ਦਿਹਾੜੀਦਾਰ/ਮਜ਼ਦੂਰ ਦਾ ਕੋਈ ਮੁਲਕ ਨਹੀਂ ਹੁੰਦਾ l ਉਸ ਨੂੰ ਜਿੱਥੇ ਵੀ ਰੋਜ਼ਗਾਰ ਮਿਲਦਾ ਹੈ ਉਹ ਉੱਥੇ ਹੀ ਡੇਰਾ ਲਾ ਲੈਂਦਾ ਹੈ l ਉਸ ਦੀਆਂ ਅਗਲੀਆਂ ਪੀੜ੍ਹੀਆਂ ਉੱਥੇ ਦੀ ਹੀ ਬੋਲੀ ਸਿੱਖ ਲੈਂਦੀਆਂ ਹਨ, ਉੱਥੇ ਹੀ ਪੜ੍ਹਦੀਆਂ ਅਤੇ ਉੱਥੇ ਹੀ ਰੋਜ਼ਗਾਰ ਜਾਂ ਕਾਰੋਬਾਰ ਕਰਦੀਆਂ ਹਨ l ਵੱਡੀ ਗਿਣਤੀ ਉੱਥੇ ਦਾ ਹੀ ਕਲਚਰ ਅਪਣਾ ਲੈਂਦੀ ਹੈ ਅਤੇ ਬਹੁਤਿਆਂ ਦੇ ਵਿਆਹ ਸ਼ਾਦੀ ਵੀ ਉੱਥੇ ਹੀ ਹੁੰਦੇ ਹਨ l
ਕਈਆਂ ਨੂੰ ਉਪਰੋਕਤ ਸਭ ਕੁੱਝ ਚੰਗਾ ਲੱਗ ਸਕਦਾ ਹੈ ਅਤੇ ਕਈਆਂ ਨੂੰ ਮਾੜਾ l ਸਚਾਈ ਹੈ ਕਿ ਚੰਗਾ ਜਾਂ ਮਾੜਾ ਲੱਗਣ ਨਾਲ ਸਚਾਈ ਨਹੀਂ ਬਦਲਦੀ l
ਇਹ ਕਿਹਾ ਜਾ ਸਕਦਾ ਹੈ ਕਿ ਪ੍ਰਵਾਸ ਮਨੁੱਖ ਨਾਲ ਮੁੱਢ ਤੋਂ ਹੀ ਜੁੜਿਆ ਹੋਇਆ ਹੈ l ਪੰਜਾਬ ਤੋਂ ਵੱਡੀ ਗਿਣਤੀ ਵਿਦੇਸ਼ਾਂ ਵਿੱਚ ਰੋਜ਼ਗਾਰ ਖਾਤਰ ਜਾ ਕੇ ਵਸ ਗਈ ਅਤੇ ਪ੍ਰਵਾਸੀ ਮਜ਼ਦੂਰ ਪੰਜਾਬ ਆ ਕੇ ਵਸ ਗਏ ਜਿਨ੍ਹਾਂ ਨੂੰ ਬਈਏ ਕਿਹਾ ਜਾਂਦਾ ਹੈ l
ਵੱਡੀ ਗਿਣਤੀ ਨੂੰ ਪੰਜਾਬੀਆਂ ਤੇ ਮਾਣ ਹੈ ਜਿਹੜੇ ਪਰਦੇਸੀ ਹੋਏ ਅਤੇ ਉਨ੍ਹਾਂ ਵਿਦੇਸ਼ਾਂ ਵਿੱਚ ਘਰ, ਜ਼ਮੀਨ ਜਾਇਦਾਦ, ਧਨ ਦੌਲਤ ਇਕੱਠਾ ਕੀਤਾ, ਵਿਦੇਸ਼ ਵਿੱਚ ਤੇ ਪੰਜਾਬ ਵਿੱਚ ਕੋਠੀਆਂ ਪਾਈਆਂ ਅਤੇ ਕਈਆਂ ਰਾਜਨੀਤੀ ਅਤੇ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ l
ਇਸੇ ਤਰਾਂ ਪ੍ਰਵਾਸੀਆਂ ਪੰਜਾਬ ਵਿੱਚ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਰਨਗੇ l ਇਹ ਕੁੱਝ ਗਿਣਤੀ ਨੂੰ ਚੰਗਾ ਨਹੀਂ ਲਗਦਾ ਅਤੇ ਕੁੱਝ ਨੂੰ ਚੰਗਾ ਲਗਦਾ ਹੈ l ਸਚਾਈ ਇਹ ਹੈ ਕਿ ਚੰਗਾ ਲੱਗੇ ਜਾਂ ਨਾ ਇਹ ਤਾਂ ਹੋਣਾ ਹੀ ਹੈ l ਇਹ ਹਰ ਪ੍ਰਵਾਸੀ ਨਾਲ ਹੁੰਦਾ ਹੈ l
ਜਿਆਦਾ ਲੋਕ ਪ੍ਰਵਾਸੀ ਉਹ ਹੀ ਹੁੰਦੇ ਹਨ ਜੋ ਮਿਹਨਤੀ ਹੁੰਦੇ ਹਨ l ਮਿਹਨਤੀ ਇਨਸਾਨ ਆਪਣੀ ਮਿਹਨਤ ਸਦਕਾ ਸਭ ਕੁੱਝ ਬਣਾ ਲੈਂਦਾ ਹੈ ਅਤੇ ਵਿਹਲੜ੍ਹ ਇਨਸਾਨ ਸਭ ਕੁੱਝ ਗੁਆ ਲੈਂਦਾ ਹੈ l
ਜ਼ਰੂਰਤ ਹੈ ਆਪਣੇ ਆਪ ਨੂੰ ਕਿਰਤ ਨਾਲ ਜੋੜਨ ਦੀ ਤਾਂ ਕਿ ਸਾਡੇ ਕਦਮ ਤਰੱਕੀ ਵੱਲ ਨੂੰ ਵਧਣ ਅਤੇ ਸਾਡੇ ਬੱਚਿਆਂ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਕੀਤੀ ਤਰੱਕੀ ਤੇ ਮਾਣ ਹੋਵੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147