ਤੁਹਾਡੇ ਵਿੱਚੋਂ ਬਹੁਤੇ ਦੋਸਤ ਮੈਨੂੰ ਕਦੇ ਵੀ ਮਿਲੇ ਨਹੀਂ ਹਨ ਭਾਵੇਂ ਕਿ ਬਹੁਤੇ ਮਿਲਣ ਦੀ ਇੱਛਾ ਰੱਖਦੇ ਹਨ ਪਰ ਮਜ਼ਬੂਰੀ, ਫਰਜ਼, ਸਮੇਂ ਦੀ ਘਾਟ ਅਤੇ ਦੂਰ ਦਾ ਸਫ਼ਰ ਕਈ ਵਾਰ ਇਸ ਤਰਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਣ ਦਿੰਦਾ l
ਇਸ ਕਰਕੇ ਆਪ ਵਿੱਚੋਂ ਬਹੁਤਿਆਂ ਨਾਲ ਮੇਰੀ ਕੀਤੇ ਹੋਏ ਕੰਮਾਂ, ਲਿਖਤਾਂ ਅਤੇ ਵਿਚਾਰਾਂ ਦੀ ਹੀ ਸਾਂਝ ਹੈ l ਇਹ ਇਸ ਤਰਾਂ ਦੀ ਸਾਂਝ ਹੈ ਜੋ ਇੱਕ ਦੂਜੇ ਨੂੰ ਇੱਕ ਪਰਿਵਾਰਕ ਮੈਂਬਰ ਬਣਾ ਦਿੰਦੀ ਹੈ l ਜਦੋਂ ਕੁੱਝ ਚਿਰ ਕਿਸੇ ਫੇਸਬੁੱਕ ਪਰਿਵਾਰਕ ਮੈਂਬਰ ਨਾਲ ਕੋਈ ਸਾਂਝ ਨਾ ਪਵੇ ਤਾਂ ਇੱਕ ਦੂਜੇ ਪ੍ਰਤੀ ਫਿਕਰ ਹੋਣਾ ਸੁਭਾਵਕ ਹੀ ਹੁੰਦਾ ਹੈ l
ਫੇਸਬੁੱਕ ਪਰਿਵਾਰ ਵਿੱਚ ਸਭ ਵੱਖ ਵੱਖ ਪਰਿਵਾਰਾਂ, ਵੱਖ ਵੱਖ ਇਲਾਕਿਆਂ, ਵੱਖ ਵੱਖ ਮੁਲਕਾਂ, ਵੱਖ ਵੱਖ ਭਾਸ਼ਾਵਾਂ, ਵੱਖ ਵੱਖ ਜਾਤਾਂ, ਵੱਖ ਵੱਖ ਅਹੁਦਿਆਂ ਅਤੇ ਵੱਖ ਵੱਖ ਧਰਮਾਂ ਵਿੱਚੋਂ ਆਏ ਹੋਏ ਦੋਸਤ ਹਨ l ਇਹ ਸਭ ਕੁੱਝ ਵੱਖ ਵੱਖ ਹੋਣ ਤੋਂ ਬਾਦ ਵੀ ਸਾਡੀ ਆਪਸ ਵਿੱਚ ਇੱਕ ਸਾਂਝ ਹੈ ਜਿਸ ਨੂੰ ਇਨਸਾਨੀਅਤ ਦੀ ਸਾਂਝ ਕਹਿੰਦੇ ਹਨ ਜਿਸ ਕਾਰਨ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ l
ਸਾਡਾ ਸਭ ਕੁੱਝ ਵੱਖ ਵੱਖ ਹੋਣ ਕਾਰਨ ਸਾਡੇ ਵਿਚਾਰ ਵੀ ਵੱਖ ਵੱਖ ਹੁੰਦੇ ਹਨ ਕਿਉਂਕਿ ਵਿਚਾਰ ਇੱਕ ਦਿਨ ਵਿੱਚ ਨਹੀਂ ਬਣਦੇ ਜਾਂ ਬਦਲਦੇ l ਵਿਚਾਰਾਂ ਨੂੰ ਬਦਲਣ ਤੇ ਬਚਪਨ ਤੋਂ ਲੈ ਕੇ ਹੁਣ ਤੱਕ ਮਿਲੇ ਹਲਾਤ, ਤਜਰਬੇ, ਬੇਇਨਸਾਫੀਆਂ, ਕਾਮਯਾਬੀਆਂ, ਸਫਲਤਾਵਾਂ, ਪੜ੍ਹੀਆਂ ਹੋਈਆਂ ਕਿਤਾਬਾਂ ਅਤੇ ਮਿਲੇ ਹੋਏ ਲੋਕ ਬਹੁਤ ਵੱਧ ਅਸਰ ਪਾਉਂਦੇ ਹਨ l ਇਸ ਤੋਂ ਇਲਾਵਾ ਜਿਹੜੇ ਮੁਲਕ ਵਿੱਚ ਰਹਿੰਦੇ ਹੋ ਉਸ ਦਾ ਵੀ ਅਸਰ ਪੈਂਦਾ ਹੈ l
ਇਹ ਸਭ ਕੁੱਝ ਵੱਖ ਵੱਖ ਹੋਣ ਕਾਰਨ ਜਰੂਰੀ ਨਹੀਂ ਕਿ ਅਸੀਂ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਹੋਈਏ l ਇਸ ਦਾ ਭਾਵ ਇਹ ਨਹੀਂ ਕਿ ਅਸੀਂ ਵਿਚਾਰ ਇੱਕ ਦੂਜੇ ਨਾਲ ਸਾਂਝੇ ਹੀ ਨਾ ਕਰੀਏ l ਜਦੋਂ ਅਸੀਂ ਵਿਚਾਰ ਇੱਕ ਦੂਸਰੇ ਨਾਲ ਸਾਂਝੇ ਕਰਦੇ ਹਾਂ ਤਾਂ ਕਈ ਨਵੇਂ ਵਿਚਾਰ ਪੈਦਾ ਹੁੰਦੇ ਹਨ ਜਿਨ੍ਹਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ l
ਮੇਰੀਆਂ ਲਿਖੀਆਂ ਹੋਈਆਂ ਲਿਖਤਾਂ ਨੂੰ ਆਪ ਵਲੋਂ ਲਾਈਕ, ਕਮੈਂਟ ਅਤੇ ਸ਼ੇਅਰ ਕਰਕੇ ਵਡਮੁੱਲਾ ਪਿਆਰ ਮਿਲਦਾ ਹੈ l ਜੇ ਤੁਸੀਂ ਮੇਰੀ ਲਿਖਤ ਬਾਰੇ ਸਹਿਮਤ ਨਾ ਹੋਵੋ ਤਾਂ ਤੁਸੀਂ ਆਪਣੇ ਵਿਚਾਰ ਵੀ ਦਿੰਦੇ ਹੋ ਜੋ ਕਿ ਮੈਨੂੰ ਵਧੀਆ ਲਗਦੇ ਹਨ l
ਮੈਂ ਵਿਗਿਆਨ ਦਾ ਧਾਰਨੀ ਹਾਂ l ਮੇਰਾ ਲਿਖਿਆ ਕੁੱਝ ਵੀ ਆਖਰੀ ਸੱਚ ਨਹੀਂ ਹੁੰਦਾ l ਜੇ ਕੋਈ ਮੇਰੇ ਲਿਖੇ ਨੂੰ ਠੀਕ ਕਰਵਾਉਂਦਾ ਹੈ ਤਾਂ ਉਹ ਵੀ ਮੇਰੇ ਲਈ ਪੂਰਾ ਸਨਮਾਨਜਨਕ ਹੈ l ਇਸ ਨਾਲ ਮੇਰੀਆਂ ਭਾਵਨਾਵਾਂ ਨਹੀਂ ਭੜਕਦੀਆਂ l
ਕਈ ਦੋਸਤ ਮੇਰੀਆਂ ਸਾਰੀਆਂ ਲਿਖਤਾਂ ਪੜ੍ਹਦੇ ਵੀ ਹਨ ਪਰ ਕਦੇ ਵੀ ਲਾਈਕ, ਕਮੈਂਟ ਜਾਂ ਸ਼ੇਅਰ ਨਹੀਂ ਕਰਦੇ l ਇਸ ਕਰਕੇ ਉਨ੍ਹਾਂ ਦਾ ਪਤਾ ਹੀ ਨਹੀਂ ਲਗਦਾ ਕਿ ਉਨ੍ਹਾਂ ਲਿਖਤ ਪੜ੍ਹੀ ਹੈ ਜਾਂ ਨਹੀਂ? ਮੈਨੂੰ ਪਤਾ ਨਹੀਂ ਉਹ ਇਸ ਤਰਾਂ ਕਿਉਂ ਕਰਦੇ ਹਨ? ਸ਼ਾਇਦ ਪੜ੍ਹਨਾ ਚਾਹੁੰਦੇ ਹਨ ਪਰ ਦੱਸਣਾ ਨਹੀਂ ਚਾਹੁੰਦੇ l
ਜਦੋਂ ਵੀ ਉਹ ਮੈਨੂੰ ਮਿਲਦੇ ਹਨ ਤਾਂ ਉਹ ਮੇਰੀਆਂ ਲਿਖਤਾਂ ਬਾਰੇ ਪ੍ਰਸ਼ਨ ਕਰਦੇ ਹਨ l ਇਸ ਤੋਂ ਮੈਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਲੇਖ ਪੜ੍ਹਿਆ ਹੋਇਆ ਹੈ l ਜਦੋਂ ਉਨ੍ਹਾਂ ਨੂੰ ਪੁੱਛੋ ਕਿ ਤੁਸੀਂ ਲੇਖ ਬਾਰੇ ਕੋਈ ਰਾਏ ਨਹੀਂ ਦਿੱਤੀ ਤਾਂ ਉਹ ਕਹਿੰਦੇ ਹਨ ਕਿ ਸਮਾਂ ਥੋੜ੍ਹਾ ਘੱਟ ਹੁੰਦਾ ਹੈ l
ਮੈਂ ਬਹੁਤ ਹੈਰਾਨ ਹੁੰਦਾ ਹਾਂ ਕਿ ਲੇਖ ਪੜ੍ਹਨ ਲਈ ਦਸ ਪੰਦਰਾਂ ਮਿੰਟ ਕੱਢ ਲਏ ਪਰ ਲਾਈਕ ਜਾਂ ਕਮੈਂਟ ਲਈ ਕੁੱਝ ਸਕਿੰਟ ਨਹੀਂ ਨਿਕਲੇ l
ਆਪ ਨਾਲ ਸਾਂਝ ਪਾਉਣੀ ਚਾਹਾਂਗਾ ਕਿ ਮੈਂ ਕਿਸੇ ਲਾਲਚ ਅਧੀਨ ਨਹੀਂ ਲਿਖਦਾ l ਮੇਰੀ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਭਾਵ ਮੈਂ ਕਦੇ ਕਿਸੇ ਪਾਰਟੀ ਨੂੰ ਵੋਟ ਪਾਉਣ ਲਈ ਨਹੀਂ ਕਹਿੰਦਾ, ਮੈਂ ਆਪਣੀ ਪ੍ਰਫ਼ਾਈਲ ਦੀ ਵੈਲਿਊ ਵਧਾਉਣ ਲਈ ਵੀ ਨਹੀਂ ਲਿਖਦਾ ਕਿਉਂਕਿ ਲਿਖਣਾ ਮੇਰੀ ਆਮਦਨ ਦਾ ਸਾਧਨ ਨਹੀਂ ਹੈ l
ਮੈਂ ਸਿਰਫ ਸਮਾਜ ਦੀ ਬੇਹਤਰੀ ਲਈ ਲਿਖਦਾ ਹਾਂ l ਉਨ੍ਹਾਂ ਲੋਕਾਂ ਲਈ ਲਿਖਦਾ ਹਾਂ ਜਿਹੜੇ ਥੱਕ ਹਾਰ ਕੇ ਹੌਂਸਲਾ ਛੱਡ ਚੁੱਕੇ ਹੁੰਦੇ ਹਨ ਜਾਂ ਛੱਡਣ ਵਾਲੇ ਹੁੰਦੇ ਹਨ l ਉਨ੍ਹਾਂ ਵਿੱਚ ਫਿਰ ਹੌਂਸਲਾ ਭਰਨ ਦੀ ਕੋਸ਼ਿਸ਼ ਕਰਦਾ ਹਾਂ l ਮੈਂ ਇਕੱਲੇ ਮਸਲਿਆਂ ਦੀ ਗੱਲ ਨਹੀਂ ਕਰਦਾ l ਜਿੱਥੇ ਹੋ ਸਕੇ ਉੱਥੇ ਉਨ੍ਹਾਂ ਦੇ ਹੱਲ ਦੀ ਗੱਲ ਵੀ ਕਰਦਾ ਹਾਂ ਤਾਂ ਕਿ ਜਿੰਦਗੀ ਨੂੰ ਬੇਹਤਰ ਬਣਾਇਆ ਜਾ ਸਕੇ l ਕਈ ਵਾਰ ਆਪਣੇ ਚੰਗੇ ਮਾੜੇ ਤਜਰਬੇ ਬਿਆਨ ਕਰਦਾ ਹਾਂ ਤਾਂ ਕਿ ਦੂਜਿਆਂ ਨੂੰ ਪਤਾ ਲੱਗੇ ਕਿ ਬੁਰੇ ਹਲਾਤਾਂ ਵਿੱਚ ਵੀ ਚੰਗੇ ਹਲਾਤਾਂ ਦੀ ਆਸ ਰੱਖਣੀ ਚਾਹੀਦੀ ਹੈ l ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਹਨੇਰੇ ਬਾਦ ਹਮੇਸ਼ਾਂ ਚਾਨਣ ਹੋਣਾ ਹੀ ਹੁੰਦਾ ਹੈ l
ਮੇਰੀਆਂ ਲਿਖਤਾਂ ਪੜ੍ਹਕੇ ਜੇ ਤੁਹਾਨੂੰ ਕੋਈ ਫਾਇਦਾ ਜਾਂ ਨੁਕਸਾਨ ਹੁੰਦਾ ਹੈ ਤਾਂ ਤੁਸੀਂ ਆਪਣੇ ਤਜਰਬੇ ਵੀ ਸਾਂਝੇ ਕਰ ਸਕਦੇ ਹੋ l ਤੁਹਾਡੇ ਲਿਖੇ ਹੋਏ ਫਾਇਦਿਆਂ ਤੋਂ ਦੂਜੇ ਲਾਭ ਉਠਾ ਸਕਦੇ ਹਨ ਅਤੇ ਲਿਖੇ ਹੋਏ ਨੁਕਸਾਨ ਤੋਂ ਪਤਾ ਲੱਗੇਗਾ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ l
ਇਸ ਕਰਕੇ ਤੁਹਾਡੇ ਲਾਈਕ, ਕਮੈਂਟ ਅਤੇ ਸ਼ੇਅਰ ਦੀ ਮੈਨੂੰ ਹਮੇਸ਼ਾਂ ਉਡੀਕ ਰਹਿੰਦੀ ਹੈ ਤਾਂ ਕਿ ਮੈਂ ਬੇਹਤਰ ਲਿਖਤਾਂ ਤੁਹਾਡੇ ਤੱਕ ਲਿਆ ਸਕਾਂ ਅਤੇ ਮੈਨੂੰ ਪਤਾ ਲੱਗ ਸਕੇ ਕਿ ਮੇਰੀਆਂ ਕਿਹੜੀਆਂ ਲਿਖਤਾਂ ਮਨੁੱਖਤਾ ਲਈ ਵੱਧ ਲਾਹੇਵੰਦ ਹਨ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
0064392147