-ਸੱਚ ਤੇ ਅਧਾਰਿਤ

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿਚੋਂ ਵਿਦੇਸ਼ ਜਾਂਦਿਆਂ ਬਹੁਤ ਸਾਰੀਆਂ ਸੋਚਾਂ ਤੇ ਉਮੀਦਾਂ ਲੋਕ ਨਾਲ ਲੈ ਕੇ ਜਾਂਦੇ ਹਨ l ਉਨ੍ਹਾਂ ਵਿਚੋਂ ਸਭ ਤੋਂ ਵੱਧ ਆਰਥਿਕਤਾ ਦਾ ਮਸਲਾ ਹੁੰਦਾ ਹੈ l ਕਈ ਹਾਲਤਾਂ ਵਿੱਚ ਮਾਪੇ ਆਪਣੇ ਪੁੱਤਾਂ ਤੇ ਧੀਆਂ ਨੂੰ ਕਰਜ਼ਾ ਚੁੱਕ ਕੇ ਵੀ ਵਿਦੇਸ਼ਾਂ ਨੂੰ ਭੇਜਦੇ ਹਨ l ਪਹਿਲਾਂ ਉਨ੍ਹਾਂ ਨੂੰ ਪੜ੍ਹਾਉਣ ਤੇ ਮਾਪਿਆਂ ਦਾ ਖਰਚਾ ਹੁੰਦਾ ਹੈ ਤੇ ਫਿਰ ਵਿਦੇਸ਼ ਭੇਜਣ ਤੇ l ਵਿਦੇਸ਼ ਵਿੱਚ ਜਾ ਕੇ ਸਭ ਤੋਂ ਵੱਡੀ ਤੰਗੀ ਜੌਬ (ਕੰਮ) ਲੱਭਣ ਦੀ ਹੁੰਦੀ ਹੈ l ਜਦੋਂ ਇਹ ਮਸਲਾ ਹੱਲ ਹੁੰਦਾ ਹੈ ਤਾਂ ਵਿਅਕਤੀ ਹੋਰ ਜੌਬਾਂ ਦੀ ਭਾਲ ਕਰਦਾ ਹੈ ਜੋ ਵੱਧ ਆਮਦਨ ਦੇ ਸਕਣ l ਜਿਸ ਤਰਾਂ ਆਮਦਨ ਵਧਦੀ ਹੈ ਉਸੇ ਤਰਾਂ ਟੈਕਸ ਵਧਦਾ ਜਾਂਦਾ ਹੈ l ਇਸੇ ਤਰਾਂ ਬੰਦਾ ਘੁੰਮਣ ਘੇਰੀ ਵਿੱਚ ਫਸਿਆ ਰਹਿੰਦਾ ਹੈ l ਉਹ ਕਿਸੇ ਤੋਂ ਇਸ ਪ੍ਰਤੀ ਸਲਾਹ ਵੀ ਨਹੀਂ ਲੈ ਸਕਦਾ l ਸਲਾਹ ਆਪਣੇ ਦੋਸਤਾਂ ਮਿੱਤਰਾਂ ਤੋਂ ਲੈਣੀ ਹੁੰਦੀ ਹੈ ਉਹ ਆਪ ਇਸੇ ਘੁੰਮਣ ਘੇਰੀ ਵਿੱਚ ਫਸੇ ਹੁੰਦੇ ਹਨ l ਮੈਂ ਵਿਦੇਸ਼ ਆਇਆ ਤਾਂ ਜੌਬਾਂ ਦੇ ਨਾਲ ਨਾਲ ਛੋਟੇ ਛੋਟੇ ਕਾਰੋਬਾਰ ਕਰਨ ਲੱਗ ਪਿਆ l ਕੰਮ ਭਾਵੇਂ ਛੋਟੇ ਹੋਣ ਪਰ ਆਮਦਨ ਕਈ ਵਾਰੀ ਵੱਡਿਆਂ ਕਾਰੋਬਾਰਾਂ ਨਾਲੋਂ ਵੀ ਵੱਧ ਹੋ ਜਾਂਦੀ ਸੀ l

ਇਹ ਗੱਲ ਤਕਰੀਬਨ ਸੰਨ 2010 ਦੇ ਕਰੀਬ ਦੀ ਹੈ ਜਦੋਂ ਮੈਂ ਘਰ ਲੈ ਕੇ ਵੇਚਦਾ ਹੁੰਦਾ ਸੀ l ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਆਪਣਾ ਪੈਸਾ ਨਾਂ ਲਗਾ ਕੇ ਜਾਂ ਘੱਟ ਲਗਾ ਕੇ ਪੈਸੇ ਬਣਾਏ ਜਾਣ l ਇਸ ਦੇ ਨਾਲ ਹੀ ਮੈਂ ਜਿਆਦਾ ਸਮਾਂ ਵੀ ਨਹੀਂ ਲਗਾਉਣਾ ਚਾਹੁੰਦਾ ਸੀ l ਭਾਵ ਮੈਂ ਸਮਾਂ ਅਤੇ ਪੈਸਾ ਦੋਨੋਂ ਹੀ ਬਚਾਉਣੇ ਹੁੰਦੇ ਸੀ l ਉਨ੍ਹਾਂ ਦਿਨਾਂ ਵਿੱਚ ਜਿਆਦਾ ਲੋਕ ਜੋ ਦਿਹਾੜੀ ਕਰਦੇ ਹੁੰਦੇ ਸੀ ਉਹ ਇੱਕ ਸਾਲ ਵਿੱਚ ਤਕਰੀਬਨ 30 ਹਜ਼ਾਰ ਡਾਲਰ ਦਾ ਕੰਮ ਕਰਦੇ ਹੁੰਦੇ ਸੀ l ਇੱਕ ਘਰ ਵਿਲਿਸ ਰੋਡ ਪਾਪਾਕੁਰਾ ਔਕਲੈਂਡ ਵਿੱਚ ਸੀ ਜਿਸ ਦੀ ਬੋਲੀ ਬੈਂਕ ਨੇ ਕਰਨੀ ਸੀ ਭਾਵ ਕਿ ਬੈਂਕ ਨੇ ਮੋਰਗੇਜ਼ੀ ਸੇਲ ਕਰਨੀ ਸੀ l ਘਰ ਵਿੱਚ ਘਾਹ ਐਨਾ ਵਧਿਆ ਹੋਇਆ ਸੀ ਕਿ ਤਾਕੀਆਂ ਤੱਕ ਆਇਆ ਹੋਇਆ ਸੀ l ਮੈਂ ਉਸ ਘਰ ਨੂੰ ਖਰੀਦਣ ਵਾਸਤੇ ਬੋਲੀ ਤੇ ਗਿਆ l ਬੋਲੀ ਸ਼ੁਰੂ ਹੋਈ ਤਾਂ $160,000 ਤੇ ਰੁਕ ਗਈ l ਕੋਈ ਵੀ ਫਾਲਤੂ ਪੈਸੇ ਦੇਣ ਨੂੰ ਤਿਆਰ ਨਾਂ ਹੋਇਆ l ਸਭ ਤੋਂ ਵੱਧ ਬੋਲੀ ਦੇਣ ਵਾਲਾ ਮੈਂ ਸੀ l ਘਰ ਬੋਲੀ ਤੇ ਨਹੀਂ ਵਿਕਿਆ ਸ਼ਾਇਦ ਬੈਂਕ ਨੂੰ ਜਿਆਦਾ ਘਾਟਾ ਪੈਂਦਾ ਹੋਵੇ l ਬੋਲੀ ਤੋਂ ਬਾਦ ਵਿੱਚ ਬੈਂਕ ਨਾਲ ਮੈਂ ਨੈਗੋਸਿਅਸ਼ਨ (Negotiation) ਸ਼ੁਰੂ ਕੀਤੀ l ਬੈਂਕ ਨੂੰ ਮੈਂ ਉਸ ਇਲਾਕੇ ਵਿੱਚ ਹੋਈਆਂ ਤਿੰਨ ਹੋਰ ਮੋਰਗ਼ਜੀ ਸੇਲਾਂ ਦੀਆਂ ਉਦਾਹਰਣਾਂ ਦਿਤੀਆਂ ਅਤੇ ਉਨ੍ਹਾਂ ਸੇਲਾਂ ਦੀ ਕੀਮਤ, ਏਜੇਂਟ ਦਾ ਨਾਮ ਅਤੇ ਖਰੀਦਦਾਰਾਂ ਦੇ ਨਾਮ ਦੱਸੇ l ਉਨ੍ਹਾਂ ਸਾਰੀਆਂ ਦਾ ਵੀ ਖਰੀਦਦਾਰ ਮੈਂ ਹੀ ਸੀ l ਮੈਂ ਬੈਂਕ ਨੂੰ ਦੱਸਿਆ ਕਿ ਉਨ੍ਹਾਂ ਸੇਲਾਂ ਦੇ ਹਿਸਾਬ ਨਾਲ ਜੋ ਪੈਸਾ ਤੁਹਾਨੂੰ ਇਸ ਘਰ ਦਾ ਦੇ ਰਿਹਾ ਹਾਂ ਉਹ ਜਾਇਜ਼ ਹੈ l ਇਹ ਸਭ ਕੁੱਝ ਲਿਖ ਕੇ ਬੈਂਕ ਨੂੰ ਭੇਜ ਦਿੱਤਾ ਅਤੇ ਬੈਂਕ ਨੂੰ ਕਹਿ ਦਿੱਤਾ ਕਿ ਖਰੀਦਦਾਰ ਤੁਹਾਡੇ ਫੈਸਲੇ ਦੀ ਦਫ਼ਤਰ ਵਿੱਚ ਉਡੀਕ ਕਰ ਰਿਹਾ ਹੈ ਤਾਂ ਕਿ ਜੇ ਤੁਸੀਂ ਘਰ ਵੇਚਣਾ ਚਾਹੁੰਦੇ ਹੋ ਤਾਂ ਖਰੀਦਦਾਰ ਚੈੱਕ ਦੇ ਸਕੇ l ਮੈਂ ਉਥੇ ਹੀ ਰੀਅਲ ਅਸਟੇਟ ਏਜੇਂਟ ਨਾਲ ਲਾਗੇ ਦੀ ਦੁਕਾਨ ਤੇ ਕੌਫੀ ਪੀਣ ਲੱਗ ਪਿਆ l ਅੱਧੇ ਘੰਟੇ ਬਾਦ ਦੁਬਾਰਾ ਦਫ਼ਤਰ ਗਏ ਤਾਂ ਦੇਖਿਆ ਕਿ ਬੈਂਕ ਨੇ ਉਹ ਘਰ ਮੈਨੂੰ $160,500 ਵਿੱਚ ਵੇਚ ਦਿੱਤਾ ਸੀ ਤੇ ਰੀਅਲ ਅਸਟੇਟ ਨਾਲ ਗੱਲ ਹੋਈ ਕਿ ਮੈਂ ਇਹ ਘਰ ਕਿਸੇ ਹੋਰ ਨੂੰ ਆਪਣੇ ਨਾਮ ਹੋਣ ਤੋਂ ਪਹਿਲਾਂ ਵੀ ਦਿਖਾ ਸਕਦਾ ਹਾਂ l ਮੈਂ ਘਰ ਦੇ ਖਰੀਦਣ ਵਾਸਤੇ ਡਿਪੋਸਿਟ ਚੈੱਕ ਰਾਹੀਂ ਦੇ ਦਿੱਤਾ ਜੋ ਕਿ ਅਗਲੇ ਦਿਨ ਬੈਂਕ ਵਿੱਚ ਜਮ੍ਹਾਂ ਹੋਣਾ ਸੀ l

ਏਜੇਂਟ ਨੂੰ ਕਿਹਾ ਕਿ ਮੈਂ ਆਪਣੇ ਬਿਲਡਰ ਨੂੰ ਇਹ ਘਰ ਦੋ ਘੰਟੇ ਤੱਕ ਦਿਖਾਉਣਾ ਹੈ l ਉਥੋਂ ਹੀ ਮੈਂ ਘਾਹ ਕੱਟਣ ਵਾਲੇ ਨੂੰ ਫੋਨ ਕੀਤਾ ਉਹ ਉਸੇ ਇਲਾਕੇ ਵਿੱਚ ਕੰਮ ਕਰਦਾ ਸੀ l ਉਸ ਨੇ ਘੰਟੇ ਵਿੱਚ ਹੀ ਘਾਹ ਕੱਟ ਦਿੱਤਾ ਅਤੇ ਘਰ ਦੇਖਣ ਨੂੰ ਵਧੀਆ ਲੱਗਣ ਲੱਗ ਪਿਆ l ਦੋ ਘੰਟੇ ਬਾਦ ਬਿਲਡਰ ਨੂੰ ਦਿਖਾਇਆ ਤਾਂ ਉਸ ਨੂੰ ਬਹੁਤ ਪਸੰਦ ਆਇਆ l ਇਲਾਕਾ ਵਧੀਆ ਸੀ ਤੇ ਘਰ ਵੀ ਕੀਮਤ ਦੇ ਹਿਸਾਬ ਨਾਲ ਵਧੀਆ ਸੀ l ਬਿਲਡਰ ਕਹਿੰਦਾ ਕਿ ਤੂੰ ਘਰ ਮੈਨੂੰ ਵੇਚ ਦੇ l ਮੈਂ ਕਿਹਾ ਕਿ ਮੈਂ ਤੈਨੂੰ $215,000 ਵਿੱਚ ਵੇਚ ਸਕਦਾ ਹਾਂ l ਉਸ ਨੂੰ ਕਿਹਾ ਕਿ ਜੇ ਤੂੰ ਚਾਹੇਂ ਤਾਂ ਇਲਾਕੇ ਵਿੱਚ ਘਰਾਂ ਦੀ ਕੀਮਤ ਪਤਾ ਕਰ ਲੈ l ਇਹ ਸਭ ਤੋਂ ਸਸਤਾ ਘਰ ਹੈ l ਬਿਲਡਰ ਕਹਿੰਦਾ ਮੈਨੂੰ ਇਸ ਇਲਾਕੇ ਵਿੱਚ ਘਰਾਂ ਦੀ ਕੀਮਤ ਪਤਾ ਹੈ l ਉਸ ਨੇ ਮੇਰੇ ਕੋਲੋਂ ਦੋ ਘੰਟੇ ਵਿੱਚ ਹੀ ਉਹ ਘਰ ਖਰੀਦ ਲਿਆ l

ਇਸ ਤਰ੍ਹਾਂ $160,500 ਵਿੱਚ ਖਰੀਦਿਆ ਘਰ ਦੋ ਘੰਟੇ ਬਾਦ $215,000 ਵਿੱਚ ਵੇਚ ਦਿੱਤਾ l ਇਹ ਡੀਲ ਮੈਂ ਆਪਣੀ ਕੰਪਨੀ ਬਾਰਗੇਨ ਸੈੱਲ ਲਿਮਿਟਿਡ ਦੁਆਰਾ ਕੀਤੀ ਸੀ l ਜਿਆਦਾ ਲੋਕ ਕਾਰੋਬਾਰ ਵਿੱਚ 10% ਰਿਟਰਨ ਨੂੰ ਵਧੀਆ ਗਿਣਦੇ ਹਨ l ਇਸ ਡੀਲ ਵਿੱਚ ਮੇਰੀ ਰਿਟਰਨ 54,500% ਸੀ l ਪਰੌਪਰਟੀ (Property) ਦਾ ਸੌਦਾ ਕਰਨ ਲਈ ਮੈਂ ਅਜੇ ਕੋਈ ਪੈਸਾ ਨਹੀਂ ਦਿੱਤਾ ਸੀ ਕਿਉਂਕਿ ਮੇਰਾ ਦਿੱਤਾ ਹੋਇਆ ਚੈੱਕ ਅਜੇ ਕੈਸ਼ ਨਹੀਂ ਹੋਇਆ ਸੀ l ਇਹ ਰਿਟਰਨ ਦਾ ਹਿਸਾਬ ਕੱਢਣ ਲਈ ਪ੍ਰੋਪਰਟੀ ਤੇ ਮੈਂ ਇੱਕ ਡਾਲਰ ਖਰਚਿਆ ਮੰਨਿਆ ਹੈ l ਇਸ ਤਰਾਂ ਕਿਹਾ ਜਾ ਸਕਦਾ ਹੈ ਕਿ 54,500% ਰਿਟਰਨ ਸਿਰਫ ਦੋ ਘੰਟਿਆਂ ਵਿੱਚ ਪੈਦਾ ਕੀਤੀ ਗਈ ਜੋ ਕਿ ਆਮ ਦਿਹਾੜੀਦਾਰ ਦੀ ਇੱਕ ਸਾਲ ਦੀ ਕਮਾਈ ਨਾਲੋਂ ਬਹੁਤ ਜਿਆਦਾ ਸੀ l ਉਹ ਵੀ ਬਿਨਾਂ ਪੈਸੇ ਲਗਾਉਣ ਤੋਂ ਅਤੇ ਬਿਨਾਂ ਜਿਆਦਾ ਪੜ੍ਹਾਈ ਤੋਂ l

ਮੇਰਾ ਮੰਨਣਾ ਹੈ ਕਿ ਆਰਥਿਕ ਤਰੱਕੀ ਲਈ ਪੜ੍ਹਾਈ ਅਤੇ ਪੈਸਾ ਹੋਣਾ ਜ਼ਰੂਰੀ ਨਹੀਂ ਹੁੰਦਾ l ਤਜਰਬਾ ਅਤੇ ਕਾਰੋਬਾਰ ਪ੍ਰਤੀ ਜਾਣਕਾਰੀ ਜ਼ਰੂਰੀ ਹੁੰਦੀ ਹੈ l ਇਸ ਦੇ ਨਾਲ ਹੀ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਵੀ ਜ਼ਰੂਰੀ ਹੁੰਦਾ ਹੈ l ਇਸੇ ਤਰਾਂ ਦਾ ਸੌਦਾ ਕਰਨ ਤੋਂ ਬਾਦ ਰੱਬ ਵਿੱਚ ਯਕੀਨ ਰੱਖਣ ਵਾਲਾ ਸੁੱਖਾਂ ਲਾਹੁਣ ਤੁਰ ਪੈਂਦਾ ਹੈ ਜਿਨ੍ਹਾਂ ਤੇ ਖਰਚਾ ਵੀ ਹੁੰਦਾ ਹੈ ਅਤੇ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ l ਤੁਸੀਂ ਆਪਣੀਂ ਮਿਹਨਤ ਦਾ ਸੇਹਰਾ ਰੱਬ ਸਿਰ ਬੰਨ੍ਹ ਕੇ ਘਰ ਆ ਜਾਂਦੇ ਹੋ l ਉਸ ਨਾਲ ਤੁਹਾਡੀ ਕੀਤੀ ਹੋਈ ਮਿਹਨਤ ਦੀ ਰਿਟਰਨ ਘਟ ਜਾਂਦੀ ਹੈ ਕਿਉਂਕਿ ਤੁਸੀਂ ਆਪਣੀ ਮਿਹਨਤ ਦਾ ਕੁੱਝ ਹਿੱਸਾ ਵਿਹਲੜਾਂ ਨੂੰ ਦੇ ਆਉਂਦੇ ਹੋ l

ਨੋਟ :- ਬਹੁਤੇ ਲੋਕ ਘੱਟ ਪੜ੍ਹੇ ਹੋਣ ਕਰਕੇ ਅਤੇ ਪੈਸੇ ਦੀ ਘਾਟ ਕਰਕੇ ਆਪਣੀ ਕਿਸਮਤ ਜਾਂ ਰੱਬ ਨੂੰ ਕੋਸਦੇ ਰਹਿੰਦੇ ਹਨ l ਰੱਬ ਨੇ ਜਾਂ ਕਿਸਮਤ ਨੇ ਇਸ ਤਰਾਂ ਦੇ ਸੌਦਿਆਂ ਵਿੱਚ ਕੁੱਝ ਨਹੀਂ ਕਰਨਾ ਹੁੰਦਾ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ