ਜਿਸ ਤਰਾਂ ਸਾਨੂੰ ਜਿਉਣ ਲਈ ਕੁੱਲੀ, ਗੁੱਲੀ ਅਤੇ ਜੁੱਲੀ ਦੀ ਲੋੜ ਹੁੰਦੀ ਹੈ ਉਸੇ ਤਰਾਂ ਹੀ ਤੰਦਰੁਸਤ ਸਮਾਜ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਪਰ ਇਨ੍ਹਾਂ ਦਿਨਾਂ ਵਿੱਚ ਦੇਖਿਆ ਜਾਵੇ ਤਾਂ ਤੰਦਰੁਸਤੀ ਸਮਾਜ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ ਅਤੇ ਭੱਜ ਨੱਠ ਵੱਧ ਪਈ ਹੋਈ ਹੈ l
ਨਿਊਜ਼ੀਲੈਂਡ ਵਿੱਚ ਕੰਮ ਕਰਨ ਵਾਲੇ ਆਸਟ੍ਰੇਲੀਆ ਨੂੰ ਜਾ ਰਹੇ ਹਨ l ਉਹ ਕਹਿੰਦੇ ਹਨ ਕਿ ਉਥੇ ਤਨਖਾਹ ਵੱਧ ਹੈ ਅਤੇ ਖਰਚਾ ਘੱਟ l
ਨਿਊਜ਼ੀਲੈਂਡ ਵਿੱਚ ਕਾਫੀ ਬਿਜ਼ਨਸ ਬੰਦ ਹੋ ਰਹੇ ਹਨ l ਉਹ ਕਹਿ ਰਹੇ ਹਨ ਕਿ ਖਰਚੇ ਬਹੁਤ ਵਧ ਗਏ ਹਨ, ਸਾਨੂੰ ਬਿਜ਼ਨਸ ਕਰਨਾ ਵਾਰਾ ਨਹੀਂ ਖਾਂਦਾ l
ਜਿਹੜੇ ਲੋਕ ਸਰਕਾਰੀ ਭੱਤੇ ਤੇ ਬੈਠੇ ਹਨ ਉਹ ਕਹਿੰਦੇ ਹਨ ਕਿ ਅਸੀਂ ਨਿਊਜ਼ੀਲੈਂਡ ਹੀ ਰਹਿਣਾ ਹੈ ਕਿਉਂਕਿ ਇਥੇ ਵਿਹਲਿਆਂ ਨੂੰ ਪੈਸੇ ਮਿਲਦੇ ਹਨ l ਸਵਾਲ ਇਹ ਹੈ ਕਿ ਉਹ ਪੈਸੇ ਆਉਣਗੇ ਕਿੱਥੋਂ?
ਨਿਊਜ਼ੀਲੈਂਡ ਵਿੱਚ ਬਜ਼ੁਰਗਾਂ ਦੀ ਗਿਣਤੀ ਬਹੁਤ ਜਿਆਦਾ ਹੈ ਜੋ ਅਜੇ ਵੀ ਵਧ ਰਹੀ ਹੈ l ਉਹ ਸਭ ਪੈਨਸ਼ਨ ਤੇ ਜਾ ਰਹੇ ਹਨ l ਉਹ ਪੈਸਾ ਕਿੱਥੋਂ ਆਵੇਗਾ?
ਲੋਕ ਨਸ਼ੇ ਦੇ ਆਦੀ ਹੋ ਰਹੇ ਹਨ ਅਤੇ ਫਿਰ ਲੁੱਟਾਂ ਖੋਹਾਂ ਵੱਲ ਵਧ ਰਹੇ ਹਨ l ਲੁੱਟ ਖੋਹ ਵੀ ਉਨ੍ਹਾਂ ਦੀ ਹੋ ਰਹੀ ਹੈ ਜਿਹੜੇ ਦਿਹਾੜੀਆਂ ਕਰਦੇ ਹਨ ਅਤੇ ਘਰ ਆਉਂਦਿਆਂ ਪਤਾ ਲਗਦਾ ਹੈ ਕਿ ਚੋਰਾਂ ਨੇ ਘਰ ਖਾਲੀ ਕਰ ਦਿੱਤਾ ਹੈ l ਕਈ ਇਲਾਕਿਆਂ ਵਿੱਚ ਤਾਂ ਘਰਾਂ ਦੇ ਬਾਹਰੋਂ ਚੋਰ ਜੁੱਤੀਆਂ ਵੀ ਚੁੱਕ ਲਿਜਾਂਦੇ ਹਨ l ਸੋਚਣ ਦੀ ਲੋੜ ਹੈ ਕਿ ਜਿਹੜੇ ਲੋਕਾਂ ਨੂੰ ਜੁੱਤੀਆਂ ਦੀ ਘਾਟ ਮਹਿਸੂਸ ਹੋਣ ਲੱਗ ਪਵੇ ਤਾਂ ਉਨ੍ਹਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ?
ਸੋਨੇ ਦੀਆਂ ਦੁਕਾਨਾਂ, ਠੇਕੇ, ਡੇਅਰੀ ਸ਼ੌਪਾਂ ਅਤੇ ਹੋਰ ਬਿਜ਼ਨਸਾਂ ਉੱਪਰ ਹਥਿਆਰਾਂ ਨਾਲ ਲੁੱਟ ਹੁੰਦੀ ਹੈ ਜਿਸ ਵਿੱਚ ਕਾਮੇ ਅਤੇ ਮਾਲਕ ਜ਼ਖਮੀ ਹੋ ਜਾਂਦੇ ਹਨ ਜਿਸ ਕਾਰਣ ਬੀਮਾ ਕੰਪਨੀਆਂ ਕਿਸ਼ਤਾਂ ਵਧਾ ਦਿੰਦੀਆਂ ਹਨ l ਨਤੀਜਾ ਇਹ ਹੁੰਦਾ ਹੈ ਕਿ ਕਾਰੋਬਾਰ ਬੰਦ ਹੋਣ ਦੇ ਕਿਨਾਰੇ ਹੋ ਜਾਂਦੇ ਹਨ l
ਪ੍ਰਾਈਵੇਟ ਕੰਪਨੀਆਂ ਉੱਪਰ ਸਬੰਧਤ ਮਹਿਕਮੇ ਦਬਾਅ ਪਾਉਂਦੇ ਹਨ ਕਿ ਕਾਮਿਆਂ ਨੂੰ ਕੰਮ ਕਰਨ ਲਈ ਸੁਰੱਖਿਅਤ ਮਹੌਲ ਦੇਣ ਦੀ ਲੋੜ ਹੈ ਤਾਂ ਕਿ ਕਾਮਿਆਂ ਦੇ ਕੋਈ ਸੱਟ ਚੋਟ ਨਾ ਲੱਗੇ l ਇਸ ਵਾਸਤੇ ਕੰਪਨੀਆਂ ਵਲੋਂ ਕਾਮਿਆਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ l ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਕਾਮਿਆਂ ਨੂੰ ਕੰਮ ਉੱਪਰ ਸੁਰੱਖਿਆ ਦੇਣੀ ਬਹੁਤ ਜ਼ਰੂਰੀ ਹੈ l ਕੀ ਇਸ ਦੇ ਨਾਲ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਕਾਰੋਬਾਰਾਂ ਨੂੰ ਕਾਰੋਬਾਰ ਕਰਨ ਲਈ ਸੁਰੱਖਿਅਤ ਮਹੌਲ ਦਿੱਤਾ ਜਾਵੇ? ਸਰਕਾਰ ਵਲੋਂ ਕਾਰੋਬਾਰਾਂ ਤੋਂ ਟੈਕਸ ਵਸੂਲਿਆ ਜਾਂਦਾ ਹੈ ਪਰ ਸੁਰੱਖਿਅਤ ਮਹੌਲ ਨਹੀਂ ਦਿੱਤਾ ਜਾਂਦਾ l
ਜੇਲ੍ਹਾਂ ਵਿੱਚ ਫਾਈਵ ਸਟਾਰ ਹੋਟਲਾਂ ਵਾਂਗ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਕੈਦੀਆਂ ਦੇ ਹੱਕਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ l ਜਿਹੜੇ ਮਿਹਨਤੀ ਲੋਕਾਂ ਦੇ ਹੱਕ ਕੁਚਲੇ ਜਾਂਦੇ ਹਨ ਉਨ੍ਹਾਂ ਬਾਰੇ ਬਹੁਤਾ ਧਿਆਨ ਹੀ ਨਹੀਂ ਦਿੱਤਾ ਜਾਂਦਾ l
ਲੋਕਾਂ ਨੂੰ ਘਰਾਂ ਦੇ ਕਿਰਾਏ ਅਤੇ ਕਿਸ਼ਤਾਂ ਬਹੁਤ ਜਿਆਦਾ ਲੱਗ ਰਹੇ ਹਨ ਕਿਉਂਕਿ ਖਰਚੇ ਦੇ ਹਿਸਾਬ ਨਾਲ ਉਨ੍ਹਾਂ ਦੀ ਆਮਦਨ ਘੱਟ ਹੈ l ਨਤੀਜੇ ਵਜੋਂ ਇੱਕੋ ਘਰ ਵਿੱਚ ਜਿਆਦਾ ਗਿਣਤੀ ਲੋਕ ਰਹਿਣਾ ਸ਼ੁਰੂ ਕਰ ਦਿੰਦੇ ਹਨ l ਫਿਰ ਸਰਕਾਰੀ ਮਹਿਕਮੇ ਆ ਜਾਂਦੇ ਹਨ ਕਿ ਤੁਸੀਂ ਘਰ ਵਿੱਚ ਜਿਆਦਾ ਲੋਕ ਕਿਉਂ ਰੱਖੇ ਹਨ? ਸਵਾਲ ਪੈਦਾ ਹੁੰਦਾ ਹੈ ਕਿ ਜੇ ਘਰ ਵਿੱਚ ਰਹਿਣ ਵਾਲੇ ਜਿਆਦਾ ਹੋਣ ਕਾਰਣ ਘਰ ਵਿੱਚੋਂ ਕੱਢ ਦਿੱਤੇ ਜਾਣ ਤਾਂ ਕੀ ਉਹ ਸੜਕ ਤੇ ਸੌਣਗੇ?
ਜੋ ਵਰਕ ਪਰਮਿਟ ਤੇ ਆਏ ਹੋਏ ਹਨ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਵਰਕ ਪਰਮਿਟ ਵਧਾਉਣ ਵਿੱਚ ਤੰਗੀ ਆ ਰਹੀ ਹੈ l ਉਹ ਇੰਡੀਆ ਵਿੱਚੋਂ ਵੀ ਕਰਜ਼ਾ ਚੁੱਕ ਕੇ ਆਏ ਹੋਏ ਹਨ ਅਤੇ ਉਨ੍ਹਾਂ ਦੇ ਬੱਚੇ ਸਕੂਲ ਛੱਡ ਕੇ ਆਏ ਹੋਏ ਹਨ l ਹੁਣ ਇਮੀਗ੍ਰੇਸ਼ਨ ਕਹਿ ਰਹੀ ਹੈ ਕਿ ਤੁਸੀਂ ਅੰਗਰੇਜ਼ੀ ਸਿੱਖੋ l ਉਹ ਵਿਚਾਰੇ ਅੰਗਰੇਜ਼ੀ ਸਿੱਖਣ ਜਾਂ ਕੰਮ ਕਰਨ? ਜੇ ਉਨ੍ਹਾਂ ਨੂੰ ਮੁਲਕ ਛੱਡਣਾ ਪਵੇ ਤਾਂ ਉਨ੍ਹਾਂ ਦਾ ਪੰਜਾਬ ਵਿੱਚ ਮੁੜ ਵਸਣਾ ਕਿੰਨਾ ਔਖਾ ਹੋਵੇਗਾ?
ਨਿਊਜ਼ੀਲੈਂਡ ਵਿੱਚ ਇਲਾਜ ਕਰਾਉਣ ਲਈ ਕਾਫੀ ਸਮਾਂ ਉਡੀਕ ਕਰਨੀ ਪੈਂਦੀ ਹੈ ਕਿਉਂਕਿ ਹੈਲਥ ਪ੍ਰਫੈਸ਼ਨਲਾਂ ਦੀ ਘਾਟ ਹੈ l ਬਹੁਤੇ ਹੈਲਥ ਪ੍ਰਫੈਸ਼ਨਲ ਨਿਊਜ਼ੀਲੈਂਡ ਆਉਣਾ ਹੀ ਨਹੀਂ ਚਾਹੁੰਦੇ ਕਿਉਂਕਿ ਰਿਹਾਇਸ਼ ਬਹੁਤ ਮਹਿੰਗੀ ਹੈ l
ਜਿਹੜੇ ਇੰਡੀਆ ਬੈਠੇ ਹਨ, ਉਹ ਅਜੇ ਵੀ ਪੁੱਛਦੇ ਹਨ ਕਿ ਕੋਈ ਤਰੀਕਾ ਦੱਸੋ ਇਥੋਂ ਕਿਸੇ ਤਰਾਂ ਨਿਊਜ਼ੀਲੈਂਡ ਆ ਜਾਈਏ l ਜੇ ਨਿਊਜ਼ੀਲੈਂਡ ਨਹੀਂ ਤਾਂ ਕਿਸੇ ਹੋਰ ਮੁਲਕ ਚਲੇ ਜਾਈਏ l
ਇਸ ਸਭ ਦੇ ਹੁੰਦਿਆਂ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ, ਮਾਨਸਿਕ ਰੋਗਾਂ ਦਾ ਸਹੀ ਇਲਾਜ ਨਾ ਹੋਣ ਕਾਰਣ ਲੋਕ ਡਿਪ੍ਰੈਸ਼ਨ ਵਿੱਚ ਜਾ ਰਹੇ ਹਨ l ਸਰਕਾਰਾਂ ਵਲੋਂ ਮਾਨਸਿਕ ਰੋਗੀਆਂ ਨੂੰ ਸਾਂਭਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਮਾਨਸਿਕ ਰੋਗਾਂ ਨੂੰ ਰੋਕਣ ਦੇ ਯਤਨ ਬਹੁਤ ਘੱਟ ਹੋ ਰਹੇ ਹਨ ਜਿਸ ਕਾਰਣ ਮਾਨਸਿਕ ਰੋਗੀ ਦੁਨੀਆਂ ਪੱਧਰ ਤੇ ਵਧ ਰਹੇ ਹਨ l
ਭਾਰਤੀ ਸਮਾਜ ਵਿੱਚ ਮਾਨਸਿਕ ਰੋਗੀਆਂ ਨੂੰ ਰੋਗੀ ਹੀ ਨਹੀਂ ਮੰਨਿਆ ਜਾਂਦਾ ਅਤੇ ਜੇ ਮੰਨ ਵੀ ਲਿਆ ਜਾਵੇ ਤਾਂ ਇਲਾਜ ਲਈ ਸਾਧਾਂ ਸੰਤਾਂ ਕੋਲ ਲਿਜਾਇਆ ਜਾਂਦਾ ਹੈ ਜੋ ਵੱਡੀ ਗਿਣਤੀ ਵਿੱਚ ਖੁਦ ਵੀ ਮਾਨਸਿਕ ਰੋਗੀ ਹੀ ਹੁੰਦੇ ਹਨ l ਹੁਣ ਸੋਚੋ ਕਿ ਇੱਕ ਮਾਨਸਿਕ ਰੋਗੀ ਦੂਜੇ ਮਾਨਸਿਕ ਰੋਗੀ ਦਾ ਇਲਾਜ ਕਿਵੇਂ ਕਰੇਗਾ?
ਭਾਰਤੀ ਕਲਚਰ ਵਿੱਚ ਮਾਨਸਿਕ ਰੋਗੀਆਂ ਨੂੰ ਕਿਹਾ ਜਾਂਦਾ ਹੈ ਕਿ ਰੱਬ ਦਾ ਨਾਮ ਲਿਆ ਕਰ ਸਭ ਕੁੱਝ ਠੀਕ ਹੋ ਜਾਵੇਗਾ l ਰੱਬ ਦਾ ਨਾਮ ਮਾਨਸਿਕ ਰੋਗ ਕਿਵੇਂ ਠੀਕ ਕਰੇਗਾ? ਬਹੁਤੀਆਂ ਹਾਲਤਾਂ ਵਿੱਚ ਮਰੀਜ਼ ਰੱਬ ਦਾ ਨਾਮ ਲੈਂਦਿਆਂ ਲੈਂਦਿਆਂ ਹੀ ਤਾਂ ਮਾਨਸਿਕ ਰੋਗੀ ਹੋਇਆ ਹੁੰਦਾ ਹੈ l ਜਦੋਂ ਇਲਾਜ ਨਹੀਂ ਹੋ ਪਾਉਂਦਾ ਤਾਂ ਮਰੀਜ਼ ਆਤਮ ਹੱਤਿਆ ਕਰ ਜਾਂਦਾ ਹੈ ਅਤੇ ਫਿਰ ਪਰਿਵਾਰ ਨੂੰ ਕਿਹਾ ਜਾਂਦਾ ਹੈ ਕਿ ਉੱਪਰ ਵਾਲੇ ਦਾ ਭਾਣਾ ਮੰਨੋ l ਭਾਵ ਕਿ ਆਪਣੀਆਂ ਗਲਤੀਆਂ ਨਹੀਂ ਸੁਧਾਰਨੀਆਂ ਸਗੋਂ ਉਨ੍ਹਾਂ ਗਲਤੀਆਂ ਨੂੰ ਭਾਣਾ ਮੰਨੋ ਕਹਿ ਕੇ ਮਿੱਟੀ ਪਾਉਣੀ ਹੈ l ਇਹ ਬਹੁਤ ਹੀ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ l
ਬਹੁਤ ਵੱਡੀ ਗਿਣਤੀ ਵਿੱਚ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਜੂਝ ਰਹੇ ਹਨ ਜਾਂ ਨੀਂਦ ਦੀਆਂ ਗੋਲੀਆਂ ਖਾ ਕੇ ਸੌਂ ਰਹੇ ਹਨ l ਬਹੁਤਿਆਂ ਨੂੰ ਨੀਂਦ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਉਨ੍ਹਾਂ ਨੇ ਦੂਜਿਆਂ ਨਾਲ ਠਗੀ ਕੀਤੀ ਹੁੰਦੀ ਹੈ l ਉਨ੍ਹਾਂ ਨੂੰ ਉਸ ਠਗੀ ਦਾ ਲੋਕਾਂ ਨੂੰ ਪਤਾ ਲੱਗਣ ਦਾ ਡਰ ਰਹਿੰਦਾ ਹੈ ਜਿਸ ਕਾਰਣ ਨੀਂਦ ਨਹੀਂ ਆਉਂਦੀ l ਨੀਂਦ ਨਾ ਆਉਣ ਨਾਲ ਹੋਰ ਵੱਖ ਵੱਖ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਦੀ ਸੂਚੀ ਬਹੁਤ ਲੰਬੀ ਹੈ l
ਕਿਹਾ ਜਾ ਸਕਦਾ ਹੈ ਕਿ ਸਭ ਨੂੰ ਅੱਚੋਆਈ (ਭੱਜ ਦੌੜ) ਲੱਗੀ ਹੋਈ ਹੈ ਅਤੇ ਸਕੂਨ ਜ਼ਿੰਦਗੀ ਵਿੱਚੋਂ ਗੁਆਚਾ ਹੋਇਆ ਹੈ l ਜਿਨ੍ਹਾਂ ਕੋਲ ਸਭ ਕੁੱਝ ਹੈ ਉਨ੍ਹਾਂ ਦਾ ਸਕੂਨ ਬਾਕੀਆਂ ਨਾਲੋਂ ਵੀ ਵੱਧ ਗੁਆਚਾ ਹੋਇਆ ਹੈ l ਉਹ ਦੂਜਿਆਂ ਕੋਲੋਂ ਵੀ ਖੋਹ ਕੇ ਖਾਣ ਦਾ ਯਤਨ ਕਰਦੇ ਹਨ l
ਸਮੇਂ ਦੀ ਲੋੜ ਹੈ ਕਿ ਸੋਚ ਵਿਚਾਰ ਕੀਤੀ ਜਾਵੇ, ਉਸਾਰੂ ਸਾਹਿਤ ਪੜ੍ਹਿਆ ਜਾਵੇ, ਉਸਾਰੂ ਸੋਚ ਵਾਲੇ ਵਿਅਕਤੀਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਇਆ ਜਾਵੇ, ਗੋਸ਼ਟੀਆਂ ਵਿੱਚ ਇਹ ਮਸਲੇ ਵਿਚਾਰੇ ਜਾਣ ਤਾਂ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147