਿੰਨੀ ਵਾਰ ਅਸੀਂ ਡਾਕਟਰ ਦਾ ਕਿਹਾ ਨਹੀਂ ਮੰਨਿਆ ?
*ਅਸੀਂ ਕਿੰਨੀ ਵਾਰੀ ਝੂਠ ਬੋਲੇ ?
*ਇੱਕ ਸਾਲ ਵਿੱਚ ਅਸੀਂ ਕਿੰਨੇ ਹੋਰ ਲੋਕਪੱਖੀ ਕੰਮ ਕੀਤੇ ?
*ਕਿੰਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੱਕ ਪੜ੍ਹਾਈ ਦਾ ਸਮਾਨ ਪਹੁੰਚਾਇਆ ?
*ਕਿੰਨੇ ਸਕੂਲਾਂ ਜਾਂ ਹਸਪਤਾਲਾਂ ਦੀ ਮੁਰੰਮਤ ਕਰਵਾਈ ਜਾਂ ਕਿੰਨੇ ਨਵੇਂ ਬਣਾਏ ?
*ਅਸੀਂ ਕਿੰਨੇ ਲੋਕ ਪੱਖੀ ਕੰਮ ਕਰਨ ਵਾਲੇ ਲੋਕਾਂ ਦੇ ਰਾਹਾਂ ਵਿੱਚ ਕੰਡੇ ਖਿਲਾਰੇ ?
*ਕੀ ਅਸੀਂ ਪੰਚਾਇਤਾਂ ਦੀਆਂ ਜ਼ਮੀਨਾਂ ਲਾਇਬ੍ਰੇਰੀਆਂ, ਸਕੂਲਾਂ ਜਾਂ ਹਸਪਤਾਲਾਂ ਨੂੰ ਦਿੱਤੀਆਂ ?
*ਕਿੰਨੇ ਲੋਕਾਂ ਤੋਂ ਅਸੀਂ ਰਿਸ਼ਵਤ ਲਈ ?
*ਕਿੰਨੇ ਲੋਕਾਂ ਨਾਲ ਠਗੀ ਕੀਤੀ ?
*ਕਿੰਨੇ ਲੋਕਾਂ ਦੀ ਝੂਠੀ ਚਾਪਲੂਸੀ ਕੀਤੀ ?
*ਆਪਣੀਆਂ ਵੋਟਾਂ ਪ੍ਰਤੀ ਜਾਂ ਆਪਣੇ ਹੱਕਾਂ ਪ੍ਰਤੀ ਕਿੰਨੇ ਜਾਗਰੂਕ ਹੋਏ ?
*ਕਿੰਨਿਆਂ ਦੇ ਝਗੜੇ ਨਿਬੇੜੇ ?
*ਕਿੰਨਿਆਂ ਦੇ ਝਗੜੇ ਕਰਵਾਏ ?
*ਕਿਹੜੇ ਕੰਮ ਅਸੀਂ ਮੁਫ਼ਤ ਕੀਤੇ ਅਤੇ ਕਿਹੜੇ ਪੈਸੇ ਲੈ ਕੇ l
*ਕਿੰਨੀ ਕੁ ਸੇਵਾ ਪੈਸੇ ਲੈ ਕੇ ਕੀਤੀ ਅਤੇ ਢੰਡੋਰਾ ਸੇਵਾ ਦਾ ਪਿੱਟਿਆ ?
*ਅਸੀਂ ਕਿੰਨੇ ਪਿੱਛੇ ਰਹਿ ਗਏ ਲੋਕਾਂ ਦਾ ਅੱਗੇ ਲਿਆਉਣ ਲਈ ਹੱਥ ਫੜਿਆ ?
*ਅਸੀਂ ਧਰਮ ਜਾਂ ਜਾਤ ਦੇ ਨਾਮ ਤੇ ਕਿੰਨੀ ਨਫਰਤ ਫੈਲਾਈ ਜਾਂ ਕਿੰਨਾ ਪਿਆਰ ਫੈਲਾਇਆ ?
*ਅਸੀਂ ਕਿੰਨੀ ਵਾਰ ਆਪਣੇ ਆਪ ਨੂੰ ਸਹੀ ਦੱਸਣ ਦੀ ਕੋਸ਼ਿਸ਼ ਕੀਤੀ ਜਦ ਕਿ ਸਾਨੂੰ ਪਤਾ ਸੀ ਕਿ ਅਸੀਂ ਗਲਤ ਹਾਂ ?
*ਜੇ ਸਰਕਾਰੀ ਨੌਕਰੀ ਕਰਦੇ ਹੋ ਤਾਂ ਕੀ ਤੁਸੀਂ ਸਮੇਂ ਸਿਰ ਨੌਕਰੀ ਤੇ ਪਹੁੰਚੇ ਅਤੇ ਤੁਹਾਡੀ ਉਥੇ ਆਏ ਲੋਕਾਂ ਨਾਲ ਬੋਲਬਾਣੀ ਕਿਹੋ ਜਿਹੀ ਸੀ ?
*ਜੇ ਸਰਕਾਰੀ ਨੌਕਰੀ ਕਰਦੇ ਹੋ ਤਾਂ ਕੀ ਤੁਹਾਨੂੰ ਅਹਿਸਾਸ ਸੀ ਕਿ ਤੁਸੀਂ ਲੋਕਾਂ ਦੇ ਨੌਕਰ ਹੋ ? ਲੋਕ ਤੁਹਾਡੇ ਨੌਕਰ ਨਹੀਂ l
*ਤੁਸੀਂ ਕਿੰਨੇ ਲੋਕਾਂ ਦੀ ਸਿਫਾਰਿਸ਼ ਮੰਨ ਕੇ ਦੂਜਿਆਂ ਦੇ ਹੱਕ ਖੋਹੇ ?
*ਜਿਸ ਅਦਾਰੇ ਵਿੱਚ ਕੰਮ ਕਰਦੇ ਹੋ l ਉਸ ਵਿੱਚ ਕੀ ਸੁਧਾਰ ਕੀਤੇ ?
*ਵਾਤਾਵਰਣ ਵਿੱਚ ਸੁਧਾਰ ਲਿਆਉਣ ਵਾਸਤੇ ਤੁਸੀਂ ਕੀ ਕੀਤਾ ?
*ਸਾਰੇ ਸਾਲ ਵਿੱਚ ਕਿੰਨੇ ਦਰੱਖਤ ਲਗਾਏ ਅਤੇ ਕਿੰਨੇ ਵੱਢੇ ?
*ਕੀ ਤੁਸੀਂ ਬਿਨਾਂ ਸਪਰੇ ਤੋਂ ਸਬਜ਼ੀਆਂ ਅਤੇ ਫ਼ਲ ਬੀਜੇ ਅਤੇ ਖਾਧੇ ?
*ਆਪਣੇ ਆਪ ਨੂੰ ਬਿਮਾਰੀ ਮੁਕਤ ਰੱਖਣ ਲਈ ਕੀ ਉਪਰਾਲੇ ਕੀਤੇ ?
*ਕਿੰਨੀਆਂ ਚੀਜ਼ਾਂ ਵਿੱਚ ਮਿਲਾਵਟ ਕਰਕੇ ਵੇਚੀਆਂ ?
*ਕੀ ਤੁਸੀਂ ਔਰਤਾਂ ਦੀ ਸੁਰੱਖਿਆ ਲਈ ਕੋਈ ਆਵਾਜ਼ ਉਠਾਈ ਜਾਂ ਕੋਈ ਉੱਦਮ ਕੀਤਾ ?
ਜੇ ਅਸੀਂ ਆਪਣੇ ਆਪ ਨੂੰ ਇਹ ਪ੍ਰਸ਼ਨ ਨਹੀਂ ਪੁੱਛਣੇ ਤਾਂ ਸਾਲ ਜਾਂ ਤਰੀਕਾਂ ਬਦਲਣ ਨਾਲ ਕੋਈ ਫਰਕ ਨਹੀਂ ਪਵੇਗਾ l ਸਿਰਫ ਤੁਹਾਡੀ ਕੰਧ ਤੇ ਲੱਗਿਆ ਕਲੰਡਰ ਹੀ ਬਦਲੇਗਾ l ਆਪਾਂ ਧਰਤੀ ਤੇ ਇੱਕ ਜੂਨ ਕੱਟ ਕੇ ਚਲੇ ਜਾਵਾਂਗੇ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ਼ ਨਹੀਂ ਕਰਨਗੀਆਂ l ਇਤਿਹਾਸ ਵਿੱਚ ਉਹ ਹੀ ਲਿਖਿਆ ਜਾਵੇਗਾ ਜੋ ਤੁਸੀਂ ਯੋਗਦਾਨ ਪਾਇਆ ਹੋਵੇਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
ਫੋਨ 006421392147