-ਆਪਣੇ ਤਜਰਬੇ ਅਨੁਸਾਰ
ਦੁਨੀਆਂ ਪੱਧਰ ਤੇ ਜਿੱਥੇ ਤਨ ਦੇ ਰੋਗ ਲਗਾਤਾਰ ਵਧ ਰਹੇ ਹਨ ਉਥੇ ਹੀ ਮਨ ਦੇ ਰੋਗ ਲਗਾਤਾਰ ਵਧ ਰਹੇ ਹਨ l
ਤਨ ਦੇ ਰੋਗਾਂ ਦਾ ਸਬੰਧ ਜਿਆਦਾਤਰ ਆਪਣੇ ਖਾਣ ਪੀਣ ਅਤੇ ਕਸਰਤ ਨਾਲ ਹੁੰਦਾ ਹੈ l ਬਹੁਤ ਥੋੜ੍ਹੇ ਤਨ ਦੇ ਰੋਗਾਂ ਦਾ ਸਬੰਧ ਪਿਛਲੀਆਂ ਪੀੜ੍ਹੀਆਂ ਨਾਲ ਵੀ ਜੁੜਦਾ ਹੈ l
ਤਨ ਦੇ ਰੋਗਾਂ ਨੂੰ ਮਰੀਜ਼ ਖੁਦ ਪਹਿਚਾਣ ਲੈਂਦਾ ਹੈ ਜਿਸ ਤਰਾਂ ਬੁਖਾਰ ਚੜ੍ਹੇ ਜਾਂ ਸੱਟ ਲੱਗੇ ਤਾਂ ਮਰੀਜ਼ ਨੂੰ ਖੁਦ ਹੀ ਪਤਾ ਲੱਗ ਜਾਂਦਾ ਹੈ ਅਤੇ ਮਰੀਜ਼ ਖੁਦ ਹੀ ਡਾਕਟਰ ਤੋਂ ਦਵਾਈ ਲੈਣ ਚਲਿਆ ਜਾਂਦਾ ਹੈ l
ਇਸ ਦੇ ਉਲਟ ਮਨ ਦੇ ਰੋਗਾਂ ਦਾ ਜਿਆਦਾਤਰ ਮਰੀਜ਼ ਨੂੰ ਪਤਾ ਨਹੀਂ ਲਗਦਾ ਤੇ ਮਰੀਜ਼ ਖੁਦ ਡਾਕਟਰ ਕੋਲ ਦਵਾਈ ਲੈਣ ਵੀ ਨਹੀਂ ਜਾਂਦਾ l ਮਨ ਦੇ ਰੋਗਾਂ ਵਿੱਚ ਚਿੰਤਾ ਹੋਣੀ, ਵਹਿਮ ਹੋਣਾ, ਉਦਾਸ ਰਹਿਣਾ, ਬੇਲੋੜਾ ਡਰ ਹੋਣਾ, ਕਿਸੇ ਕੰਮ ਵਿੱਚ ਦਿਲ ਨਾ ਲੱਗਣਾ, ਕੰਮ ਕਰਨ ਨੂੰ ਦਿਲ ਨਾ ਕਰਨਾ, ਨੀਂਦ ਨਾ ਆਉਣਾ, ਕਮਜ਼ੋਰੀ ਮਹਿਸੂਸ ਕਰਨਾ, ਸਿਰ ਦਰਦ ਰਹਿਣਾ, ਹਰ ਵਕਤ ਨਾਂਹ ਪੱਖੀ ਗੱਲਾਂ ਕਰਨਾ ਅਤੇ ਜਿਉਣ ਦੀ ਆਸ ਛੱਡ ਦੇਣਾ, ਚੰਗੀਆਂ ਚੀਜ਼ਾਂ ਵਿੱਚੋਂ ਵੀ ਮਾੜੀਆਂ ਦਿਖਾਈ ਦੇਣੀਆਂ ਆਦਿ ਲੱਛਣ ਦਿਖਾਈ ਦਿੰਦੇ ਹਨ l ਜਦੋਂ ਇਨ੍ਹਾਂ ਲੱਛਣਾਂ ਦਾ ਇਲਾਜ ਨਹੀਂ ਹੁੰਦਾ ਤਾਂ ਮਰੀਜ਼ ਆਤਮ ਹੱਤਿਆ ਵੀ ਕਰ ਜਾਂਦਾ ਹੈ l
ਪਹਿਲਾਂ ਤਾਂ ਮਰੀਜ਼ ਇਨ੍ਹਾਂ ਲੱਛਣਾਂ ਨੂੰ ਬਿਮਾਰੀ ਨਹੀਂ ਮੰਨਦਾ l ਦੂਜਾ ਮਰੀਜ਼ ਦਾ ਪਰਿਵਾਰ ਤੇ ਸਮਾਜ ਵੀ ਇਸ ਨੂੰ ਕੋਈ ਰੋਗ ਨਹੀਂ ਮੰਨਦਾ l ਪਰਿਵਾਰ ਵਲੋਂ ਇਹੋ ਜਿਹੇ ਰੋਗਾਂ ਨੂੰ ਸਮਾਜ ਤੋਂ ਲੁਕਾਇਆ ਵੀ ਜਾਂਦਾ ਹੈ l
ਮਰੀਜ਼ ਦੇ ਹਲਾਤ ਹੋਰ ਵੀ ਭੈੜੇ ਹੋ ਜਾਂਦੇ ਹਨ ਜਦੋਂ ਇਹੋ ਜਿਹੇ ਰੋਗਾਂ ਦਾ ਇਲਾਜ ਕਰਾਉਣ ਲਈ ਮਰੀਜ਼ ਨੂੰ ਸਾਧਾਂ ਸੰਤਾਂ ਕੋਲ ਲਿਜਾਇਆ ਜਾਂਦਾ ਹੈ l ਸਚਾਈ ਇਹ ਹੁੰਦੀ ਹੈ ਕਿ ਵੱਡੀ ਗਿਣਤੀ ਸਾਧ ਸੰਤ ਵੀ ਮਾਨਸਿਕ ਰੋਗੀ ਹੀ ਹੁੰਦੇ ਹਨ ਜਾਂ ਲੋਕਾਂ ਨੂੰ ਲੁੱਟਣਾ ਹੀ ਉਨਾਂ ਦਾ ਧੰਦਾ ਹੁੰਦਾ ਹੈ l ਇਸ ਕਰਕੇ ਮਰੀਜ਼ ਨੂੰ ਉਥੋਂ ਕੋਈ ਅਰਾਮ ਨਹੀਂ ਆਉਂਦਾ l ਪਰਿਵਾਰ ਦੀ ਆਰਥਿਕ ਲੁੱਟ ਹੋਣ ਕਾਰਣ ਸਥਿਤੀ ਹੋਰ ਗੰਭੀਰ ਬਣ ਜਾਂਦੀ ਹੈ l
ਸਾਡਾ ਸਮਾਜ ਧਾਰਮਿਕ ਹੋਣ ਕਾਰਣ ਮਰੀਜ਼ ਨੂੰ ਵੱਖ ਵੱਖ ਤਰਾਂ ਰੱਬ ਦਾ ਨਾਮ ਜਪਣ ਜਾਂ ਰੱਬ ਅੱਗੇ ਪ੍ਰਾਰਥਨਾ ਕਰਨ ਨੂੰ ਕਿਹਾ ਜਾਂਦਾ ਹੈ ਅਤੇ ਸੁੱਖਣਾ ਸੁੱਖੀਆਂ ਜਾਂਦੀਆਂ ਹਨ l ਇਸ ਨਾਲ ਵੀ ਮਰੀਜ਼ ਨੂੰ ਅਰਾਮ ਨਹੀਂ ਆਉਂਦਾ ਹੈ l
ਸਰਕਾਰਾਂ ਅਤੇ ਸਰਮਾਏਦਾਰਾਂ ਦੀਆਂ ਪਾਲਸੀਆਂ ਵੀ ਲੋਕਾਂ ਨੂੰ ਮਾਨਸਿਕ ਰੋਗੀ ਬਣਾਉਂਦੀਆਂ ਹਨ ਜਿਸ ਵਿੱਚ ਘਰੋਂ ਹੀ ਆਨਲਾਈਨ ਕੰਮ ਕਰਨਾ ਸ਼ਾਮਿਲ ਹੈ l ਆਨਲਾਈਨ ਕੰਮ ਕਰਨ ਨਾਲ ਮਨੁੱਖ ਬਾਕੀ ਸਮਾਜ ਨਾਲੋਂ ਟੁੱਟਦਾ ਹੈ, ਉਸ ਦੀ ਕਸਰਤ ਘਟਦੀ ਹੈ ਅਤੇ ਪਰਿਵਾਰਿਕ ਲੜਾਈਆਂ ਵਧਦੀਆਂ ਹਨ l ਮਨੁੱਖ ਸਮਾਜਿਕ ਪ੍ਰਾਣੀ ਹੈ l ਉਸ ਦਾ ਸਮਾਜ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ l
ਇਸ ਸਭ ਦਾ ਸਿੱਟਾ ਹੈ ਕਿ ਦੁਨੀਆਂ ਪੱਧਰ ਤੇ ਮਨ ਦੇ ਰੋਗ (ਮਾਨਸਿਕ ਰੋਗ) ਲਗਾਤਾਰ ਵਧ ਰਹੇ ਹਨ l ਜਿਸ ਤਰਾਂ ਰੋਗੀਆਂ ਦੀ ਗਿਣਤੀ ਵਧਦੀ ਜਾਂਦੀ ਹੈ ਸਰਕਾਰਾਂ ਮਾਨਸਿਕ ਰੋਗੀਆਂ ਨੂੰ ਸਾਂਭਣ ਦੇ ਕੇਂਦਰ ਹੋਰ ਬਣਾ ਰਹੀਆਂ ਹਨ ਪਰ ਬਿਮਾਰੀਆਂ ਦੀ ਜੜ੍ਹ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ l
ਇਸ ਨੂੰ ਦੇਖਦਿਆਂ ਨਿਊਜ਼ੀਲੈਂਡ ਵਿੱਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਦੇ ਸੱਦੇ ਤੇ ਡਾਕਟਰ ਰਾਜਾ ਰਾਮ ਹੰਡਿਆਇਆ ਕੌਮੀ ਪ੍ਰਧਾਨ ਤਰਕਸ਼ੀਲ ਸੁਸਾਇਟੀ ਭਾਰਤ ਨੂੰ ਬੁਲਾਇਆ ਗਿਆ ਹੈ ਜੋ ਮਾਨਸਿਕ ਸਮੱਸਿਆਵਾਂ ਨਾਲ ਜੂਝਦੇ ਰੋਗੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ l ਡਾਕਟਰ ਰਾਜਾ ਰਾਮ ਹੰਡਿਆਇਆ ਇੰਡੀਆ ਵਿੱਚ ਅਨੇਕਾਂ ਮਰੀਜਾਂ ਨੂੰ ਗੱਲਬਾਤ ਰਾਹੀਂ ਠੀਕ ਕਰ ਚੁੱਕੇ ਹਨ ਤੇ ਕਈ ਕਿਤਾਬਾਂ ਦੇ ਲੇਖਕ ਹਨ l
ਇਸ ਸਬੰਧੀ ਲੋੜਵੰਦ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨੂੰ 0800MANAVTA ਜਾਂ 08006262882 ਤੇ ਫੋਨ ਕਰ ਸਕਦੇ ਹਨ l ਡਾਕਟਰ ਸਾਹਿਬ ਨੂੰ ਮਿਲਣ ਦਾ ਕੋਈ ਖਰਚਾ ਨਹੀਂ ਹੈ l ਹੇਠ ਲਿਖੇ ਨੰਬਰ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ l ਇਸ ਜਾਣਕਾਰੀ ਨੂੰ ਹੋਰਾਂ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਭਾਈਚਾਰੇ ਵਿੱਚ ਲੋੜਵੰਦਾਂ ਦੀ ਮੱਦਦ ਹੋ ਸਕੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147