-ਕਿਸਾਨੀ ਸੰਘਰਸ਼ ਵਿੱਚ ਲੋਕਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਈ
ਇਹ ਸਰਮਾਏਦਾਰ ਅਤੇ ਸਰਕਾਰਾਂ ਚੰਗੀ ਤਰਾਂ ਜਾਣਦੀਆਂ ਹਨ ਕਿ ਕਿਸੇ ਮੁਲਕ ਨੂੰ ਤਬਾਹ ਕਰਨ ਲਈ ਬੰਬਾਂ ਜਾਂ ਹਥਿਆਰਾਂ ਦੀ ਲੋੜ ਨਹੀਂ ਹੁੰਦੀ l ਉਸ ਮੁਲਕ ਦੇ ਸਕੂਲ ਅਤੇ ਐਜੂਕੇਸ਼ਨ ਸਿਸਟਮ ਨੂੰ ਇਸ ਤਰਾਂ ਦਾ ਬਣਾ ਦਿਓ ਤਾਂ ਕਿ ਇਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਆਜ਼ਾਦੀ ਦੀ ਮੰਗ ਹੀ ਨਾ ਕਰਨ ਜਾਂ ਗੁਲਾਮੀ ਵਿੱਚ ਦਿੱਤੀ ਥੋੜ੍ਹੀ ਸਹੂਲਤ ਨੂੰ ਹੀ ਆਜ਼ਾਦੀ ਸਮਝਣ ਲੱਗ ਪੈਣ l
ਜਦੋਂ ਐਜੂਕੇਸ਼ਨ ਜਾਂ ਸਕੂਲ ਸਿਸਟਮ ਇਸ ਤਰਾਂ ਦਾ ਭੈੜਾ ਹੋ ਜਾਵੇਗਾ ਤਾਂ ਹੋਰ ਗੱਲਾਂ ਤੋਂ ਇਲਾਵਾ ਹੇਠ ਲਿਖੀਆਂ ਗੱਲਾਂ ਸਾਹਮਣੇ ਆਉਣਗੀਆਂ :-
*ਲੋਕ ਸਮਾਜਕ ਆਜ਼ਾਦੀ ਭੁਲਣ ਲੱਗ ਪੈਂਦੇ ਹਨ l
*ਲੋਕਾਂ ਨੂੰ ਬਰਾਬਰੀ ਦੇ ਅਰਥ ਸਮਝ ਨਹੀਂ ਲਗਦੇ l
*ਲੋਕ ਆਪਣੀ ਕਮਜ਼ੋਰ ਆਰਥਿਕਤਾ ਵਾਸਤੇ ਸਰਕਾਰ ਦੀ ਬਜਾਏ ਆਪਣੀ ਕਿਸਮਤ ਨੂੰ ਕੋਸਣ ਲੱਗ ਪੈਂਦੇ ਹਨ l
*ਲੋਕ ਆਪਣਾ ਭਵਿੱਖ ਸਕੂਲਾਂ ਦੀ ਬਜਾਏ ਧਾਰਮਿਕ ਅਸਥਾਨਾਂ ਵਿਚੋਂ ਖੋਜਣ ਲੱਗ ਪੈਂਦੇ ਹਨ l
*ਲੋਕ ਆਪਣਾ ਭਵਿੱਖ ਜਾਨਣ ਅਤੇ ਸੁਧਾਰਨ ਲਈ ਜੋਤਸ਼ੀਆਂ ਅਤੇ ਸਾਧਾਂ ਸੰਤਾਂ ਮਗਰ ਗੇੜੇ ਲਗਾਉਣ ਲੱਗ ਪੈਂਦੇ ਹਨ ਜਿਨ੍ਹਾਂ ਦਾ ਆਪਣਾ ਖੁਦ ਦਾ ਭਵਿੱਖ ਲੋਕਾਂ ਦੇ ਚੜ੍ਹਾਏ ਚੜ੍ਹਾਵੇ ਤੇ ਨਿਰਭਰ ਕਰਦਾ ਹੁੰਦਾ ਹੈ l
*ਲੋਕ ਹਰ ਚੀਜ਼ ਪ੍ਰਾਪਤ ਕਰਨ ਲਈ ਧਾਰਮਿਕ ਅਸਥਾਨਾਂ ਤੇ ਸੁੱਖਣਾ ਅਤੇ ਪ੍ਰਾਰਥਨਾਵਾਂ ਕਰਨ ਲੱਗ ਪੈਂਦੇ ਹਨ ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੁੰਦੀ ਹੈ l
*ਲੋਕ ਜਾਤ ਪਾਤ ਅਤੇ ਧਰਮਾਂ ਦੀ ਖਾਤਰ ਲੜਨ ਲੱਗ ਪੈਂਦੇ ਹਨ l ਆਪਣੇ ਹੱਕਾਂ ਲਈ ਨਹੀਂ l
*ਸਰਕਾਰਾਂ ਉਨ੍ਹਾਂ ਟੀ ਵੀ ਚੈਨਲਾਂ ਨੂੰ ਮੱਦਦ ਦੇਣ ਲਗਦੀਆਂ ਹਨ ਜੋ ਲੋਕਾਂ ਨੂੰ ਲਾਈਲੱਗ ਬਣਾਉਂਦੇ ਹੋਣ ਅਤੇ ਲੋਕ ਵੀ ਆਪਣੇ ਕੰਮ ਛੱਡ ਕੇ ਇਸ ਤਰਾਂ ਦੇ ਚੈਨਲ ਦੇਖਣ ਲਗਦੇ ਹਨ l
*ਲੋਕ ਆਪਣੀ ਭਾਸ਼ਾ ਤੋਂ ਕੰਨੀਂ ਕਤਰਾਉਂਦੇ ਹਨ l
*ਲੋਕ ਕਿਤਾਬਾਂ ਵਾਲੀਆਂ ਅਲਮਾਰੀਆਂ ਵਿੱਚ ਜੁੱਤੀਆਂ ਰੱਖਣ ਲੱਗ ਪੈਂਦੇ ਹਨ l
*ਲੋਕ ਆਪਣੀ ਭਾਸ਼ਾ ਛੱਡ ਕੇ ਹੋਰ ਬੋਲੀ ਬੋਲ ਕੇ ਆਪਣੇ ਆਪ ਨੂੰ ਮਹਾਨ ਦੱਸਣ ਦੀ ਕੋਸ਼ਿਸ਼ ਕਰਦੇ ਹਨ l
*ਲੋਕ ਆਪਣੀ ਆਰਥਿਕਤਾ ਸੁਧਰ ਜਾਣ ਤੇ ਆਪਣਾ ਗਰੀਬੀ ਵਾਲਾ ਪਿਛੋਕੜ ਲੁਕਾਉਣ ਲੱਗ ਪੈਂਦੇ ਹਨ l
*ਆਪਣੇ ਦੁੱਖਾਂ ਤਕਲੀਫ਼ਾਂ ਵਾਸਤੇ ਆਪਣੀ ਕਿਸਮਤ ਨੂੰ ਕੋਸਦੇ ਹਨ l
*ਵਿਦੇਸ਼ੀ ਕੰਪਨੀਆਂ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਵਰਤੇ ਜਾਂਦੇ ਖਤਰਨਾਕ ਕੈਮੀਕਲ (ਸਪਰੇਆਂ) ਬਹੁਤ ਵੱਧ ਕੀਮਤ ਤੇ ਦਿੰਦੀਆਂ ਹਨ l ਉਹ ਅਨਾਜ ਖਾ ਕੇ ਲੋਕ ਬਿਮਾਰ ਹੋ ਜਾਂਦੇ ਹਨ ਫਿਰ ਇਲਾਜ ਵਾਸਤੇ ਦਵਾਈਆਂ ਦੇ ਰੂਪ ਵਿੱਚ ਹੋਰ ਵਿਦੇਸ਼ੀ ਕੈਮੀਕਲ ਖਾਂਦੇ ਹਨ ਅਤੇ ਅਖੀਰ ਵਿੱਚ ਮਰਨ ਉਪਰੰਤ ਪਿੱਛੇ ਰਹਿ ਗਿਆ ਪਰਿਵਾਰ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਚੁੱਪ ਚਾਪ ਬੈਠ ਜਾਂਦਾ ਹੈ I ਮਰਨ ਉਪਰੰਤ ਸਵਰਗ ਸਿਧਾਰ ਗਏ ਦੀ ਪ੍ਰਾਰਥਨਾ ਕਰਕੇ ਘਰ ਆ ਜਾਂਦੇ ਹਨ ਅਤੇ ਹੋਰ ਪਰਿਵਾਰਕ ਮੈਂਬਰ ਦੀ ਮੌਤ ਦੀ ਉਡੀਕ ਕਰਨ ਲੱਗ ਪੈਂਦੇ ਹਨ l
*ਡਾਕਟਰਾਂ ਦੀਆਂ ਗਲਤੀਆਂ ਨਾਲ ਹੋਈਆਂ ਮੌਤਾਂ ਨੂੰ ਨਜ਼ਰ ਅੰਦਾਜ ਕਰ ਦਿੰਦੇ ਹਨ l
*ਸੜਕਾਂ ਦੀ ਮਾੜੀ ਹਾਲਤ ਵਾਸਤੇ ਸਰਕਾਰ ਨੂੰ ਜਿੰਮੇਵਾਰ ਨਹੀਂ ਠਹਿਰਾਉਂਦੇ l
*ਤਕਰੀਬਨ ਹਰ ਥਾਂ ਤੇ ਰਿਸ਼ਵਤ ਚੱਲਣ ਲੱਗ ਪੈਂਦੀ ਹੈ l
*ਲੋਕ ਆਪਣਾ ਜਿਉਣ ਦਾ ਮਕਸਦ ਭੁੱਲ ਜਾਂਦੇ ਹਨ l
*ਲੋਕਾਂ ਨੂੰ ਕੋਈ ਸਮਝਦਾਰੀ ਦੀ ਗੱਲ ਦੱਸਣ ਵਾਲਾ ਵਿਰੋਧੀ ਲੱਗਣ ਲੱਗ ਪੈਂਦਾ ਹੈ l
*ਸਰਕਾਰ ਬਣਾਉਣ ਵਾਸਤੇ ਲੋਕਾਂ ਨੂੰ ਲੋਟੂਆਂ ਵਿੱਚੋਂ ਹੀ ਕੋਈ ਚੁਣਨਾ ਪੈਂਦਾ ਹੈ l
*ਲੋਕ ਸਰਕਾਰਾਂ ਕੋਲੋਂ ਧਾਰਮਿਕ ਅਸਥਾਨਾਂ ਲਈ ਗ੍ਰਾਂਟਾ ਮੰਗਦੇ ਹਨ l ਸਕੂਲਾਂ ਅਤੇ ਹਸਪਤਾਲਾਂ ਲਈ ਨਹੀਂ l
*ਲੋਕ ਆਪਣੇ ਨਿਆਣਿਆਂ ਨੂੰ ਸਾਇੰਸਦਾਨ ਜਾਂ ਡਾਕਟਰ ਬਣਾਉਣ ਦੀ ਬਜਾਏ ਧਾਰਮਿਕ ਐਜੂਕੇਸ਼ਨ ਵੱਧ ਦੇਣ ਲਗਦੇ ਹਨ l
*ਲੋਕ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਉਣ ਦੀ ਬਜਾਏ ਉੱਚੇ ਉੱਚੇ ਧਾਰਮਿਕ ਅਸਥਾਨ ਬਣਾਉਣ ਲੱਗ ਪੈਂਦੇ ਹਨ l
*ਲੋਕ ਹੱਥੀਂ ਕਿਰਤ ਕਰਨ ਦੀ ਬਜਾਏ ਦੋਵੇਂ ਹੱਥ ਜੋੜ ਘੰਟਿਆਂ ਬੱਧੀ ਧਾਰਮਿਕ ਅਸਥਾਨਾਂ ਤੇ ਬੈਠ ਕੇ ਜਨਮ ਸਫਲ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕਰਨ ਲਗਦੇ ਹਨ l
*ਲੋਕ ਆਪਣੇ ਦੇਸ਼ ਦੀ ਮਹਾਨਤਾ ਇਸ ਵਿੱਚ ਸਮਝਣ ਲਗਦੇ ਹਨ ਕਿ ਸਾਡੇ ਮੁਲਕ ਵਿੱਚ ਕਿੰਨੇ ਦੇਵੀ ਦੇਵਤੇ ਜਾਂ ਧਾਰਮਿਕ ਅਸਥਾਨ ਹਨ ਜਦ ਕਿ ਦੂਸਰੇ ਮੁਲਕ ਆਪਣੀ ਮਹਾਨਤਾ ਇਸ ਵਿੱਚ ਸਮਝਦੇ ਹਨ ਕਿ ਉਨ੍ਹਾਂ ਕਿੰਨੇ ਸਕੂਲ, ਹਸਪਤਾਲ ਅਤੇ ਸਾਇੰਸਦਾਨ ਪੈਦਾ ਕੀਤੇ ?
*ਲੋਕ ਇਸ ਧਰਤੀ ਤੇ ਸਵਰਗ ਲੱਭਣ ਦੀ ਬਜਾਏ ਅਗਲੇ ਜਨਮ ਦੇ ਸਵਰਗ ਦੀ ਤਿਆਰੀ ਕਰਨ ਲਗਦੇ ਹਨ ਜੋ ਅਜੇ ਤੱਕ ਕਿਸੇ ਨੂੰ ਮਿਲਿਆ ਦਿਖਾਈ ਹੀ ਨਹੀਂ ਦਿੱਤਾ l
*ਲੋਕ ਆਪੋ ਆਪਣੇ ਧਰਮ ਨੂੰ ਮਹਾਨ ਸਾਬਤ ਕਰਨ ਲਈ ਇੱਕ ਦੂਜੇ ਨਾਲ ਲੜਦੇ ਹਨ ਫਿਰ ਅਦਾਲਤਾਂ ਦੇ ਚੱਕਰ ਕੱਟਦੇ ਹਨ l
ਉਪਰੋਕਤ ਬਹੁਤ ਸਾਰੇ ਲੱਛਣ ਭਾਰਤ ਵਿੱਚ ਮਿਲਦੇ ਹਨ l ਇਹ ਖੁਸ਼ੀ ਦੀ ਗੱਲ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਲੋਕਾਂ ਨੂੰ ਪੜ੍ਹਨ ਦੀ ਆਦਤ ਪੈ ਗਈ ਹੈ l ਬੀਬੀਆਂ ਅਤੇ ਬਜ਼ੁਰਗ ਸਿਰਾਂ ਤੇ ਕਿਤਾਬਾਂ ਚੁੱਕ ਕੇ ਪੜ੍ਹਨ ਵਾਸਤੇ ਲਿਜਾਣ ਲੱਗ ਪਏ ਹਨ l ਮੈਂ ਇਸ ਨੂੰ ਕਿਸਾਨ ਅੰਦੋਲਨ ਦੀ ਬਹੁਤ ਵੱਡੀ ਪ੍ਰਾਪਤੀ ਸਮਝਦਾ ਹਾਂ l ਜਿਹੜੇ ਬਜ਼ੁਰਗ ਆਪਣੇ ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾ ਰਹੇ ਹਨ l ਉਨ੍ਹਾਂ ਨੂੰ ਸਲੂਟ ਹੈ l
ਆਓ ਆਪੋ ਆਪਣੇ ਪਿੰਡਾਂ ਵਿੱਚ ਲਾਇਬ੍ਰੇਰੀਆਂ, ਹਸਪਤਾਲ ਅਤੇ ਕੁਦਰਤੀ ਖੇਤੀ ਦੇ ਇੰਤਜ਼ਾਮ ਕਰੀਏ l ਇਹ ਕੰਮ ਪਿੰਡਾਂ ਵਿੱਚ ਵਸਦੇ ਸਾਰੇ ਸੱਜਣ ਹੀ ਕਰ ਸਕਦੇ ਹਨ l ਵਿਦੇਸ਼ੀ ਵਸਦੇ ਪਰਿਵਾਰ ਤਾਂ ਉਨ੍ਹਾਂ ਨੂੰ ਆਰਥਿਕ ਸਹਿਯੋਗ ਹੀ ਦੇ ਸਕਦੇ ਹਨ l ਆਪਣੇ ਦਾਨ ਦੀ ਦਿਸ਼ਾ ਬਦਲਣ ਦੀ ਲੋੜ ਹੈ l ਇਹ ਦਾਨ ਸਕੂਲਾਂ ਅਤੇ ਹਸਪਤਾਲਾਂ ਨੂੰ ਦੇਣ ਦੀ ਲੋੜ ਹੈ l ਪੜ੍ਹਾਈ ਅਤੇ ਗਿਆਨ ਇੱਕ ਐਸੀ ਚੀਜ਼ ਹੈ ਜਿਸ ਨੂੰ ਕੋਈ ਖੋਹ ਨਹੀਂ ਸਕਦਾ, ਇਸ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਅਤੇ ਇਸ ਨੂੰ ਜਿਨ੍ਹਾਂ ਮਰਜ਼ੀ ਵੰਡੋ ਇਹ ਗਿਆਨ ਮੁੱਕ ਵੀ ਨਹੀਂ ਸਕਦਾ l ਗਿਆਨ ਵੰਡਦਿਆਂ ਗਿਆਨ ਹੋਰ ਪੈਦਾ ਹੋ ਜਾਂਦਾ ਹੈ l ਤੁਸੀਂ ਇਹ ਸਮਝ ਲਵੋ ਕਿ ਤੁਹਾਡੇ ਵਲੋਂ ਲਗਾਇਆ ਗਿਆਨ ਦਾ ਇੱਕ ਲੰਗਰ ਹਮੇਸ਼ਾਂ ਹੀ ਚੱਲਦਾ ਰਹਿੰਦਾ ਹੈ ਕਿਉਂਕਿ ਗਿਆਨ ਖਤਮ ਹੀ ਨਹੀਂ ਹੁੰਦਾ l
ਮੈਂ ਆਪਣੇ ਵਲੋਂ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਕਿਸਾਨੀ ਮੋਰਚੇ ਦੌਰਾਨ ਦਿੱਲੀ ਦੇ ਬਾਰਡਰਾਂ ਤੇ ਕਿਤਾਬਾਂ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ l ਉਨ੍ਹਾਂ ਦਾ ਵੀ ਧੰਨਵਾਦੀ ਹਾਂ ਜਿਹੜੇ ਆਪੋ ਆਪਣੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਹੋ ਜਿਹੇ ਪੜ੍ਹਾਈ ਜਾਂ ਗਿਆਨ ਵਾਸਤੇ ਉਪਰਾਲੇ ਕਰਦੇ ਰਹਿੰਦੇ ਹਨ ਜਿਸ ਨਾਲ ਸਾਨੂੰ ਜਿਉਂਦਿਆਂ ਨੂੰ ਇਹ ਧਰਤੀ ਸਵਰਗ ਬਣੀ ਦਿਸੇ ਅਤੇ ਮਰਨ ਤੋਂ ਬਾਦ ਸਵਰਗ ਦੀ ਆਸ ਜਾਂ ਇੱਛਾ ਹੀ ਨਾ ਰਹੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147