-ਆਪਣੇ ਵਿਚਾਰਾਂ ਤੇ ਅਧਾਰਤ
ਦੁਨੀਆਂ ਵਿੱਚ ਖਾਣਾ ਪੀਣਾ, ਕੱਪੜਾ, ਪੜ੍ਹਾਈ, ਘਰ ਅਤੇ ਸਿਹਤ ਸਹੂਲਤਾਂ ਹਰ ਇਨਸਾਨ ਵਾਸਤੇ ਬਹੁਤ ਜਰੂਰੀ ਹਨ l ਮੇਰੇ ਅਨੁਸਾਰ ਇਹ ਚੀਜ਼ਾਂ ਸਰਕਾਰਾਂ ਦੇ ਅਧੀਨ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਕੋਈ ਵੀ ਇਨ੍ਹਾਂ ਸਹੂਲਤਾਂ ਤੋਂ ਵਾਂਝਾ ਨਾ ਰਹੇ ਪਰ ਇਹ ਸਭ ਕੁੱਝ ਇਸ ਤਰਾਂ ਨਹੀਂ ਹੈ l
ਵਿਦੇਸ਼ਾਂ ਵਿੱਚ ਭਾਵੇਂ ਇਸ ਤੇ ਥੋੜ੍ਹਾ ਕੰਟਰੋਲ ਹੈ ਪਰ ਜਿਆਦਾ ਫਿਰ ਵੀ ਪ੍ਰਾਈਵੇਟ ਅਦਾਰਿਆਂ ਦੇ ਹੱਥ ਵਿੱਚ ਹੈ l ਜਿਸ ਵੇਲੇ ਕੋਈ ਚੀਜ਼ ਪ੍ਰਾਈਵੇਟ ਹੁੰਦੀ ਹੈ ਤਾਂ ਉਹ ਲਗਾਤਾਰ ਮਹਿੰਗੀ ਹੁੰਦੀ ਜਾਂਦੀ ਹੈ l ਉਸ ਦਾ ਕਾਰਣ ਹੈ ਕਿ ਪ੍ਰਾਈਵੇਟ ਬਿਜਨੇਸ ਖੋਲ੍ਹਿਆ ਹੀ ਪੈਸੇ ਬਣਾਉਣ ਵਾਸਤੇ ਜਾਂਦਾ ਹੈ l
ਇਸ ਸੰਦਰਭ ਵਿੱਚ ਭਾਰਤ ਵਿੱਚ ਬਹੁਤ ਬੁਰਾ ਹਾਲ ਹੈ l ਬਹੁਤ ਵੱਡੀ ਗਿਣਤੀ ਇਨ੍ਹਾਂ ਸਹੂਲਤਾਂ ਤੋਂ ਵਾਂਝੀ ਹੈ l
ਸਿੱਖ ਧਰਮ ਵਿੱਚ ਸਾਨੂੰ ਦਸੌਂਧ ਕੱਢਣੀ ਬਚਪਨ ਤੋਂ ਹੀ ਸਿਖਾਈ ਜਾਂਦੀ ਹੈ ਜੋ ਮੈਨੂੰ ਬਹੁਤ ਚੰਗੀ ਲਗਦੀ ਹੈ l ਭਾਵੇਂ ਵੱਡਾ ਹੋ ਕੇ ਮੈਂ ਕਿਸੇ ਵੀ ਧਰਮ ਨੂੰ ਨਹੀਂ ਅਪਣਾਇਆ ਸੀ ਪਰ ਧਰਮ ਵਿਚਲੀਆਂ ਚੰਗੀਆਂ ਸਿੱਖੀਆਂ ਗੱਲਾਂ ਨੂੰ ਅੱਜ ਤੱਕ ਮਨੋਂ ਨਹੀਂ ਵਿਸਾਰਿਆ ਸੀ ਜਾਂ ਇੰਝ ਕਹਿ ਲਵੋ ਕਿ ਜੋ ਵੀ ਮੈਂ ਧਰਮ ਤੋਂ ਸਿੱਖਿਆ ਸੀ ਉਸ ਵਿੱਚੋਂ ਜਿਆਦਾ ਨੂੰ ਸਮਝ ਕੇ ਆਪਣੀ ਜਿੰਦਗੀ ਵਿੱਚ ਅਪਣਾ ਲਿਆ ਸੀ l
ਦਸੌਂਧ ਕੱਢਣ ਨਾਲ ਅਤੇ ਉਸ ਨੂੰ ਸਹੀ ਲੋੜਵੰਦਾਂ ਤੱਕ ਪਹੁੰਚਾਉਣ ਨਾਲ ਉਨ੍ਹਾਂ ਨੂੰ ਉਪਰੋਕਤ ਮੁੱਢਲੀਆਂ ਸਹੂਲਤਾਂ ਮਿਲ ਜਾਂਦੀਆਂ ਹਨ l ਕਿਸੇ ਨੂੰ ਦਿੱਤਾ ਹੋਇਆ ਦਾਨ ਕਿਸੇ ਨਾ ਕਿਸੇ ਰੂਪ ਵਿੱਚ ਦਾਨ ਕਰਨ ਵਾਲੇ ਨੂੰ ਵਾਪਸ ਵੀ ਮਿਲਦਾ ਹੈ l
ਜੇਕਰ ਦੂਜੇ ਨੂੰ ਕੁੱਝ ਦੇਣ ਦੀ ਆਦਤ ਨਾ ਪਾਈ ਜਾਵੇ ਤਾਂ ਧਨ ਕੁੱਝ ਲੋਕਾਂ ਕੋਲ ਹੀ ਜਮ੍ਹਾਂ ਹੋ ਜਾਂਦਾ ਹੈ ਅਤੇ ਸਮਾਜ ਵਿੱਚ ਬਹੁਤ ਜਿਆਦਾ ਅਸਾਵਾਂਪਨ ਪੈਦਾ ਹੋ ਜਾਂਦਾ ਹੈ ਜੋ ਸਿਹਤਮੰਦ ਸਮਾਜ ਦੀ ਨਿਸ਼ਾਨੀ ਨਹੀਂ ਹੈ l
ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਭਾਵੇਂ ਵੱਡੀ ਗਿਣਤੀ ਲੋਕ ਨਾਸਤਕ ਹਨ ਪਰ ਫਿਰ ਵੀ ਕੁੱਝ ਹੱਥੋਂ ਦੇਣ ਦੀ ਆਦਤ ਉਨ੍ਹਾਂ ਵਿੱਚ ਵੱਧ ਹੈ ਭਾਵ ਉਹ ਦਸੌਂਧ ਨਾਲੋਂ ਵੀ ਵੱਧ ਆਪਣੀ ਆਮਦਨ ਵਿੱਚੋਂ ਹੋਰਾਂ ਦੀ ਭਲਾਈ ਲਈ ਦਿੰਦੇ ਹਨ l ਉਹ ਕੋਲੋਂ ਏਨਾ ਦੇਣ ਦੇ ਬਾਵਯੂਦ ਭਾਰਤੀ ਲੋਕਾਂ ਨਾਲੋਂ ਵੱਧ ਖੁਸ਼ ਹਨ l ਜਿਸ ਤਰਾਂ ਮੈਂ ਉੱਪਰ ਬਿਆਨ ਕੀਤਾ ਕਿ ਦਿੱਤਾ ਹੋਇਆ ਤੁਹਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਮਿਲਦਾ ਹੈ l ਜੇ ਨਿਊਜ਼ੀਲੈਂਡ ਦੇ ਲੋਕ ਹੱਥੋਂ ਵੱਧ ਦਿੰਦੇ ਹਨ ਤਾਂ ਉਨ੍ਹਾਂ ਨੂੰ ਵੱਧ ਵਾਪਸ ਮਿਲਦਾ ਹੈ l
ਮੈਂ ਕੁੱਝ ਗੋਰੇ ਗੋਰੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਦਾ ਬਹੁਤ ਮੁਸ਼ਕਲ ਗੁਜਾਰਾ ਚੱਲਦਾ ਹੈ ਪਰ ਫਿਰ ਵੀ ਜਦੋਂ ਉਹ ਕਰਿਆਨਾ ਖਰੀਦਣ ਜਾਂਦੇ ਹਨ ਤਾਂ ਇੱਕ ਦੋ ਖਾਣੇ ਵਾਲੇ ਕੈਨ ਵੱਖਰੇ ਖਰੀਦ ਕੇ ਹਰ ਹਫ਼ਤੇ ਰੱਖ ਲੈਂਦੇ ਹਨ ਤਾਂ ਜੋ ਲੋੜਵੰਦਾਂ ਨੂੰ ਦਾਨ ਦਿੱਤੇ ਜਾ ਸਕਣ l
ਇਸਾਈ ਧਰਮ ਵਿੱਚ ਫ਼ੂਡ ਪਾਰਸਲ ਲੋੜਵੰਦਾਂ ਤੱਕ ਪਹੁੰਚਾਉਣ ਦਾ ਰਿਵਾਜ ਹੈ l ਖਾਣੇ ਦੇ ਖਰੀਦੇ ਹੋਏ ਕੈਨ ਜਾਂ ਪੈਕਟ ਇਕੱਠੇ ਕਰਕੇ ਫ਼ੂਡ ਪਾਰਸਲ ਬਣਾ ਦਿੱਤੇ ਜਾਂਦੇ ਹਨ ਜੋ ਲੋੜਵੰਦਾਂ ਤੱਕ ਪਹੁੰਚਾਏ ਜਾਂਦੇ ਹਨ l ਸਿੱਖ ਧਰਮ ਵਿੱਚ ਲੰਗਰ ਚਲਾਇਆ ਜਾਂਦਾ ਹੈ ਜਿਥੇ ਹਜ਼ਾਰਾਂ ਲੋਕ ਲੰਗਰ ਛਕਦੇ ਹਨ l
ਨਿਊਜ਼ੀਲੈਂਡ ਵਿੱਚ ਸਰਕਾਰ ਵੱਖ ਵੱਖ ਟੈਕਸ ਲਗਾ ਕੇ ਤਕਰੀਬਨ ਤਨਖਾਹ ਦਾ ਅੱਧੋਂ ਵੱਧ ਹਿੱਸਾ ਕੱਟ ਲੈਂਦੀ ਹੈ ਜੋ ਘੱਟ ਆਮਦਨ ਵਾਲਿਆਂ ਦੇ ਕੰਮ ਆਉਂਦਾ ਹੈ ਜਾਂ ਸਾਂਝੀਆਂ ਥਾਵਾਂ ਤੇ ਵਰਤਿਆ ਜਾਂਦਾ ਹੈ l ਇਨ੍ਹਾਂ ਟੈਕਸਾਂ ਵਿੱਚ ਮੁੱਖ ਤੌਰ ਤੇ ਜੀ. ਐਸ. ਟੀ. (15%), PAYE ਟੈਕਸ 20% ਤੋਂ 39% ਤੱਕ ਅਤੇ ਏ. ਸੀ. ਸੀ 3% ਦੇ ਕਰੀਬ ਮੁੱਖ ਤੌਰ ਤੇ ਸ਼ਾਮਲ ਹਨ l ਇਸ ਤਰਾਂ ਸਮਾਜ ਵਿੱਚ ਅਸਾਵਾਂਪਨ ਭਾਰਤ ਦੇ ਮੁਕਾਬਲੇ ਘੱਟ ਪੈਦਾ ਹੁੰਦਾ ਹੈ l ਲੋਕ ਏਨੇ ਟੈਕਸ ਤਾਰ ਕੇ ਵੀ ਠੀਕ ਠਾਕ ਗੁਜਾਰਾ ਕਰ ਰਹੇ ਹਨ l
ਨਿਊਜ਼ੀਲੈਂਡ ਵਿੱਚ ਵਸਦੇ ਭਾਰਤੀ ਲੋਕ ਇਨ੍ਹਾਂ ਟੈਕਸਾਂ ਤੋਂ ਇਲਾਵਾ ਆਪਣੇ ਧਾਰਮਿਕ ਅਸਥਾਨਾਂ ਰਾਹੀਂ ਵੀ ਦਾਨ ਦਿੰਦੇ ਹਨ ਜੋ ਲੋੜਵੰਦਾਂ ਤੱਕ ਪਹੁੰਚਣਾ ਚਾਹੀਦਾ ਹੈ l ਉਮੀਦ ਹੈ ਕੁੱਝ ਹਿੱਸਾ ਪਹੁੰਚਦਾ ਵੀ ਹੋਵੇਗਾ l
ਮੈਨੂੰ ਵੀ ਬਚਪਨ ਤੋਂ ਇਹੀ ਆਦਤ ਸੀ l ਮੈਂ ਨਿਊਜ਼ੀਲੈਂਡ ਵਿੱਚ ਲੱਖਾਂ ਡਾਲਰਾਂ ਦੇ ਟੈਕਸਾਂ ਤੋਂ ਇਲਾਵਾ ਸਲਾਨਾ ਲੱਖਾਂ ਰੁਪਏ ਲੋਕ ਪੱਖੀ ਕੰਮਾਂ ਤੇ ਲਗਾਉਂਦਾ ਰਿਹਾ ਹਾਂ ਪਰ ਉਸ ਪੈਸੇ ਵਿੱਚੋਂ ਕਾਫੀ ਪੈਸਾ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਮੁੜ ਆਉਂਦਾ ਹੈ l
ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਲੋਕ ਭਲਾਈ ਲਈ ਲਗਾਇਆ ਪੈਸਾ ਕੁੱਝ ਚੰਗਾ ਕਰਕੇ ਵਾਪਸ ਮੁੜਦਾ ਹੈ l
ਇੱਕ ਹੋਰ ਗੱਲ ਦੀ ਤੁਹਾਡੇ ਨਾਲ ਸਾਂਝ ਪਾਉਂਦਾ ਹਾਂ ਕਿ ਮੈਂ ਸਾਰੀ ਉਮਰ ਕਾਫੀ ਕਾਰੋਬਾਰ ਕੀਤੇ ਹਨ ਜਿਨ੍ਹਾਂ ਵਿੱਚ ਮੇਰਾ ਵਾਹ ਜਾਣਦੇ ਅਤੇ ਨਾ ਜਾਣਦੇ ਲੋਕਾਂ ਨਾਲ ਪੈਂਦਾ ਹੁੰਦਾ ਸੀ l ਉਨ੍ਹਾਂ ਵਿੱਚੋਂ ਕਾਫੀ ਗਿਣਤੀ ਲੋਕ ਮੇਰਾ ਪੈਸਾ ਮਾਰ ਗਏ l ਇਹ ਨਹੀਂ ਕਿ ਉਹ ਲੋਕ ਪੈਸਾ ਮਾਰ ਕੇ ਕਿਤੇ ਚਲੇ ਗਏ l ਉਹ ਅਜੇ ਵੀ ਆਲੇ ਦੁਆਲੇ ਹੀ ਹਨ l ਮੈਂ ਉਨ੍ਹਾਂ ਨੂੰ ਕੁੱਝ ਵਾਰ ਪੈਸੇ ਪੁੱਛੇ ਪਰ ਉਨ੍ਹਾਂ ਦਿੱਤੇ ਨਹੀਂ l ਹਰ ਵਾਰ ਕੋਈ ਨਾ ਕੋਈ ਬਹਾਨਾ ਲਗਾਇਆ l ਅੱਜ ਦਸ ਪੰਦਰਾਂ ਸਾਲ ਬੀਤਣ ਬਾਦ ਵੀ ਉਨ੍ਹਾਂ ਲੋਕਾਂ ਦਾ ਉਹੀ ਹਾਲ ਹੈ ਜੋ ਪੰਦਰਾਂ ਸਾਲ ਪਹਿਲਾਂ ਹੁੰਦਾ ਸੀ l ਉਨ੍ਹਾਂ ਮੈਨੂੰ ਪੈਸੇ ਨਹੀਂ ਦਿੱਤੇ ਅਤੇ ਮੈਂ ਸੋਚਿਆ ਕਿ ਚਲੋ ਕਮਿਊਨਟੀ ਵਰਕ ਹੋ ਗਿਆ l ਉਹ ਪੈਸੇ ਫਿਰ ਕਿਸੇ ਨਾ ਕਿਸੇ ਰੂਪ ਵਿੱਚ ਮੈਨੂੰ ਮੁੜੇ l
ਇਸ ਕਰਕੇ ਹਰ ਇੱਕ ਨੂੰ ਵੱਧ ਤੋਂ ਵੱਧ ਦਾਨ ਆਪਣੀ ਹਿੰਮਤ ਅਨੁਸਾਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ l ਜਦੋਂ ਤੁਸੀਂ ਕੋਈ ਕੰਮ ਜਾਂ ਕਾਰੋਬਾਰ ਕਰਦੇ ਹੋ ਤਾਂ ਉਸ ਉੱਪਰ ਵੱਧ ਰਿਟਰਨ (ਫਾਇਦਾ) ਭਾਲ਼ਦੇ ਹੋ l ਇਸੇ ਤਰਾਂ ਜਦੋਂ ਦਾਨ ਕਰੋ ਉਸ ਵਿੱਚੋਂ ਵੀ ਵੱਧ ਰਿਟਰਨ ਭਾਲੋ ਪਰ ਵੱਧ ਪੈਸਾ ਕਮਾਉਣ ਦੀ ਨਹੀਂ l ਉਦਾਹਰਣ ਦੇ ਤੌਰ ਤੇ ਜੇ ਤੁਸੀਂ ਕਿਸੇ ਭੁੱਖੇ ਨੂੰ ਰੋਟੀ ਖਵਾ ਦਿੰਦੇ ਹੋ ਤਾਂ ਤੁਹਾਡੇ ਦਾਨ ਨਾਲ ਉਸ ਵਿਅਕਤੀ ਦਾ ਇੱਕ ਡੰਗ ਸਰ ਗਿਆ l ਜੇ ਤੁਸੀਂ ਕਿਸੇ ਸਕੂਲ ਨੂੰ ਦਾਨ ਕਰਦੇ ਹੋ ਤਾਂ ਉਸ ਸਕੂਲ ਵਿੱਚ ਹਜ਼ਾਰਾਂ ਬੱਚਿਆਂ ਨੂੰ ਲਾਭ ਹੋਵੇਗਾ l ਉਹ ਪੜ੍ਹੇ ਹੋਏ ਬੱਚੇ ਕਈ ਪਰਿਵਾਰਾਂ ਨੂੰ ਪਾਲਣਗੇ l ਜੇਕਰ ਤੁਸੀਂ ਦੋ ਜਾਂ ਤਿੰਨ ਬੱਚੇ ਪੜ੍ਹਾ ਦਿੰਦੇ ਹੋ ਤਾਂ ਤੁਹਾਡੇ ਇਸ ਕੀਤੇ ਹੋਏ ਦਾਨ ਨਾਲ ਉਹ ਸਾਰੀ ਉਮਰ ਆਪਣੀ ਅਤੇ ਪਰਿਵਾਰ ਦੀ ਰੋਟੀ ਚਲਾਉਣਗੇ l ਏਨਾ ਹੀ ਨਹੀਂ ਉਹੀ ਬੱਚੇ ਫਿਰ ਆਪਣੇ ਬੱਚਿਆਂ ਨੂੰ ਵੀ ਪੜ੍ਹਾਉਣ ਜੋਗੇ ਹੋ ਜਾਣਗੇ l
ਜੇਕਰ ਕਿਸੇ ਹਸਪਤਾਲ ਨੂੰ ਦਾਨ ਦੇ ਦਿੰਦੇ ਹੋ ਤਾਂ ਤੁਹਾਡੇ ਪੈਸਿਆਂ ਨਾਲ ਕਈਆਂ ਦੀ ਜਾਨ ਬਚ ਜਾਵੇਗੀ ਜਿਨ੍ਹਾਂ ਆਪਣੇ ਪਰਿਵਾਰ ਪਾਲਣੇ ਹੁੰਦੇ ਹਨ l
ਜੇਕਰ ਤੁਸੀਂ ਆਪਣੇ ਕੀਤੇ ਹੋਏ ਦਾਨ ਨਾਲ ਐਂਬੂਲੇੰਸ ਵਿੱਚ ਯੋਗਦਾਨ ਪਾਉਂਦੇ ਹੋ ਤਾਂ ਤੁਸੀਂ ਕਈਆਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਉਂਦੇ ਹੋ l ਕਿਸੇ ਦੀ ਜਾਨ ਬਚਾਉਣ ਨਾਲੋਂ ਵਧੀਆ ਕੰਮ ਹੋਰ ਨਹੀਂ ਹੋ ਸਕਦਾ l
ਇਸੇ ਤਰਾਂ ਜਿਹੜੇ ਹੈਲੀਕਾਪਟਰ ਵੱਡੇ ਐਕਸੀਡੈਂਟ ਹੋਣ ਤੋਂ ਬਾਦ ਮਰੀਜ਼ਾਂ ਨੂੰ ਦੂਸਰੇ ਸ਼ਹਿਰਾਂ ਦੇ ਹਸਪਤਾਲਾਂ ਨੂੰ ਲਿਜਾਂਦੇ ਹਨ l ਮੈਂ ਉਨ੍ਹਾਂ ਨੂੰ ਵੀ ਅਕਸਰ ਦਾਨ ਕਰ ਦਿੰਦਾ ਹਾਂ ਪਰ ਮੈਨੂੰ ਤਸੱਲੀ ਹੁੰਦੀ ਹੈ ਕਿ ਮੇਰੇ ਦਿੱਤੇ ਦਾਨ ਨਾਲ ਉਹ ਹੈਲੀਕਾਪਟਰ ਮਰੀਜਾਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਉਂਦੇ ਹਨ l
ਜੇਕਰ ਤੁਸੀਂ ਸਿਹਤ ਸਬੰਧੀ ਆਪਣੇ ਪਿੰਡ ਵਿੱਚ ਕੋਈ ਸੈਮੀਨਾਰ ਕਰਵਾ ਦਿੰਦੇ ਹੋ ਤਾਂ ਹੋਰ ਵੀ ਵਧੀਆ ਹੈ l ਬਹੁਤ ਸਾਰੇ ਲੋਕ ਬਿਮਾਰੀਆਂ ਲੱਗਣੋਂ ਬਚ ਜਾਣਗੇ l
ਜੇਕਰ ਆਪੋ ਆਪਣੇ ਪਿੰਡਾਂ ਵਿੱਚ ਪਾਣੀ ਬਚਾਉਣ ਅਤੇ ਦਰੱਖਤ ਲਗਾਉਣ ਦੀ ਮੁਹਿੰਮ ਚਲਾ ਦਿੰਦੇ ਹੋ ਤਾਂ ਉਸ ਦਾ ਫਾਇਦਾ ਸਾਰੇ ਲੋਕ ਲੈਣਗੇ ਜਿਹੜੇ ਹਵਾ ਵਿੱਚ ਸਾਹ ਲੈਂਦੇ ਹਨ ਅਤੇ ਪਾਣੀ ਪੀਂਦੇ ਹਨ l
ਮੈਂ ਦੇਖਿਆ ਹੈ ਕਿ ਜਿਹੜੇ ਲੋਕ ਕਿਡਨੀ ਦੀ ਬਿਮਾਰੀ ਕਰਕੇ ਡਾਈਲਸਿਸ ਕਰਵਾਉਣ ਲੱਗ ਪੈਂਦੇ ਹਨ ਉਹ ਘਰ ਆ ਕੇ ਉਹੀ ਚੀਜ਼ਾਂ ਖਾਂਦੇ ਹਨ ਜਿਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ l ਇਸ ਤਰਾਂ ਦੇ ਮਰੀਜਾਂ ਲਈ ਸੈਮੀਨਾਰ ਕਾਫੀ ਲਾਹੇਵੰਦ ਰਹਿੰਦੇ ਹਨ l ਸੈਮੀਨਾਰਾਂ ਸਦਕੇ ਬਿਮਾਰੀਆਂ ਨੂੰ ਪੈਦਾ ਹੋਣੋਂ ਵੀ ਰੋਕਿਆ ਜਾ ਸਕਦਾ ਹੈ ਜਾਂ ਬਹੁਤੀਆਂ ਬਿਮਾਰੀਆਂ ਨੂੰ ਬਜ਼ੁਰਗ ਅਵਸਥਾ ਤੱਕ ਰੋਕਿਆ ਜਾ ਸਕਦਾ ਹੈ l
ਜੇਕਰ ਤੁਸੀਂ ਆਪਣੇ ਪਿੰਡ ਵਿੱਚ ਕੋਈ ਅਧਿਆਪਕ ਦੋ ਘੰਟੇ ਰੋਜ਼ਾਨਾ ਲਈ ਲੋੜਵੰਦ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਣ ਲਈ ਰੱਖ ਦਿੰਦੇ ਹੋ ਤਾਂ ਬਹੁਤ ਸਾਰੇ ਬੱਚੇ ਚੰਗਾ ਪੜ੍ਹ ਜਾਣਗੇ l ਦੋ ਘੰਟੇ ਰੋਜ਼ਾਨਾ ਦੇ ਹਿਸਾਬ ਨਾਲ ਅਧਿਆਪਕ ਦਾ ਇੱਕ ਮਹੀਨੇ ਦਾ ਸਿਰਫ 50 ਜਾਂ 60 ਘੰਟੇ ਦਾ ਖਰਚਾ ਹੀ ਦੇਣਾ ਪਵੇਗਾ ਜੋ ਸਿਰਫ ਇੱਕ ਜਾਂ ਡੇਢ ਹਫ਼ਤੇ ਦੀ ਤਨਖਾਹ ਦੇ ਬਰਾਬਰ ਹੈ l ਇਹ ਕੰਮ ਪ੍ਰਵਾਸੀ ਭਾਰਤੀ ਵੀ ਆਪਣੇ ਪਿੰਡਾਂ ਵਿੱਚ ਕਰ ਸਕਦੇ ਹਨ l ਸਿੱਖਿਆ ਜਾਂ ਐਜੂਕੇਸ਼ਨ ਦਾ ਦਾਨ ਐਸਾ ਹੈ ਜਿਸ ਦਾ ਉਨ੍ਹਾਂ ਪੜ੍ਹੇ ਹੋਏ ਬੱਚਿਆਂ ਨੂੰ ਸਾਰੀ ਉਮਰ ਲਾਭ ਹੁੰਦਾ ਹੈ l
ਵੱਡੀ ਗਿਣਤੀ ਵਿੱਚ ਲੋਕ ਪਹਿਲਾਂ ਵੀ ਆਪਣੀ ਸੋਚ ਮੁਤਾਬਕ ਵੱਖ ਵੱਖ ਸੰਸਥਾਵਾਂ ਰਾਹੀਂ ਦਾਨ ਕਰਦੇ ਹਨ l ਦਾਨ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਕੋਸ਼ਿਸ਼ ਕਰਨ ਕਿ ਉਹ ਦਾਨ ਜਿੱਥੇ ਲਗਾਉਣ ਵਾਸਤੇ ਦਿੱਤਾ ਗਿਆ ਹੈ ਉੱਥੇ ਲੱਗ ਜਾਵੇ l ਜਿਨ੍ਹਾਂ ਸੰਸਥਾਵਾਂ ਵਿੱਚ ਦਾਨ ਅੱਗੇ ਕਿੱਥੇ ਵਰਤਿਆ ਗਿਆ ਦਾ ਪਤਾ ਨਹੀਂ ਲਗਦਾ ਉੱਥੇ ਦਾਨ ਦੇ ਕੇ ਗੁਆਉਣ ਵਾਲੀ ਗੱਲ ਹੈ ਭਾਵ ਉਸ ਤੁਹਾਡੇ ਦਿੱਤੇ ਦਾਨ ਨਾਲ ਕੋਈ ਸੁਧਾਰ ਨਹੀਂ ਹੁੰਦਾ l
ਇਸ ਕਰਕੇ ਆਪਣੀ ਸੋਚ ਮੁਤਾਬਕ ਹੱਥੋਂ ਦਾਨ ਦੇਣਾ ਬਹੁਤ ਜਰੂਰੀ ਹੁੰਦਾ ਹੈ ਜਾਂ ਆਪਣੀ ਹਿੰਮਤ ਮੁਤਾਬਕ ਸਮਾਜ ਦੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਸਮਾਜ ਵਿੱਚ ਲੋੜਵੰਦ ਲੋਕਾਂ ਨੂੰ ਕੁੱਝ ਸਹਿਯੋਗ ਮਿਲ ਸਕੇ ਅਤੇ ਸਮਾਜ ਵਿੱਚ ਅਸਾਵਾਂਪਨ ਘੱਟ ਪੈਦਾ ਹੋਵੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147