-ਆਪਣੇ ਤਜਰਬੇ ਤੇ ਅਧਾਰਤ
ਘਰਾਂ ਦੀ ਮਾਰਕੀਟ ਬਾਰੇ ਲਿਖੇ 1 ਅਕਤੂਬਰ 2022 ਵਾਲੇ ਆਰਟੀਕਲ ਬਾਰੇ ਕੁੱਝ ਸੱਜਣਾਂ ਪੁੱਛਿਆ ਸੀ ਕਿ ਜਰੂਰੀ ਗੱਲਾਂ ਪੁਆਇੰਟਾਂ ਵਿੱਚ ਲਿਖਾਂ l ਉਹ ਆਪਣੇ ਤਜਰਬੇ ਦੇ ਅਧਾਰ ਤੇ ਸਾਂਝੀਆਂ ਕਰ ਰਿਹਾ ਹਾਂ :-
* ਪਿਛਲੇ ਕੁੱਝ ਮਹੀਨਿਆਂ ਤੋਂ ਘਰ ਸਸਤੇ ਹੋਏ ਹਨ ਅਤੇ ਅਜੇ ਥੋੜ੍ਹਾ ਹੋਰ ਸਸਤੇ ਹੋਣ ਦੀ ਸੰਭਾਵਨਾ ਹੈ l ਜਦੋਂ ਤੱਕ ਘਰਾਂ ਦੀ ਸਪਲਾਈ ਵਧਦੀ ਜਾਵੇਗੀ ਉਦੋਂ ਤੱਕ ਘਰ ਲਗਾਤਾਰ ਸਸਤੇ ਹੁੰਦੇ ਰਹਿਣਗੇ l ਅਜੇ ਬਹੁਤ ਸਾਰੇ ਨਵੇਂ ਘਰ ਮਾਰਕੀਟ ਵਿੱਚ ਅਗਲੇ 6 ਮਹੀਨਿਆਂ ਵਿੱਚ ਆਉਣੇ ਹਨ ਜੋ ਘਰਾਂ ਨੂੰ ਸਸਤਾ ਕਰਨ ਵਿੱਚ ਮੱਦਦ ਕਰਨਗੇ l
*ਔਕਲੈਂਡ ਦੇ 57 ਸ਼ਹਿਰਾਂ (Suburbs) ਵਿੱਚ ਔਸਤਨ ਘਰਾਂ ਦੀ ਮਾਰਕੀਟ ਦੋ ਲੱਖ ਡਾਲਰ ਤੋਂ ਵੱਧ ਥੱਲੇ ਡਿਗੀ ਹੈ, ਵਲਿੰਗਟਨ ਵਿੱਚ ਔਸਤਨ ਘਰਾਂ ਦੀ ਕੀਮਤ $196,000 ਥੱਲੇ ਡਿਗੀ ਹੈ ਅਤੇ ਪੂਰੇ ਮੁਲਕ ਵਿੱਚ ਔਸਤਨ ਘਰਾਂ ਦੀ ਕੀਮਤ $75,000 ਥੱਲੇ ਡਿਗੀ ਹੈ l
*ਘਰਾਂ ਦੀ ਮਾਰਕੀਟ ਭਾਵੇਂ ਉੱਤੇ ਜਾਵੇ ਜਾਂ ਥੱਲੇ 15 ਨਵੰਬਰ ਤੋਂ 15 ਜਨਵਰੀ ਤੱਕ ਹਰ ਸਾਲ ਖਰੀਦਣ ਲਈ ਕਈ ਘਰ ਸਸਤੇ ਮਿਲ ਜਾਂਦੇ ਹਨ ਕਿਉਂਕਿ ਇਸ ਸਮੇਂ ਬਹੁਤੇ ਲੋਕ ਛੁੱਟੀਆਂ ਤੇ ਗਏ ਹੁੰਦੇ ਹਨ l
*ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਹਰ ਸਾਲ ਕੁੱਝ ਸਸਤੇ ਘਰ ਮਿਲ ਜਾਂਦੇ ਹਨ ਕਿਉਂਕਿ ਜਿਆਦਾ ਲੋਕ ਸਿਆਲ ਵਿੱਚ ਘਰ ਬਦਲਣਾ ਨਹੀਂ ਚਾਹੁੰਦੇ ਜਾਂ ਦਿਨ ਛੋਟੇ ਹੋਣ ਕਰਕੇ ਅਤੇ ਮੀਂਹ ਦੇ ਮੌਸਮ ਕਰਕੇ ਬਹੁਤੇ ਲੋਕ ਘਰ ਦੇਖਣ ਹੀ ਨਹੀਂ ਜਾਂਦੇ l
*ਘਰਾਂ ਦਾ ਵਿਆਜ਼ ਕੁੱਝ ਮਹੀਨਿਆਂ ਵਿੱਚ ਕਾਫੀ ਵਧਿਆ ਹੈ ਅਤੇ ਅਜੇ ਹੋਰ ਵਧਣ ਦੀ ਸੰਭਾਵਨਾ ਹੈ l ਫਿਕਸ ਕੀਤੇ ਹੋਏ ਵਿਆਜ਼ ਵਿੱਚ ਵਾਧਾ ਨਹੀਂ ਹੁੰਦਾ l
*ਪਿਛਲੇ ਕੁੱਝ ਮਹੀਨਿਆਂ ਵਿੱਚ ਮਹਿੰਗਾਈ ਬਹੁਤ ਜਿਆਦਾ ਵਧੀ ਹੈ ਉਸੇ ਕਾਰਣ ਘਰਾਂ ਦੇ ਕਰਜ਼ੇ ਦਾ ਵਿਆਜ਼ ਵਧਿਆ ਹੈ l ਜਦ ਤੱਕ ਮਹਿੰਗਾਈ ਦਰ ਨਹੀਂ ਘਟਦੀ ਉਦੋਂ ਤੱਕ ਵਿਆਜ਼ ਘਟਣ ਦੀ ਸੰਭਾਵਨਾ ਨਹੀਂ ਹੈ l
*ਮਹਿੰਗਾਈ ਵਧਣ ਦਾ ਮੁੱਖ ਕਾਰਣ ਕਰੋਨਾ ਦੇ ਨਾਮ ਤੇ ਸਪਲਾਈ ਚੇਨਾਂ ਨੂੰ ਤੋੜਨਾ ਹੈ l ਉਹ ਸਪਲਾਈ ਚੇਨਾਂ ਅਜੇ ਵੀ ਨਹੀਂ ਜੁੜੀਆਂ l ਇਸੇ ਕਾਰਣ ਕਰਿਆਨਾ ਮਹਿੰਗਾ ਹੋਇਆ, ਕਾਮਿਆਂ ਦੀ ਘਾਟ ਹੋਈ, ਬਿਲਡਿੰਗ ਮਟੀਰੀਅਲ ਦੀ 6 ਮਹੀਨੇ ਦੀ ਉਡੀਕ ਸੂਚੀ ਹੋਈ, ਕਈ ਕਾਰਾਂ ਦੀ ਉਡੀਕ ਸੂਚੀ ਇੱਕ ਸਾਲ ਹੋਈ, ਏਅਰ ਲਾਈਨਾਂ ਦੇ ਕਿਰਾਏ ਵਧੇ ਆਦਿ l
*ਨਿਊਜ਼ੀਲੈਂਡ ਵਿੱਚ ਲੰਬੇ ਸਮੇਂ ਤੋਂ ਔਸਤਨ ਘਰ ਦਸ ਕੁ ਸਾਲਾਂ ਬਾਦ ਦੁੱਗਣੀ ਕੀਮਤ ਦੇ ਹੁੰਦੇ ਰਹੇ ਹਨ ਪਰ ਜੇਕਰ ਤੁਸੀਂ ਤਿੰਨ ਲੱਖ ਵਾਲਾ ਘਰ ਪਹਿਲਾਂ ਹੀ ਚਾਰ ਲੱਖ ਦਾ ਖਰੀਦਿਆ ਹੈ ਤਾਂ ਉਹ ਦਸ ਸਾਲਾਂ ਵਿੱਚ ਦੁੱਗਣਾ ਨਹੀਂ ਹੁੰਦਾ ਕਿਉਂਕਿ ਤੁਸੀਂ ਪਹਿਲਾਂ ਹੀ ਲੱਖ ਡਾਲਰ ਵੱਧ ਦਿੱਤਾ ਹੈ l ਇਸ ਦੇ ਉਲਟ ਜੇ ਤੁਸੀਂ ਤਿੰਨ ਲੱਖ ਡਾਲਰ ਵਾਲਾ ਘਰ ਢਾਈ ਲੱਖ ਵਿੱਚ ਖਰੀਦਿਆ ਹੈ ਤਾਂ ਉਹ ਘਰ ਦਸ ਸਾਲਾਂ ਤੋਂ ਪਹਿਲਾਂ ਹੀ ਦੁੱਗਣਾ ਹੋ ਜਾਂਦਾ ਹੈ l
*ਘਰ ਖਰੀਦ ਕੇ ਲੰਬਾ ਸਮਾਂ (20 ਸਾਲ ਤੋਂ ਵੱਧ) ਰੱਖਣ ਵਾਲੇ ਲੋਕ ਬਹੁਤ ਜਿਆਦਾ ਫਾਇਦਾ ਖੱਟਦੇ ਹਨ l ਇਨ੍ਹਾਂ ਉੱਪਰ ਮਾਰਕੀਟ ਦੇ ਉੱਪਰ ਥੱਲੇ ਜਾਣ ਦਾ ਕੋਈ ਖਾਸ ਫਰਕ ਨਹੀਂ ਪੈਂਦਾ l
*ਘਰ ਇਮੋਸ਼ਨ ਦੇ ਅਧਾਰ ਤੇ ਵੱਧ ਵਿਕਦੇ ਹਨ l ਬੀਬੀਆਂ ਛੇਤੀ ਇਮੋਸ਼ਨਲ (emotional) ਹੋ ਜਾਂਦੀਆਂ ਹਨ l ਇਮੋਸ਼ਨ ਦੇ ਅਧਾਰ ਤੇ ਹੀ ਲੋਕ ਘਰ ਦੇ ਵੱਧ ਪੈਸੇ ਦਿੰਦੇ ਹਨ l
*ਨਿਊਜ਼ੀਲੈਂਡ ਵਿੱਚ ਬਹੁਤੇ ਲੋਕ ਇਸ ਤਰਾਂ ਦੇ ਹਨ ਜੋ ਘਰ ਖਰੀਦਣਾ ਹੀ ਨਹੀਂ ਚਾਹੁੰਦੇ l ਉਹ ਕਹਿੰਦੇ ਹਨ ਕਿ ਅਸੀਂ ਦੁਨੀਆਂ ਤੇ ਜਿੰਦਗੀ ਦਾ ਅਨੰਦ ਮਾਨਣ ਆਏ ਹਾਂ ਘਰ ਖਰੀਦਣ ਨਹੀਂ l ਉਹ ਕਿਰਾਏ ਤੇ ਰਹਿ ਕੇ ਖੁਸ਼ ਹਨ l ਇਸ ਕਰਕੇ ਕਹਿ ਸਕਦੇ ਹਾਂ ਕਿ ਘਰ ਖਰੀਦਣਾ ਜਾਂ ਕਿਰਾਏ ਦੇ ਘਰ ਵਿੱਚ ਰਹਿਣਾ ਮਨੁੱਖ ਦੀ ਆਪਣੀ ਪਸੰਦ ਹੈ l
*ਜੋ ਲੋਕ ਕਿਰਾਏ ਤੇ ਰਹਿੰਦੇ ਹਨ ਉਨ੍ਹਾਂ ਵਿੱਚੋਂ ਕਈ ਕਿਰਾਏਦਾਰਾਂ ਕੋਲ ਵਧੀਆ ਕਾਰਾਂ ਅਤੇ ਕਿਸ਼ਤੀਆਂ ਵੀ ਹਨ ਪਰ ਉਨ੍ਹਾਂ ਘਰ ਨਹੀਂ ਖਰੀਦਿਆ ਹੋਇਆ l
*ਸਮੇਂ ਸਮੇਂ ਤੇ ਸਰਕਾਰ ਦੀਆਂ ਅਤੇ ਬੈਂਕ ਦੀਆਂ ਬਦਲੀਆਂ ਪਾਲਸੀਆਂ ਘਰਾਂ ਦੀ ਮਾਰਕੀਟ ਤੇ ਅਹਿਮ ਪ੍ਰਭਾਵ ਪਾਉਂਦੀਆਂ ਹਨ l
*ਘਰਾਂ ਦੀ ਥੱਲੇ ਜਾ ਰਹੀ ਮਾਰਕੀਟ ਵਿੱਚ ਉਹ ਲੋਕ ਵੱਧ ਘਰ ਖਰੀਦਦੇ ਹਨ ਜੋ ਇਸ ਨੂੰ ਕਾਰੋਬਾਰ ਸਮਝਦੇ ਹਨ ਅਤੇ ਬੁਢਾਪਾ ਆਉਣ ਤੋਂ ਪਹਿਲਾਂ ਨੌਕਰੀ ਛੱਡ ਕੇ ਜਿੰਦਗੀ ਦਾ ਅਨੰਦ ਮਾਨਣਾ ਚਾਹੁੰਦੇ ਹਨ ਜਾਂ ਕਿਸੇ ਚੈਰੀਟੇਬਲ ਸੰਸਥਾ ਲਈ ਮੁਫ਼ਤ ਕੰਮ ਕਰਨਾ ਚਾਹੁੰਦੇ ਹਨ l
* ਜੇਕਰ ਕਿਸੇ ਕੋਲ ਮੁੱਲ ਦੇ ਇੱਕ ਦੋ ਫਰੀਹੋਲਡ ਘਰ ਹਨ ਜੋ ਕਿਰਾਏ ਤੇ ਦਿੱਤੇ ਹੋਏ ਹਨ ਤਾਂ ਬੁਢਾਪਾ ਇਕੱਲਾ ਸਰਕਾਰੀ ਪੈਨਸ਼ਨ ਤੇ ਨਿਰਭਰ ਨਹੀਂ ਕਰਦਾ l ਕਿਰਾਏ ਦੀ ਆਮਦਨ ਨਾਲ ਉਹ ਲੋਕ ਬੁਢਾਪੇ ਵਿੱਚ ਵੀ ਵਧੀਆ ਜਿੰਦਗੀ ਗੁਜਾਰਦੇ ਹਨ ਅਤੇ ਪੁੱਤਾਂ ਧੀਆਂ ਤੇ ਵੀ ਨਿਰਭਰ ਨਹੀਂ ਕਰਦੇ l ਜੇਕਰ ਕੋਈ ਵੱਡਾ ਅਪ੍ਰੇਸ਼ਨ ਕਰਵਾਉਣਾ ਪਵੇ ਤਾਂ ਉਹ ਲੋਕ ਪਰਾਈਵੇਟ ਹਸਪਤਾਲਾਂ ਵਿੱਚ ਵੀ ਕਰਾ ਲੈਂਦੇ ਹਨ l ਸਰਕਾਰੀ ਹਸਪਤਾਲਾਂ ਵਿੱਚ ਅਕਸਰ ਅਪ੍ਰੇਸ਼ਨ ਕਰਵਾਉਣ ਵਾਲਿਆਂ ਦੀ ਉਡੀਕ ਲੰਬੀ ਹੁੰਦੀ ਹੈ l
*ਜਿਨਾਂ ਲੋਕਾਂ ਦਾ ਅਮੀਰਾਂ ਦੀ ਸੂਚੀ ਵਿੱਚ ਨਾਮ ਆਉਂਦਾ ਹੈ ਉਨ੍ਹਾਂ ਵਿੱਚੋਂ ਜਿਆਦਾ ਆਰਥਿਕ ਮੰਦੀ ਵੇਲੇ ਘਰ ਖਰੀਦਦੇ ਹਨ l
*ਦੁਨੀਆਂ ਵਿੱਚ ਜਿਹੜੇ ਲੋਕਾਂ ਦਾ ਅਮੀਰਾਂ ਵਿੱਚ ਨਾਮ ਆਉਂਦਾ ਹੈ ਉਨ੍ਹਾਂ ਵਿੱਚੋਂ ਅੰਦਾਜੇ ਮੁਤਾਬਕ 85% ਤੋਂ ਵੱਧ ਲੋਕ ਘਰਾਂ, ਜ਼ਮੀਨ ਜਾਂ ਕਮਰਸ਼ੀਅਲ ਬਿਲਡਿੰਗਾਂ ਦੇ ਕਾਰੋਬਾਰਾਂ ਰਾਹੀਂ ਅਮੀਰ ਹੋਏ ਹਨ l
ਨੋਟ :- ਘਰ, ਜ਼ਮੀਨ ਜਾਂ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਲਈ ਆਪਣੇ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜਰ ਦੀ ਸਲਾਹ ਲੈਣਾ ਜਰੂਰੀ ਹੈ ਜੋ ਕਿ ਮੈਂ ਨਹੀਂ ਹਾਂ ਪਰ ਪ੍ਰਾਪਰਟੀ ਕਾਰੋਬਾਰ ਨਾਲ ਪਿਛਲੇ 23 ਸਾਲਾਂ ਤੋਂ ਜੁੜਿਆ ਹੋਇਆ ਹਾਂ ਅਤੇ ਆਰਥਿਕ ਮੰਦੀਆਂ ਵੀ ਦੇਖ ਚੁੱਕਾ ਹਾਂ l ਮੈਂ ਆਰਟੀਕਲ ਬਿਨਾਂ ਕਿਸੇ ਲਾਲਚ ਤੋਂ ਲਿਖਦਾ ਹਾਂ ਅਤੇ ਇਨ੍ਹਾਂ ਦਾ ਕਿਸੇ ਪਾਸਿਓਂ ਕੋਈ ਪੈਸਾ ਨਹੀਂ ਲੈਂਦਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147