ਖੁਸ਼ ਰਹਿਣਾ ਵੀ ਇੱਕ ਕਲਾ ਹੈ ਜੋ ਸਾਰਿਆਂ ਦੇ ਹਿੱਸੇ ਨਹੀਂ ਆਉਂਦੀ l
ਕੁੱਝ ਲੋਕ ਬਹੁਤਾ ਕੁੱਝ ਕੋਲ ਨਾ ਹੁੰਦਿਆਂ ਹੋਇਆਂ ਵੀ ਖੁਸ਼ ਰਹਿੰਦੇ ਹਨ ਅਤੇ ਕੁੱਝ ਲੋਕ ਸਭ ਕੁੱਝ ਹੁੰਦਿਆਂ ਹੋਇਆਂ ਵੀ ਪ੍ਰੇਸ਼ਾਨ ਰਹਿੰਦੇ ਹਨ l
ਜਦੋਂ ਗੋਰਿਆਂ ਨੂੰ ਸੜਕਾਂ ਤੇ ਖੁਸ਼ ਦੇਖਦਾ ਹਾਂ ਤਾਂ ਉਨ੍ਹਾਂ ਦੇ ਹਸੂੰ ਹਸੂੰ ਕਰਦੇ ਚਿਹਰੇ ਦੇਖ ਕੇ ਇੰਝ ਲਗਦਾ ਹੈ ਕਿ ਜਿਵੇੰ ਉਨ੍ਹਾਂ ਨੂੰ ਕਦੇ ਕੋਈ ਸਮੱਸਿਆ ਹੀ ਨਹੀਂ ਆਈ ਹੁੰਦੀ l
ਦੂਜੇ ਪਾਸੇ ਭਾਰਤੀਆਂ ਨੂੰ ਦੇਖਦਾ ਹਾਂ ਕਿ ਸਭ ਕੁੱਝ ਕੋਲ ਹੁੰਦੇ ਹੋਏ ਵੀ ਜਿਆਦਾ ਗਿਣਤੀ ਪ੍ਰੇਸ਼ਾਨ ਹੀ ਦਿਖਾਈ ਦਿੰਦੇ ਹਨ l ਹਰ ਵੇਲੇ ਕਾਹਲੀ ਵਿੱਚ ਹੀ ਰਹਿੰਦੇ ਹਨ l ਉਨ੍ਹਾਂ ਵਿੱਚੋਂ ਕਈ ਮੇਰੇ ਮਿੱਤਰ ਵੀ ਹਨ l ਕਈ ਵਾਰ ਉਨ੍ਹਾਂ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕਰਦਾ ਹਾਂ ਕਿ ਉਹ ਕਿਸ ਚੀਜ਼ ਵਿੱਚ ਵਿਅਸਥ ਹਨ? ਮੈਨੂੰ ਪੁੱਛਣ ਤੇ ਵੀ ਕਦੇ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ l ਫਿਰ ਮੈਂ ਪੁੱਛਦਾ ਹਾਂ ਕਿ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ? ਜਿਆਦਿਆਂ ਦਾ ਜਵਾਬ ਹੁੰਦਾ ਹੈ ਕਿ 40 ਘੰਟੇ ਹਫ਼ਤੇ ਦੇ l ਕੁੱਝ ਕਹਿੰਦੇ ਹਨ ਕਿ ਕੁੱਝ ਸਮਾਂ ਪਰਿਵਾਰ ਨੂੰ ਵੀ ਦੇਣਾ ਹੁੰਦਾ ਹੈ l ਕੁੱਝ ਅੱਠ ਦਸ ਘੰਟੇ ਹਫ਼ਤੇ ਦੇ ਖੇਡਦੇ ਵੀ ਹੋ ਸਕਦੇ ਹਨ l ਫਿਰ ਮੈਂ ਸੋਚਦਾ ਹਾਂ ਕਿ ਹਫ਼ਤੇ ਵਿੱਚ 168 ਘੰਟੇ ਹੁੰਦੇ ਹਨ l ਇਹ ਸਾਰਾ ਸਮਾਂ ਕਿੱਥੇ ਜਾਂਦਾ ਹੈ? ਮੈਨੂੰ ਇਹ ਲਗਦਾ ਹੈ ਕਿ ਵੱਡੀ ਗਿਣਤੀ ਇਸ ਵਿੱਚੋਂ ਕਾਫੀ ਸਮਾਂ ਵਿਅਰਥ ਗੁਆ ਦਿੰਦੀ ਹੈ ਜਾਂ ਸਾਨੂੰ ਟਾਈਮ ਮੈਨੇਜਮੈਂਟ ਨਹੀਂ ਆਉਂਦੀ l
ਇੱਕ ਮੇਰਾ ਦੋਸਤ ਰਾਹ ਵਿੱਚ ਮਿਲ ਪਿਆ l ਮੈਂ ਪੁੱਛਿਆ ਕਿ ਕੀ ਹਾਲ ਹੈ? ਬੜਾ ਚਿਰ ਹੋਇਆ ਮਿਲਿਆ ਹੀ ਨਹੀਂ? ਨਾ ਕਦੇ ਫੋਨ ਕੀਤਾ l ਉਹ ਕਹਿੰਦਾ ਭਾਜੀ ਪੁੱਛੋ ਨਾ ਕੰਮ ਹੀ ਬਹੁਤ ਕਰਨਾ ਪੈਂਦਾ l ਸੁਰਤ ਹੀ ਨਹੀਂ ਆਉਂਦੀ l ਮੈਂ ਬੜਾ ਪ੍ਰੇਸ਼ਾਨ ਹੋਇਆ ਕਿ ਇਸ ਨੂੰ ਏਨਾ ਕੰਮ ਕਰਨਾ ਪੈਂਦਾ ਹੈ l ਮੈਂ ਸਹਿਜੇ ਜਿਹੇ ਪੁੱਛ ਲਿਆ ਕਿ ਤੂੰ ਕਿੰਨੇ ਘੰਟੇ ਹਫ਼ਤੇ ਦੇ ਕੰਮ ਕਰਦਾ ਹੈਂ? ਉਹ ਕਹਿੰਦਾ ਬੱਸ ਭਾਜੀ ਪੁੱਛੋ ਨਾ ਪਿਛਲੇ ਹਫ਼ਤੇ ਤਾਂ ਪੰਤਾਲੀ ਛਿਆਲੀ ਘੰਟੇ ਲਗਾ ਦਿੱਤੇ l
ਉਸ ਦੀ ਗੱਲ ਸੁਣ ਕੇ ਮੇਰਾ ਮੂੰਹ ਅੱਡਿਆ ਰਹਿ ਗਿਆ ਕਿ ਕੀ ਪੰਤਾਲੀ ਛਿਆਲੀ ਘੰਟੇ ਬਹੁਤ ਹੁੰਦੇ ਹਨ? ਮੈਂ ਕਿਹਾ ਕਿ ਤੂੰ ਸਿਰਫ ਏਨੇ ਘੰਟੇ ਲਗਾ ਕੇ ਹੀ ਪ੍ਰੇਸ਼ਾਨ ਹੋ ਗਿਆਂ?
ਉਹ ਮੇਰੇ ਵੱਲ ਦੇਖਣ ਲੱਗ ਪਿਆ ਜਿਵੇੰ ਮੈਨੂੰ ਕੁੱਝ ਪੁੱਛ ਰਿਹਾ ਹੋਵੇ l ਮੈਂ ਉਸ ਨੂੰ ਕਿਹਾ ਕਿ ਮੈਂ ਇੱਕੋ ਵਾਰੀ ਕੰਮ ਤੇ ਜਾ ਕੇ ਲਗਾਤਾਰ ਬਿਨਾਂ ਸੌਣ ਤੋਂ 42 ਘੰਟੇ ਕੰਮ ਕਰ ਆਉਂਦਾ ਹੁੰਦਾ ਸੀ ਅਤੇ ਇੱਕ ਹਫ਼ਤੇ ਦੇ 140 ਘੰਟੇ ਕੰਮ ਕਰਦਾ ਹੁੰਦਾ ਸੀ l ਇਸ ਦੇ ਬਾਵਯੂਦ ਮੈਂ ਖੁਸ਼ ਵੀ ਹਮੇਸ਼ਾਂ ਰਹਿੰਦਾ ਸੀ ਅਤੇ ਨਾ ਹੀ ਕਿਸੇ ਨਾਲ ਲੜਦਾ ਸੀ l
ਉਹ ਮੇਰੀ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ l ਕਹਿੰਦਾ ਭਾਜੀ ਮੈਨੂੰ ਜਰੂਰ ਇਸ ਬਾਰੇ ਸੋਚਣ ਦੀ ਲੋੜ ਹੈ l ਮੈਂ ਤੁਹਾਨੂੰ ਕਈ ਸਾਲਾਂ ਤੋਂ ਜਾਣਦਾ ਹਾਂ l ਤੁਸੀਂ ਕਦੇ ਕਾਹਲੀ ਵਿੱਚ ਵੀ ਨਹੀਂ ਹੁੰਦੇ, ਗੁੱਸੇ ਵਿੱਚ ਵੀ ਨਹੀਂ ਹੁੰਦੇ, ਹਰ ਥਾਂ ਸਮੇਂ ਸਿਰ ਵੀ ਪਹੁੰਚਦੇ ਹੋ ਅਤੇ ਤੁਹਾਡਾ ਕੋਈ ਕੰਮ ਵੀ ਲੇਟ ਨਹੀਂ ਹੁੰਦਾ l
ਮੈਂ ਸੋਚਦਾ ਹਾਂ ਕਿ ਜਿੰਦਗੀ ਇਸ ਤਰਾਂ ਖੁਸ਼ ਹੋ ਕੇ ਜਿਉਣੀ ਚਾਹੀਦੀ ਹੈ ਕਿ ਲੋਕ ਤੁਹਾਨੂੰ ਖੁਸ਼ ਦੇਖ ਕੇ ਹੀ ਪ੍ਰੇਸ਼ਾਨ ਹੋ ਜਾਣ ਕਿ ਇਸ ਨੂੰ ਏਨੀ ਖੁਸ਼ੀ ਕਿਸ ਚੀਜ਼ ਦੀ ਹੈ?
ਖੁਸ਼ ਰਹਿਣ ਨਾਲ ਤੁਸੀਂ ਕਈ ਕਿਸਮ ਦੇ ਰੋਗਾਂ ਤੋਂ ਬਚ ਜਾਂਦੇ ਹੋ l ਕੋਈ ਵੀ ਦੁੱਖ ਸਦੀਵੀ ਨਹੀਂ ਹੁੰਦਾ l ਦੁੱਖ ਵਿੱਚ ਵੀ ਸੁਖ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ l ਕੋਈ ਵੀ ਹਨੇਰਾ ਏਨਾ ਸੰਘਣਾ ਨਹੀਂ ਹੁੰਦਾ ਕਿ ਉਹ ਰੋਸ਼ਨੀ ਨੂੰ ਰੋਕ ਕੇ ਰੱਖ ਸਕੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147