-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਦਾ ਸ਼ਹਿਰ ਔਕਲੈਂਡ ਦੁਨੀਆਂ ਦੇ ਮਹਿੰਗੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ l ਇਥੇ ਬਹੁਤ ਵੱਡੀ ਗਿਣਤੀ ਉਮਰ ਭਰ ਘਰ ਨਹੀਂ ਖਰੀਦ ਸਕਦੀ l ਵਧਦੀਆਂ ਕੀਮਤਾਂ ਕਰਕੇ ਹਰ ਇੱਕ ਵਾਸਤੇ ਘਰ ਖਰੀਦਣਾ ਇੱਕ ਸੁਪਨਾ ਹੁੰਦਾ ਜਾ ਰਿਹਾ ਹੈ l
ਨਵੀਂ ਪੀੜ੍ਹੀ ਜੋ ਭਾਰਤ ਤੋਂ ਨਿਊਜ਼ੀਲੈਂਡ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਨੂੰ ਸਭ ਕੁੱਝ ਜ਼ੀਰੋ ਤੋਂ ਹੀ ਸ਼ੁਰੂ ਕਰਨਾ ਪੈਂਦਾ ਹੈ l ਜਿਆਦਾ ਪੜ੍ਹੇ ਲਿਖੇ ਹੋਣ ਕਰਕੇ ਕੰਮ ਤਾਂ ਤਕਰੀਬਨ ਹਰ ਇੱਕ ਨੂੰ ਮਿਲ ਜਾਂਦਾ ਹੈ ਪਰ ਘਰ ਖਰੀਦਣ ਲਈ ਡਿਪੋਸਿਟ ਵਾਸਤੇ ਪੈਸੇ ਨਹੀਂ ਜੁੜਦੇ l
ਅੱਜ ਇਸ ਲੇਖ ਵਿੱਚ ਪਹਿਲਾਂ ਦੇਖਾਂਗੇ ਕਿ ਘਰ ਦੇ ਡਿਪੋਸਿਟ ਵਾਸਤੇ ਪੈਸੇ ਕਿਸ ਤਰਾਂ ਜੋੜਨੇ ਹਨ ਅਤੇ ਫਿਰ ਦੇਖਾਂਗੇ ਕਿ ਘਰ ਕਿਸ ਤਰਾਂ ਖਰੀਦਣਾ ਹੈ ਉਹ ਵੀ ਸਿਰਫ ਇੱਕ ਸਾਲ ਵਿੱਚ ਅਤੇ ਕਿਸ਼ਤ ਕਿਵੇਂ ਅਰਾਮ ਨਾਲ ਦੇਣੀ ਹੈ ?
ਉਦਾਹਰਣ ਵਿੱਚ ਦੇਖਾਂਗੇ ਕਿ ਦੋ ਨਵੇਂ ਵਿਆਹੇ ਜੋੜੇ ਭਾਰਤ ਤੋਂ ਆਉਂਦੇ ਹਨ ਜੋ ਨਿਊਜ਼ੀਲੈੰਡ ਆ ਕੇ ਇੱਕ ਦੂਜੇ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀ ਆਪਸ ਵਿੱਚ ਚੰਗੀ ਬਣਦੀ ਹੈ l ਦੋਵੇਂ ਜੋੜੇ ਆਪਣਾ ਘਰ ਖਰੀਦਣਾ ਚਾਹੁੰਦੇ ਹਨ ਪਰ ਕੋਈ ਰਸਤਾ ਦਿਖਾਈ ਨਹੀਂ ਦਿੰਦਾ l
ਦੋਵੇਂ ਜੋੜੇ ਕਿਸੇ ਹੋਰ ਪਰਿਵਾਰ ਦੇ ਨਾਲ ਬੋਰਡਰ ਦੇ ਤੌਰ ਤੇ ਰਹਿਣਾ ਸ਼ੁਰੂ ਕਰਦੇ ਹਨ ਜਿਸ ਦਾ ਹਫਤੇ ਦਾ ਖਰਚਾ $150 ਪ੍ਰਤੀ ਵਿਅਕਤੀ ਹੈ ਭਾਵ ਚਾਰ ਜਣਿਆਂ ਨੂੰ ਹਫਤੇ ਦਾ ਛੇ ਸੌ ਡਾਲਰ ਬੋਰਡਰ ਦਾ ਖਰਚਾ ਦੇਣਾ ਪੈਂਦਾ ਹੈ ਜਿਸ ਵਿੱਚ ਗਰੌਸਰੀ ਦਾ ਖਰਚਾ, ਇੰਟਰਨੈਟ ਦਾ ਖਰਚਾ, ਬਿਜਲੀ ਦਾ ਖਰਚਾ ਅਤੇ ਪਾਣੀ ਦਾ ਖਰਚਾ ਸ਼ਾਮਲ ਹੁੰਦਾ ਹੈ l ਉਨ੍ਹਾਂ ਕੋਲ ਦੋ ਕਾਰਾਂ ਹਨ ਜਿਨ੍ਹਾਂ ਦਾ ਖਰਚਾ ਹਫਤੇ ਦਾ $200 ਹੈ l ਕਾਰਾਂ ਦਾ ਖਰਚਾ ਅਤੇ ਬੋਰਡ ਦਾ ਖਰਚਾ ਮਿਲਾ ਕੇ ਹਫਤੇ ਦਾ ਖਰਚਾ $800 ਹੋ ਗਿਆ l ਇਸ ਤੋਂ ਇਲਾਵਾ $200 ਹੋਰ ਕੋਈ ਖਰਚਾ ਹੈ ਜਿਸ ਨੂੰ ਮਿਲਾ ਕੇ ਹਫਤੇ ਦਾ ਖਰਚਾ $1000 ਪ੍ਰਤੀ ਹਫਤਾ ਹੋ ਗਿਆ l
ਉਹ ਚਾਰੇ ਜਣੇ ਘੱਟ ਤੋਂ ਘੱਟ ਤਨਖਾਹ (minimum wage) ਤੇ ਨੌਕਰੀ ਕਰਦੇ ਹਨ l ਨਿਊਜ਼ੀਲੈਂਡ ਵਿੱਚ ਘੱਟ ਤੋਂ ਘੱਟ ਤਨਖਾਹ $18.90 ਪ੍ਰਤੀ ਘੰਟਾ ਅਤੇ 8% ਛੁਟੀਆਂ ਦੇ ਪੈਸੇ ਮਿਲਦੇ ਹਨ l ਛੁਟੀਆਂ ਦੇ ਪੈਸੇ ਮਿਲਾ ਕੇ ਤਨਖਾਹ $20.41 ਪ੍ਰਤੀ ਘੰਟਾ ਹੋ ਗਈ l ਹਰ ਇੱਕ ਚਾਲੀ ਘੰਟੇ ਹਫਤੇ ਦੇ ਕੰਮ ਕਰਦਾ ਹੈ l ਉਸ ਮੁਤਾਬਕ ਪ੍ਰਤੀ ਵਿਅਕਤੀ ਦੀ ਆਮਦਨ ਹੇਠ ਲਿਖੇ ਅਨੁਸਾਰ ਹੋਵੇਗੀ :-
40 ਘੰਟੇ x $20.41=$816.40
ਘੱਟ ਟੈਕਸ = -$142.87
———————–
ਟੈਕਸ ਤੋਂ ਬਾਦ ਆਮਦਨ=$673.53
————————
ਚਾਰ ਵਿਅਕਤੀਆਂ ਦੀ ਹਫਤੇ ਦੀ ਆਮਦਨ ਟੈਕਸ ਤੋਂ ਬਾਦ
$673.53×4 ਵਿਅਕਤੀ = $2,694.12
ਚਾਰ ਵਿਅਕਤੀਆਂ ਦਾ ਖਰਚਾ-$1,000.00
————————
ਹਫਤੇ ਦੀ ਬੱਚਤ ਚਾਰਾਂ ਦੀ $1,694.12
ਸਾਲ ਦੀ ਆਮਦਨ (52 ਹਫਤੇ ) x 52 ਹਫਤੇ
—————–
ਸਭ ਦੀ ਬੱਚਤ ਸਾਲ ਦੀ $88,094.24
—————-
ਹੁਣ ਉਹ ਇੱਕ ਸਾਲ ਬਾਦ ਸਾਂਝਾ ਚਾਰ ਬੈੱਡਰੂਮ ਵਾਲਾ ਘਰ ਖਰੀਦਦੇ ਹਨ ਸਾਊਥ ਔਕਲੈਂਡ ਵਿੱਚ ਜੋ ਕਿ $700,000 ਦੀ ਕੀਮਤ ਵਾਲਾ ਹੈ l ਹਿਸਾਬ ਥੱਲੇ ਦਿੱਤੇ ਮੁਤਾਬਕ ਹੋਵੇਗਾ :-
ਘਰ ਦੀ ਕੀਮਤ $700,000
ਡਿਪੋਸਿਟ 10% – $70,000
ਵਿਆਜ 2.5% ਸਲਾਨਾ
ਕਰਜ਼ੇ ਦੀ ਅਦਾਇਗੀ ਦਾ ਸਮਾਂ 25 ਸਾਲ
ਹਫਤੇ ਦੀ ਕਿਸ਼ਤ $649 ਪ੍ਰਤੀ ਹਫਤਾ
ਹਰ ਇੱਕ ਦੇ ਹਿੱਸੇ ਆਈ ਕਿਸ਼ਤ :-
$649/4=$162.25 ਪ੍ਰਤੀ ਵਿਅਕਤੀ
ਇਕੱਲਾ ਇਕੱਲਾ ਵਿਅਕਤੀ $162.25 ਪ੍ਰਤੀ ਹਫਤਾ ਕਿਸ਼ਤ ਦੇ ਕੇ ਘਰ ਦਾ ਮਾਲਕ ਬਣ ਗਿਆ ਸਿਰਫ ਇੱਕ ਸਾਲ ਵਿੱਚ l
ਡਿਪੋਸਿਟ ਦੇਣ ਤੋਂ ਬਾਦ ਵੀ ਉਨ੍ਹਾਂ ਕੋਲ ਇੱਕ ਸਾਲ ਦੀ ਆਮਦਨ ਵਿੱਚੋਂ $18,000 ਬਚ ਗਿਆ l
ਹੁਣ ਕੁੱਝ ਵਿਅਕਤੀ ਕਹਿ ਸਕਦੇ ਹਨ ਕਿ ਏਨੇ ਪੈਸੇ ਬਚਦੇ ਨਹੀਂ l ਜੇ ਨਹੀਂ ਬਚਦੇ ਤਾਂ ਉਪਰਲਾ ਬਚਿਆ ਹੋਇਆ $18,000 ਵੀ ਖਰਚੇ ਵਿੱਚ ਗਿਣ ਲਵੋ l ਘਰ ਦੇ ਡਿਪੋਸਿਟ ਜਿੰਨੇ ਪੈਸੇ ਫਿਰ ਵੀ ਇੱਕ ਸਾਲ ਵਿੱਚ ਬਚ ਗਏ l
ਇਸੇ ਤਰਾਂ ਦੋ ਸਾਲਾਂ ਬਾਦ ਉਹ ਦੂਜਾ ਘਰ ਖਰੀਦ ਸਕਦੇ ਹਨ l ਦੂਜੇ ਘਰ ਨੂੰ ਉਹ ਕਿਰਾਏ ਤੇ ਵੀ ਦੇ ਸਕਦੇ ਹਨ ਅਤੇ ਖੁਦ ਇਕੱਲੇ ਇਕੱਲੇ ਵੀ ਰਹਿ ਸਕਦੇ ਹਨ l
ਹੁਣ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਜੇ ਉਹ ਚਾਰੇ ਵਿਅਕਤੀ ਫੈਸਲਾ ਕਰਦੇ ਹਨ ਕਿ ਅਸੀਂ ਘਰ ਇਸ ਤੋਂ ਵੀ ਜਲਦੀ ਲੈਣਾ ਹੈ ਤਾਂ ਉਹ ਇੱਕ ਸਾਲ 40 ਘੰਟੇ ਪ੍ਰਤੀ ਹਫਤੇ ਦੀ ਬਜਾਏ 48 ਘੰਟੇ ਹਫਤੇ ਦੇ ਕੰਮ ਕਰਦੇ ਹਨ ਭਾਵ ਹਫਤੇ ਦਾ ਪੰਜ ਦੀ ਬਜਾਏ ਛੇ ਦਿਨ ਕੰਮ ਕਰਦੇ ਹਨ l ਇਸ ਤਰਾਂ ਕਰਨ ਨਾਲ ਉਨ੍ਹਾਂ ਦੀ ਆਮਦਨ 20% ਵਧ ਜਾਵੇਗੀ ਜੋ ਕਿ ਸਾਰਿਆਂ ਦੀ ਰਲਾ ਕੇ ਸਲਾਨਾ $28,000 ਦੇ ਕਰੀਬ ਬਣੇਗੀ ਜਿਸ ਦਾ ਭਾਵ ਕਿ ਘਰ ਇੱਕ ਸਾਲ ਦੀ ਬਜਾਏ ਉਹ 9 ਮਹੀਨੇ ਵਿੱਚ ਵੀ ਖਰੀਦ ਲੈਣਗੇ l
ਮੈਂ ਖੁਦ ਕਿਸੇ ਨਾਲ ਬੋਰਡਿੰਗ ਕਰਨ ਤੋਂ ਬਿਨਾਂ ਓਵਰਸਟੇ ਹੁੰਦੇ ਨੇ ਵੀ ਦੋ ਘਰ ਖਰੀਦ ਲਏ ਸੀ l ਉਸ ਸਮੇਂ ਬੈਂਕ ਦਾ ਵਿਆਜ਼ ਦੁਗਣੇ ਤੋਂ ਵੀ ਵੱਧ ਸੀ l
ਨੋਟ :- ਇਹ ਲੇਖ ਮੇਰੇ ਆਪਣੇ ਤਜਰਬੇ ਤੇ ਅਧਾਰਤ ਹੈ l ਮੈਂ ਫਾਇਨੈਨਸ਼ੀਅਲ ਅਡਵਾਈਜ਼ਰ ਨਹੀਂ ਹਾਂ l ਇਸ ਕਰਕੇ ਇਹ ਉੱਪਰ ਦਿੱਤੀ ਜਾਣਕਾਰੀ ਆਪਣੇ ਫਾਇਨੈਨਸ਼ੀਅਲ ਅਡਵਾਈਜ਼ਰ ਨਾਲ ਵਰਤਣ ਤੋਂ ਪਹਿਲਾਂ ਚੈੱਕ ਕਰਨੀ ਜ਼ਰੂਰੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147