ਮੈਂ ਜਿਆਦਾ ਤੌਰ ਤੇ ਭਵਿੱਖ ਸੁਧਾਰਨ ਬਾਰੇ ਲਿਖਦਾ ਹਾਂ ਪਰ ਮੁਸ਼ਕਿਲ ਇਹ ਹੁੰਦੀ ਹੈ ਕਿ ਭਵਿੱਖ ਕਿਸੇ ਨੂੰ ਦਿਸਦਾ ਨਹੀਂ ਹੁੰਦਾ l ਇਸ ਬਾਰੇ ਸਿਰਫ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ l
ਅੰਦਾਜ਼ਾ ਲਗਾਉਣ ਵਿੱਚ ਤੰਗੀ ਇਹ ਹੁੰਦੀ ਹੈ ਕਿ ਇਹ ਗਲਤ ਜਾਂ ਠੀਕ ਨਿੱਕਲ ਸਕਦਾ ਹੈ l ਇਸ ਕਰਕੇ ਇਸ ਲੇਖ ਵਿੱਚ ਗੱਲ ਭਾਵੇਂ ਭਵਿੱਖ ਦੀ ਹੀ ਕਰਾਂਗਾ ਪਰ ਉਦਾਹਰਣ ਪਿਛਲੇ ਸਮੇਂ ਦੀ ਦਿਆਂਗਾ ਤਾਂ ਕਿ ਉਹ ਦਿਸ ਸਕੇ ਅਤੇ ਅਸੀਂ ਅੰਦਾਜ਼ਾ ਲਗਾ ਸਕੀਏ ਕਿ ਸ਼ਾਇਦ ਭਵਿੱਖ ਵਿੱਚ ਵੀ ਇਸ ਤਰਾਂ ਹੋਵੇ l
ਜਿਹੜੇ ਆਪਣੇ ਬੁਢਾਪੇ ਬਾਰੇ ਚਿੰਤਤ ਹਨ ਉਨ੍ਹਾਂ ਲਈ ਇਹ ਲਿਖਤ ਲਾਹੇਵੰਦ ਹੋ ਸਕਦੀ ਹੈ l
ਕੇਸ ਸਟੱਡੀ :-
ਮੈਨੂੰ ਅੱਜ ਵੀ ਯਾਦ ਹੈ ਕਿ ਉਹ ਪਤੀ ਪਤਨੀ ਮੇਰੀ ਹੀ ਇੱਕ ਕੰਪਨੀ ਵਿੱਚ ਕੰਮ ਕਰਦੇ ਹੁੰਦੇ ਸੀ l ਭਾਵੇਂ ਪੜ੍ਹੇ ਲਿਖੇ ਘੱਟ ਹੀ ਸਨ ਪਰ ਉਨ੍ਹਾਂ ਦਾ ਮਿੱਠ ਬੋਲੜਾ ਸੁਭਾਅ ਮੈਂ ਕਦੇ ਵੀ ਭੁੱਲ ਨਹੀਂ ਸਕਿਆ ਸੀ l
ਨਿਊਜ਼ੀਲੈਂਡ ਵਿੱਚ ਬੁਢਾਪਾ ਪੈਨਸ਼ਨ ਇੱਕ ਜੋੜੇ ਲਈ ਹਫ਼ਤੇ ਦੀ $750 ਤੋਂ $800 (ਸੰਨ 2026) ਦੇ ਕਰੀਬ ਹੈ l ਏਨੀ ਕੁ ਆਮਦਨ ਨਾਲ ਬਜ਼ੁਰਗ ਲੋਕ ਬਹੁਤ ਹੀ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਹਨ l ਜਿਆਦਾ ਜੋੜਿਆਂ ਨੇ ਭਾਵੇਂ ਸਾਰੀ ਉਮਰ ਲੱਖਾਂ ਡਾਲਰ ਸਲਾਨਾ ਦੀਆਂ ਨੌਕਰੀਆਂ ਕੀਤੀਆਂ ਹੋਣ ਪਰ ਫਿਰ ਵੀ ਉਹ ਬੁਢਾਪਾ ਆਰਥਿਕ ਤੰਗੀ ਵਿੱਚ ਹੀ ਗੁਜ਼ਾਰਦੇ ਹਨ l
ਮੇਰੇ ਕਹਿਣ ਤੇ ਉਸ ਜੋੜੇ ਨੇ 25 ਕੁ ਸਾਲ ਪਹਿਲਾਂ (ਭਾਵ 2002 ਦੇ ਕਰੀਬ) ਆਪਣੇ ਘਰ ਤੋਂ ਇਲਾਵਾ ਇੱਕ ਘਰ ਖਰੀਦ ਕੇ ਕਿਰਾਏ ਤੇ ਦਿੱਤਾ ਸੀ l ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਜੇ ਤੁਹਾਡੇ ਕੋਲ ਬੁਢਾਪੇ ਵਿੱਚ ਹੋਰ ਕੁੱਝ ਨਾ ਵੀ ਬਚਿਆ ਤਾਂ ਤੁਹਾਡੇ ਕੋਲ ਇੱਕ ਆਪਣਾ ਘਰ ਹੋਵੇਗਾ ਅਤੇ ਇੱਕ ਇਨਵੈਸਟਮੈਂਟ ਪ੍ਰਾਪਰਟੀ ਜਿਸ ਤੋਂ ਉਨ੍ਹਾਂ ਨੂੰ ਪੈਨਸ਼ਨ ਵਾਂਗ ਹੀ ਹਫ਼ਤੇ ਦੀ ਆਮਦਨ ਆਇਆ ਕਰੇਗੀ l
ਸੰਨ 2002 ਦੇ ਆਸ ਪਾਸ ਸਾਊਥ ਔਕਲੈਂਡ ਵਿੱਚ ਤਿੰਨ ਬੈੱਡਰੂਮ ਘਰ ਸਵਾ ਲੱਖ (125,000) ਡਾਲਰ ਦੇ ਕਰੀਬ ਮੁੱਲ ਮਿਲ ਜਾਂਦੇ ਸਨ ਅਤੇ ਘਰ ਦੇ ਕਿਰਾਏ ਨਾਲ ਕਰਜ਼ੇ ਦੀ ਕਿਸ਼ਤ ਚੱਲ ਜਾਂਦੀ ਸੀ ਅਤੇ ਇੰਸ਼ੋਰੈਂਸ, ਕਾਉਂਸਿਲ ਰੇਟਸ ਖਰਚੇ ਵੀ ਨਿੱਕਲ ਜਾਂਦੇ ਸਨ l
ਸੰਨ 2025/2026 ਵਿੱਚ ਉਹੀ ਘਰ ਜੋ ਸਵਾ ਲੱਖ ਡਾਲਰ ਦਾ 2002 ਵਿੱਚ ਖਰੀਦਿਆ ਸੀ ਦੀ ਕੀਮਤ ਤਕਰੀਬਨ 750,000 (ਸਾਢੇ ਸੱਤ ਲੱਖ) ਡਾਲਰ ਹੋ ਗਈ ਹੈ ਅਤੇ ਕਿਰਾਇਆ 750 ਡਾਲਰ ਪ੍ਰਤੀ ਹਫ਼ਤਾ ਹੋ ਗਿਆ ਹੈ l
ਕਰਜ਼ੇ ਦੀਆਂ ਕਿਸ਼ਤਾਂ ਕਿਰਾਏ ਨਾਲ ਹੀ ਉਤਰਣ ਕਾਰਣ ਘਰ ਉੱਪਰ ਕੋਈ ਕਰਜ਼ਾ ਨਹੀਂ ਰਿਹਾ l ਇਸ ਘਰ ਦੇ ਕਿਰਾਏ ਨੇ ਕਰਜ਼ੇ ਦੀਆਂ ਕਿਸ਼ਤਾਂ ਹੀ ਨਹੀਂ ਉਤਾਰੀਆਂ ਬਲਕਿ ਵਧੇ ਹੋਏ ਕਿਰਾਏ ਕਾਰਣ ਕੁੱਝ ਪੈਸੇ ਬਚਦੇ ਵੀ ਰਹੇ ਜੋ ਕਈ ਹਜ਼ਾਰ ਡਾਲਰ ਬਣ ਗਏ l
ਸੰਨ 2025 ਵਿੱਚ ਜਦੋਂ ਜੋੜਾ ਰਿਟਾਇਰ ਹੋਇਆ ਤਾਂ ਸਰਕਾਰ ਵਲੋਂ $750 ਦੇ ਕਰੀਬ ਪੈਨਸ਼ਨ ਮਿਲਣੀ ਸ਼ੁਰੂ ਹੋਈ ਅਤੇ ਨਾਲ ਹੀ ਘਰ ਦਾ ਕਿਰਾਇਆ $750 ਮਿਲਣ ਲੱਗਾ ਜਿਸ ਨਾਲ ਬੁਢਾਪੇ ਵਿੱਚ ਕੁੱਲ ਆਮਦਨ $1,500 ਦੇ ਕਰੀਬ ਹਫ਼ਤੇ ਦੀ ਹੋ ਗਈ ਜਿਸ ਵਿੱਚੋਂ ਸਾਰੇ ਖਰਚੇ ਕਰਕੇ ਅਰਾਮ ਨਾਲ ਕੁੱਝ ਪੈਸੇ ਬਚਣ ਲੱਗੇ l
ਉਹ ਜੋੜਾ ਦੂਜੇ ਬਜ਼ੁਰਗਾਂ ਦੇ ਮੁਕਾਬਲੇ ਆਰਾਮਦਾਇਕ ਜ਼ਿੰਦਗੀ ਬਿਤਾ ਰਿਹਾ ਹੈ ਅਤੇ ਜਦੋਂ ਵੀ ਮੈਨੂੰ ਮਿਲਣ ਤਾਂ ਉਹ ਇਸ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ ਤੇ ਅਕਸਰ ਆਖ ਦਿੰਦੇ ਹਨ ਕਿ ਜੇ ਮੁੱਲ ਲੈ ਕੇ ਇੱਕ ਘਰ ਕਿਰਾਏ ਤੇ ਨਾ ਦਿੰਦੇ ਤਾਂ ਅਸੀਂ ਬੁਢਾਪੇ ਵਿੱਚ ਰੁਲ ਜਾਣਾ ਸੀ l
ਕਦੇ ਕਦਾਈਂ ਜ਼ਿੰਦਗੀ ਵਿੱਚ ਕੀਤਾ ਇੱਕ ਵਧੀਆ ਫੈਸਲਾ ਹੀ ਬੁਢਾਪਾ ਸੰਵਾਰ ਦਿੰਦਾ ਹੈ l
ਆਪਣੇ ਬੁਢਾਪੇ ਲਈ ਉਪਰਾਲੇ ਜਵਾਨੀ ਵੇਲੇ ਹੀ ਸ਼ੁਰੂ ਕਰ ਲੈਣੇ ਚਾਹੀਦੇ ਹਨ ਤਾਂ ਕਿ ਦੂਜਿਆਂ ਵੱਲ ਨਾ ਦੇਖਣਾ ਪਵੇ l
ਹੋਰ ਜਾਣਕਾਰੀ ਲਈ ਨਿਊਜ਼ੀਲੈਂਡ ਦੀ ਇਨਵੈਸਟਮੈਂਟ ਪ੍ਰਾਪਰਟੀ ਬਾਰੇ ਮੇਰੀ ਲਿਖੀ ਹੋਈ ਕਿਤਾਬ Homeless to Multi-Millionaire ਪੜ੍ਹ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147