ਭਾਰਤ ਨੂੰ ਅਜ਼ਾਦੀ ਮਿਲਿਆਂ 73 ਸਾਲ ਹੋ ਚੁੱਕੇ ਹਨ ਪਰ ਇਥੇ ਵਸਦੇ ਬਹੁਤੇ ਲੋਕਾਂ ਨੂੰ ਨੇਤਾਵਾਂ ਨੇ ਅਜ਼ਾਦੀ ਬਾਰੇ ਅਜੇ ਪਤਾ ਨਹੀਂ ਲੱਗਣ ਦਿੱਤਾ ਕਿ ਅਜ਼ਾਦੀ ਕੀ ਹੁੰਦੀ ਹੈ ? ਇਸ ਵਿੱਚ ਸ਼ਾਇਦ ਲੋਕਾਂ ਦਾ ਕਸੂਰ ਵੀ ਬਹੁਤਾ ਨਹੀਂ ਹੈ ਕਿਉਂਕਿ ਉਨ੍ਹਾਂ ਕਦੇ ਅਜ਼ਾਦੀ ਦੇਖੀ ਹੀ ਨਹੀਂ l ਜਿਹੜੀ ਚੀਜ਼ ਕਦੇ ਦੇਖੀ ਹੀ ਨਹੀਂ ਉਸ ਦੀ ਮੰਗ ਵੀ ਬਹੁਤ ਘੱਟ ਲੋਕ ਹੀ ਕਰਨਗੇ l ਜਿਨ੍ਹਾਂ ਦੇ ਪਰਿਵਾਰਕ ਮੈਂਬਰ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ ਅਤੇ ਉਹ ਉਥੇ ਮਿਲਦੀਆਂ ਸਹੂਲਤਾਂ ਅਤੇ ਸਰਕਾਰਾਂ ਦੀ ਕਾਰਗੁਜ਼ਾਰੀ ਬਾਰੇ ਭਾਰਤ ਵਿੱਚ ਵਸਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਦੇ ਹਨ ਤਾਂ ਉਨ੍ਹਾਂ ਨੂੰ ਕੁੱਝ ਅਜ਼ਾਦੀ ਬਾਰੇ ਪਤਾ ਚੱਲਦਾ ਹੈ l

ਭਾਰਤ ਵਿੱਚ ਵਸਦੇ ਬਹੁਤੇ ਲੋਕ ਮਾਨਸਿਕ ਤੌਰ ਤੇ ਗੁਲਾਮ ਹਨ l ਭਾਵ ਕਿ ਉਹ ਆਪਣੇ ਆਪ ਤੋਂ ਹੀ ਅਜ਼ਾਦੀ ਨਹੀਂ ਪ੍ਰਾਪਤ ਕਰ ਸਕੇ l ਉਹ ਹਮੇਸ਼ਾਂ ਦੂਜੇ ਦੇ ਪਿੱਛੇ ਹੀ ਲਗਦੇ ਹਨ l ਇਸ ਦਾ ਫਾਇਦਾ ਉਠਾਉਂਦਿਆਂ ਚਲਾਕ ਲੋਕ ਉਨ੍ਹਾਂ ਨੂੰ ਆਪਣੇ ਪਿੱਛੇ ਲਗਾ ਕੇ ਆਪੋ ਆਪਣਾ ਫਾਇਦਾ ਲੈ ਰਹੇ ਹਨ ਅਤੇ ਆਮ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ l

ਮਾਨਸਿਕ ਤੌਰ ਤੇ ਗੁਲਾਮ ਲੋਕਾਂ ਨੂੰ ਰਾਜਨੀਤਕ ਤੌਰ ਤੇ, ਧਾਰਮਿਕ ਤੌਰ ਤੇ ਅਤੇ ਡੇਰਿਆਂ ਦੁਆਰਾ ਬੜੇ ਅਰਾਮ ਨਾਲ ਆਪਣੇ ਫਾਇਦਿਆਂ ਲਈ ਵਰਤਿਆ ਜਾਂਦਾ ਹੈ ਭਾਵ ਉਨ੍ਹਾਂ ਦੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਕੀਤੀ ਜਾਂਦੀ ਹੈ l
ਸਰਕਾਰਾਂ ਦੁਆਰਾ ਲੋਕਾਂ ਨੂੰ ਉਹ ਚੀਜ਼ਾਂ ਦਿਤੀਆਂ ਜਾਂਦੀਆਂ ਹਨ ਜਿਸ ਨਾਲ ਲੋਕਾਂ ਵਿੱਚ ਗੁਲਾਮੀ ਕਾਇਮ ਰਹਿ ਸਕੇ ਜਿਸ ਤਰ੍ਹਾਂ ਡੇਰੇ, ਧਾਰਮਿਕ ਅਸਥਾਨ ਅਤੇ ਮੜ੍ਹੀਆਂ ਮਸੀਤਾਂ ਆਦਿ l ਫਿਰ ਇਨ੍ਹਾਂ ਥਾਵਾਂ ਤੋਂ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਪਿਛਲੇ ਜਨਮਾਂ ਦਾ ਫ਼ਲ ਭੁਗਤ ਰਹੇ ਹੋ, ਜੋ ਤੁਹਾਡੀ ਕਿਸਮਤ ਵਿੱਚ ਲਿਖਿਆ ਹੋਇਆ ਹੈ ਉਹ ਤੁਹਾਨੂੰ ਮਿਲ ਹੀ ਜਾਣਾ ਹੈ, ਕਿਸਮਤ ਵਿੱਚ ਲਿਖੇ ਨੂੰ ਕੋਈ ਮਿਟਾ ਨਹੀਂ ਸਕਦਾ, ਉੱਪਰ ਵਾਲੇ ਨੂੰ ਤੁਹਾਡਾ ਸਭ ਦਾ ਫਿਕਰ ਹੈ ਆਦਿ l ਇਹ ਗੱਲਾਂ ਇਸ ਕਰਕੇ ਲੋਕਾਂ ਨੂੰ ਦੱਸੀਆਂ ਜਾਂਦੀਆਂ ਹਨ ਤਾਂ ਕਿ ਉਹ ਸਰਮਾਏਦਾਰੀ ਪ੍ਰਤੀ ਬਗਾਵਤ ਨਾ ਕਰਨ l ਇਨ੍ਹਾਂ ਵਿੱਚੋਂ ਕਈ ਅਸਥਾਨਾਂ ਤੇ ਛੇੜ ਛਾੜ ਜਾਂ ਬਲਾਤਕਾਰ ਤੱਕ ਹੁੰਦੇ ਰਹਿੰਦੇ ਹਨ ਪਰ ਫਿਰ ਵੀ ਬਹੁਤੇ ਲੋਕ ਇਸ ਨੂੰ ਰੱਬੀ ਭਾਣਾ ਮੰਨ ਕੇ ਚੁੱਪ ਕਰ ਜਾਂਦੇ ਹਨ ਜਾਂ ਡੇਰਿਆਂ ਦੀ ਉੱਪਰ ਤੱਕ ਪਹੁੰਚ ਕਰਕੇ ਚੁੱਪ ਕਰ ਜਾਂਦੇ ਹਨ l ਇਨ੍ਹਾਂ ਅਸਥਾਨਾਂ ਦੀ ਸਰਕਾਰੇ ਦਰਬਾਰੇ ਵੀ ਬਹੁਤ ਪਹੁੰਚ ਹੁੰਦੀ ਹੈ ਕਿਉਂਕਿ ਦੋਨੋਂ ਧਿਰਾਂ ਨੂੰ ਇੱਕ ਦੂਜੇ ਦੀ ਲੋੜ ਹੁੰਦੀ ਹੈ l ਸਰਕਾਰਾਂ ਨੂੰ ਇਨ੍ਹਾਂ ਅਸਥਾਨਾਂ ਦੇ ਸ਼ਰਧਾਲੂਆਂ ਤੋਂ ਵੋਟਾਂ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਅਸਥਾਨਾਂ ਨੂੰ ਸਰਕਾਰਾਂ ਤੋਂ ਪੈਸੇ ਅਤੇ ਹੋਰ ਸਹੂਲਤਾਂ ਦੀ ਲੋੜ ਹੁੰਦੀ ਹੈ ਪਰ ਦੋਨੋਂ ਧਿਰਾਂ ਵਿੱਚ ਆਮ ਲੋਕੀਂ ਬੇਲੋੜਾ ਪੀੜੇ (ਪਿਸ) ਜਾਂਦੇ ਹਨ l

ਜਿਹੜੀ ਕਸਰ ਬਚ ਜਾਂਦੀ ਹੈ ਤਾਂ ਉਹ ਟੀ ਵੀ ਸੀਰੀਅਲ, ਟੀ ਵੀ ਚੈਨਲ ਜਾਂ ਬਹੁਤੀਆਂ ਫ਼ਿਲਮਾਂ ਵਾਲੇ ਕੱਢ ਦਿੰਦੇ ਹਨ l ਇਨ੍ਹਾਂ ਸਾਧਨਾਂ ਨੂੰ ਵੱਡੇ ਵੱਡੇ ਸਰਮਾਏਦਾਰ ਸਪੌਂਸਰ ਕਰਦੇ ਹਨ ਅਤੇ ਪ੍ਰਚਾਰ ਵੀ ਉਹ ਮਰਜ਼ੀ ਦਾ ਹੀ ਕਰਵਾਉਂਦੇ ਹਨ l ਲੋਕ ਇਨ੍ਹਾਂ ਝੂਠੀਆਂ ਕਹਾਣੀਆਂ ਨੂੰ ਸੁਣਨ ਵਾਸਤੇ ਆਪਣੇ ਜ਼ਰੂਰੀ ਕੰਮ ਵੀ ਛੱਡ ਲੈਂਦੇ ਹਨ l ਇਸ ਸਭ ਕੁੱਝ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਕਦੇ ਆਪਣੀ ਅਜ਼ਾਦੀ ਜਾਂ ਸਮਾਜਕ ਅਜ਼ਾਦੀ ਦਾ ਖਿਆਲ ਹੀ ਨਹੀਂ ਆਉਂਦਾ l ਜੇ ਕੁੱਝ ਸੂਝਵਾਨ ਲੋਕ ਅਜ਼ਾਦੀ ਦੀ ਗੱਲ ਕਰਨ ਜਾਂ ਉਨ੍ਹਾਂ ਨੂੰ ਅਜ਼ਾਦੀ ਬਾਰੇ ਦੱਸਣ ਦੀ ਕੋਸ਼ਿਸ਼ ਕਰਨ ਤਾਂ ਉਨ੍ਹਾਂ ਨੂੰ ਉਹ ਲੋਕ ਹੀ ਓਪਰੇ ਲੱਗਣ ਲੱਗ ਪੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਓਪਰੀਆਂ ਗੱਲਾਂ ਕਰਦੇ ਹਨ l

ਵਿਦੇਸ਼ੀ ਅਜ਼ਾਦ ਮੁਲਕ ਆਪਣੇ ਮੁਲਕ ਦੀ ਤਰੱਕੀ ਦਾ ਹਿਸਾਬ ਇਸ ਗੱਲ ਤੋਂ ਲਗਾਉਂਦੇ ਹਨ ਕਿ ਉਨ੍ਹਾਂ ਕਿੰਨੇ ਸਾਇੰਸਦਾਨ ਪੈਦਾ ਕੀਤੇ, ਕਿੰਨੇ ਸਕੂਲ ਖੋਲ੍ਹੇ, ਕਿੰਨੇ ਹਸਪਤਾਲ ਖੋਲ੍ਹੇ, ਮੁਲਕ ਵਿੱਚ ਲੋਕਾਂ ਦੀ ਔਸਤਨ ਉਮਰ ਕਿੰਨੀ ਹੈ, ਮੁਲਕ ਵਿੱਚ ਗਰੀਬੀ ਰੇਖਾ ਤੋਂ ਥੱਲੇ ਕਿੰਨੇ ਲੋਕ ਹਨ, ਸੜਕਾਂ ਕਿਹੋ ਜਿਹੀਆਂ ਹਨ, ਸੜਕਾਂ ਤੇ ਹਾਦਸੇ ਕਿੰਨੇ ਵਾਪਰਦੇ ਹਨ, ਹਾਦਸਿਆਂ ਤੋਂ ਬਾਦ ਐਮਬੂਲੈਂਸ ਕਿੰਨੀ ਦੇਰ ਬਾਦ ਆਉਂਦੀ ਹੈ, ਅੱਗ ਲੱਗਣ ਤੋਂ ਬਾਦ ਫਾਇਰ ਬ੍ਰਿਗੇਡ ਕਿੰਨੇ ਚਿਰ ਬਾਦ ਆਉਂਦੀ ਹੈ, ਹਾਦਸੇ ਤੋਂ ਬਾਦ ਪੁਲਿਸ ਕਿੰਨੇ ਚਿਰ ਬਾਦ ਆਉਂਦੀ ਹੈ, ਮੁਲਕ ਵਿੱਚ ਰਿਸ਼ਵਤ ਕਿੰਨੀ ਚੱਲਦੀ ਹੈ, ਔਰਤਾਂ ਕਿੰਨੀਆਂ ਸੁਰੱਖਿਅਤ ਹਨ ਅਤੇ ਕਿੰਨੀਆਂ ਨੌਕਰੀਆਂ ਪੈਦਾ ਕੀਤੀਆਂ ਆਦਿ l

ਸਾਡੇ ਅਜ਼ਾਦ ਮੁਲਕ ਭਾਰਤ ਵਿੱਚ ਅਸੀਂ ਤਰੱਕੀ ਦਾ ਹਿਸਾਬ ਇਸ ਗੱਲ ਤੋਂ ਲਗਾਉਂਦੇ ਹਾਂ ਕਿ ਸਾਡੇ ਕੋਲ ਧਾਰਮਿਕ ਅਸਥਾਨ ਕਿੰਨੇ ਹਨ, ਚੜ੍ਹਾਵਾ ਕਿੰਨਾ ਚੜ੍ਹਦਾ ਹੈ, ਸਾਧ ਸੰਤ ਕਿੰਨੇ ਹਨ, ਮੜ੍ਹੀਆਂ, ਮਸੀਤਾਂ ਅਤੇ ਡੇਰੇ ਕਿੰਨੇ ਹਨ ਅਤੇ ਲੋਕ ਧਾਰਮਿਕ ਕਿੰਨੇ ਹਨ ਆਦਿ l ਇਸ ਦੀ ਵਜ੍ਹਾ ਨਾਲ ਅੱਜ ਭਾਰਤ ਦਾ ਇਹ ਹਾਲ ਹੋ ਚੁੱਕਾ ਹੈ ਕਿ ਗਰੀਬ ਦੀ ਧੀ ਦਾ ਬਲਾਤਕਾਰ ਕਰਕੇ ਹੱਤਿਆ ਕਰ ਦਿੱਤੀ ਜਾਵੇ ਤਾਂ ਉਸ ਨੂੰ ਚੋਰੀਂ ਦਫਨਾ ਦਿੱਤਾ ਜਾਂਦਾ ਹੈ ਅਤੇ ਮੁਲਕ ਦੇ ਬਹੁਤੇ ਲੋਕ ਹਾਅ ਦਾ ਨਾਅਰਾ ਵੀ ਨਹੀਂ ਮਾਰਦੇ ਪਰ ਜੇ ਕਿਤੇ ਗਊ ਦੀ ਹੱਤਿਆ ਹੋ ਜਾਵੇ ਤਾਂ ਕਈ ਸ਼ਹਿਰ ਜਲਾ ਦਿੱਤੇ ਜਾਂਦੇ ਹਨ ਅਤੇ ਅਣਗਿਣਤ ਇਨਸਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ l ਹਾਲਾਂਕਿ ਕਤਲ ਹੋਣ ਵਾਲੇ ਇਨਸਾਨਾਂ ਦਾ ਗਊ ਦੇ ਕਤਲ ਨਾਲ ਕੋਈ ਸਬੰਧ ਵੀ ਨਹੀਂ ਹੁੰਦਾ l ਇਸ ਤੋਂ ਸਾਫ ਪਤਾ ਲਗਦਾ ਹੈ ਕਿ ਅਸੀਂ ਇਨਸਾਨਾਂ ਨਾਲੋਂ ਜਾਨਵਰਾਂ ਦੀ ਕਦਰ ਵੱਧ ਕਰਦੇ ਹਾਂ l

ਭਾਰਤ ਹੀ ਮਹਾਨ ਦੇਸ਼ ਹੈ ਜਿਥੇ ਗਊਆਂ ਸੜਕਾਂ ਤੇ ਫਿਰਦੀਆਂ ਹਨ ਅਤੇ ਕਈ ਹਾਦਸਿਆਂ ਦੀਆਂ ਜਿੰਮੇਂਵਾਰ ਹਨ l ਇਹ ਗਊਆਂ ਕਈ ਲੋਕਾਂ ਨੂੰ ਜਖ਼ਮੀ ਕਰਦੀਆਂ ਹਨ ਪਰ ਉਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ l ਭਾਰਤ ਹੀ ਮਹਾਨ ਦੇਸ਼ ਹੈ ਜਿਥੇ ਬਹੁਤ ਲੋਕ ਗਊਆਂ ਦਾ ਪਿਸ਼ਾਬ ਪੀਂਦੇ ਹਨ ਅਤੇ ਦੁੱਧ ਪੱਥਰਾਂ ਜਾਂ ਬੇਜਾਨ ਚੀਜ਼ਾਂ ਤੇ ਡੋਲ੍ਹ ਦਿੰਦੇ ਹਨ l ਅੱਜ ਜਿਥੇ ਵਿਦੇਸ਼ੀ ਤਰੱਕੀ ਦੀਆਂ ਮੰਜਿਲਾਂ ਨੂੰ ਛੂਹ ਰਹੇ ਹਨ ਅਸੀਂ ਭਾਰਤ ਵਿੱਚ ਔਰਤ ਨੂੰ ਸੁਰੱਖਿਆ ਵੀ ਨਹੀਂ ਦੇ ਸਕੇ l ਔਰਤ ਆਪਣੇ ਘਰ ਵਿੱਚ ਸੁਰੱਖਿਅਤ ਨਹੀਂ, ਆਪਣੇ ਪਿੰਡ ਵਿੱਚ ਸੁਰੱਖਿਅਤ ਨਹੀਂ, ਆਪਣੇ ਦੇਸ਼ ਵਿੱਚ ਸੁਰੱਖਿਅਤ ਨਹੀਂ, ਸਕੂਲਾਂ ਵਿੱਚ ਸੁਰੱਖਿਅਤ ਨਹੀਂ ਅਤੇ ਧਾਰਮਿਕ ਅਸਥਾਨਾਂ ਵਿੱਚ ਵੀ ਸੁਰੱਖਿਅਤ ਨਹੀਂ ਹੈ l ਫਿਰ ਅਸੀਂ ਬੜੇ ਮਾਣ ਨਾਲ ਔਰਤ ਦੀ ਬਰਾਬਰਤਾ ਦੀ ਗੱਲ ਕਰਦੇ ਹਾਂ, ਆਪਣੇ ਕਲਚਰ ਤੇ ਮਾਣ ਕਰਦੇ ਹਾਂ, ਆਪਣੇ ਧਰਮ ਤੇ ਮਾਣ ਕਰਦੇ ਹਾਂ l ਗੀਤਾਂ ਵਿੱਚ ਅਸੀਂ ਰਫਲਾਂ ਚੁੱਕ ਲਈਆਂ, ਦੁਨਾਲੀਆਂ ਅਤੇ ਪਿਸਤੌਲ ਚੁੱਕ ਲਏ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਹ ਚੁੱਕਣ ਦੇ ਬਾਵਯੂਦ ਸਾਡੇ ਤੋਂ ਆਪਣੀਆਂ ਕੁੜੀਆਂ, ਧੀਆਂ, ਭੈਣਾਂ ਸੁਰੱਖਿਅਤ ਨਹੀਂ ਕਰ ਹੋਈਆਂ l ਅਸੀਂ ਕਿਸ ਤਰਾਂ ਦੇ ਯੋਧੇ ਹਾਂ ਅਤੇ ਅਸੀਂ ਕਿਹੜੀ ਅਜ਼ਾਦੀ ਪ੍ਰਾਪਤ ਕੀਤੀ ਹੈ ? ਕੀ ਅਸੀਂ ਮਜ਼ਲੂਮਾਂ ਤੇ ਜ਼ੁਲਮ ਕਰਨ ਵਾਲੇ ਯੋਧੇ ਤਾਂ ਨਹੀਂ ?

ਅੱਜ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਅਸਲੀਅਤ ਨਾਲੋਂ ਵੱਧ ਦਿਖਾਵਾ ਤਾਂ ਨਹੀਂ ਕਰ ਰਹੇ ? ਇਹ ਵੀ ਸੋਚਣ ਦੀ ਲੋੜ ਹੈ ਕਿ ਅਜ਼ਾਦੀ ਕੀ ਹੁੰਦੀ ਹੈ ਅਤੇ ਉਸ ਨੂੰ ਪਾਉਣ ਲਈ ਕੀ ਉਪਰਾਲੇ ਕਰਨੇ ਪੈਂਦੇ ਹਨ ? ਇਸ ਸਭ ਕੁੱਝ ਦਾ ਪਤਾ ਲੋਕ ਪੱਖੀ ਸੰਸਥਾਵਾਂ ਨਾਲ ਜੁੜ ਕੇ ਜਾਂ ਲੋਕ ਪੱਖੀ ਲਿਟਰੇਚਰ (ਕਿਤਾਬਾਂ) ਪੜ੍ਹ ਕੇ ਹੀ ਲੱਗ ਸਕਦਾ ਹੈ l ਆਓ ਸਮੇਂ ਦੀ ਲੋੜ ਨੂੰ ਸਮਝੀਏ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਵਾਬ ਦੇਣ ਜੋਗੇ ਨਹੀਂ ਰਹੋਗੇ l
ਆਓ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੁਪਨਿਆਂ ਵਾਲੀ ਅਜ਼ਾਦੀ ਲਈ ਰਲ ਕੇ ਉਪਰਾਲੇ ਕਰੀਏ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
avtar31@hotmail.com