ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਪਰ ਇਹ ਉਹ ਆਜ਼ਾਦੀ ਨਹੀਂ ਮਿਲੀ ਜਿਸ ਆਜ਼ਾਦੀ ਦਾ ਸੁਪਨਾ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਿਆ ਸੀ l ਇਸ ਅਖੌਤੀ ਆਜ਼ਾਦੀ ਤੋਂ ਬਾਦ ਸਿਰਫ ਹਾਕਮਾਂ ਦੀ ਚਮੜੀ ਦਾ ਰੰਗ ਹੀ ਬਦਲਿਆ ਸੀ ਭਾਵ ਗੋਰੀ ਚਮੜੀ ਦੀ ਲੁੱਟ ਤੋਂ ਬਾਦ ਕਾਲੀ ਚਮੜੀ ਦੁਆਰਾ ਲੁੱਟ ਸ਼ੁਰੂ ਹੋ ਗਈ l ਜਿਹੜੇ ਲੋਕ ਆਜ਼ਾਦੀ ਦੇ ਸਹੀ ਅਰਥ ਜਾਣਦੇ ਹਨ ਉਨ੍ਹਾਂ ਕਦੇ ਵੀ ਇਸ ਆਜ਼ਾਦੀ ਨੂੰ ਆਜ਼ਾਦੀ ਨਹੀਂ ਮੰਨਿਆ ਪਰ ਜਿਹੜੇ ਇਸ ਆਜ਼ਾਦੀ ਨੂੰ ਆਜ਼ਾਦੀ ਮੰਨਦੇ ਸਨ ਉਹ ਵੀ ਹਰ ਸਾਲ ਆਜ਼ਾਦੀ ਵਾਲੇ ਦਿਨ ਇੱਕ ਦੂਜੇ ਨੂੰ ਵਧਾਈ ਦੇ ਛੱਡਦੇ ਹਨ l ਜਦੋਂ ਕਦੇ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਕਿ ਇਸ ਆਜ਼ਾਦੀ ਨੇ ਤੁਹਾਨੂੰ ਕੀ ਕੀ ਦਿੱਤਾ ਤਾਂ ਦੱਸਣ ਲਈ ਉਨ੍ਹਾਂ ਕੋਲ ਕੁੱਝ ਖਾਸ ਨਹੀਂ ਹੁੰਦਾ l ਜਿਹੜੀਆਂ ਸਹੂਲਤਾਂ ਆਜ਼ਾਦ ਮੁਲਕਾਂ ਵਿੱਚ ਹੁੰਦੀਆਂ ਹਨ ਉਨ੍ਹਾਂ ਦਾ ਨਾਮੋਂ ਨਿਸ਼ਾਨ ਵੀ ਭਾਰਤ ਵਿੱਚ ਨਹੀਂ ਮਿਲ ਰਿਹਾ ਜਾਂ ਨਾ ਦੇ ਬਰਾਬਰ ਹੁੰਦਾ ਹੈ ਫਿਰ ਆਜ਼ਾਦੀ ਕਿਸ ਨੂੰ ਕਹਿ ਰਹੇ ਹਾਂ ? ਇਸ ਅਖੌਤੀ ਆਜ਼ਾਦ ਮੁਲਕ ਵਿੱਚ ਔਰਤ ਗੁਲਾਮ ਹੈ, ਬਲਾਤਕਾਰ ਦਿਨੋਂ ਦਿਨ ਵਧਦੇ ਹਨ, ਬੇਰੋਜ਼ਗਾਰੀ ਦਿਨੋਂ ਦਿਨ ਵਧ ਰਹੀ ਹੈ, ਰਿਸ਼ਵਤਖੋਰੀ ਵਧ ਰਹੀ ਹੈ, ਬੇਈਮਾਨੀ, ਲਾਈਲੱਗਤਾ ਵਧ ਰਹੀ ਹੈ, ਮਾਪਿਆਂ ਕੋਲ ਬੱਚਿਆਂ ਨੂੰ ਪੜ੍ਹਾਉਣ ਲਈ ਪੈਸਾ ਨਹੀਂ ਹੈ, ਬਹੁਤ ਵੱਡੀ ਗਿਣਤੀ ਵਿੱਚ ਬੱਚੇ ਦਿਹਾੜੀ ਕਰਦੇ ਦਿਸਦੇ ਹਨ, ਟੈਲੀਵਿਯਨ ਚੈਨਲਾਂ ਉਤੇ ਲੋਕਾਂ ਨੂੰ ਵਿਗਿਆਨਕ ਨਜ਼ਰੀਏ ਨਾਲ ਜੋੜਨ ਦੀ ਬਜਾਏ ਲਾਈਲੱਗ ਬਣਾਉਣ ਵਾਲੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ, ਸਕੂਲਾਂ, ਹਸਪਤਾਲਾਂ ਦੀਆਂ ਛੱਤਾਂ ਡਿਗ ਰਹੀਆਂ ਹਨ, ਸੇਹਤ ਸੇਵਾਵਾਂ ਬਹੁਤ ਤਰਸਯੋਗ ਹਾਲਤ ਵਿੱਚ ਹਨ, ਦੇਸ਼ ਦਾ ਬਹੁਤਾ ਮੀਡੀਆ ਵੀ ਸਰਕਾਰੀ ਜਾਂ ਕਾਰਪੋਰੇਟਾਂ ਦੇ ਗੁਣ ਗਾ ਰਿਹਾ ਹੈ ਆਦਿ l
ਅੱਜ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀਬਾੜੀ ਵਿਰੋਧੀ ਕਨੂੰਨਾਂ ਖਿਲਾਫ ਸਾਰੇ ਭਾਰਤ ਦੇ ਕਿਸਾਨ ਮਜ਼ਦੂਰ ਦਿੱਲੀ ਨੂੰ ਘੇਰ ਕੇ ਬੈਠੇ ਹਨ ਅਤੇ ਵੱਖ ਵੱਖ ਰਾਜਾਂ ਵਿੱਚ ਇਨ੍ਹਾਂ ਖੇਤੀਬਾੜੀ ਕਨੂੰਨਾਂ ਖਿਲਾਫ ਮੁਜ਼ਾਹਰੇ ਹੋ ਰਹੇ ਹਨ l ਕਾਰਪੋਰੇਟ ਘਰਾਣਿਆਂ ਖਿਲਾਫ ਜੰਗ ਤਿੱਖੀ ਹੋ ਰਹੀ ਹੈ l ਇਹ ਜੰਗ ਪੰਜਾਬ ਵਿੱਚੋਂ ਸ਼ੁਰੂ ਹੋ ਕੇ ਹਰਿਆਣਾ ਅਤੇ ਬਾਦ ਵਿੱਚ ਭਾਰਤ ਦੇ ਸਾਰੇ ਰਾਜਾਂ ਵਿੱਚ ਫੈਲ ਚੁੱਕੀ ਹੈ l ਇਸ ਦਾ ਅਸਰ ਇਕੱਲੇ ਭਾਰਤ ਵਿੱਚ ਹੀ ਨਹੀਂ ਬਲਕਿ ਜਿਥੇ ਜਿਥੇ ਦੁਨੀਆਂ ਵਿੱਚ ਭਾਰਤੀ ਵਸਦੇ ਹਨ ਉਨ੍ਹਾਂ ਮੁਲਕਾਂ ਵਿੱਚ ਕਿਸਾਨਾਂ ਦੇ ਹੱਕਾਂ ਪ੍ਰਤੀ ਭਾਰਤੀ ਦੂਤਾਵਾਸ (Indian Embassies) ਦੇ ਦਫਤਰਾਂ ਅੱਗੇ ਜ਼ਬਰਦਸਤ ਮੁਜ਼ਾਹਰੇ ਕੀਤੇ ਜਾ ਰਹੇ ਹਨ l ਬਹੁਤ ਸਾਰੇ ਮੁਜ਼ਾਹਰਿਆਂ ਵਿੱਚ ਗੈਰ ਭਾਰਤੀ ਵੀ ਸ਼ਾਮਲ ਹੋ ਰਹੇ ਹਨ l
ਅੱਜ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਦਿੱਲੀ ਦੀ ਘੇਰਾ ਬੰਦੀ ਕੀਤੀ ਨੂੰ 20 ਤੋਂ ਵੱਧ ਦਿਨ ਬੀਤ ਚੁੱਕੇ ਹਨ l ਅੱਜ ਕਿਸਾਨ ਜੋ ਦੇਸ਼ ਦਾ ਅੰਨਦਾਤਾ ਹੈ ਉਹ 2 ਡਿਗਰੀ ਤਾਪਮਾਨ ਵਿੱਚ ਸੜਕਾਂ ਤੇ ਰਾਤਾਂ ਕੱਟਣ ਲਈ ਮਜ਼ਬੂਰ ਹੈ l ਇਨ੍ਹਾਂ ਮੁਜ਼ਾਹਰਿਆਂ ਵਿੱਚ ਬੱਚੇ ਅਤੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ l ਕਈ ਬਜ਼ੁਰਗਾਂ ਦੀ ਉਮਰ 85 ਸਾਲ ਤੋਂ ਵੀ ਵੱਧ ਹੈ ਜੋ ਮੁਜਾਹਰਿਆਂ ਵਿੱਚ ਸ਼ਾਮਲ ਹਨ l ਇਸ ਦੇ ਉਲਟ ਅੱਜ ਵੀ ਸਾਡੇ ਦੇਸ਼ ਦੇ ਬਹੁਤ ਸਾਰੇ ਨੇਤਾ ਕਿਸਾਨਾਂ ਦਾ ਉਗਾਇਆ ਅੰਨ ਖਾ ਕੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਤਿਆਰ ਨਹੀਂ ਹਨ l
ਜਿਨ੍ਹਾਂ ਲੋਕਾਂ ਨੂੰ ਆਜ਼ਾਦੀ ਮਿਲਣ ਦਾ ਭੁਲੇਖਾ ਸੀ ਉਨ੍ਹਾਂ ਨੂੰ ਸਰਕਾਰ ਨੇ ਖੇਤੀਬਾੜੀ ਵਿਰੋਧੀ ਕਨੂੰਨ ਬਣਾ ਕੇ ਇੱਕ ਵਾਰ ਫਿਰ ਗੁਲਾਮੀ ਦਾ ਅਹਿਸਾਸ ਕਰਾ ਦਿੱਤਾ ਹੈ l ਇਹ ਕਨੂੰਨ ਵੀ ਰਾਜ ਸਭਾ ਵਿੱਚ ਬਿਨਾਂ ਵੋਟਿੰਗ ਤੋਂ ਪਾਸ ਹੋਏ l ਕਨੂੰਨ ਪਾਸ ਕਰਨ ਵੇਲੇ ਕਰੋਨਾ ਵਾਇਰਸ ਦੀ ਵਜ੍ਹਾ ਨਾਲ ਫੈਲੀ ਮਹਾਂਮਾਰੀ ਦਾ ਸਰਕਾਰ ਦੁਆਰਾ ਫਾਇਦਾ ਲਿਆ ਗਿਆ l ਭਾਵ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਹੀ ਕਨੂੰਨ ਲਾਗੂ ਕੀਤੇ ਗਏ l ਇਸ ਕਰੋਨਾ ਵਾਇਰਸ ਦੇ ਦੌਰ ਵਿੱਚ ਹੋਰ ਆਜ਼ਾਦ ਮੁਲਕਾਂ ਦੀਆਂ ਸਰਕਾਰਾਂ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਘਰ ਬੈਠੇ ਸਭ ਸਹੂਲਤਾਂ ਦੇ ਰਹੀਆਂ ਹਨ ਅਤੇ ਭਾਰਤ ਸਰਕਾਰ ਆਪਣੇ ਮੁਲਕ ਦੇ ਅੰਨਦਾਤਿਆਂ ਤੋਂ ਪਹਿਲਾਂ ਮਿਲੀਆਂ ਸਹੂਲਤਾਂ ਵੀ ਖੋਹ ਰਹੀ ਹੈ l
ਕੇਂਦਰ ਸਰਕਾਰ ਨੇ ਭਾਰਤੀ ਕਿਸਾਨਾਂ ਨੂੰ ਅੰਗਰੇਜ਼ਾਂ ਦਾ ਰਾਜ ਯਾਦ ਕਰਵਾ ਦਿੱਤਾ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਅੰਨਦਾਤਿਆਂ ਨੂੰ ਅੰਗਰੇਜ਼ਾਂ ਵਾਲੀ ਗੁਲਾਮੀ ਦਾ ਅਹਿਸਾਸ ਕਰਾ ਦਿੱਤਾ ਹੈ l
ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀਬਾੜੀ ਵਿਰੋਧੀ ਕਨੂੰਨ ਅੰਗਰੇਜ਼ਾਂ ਦੇ ਰਾਜ ਵਿੱਚ ਬਣਾਏ ਕਿਸਾਨ ਵਿਰੋਧੀ ਕਨੂੰਨਾਂ ਨਾਲ ਕਾਫੀ ਮੇਲ ਖਾਂਦੇ ਹਨ ਜਿਨ੍ਹਾਂ ਨੂੰ ਰੱਦ ਕਰਾਉਣ ਵਾਸਤੇ ‘ਪਗੜੀ ਸੰਭਾਲ ਜੱਟਾ” ਲਹਿਰ ਚੱਲੀ ਸੀ ਅਤੇ ਉਸ ਸਮੇਂ ਵੀ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਵਿੱਚੋਂ ਉੱਠੀ ਲਹਿਰ ਸਾਰੇ ਦੇਸ਼ ਵਿੱਚ ਫੈਲ ਗਈ ਸੀ ਅਤੇ ਮਜ਼ਬੂਰਨ ਨੌਂ ਮਹੀਨੇ ਬਾਦ ਅੰਗਰੇਜ਼ਾਂ ਨੂੰ ਕਾਲੇ ਕਨੂੰਨ ਰੱਦ ਕਰਨੇ ਪਏ ਸੀ l ਆਓ ਸੰਖੇਪ ਵਿੱਚ ਅੰਗਰੇਜ਼ਾਂ ਵੇਲੇ ਵਾਲੇ ਖੇਤੀਬਾੜੀ ਵਿਰੋਧੀ ਕਨੂੰਨਾਂ ਪ੍ਰਤੀ ਅਤੇ “ਪਗੜੀ ਸੰਭਾਲ ਜੱਟਾ’ ਲਹਿਰ ਬਾਰੇ ਜਾਣੀਏ l
ਸ਼ਹੀਦ ਸਵਰਨ ਸਿੰਘ ਪ੍ਰਸਿੱਧ ਆਜ਼ਾਦੀ ਘੁਲਾਟੀਏ ਸਰਦਾਰ ਕਿਸ਼ਨ ਸਿੰਘ ਤੇ ਸਰਦਾਰ ਅਜੀਤ ਸਿੰਘ ਦੇ ਭਰਾ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਸਨ l ਉਨ੍ਹਾਂ ਦਾ ਜਨਮ 1887 ਵਿੱਚ ਪਿੰਡ ਖਟਕੜ ਕਲਾਂ ਵਿੱਚ ਹੋਇਆ l ਉਨ੍ਹਾਂ ਦੀ ਪਤਨੀ ਦਾ ਨਾਮ ਹੁਕਮ ਕੌਰ ਸੀ ਜਿਸ ਨੇ ਆਪਣੇ ਜਵਾਨ ਪਤੀ ਦੀ ਸ਼ਹਾਦਤ ਤੋਂ ਬਾਦ ਵੀ ਆਪਣੇ ਪਤੀ ਦਾ ਹੀ ਨਾਮ ਜਪਿਆ l ਸਰਦਾਰ ਸਵਰਨ ਸਿੰਘ ਨੂੰ ਦੇਸ਼ ਭਗਤੀ ਦੀ ਚੇਟਕ ਭਾਵੇਂ ਪਰਿਵਾਰ ਵਿੱਚੋਂ ਹੀ ਲੱਗੀ ਸੀ ਪਰ ਆਜ਼ਾਦੀ ਦੀ ਲਹਿਰ ਵਿੱਚ ਉਨ੍ਹਾਂ ਦਾ ਆਗਮਨ 1907 ਵਿੱਚ ਚੱਲੀ ‘ਪਗੜੀ ਸੰਭਾਲ ਓ ਜੱਟਾ” ਲਹਿਰ ਤੋਂ ਹੋਇਆ ਸੀ l ਇਹ ਲਹਿਰ ਅੰਗਰੇਜ਼ਾਂ ਵਲੋਂ ਲਿਆਂਦੇ ‘ਲੈੰਡ ਕਲੋਸਾਈਜੇਸ਼ਨ” ਅਤੇ “ਦੁਆਬ -ਬਾਰੀ ‘ ਬਿੱਲਾਂ ਵਿਰੁੱਧ ਸੀ l ਇਹ ਐਕਟ ਲਾਗੂ ਹੋਣ ਨਾਲ ਕਿਸਾਨ ਆਪਣੀ ਜ਼ਮੀਨ ਗਹਿਣੇ ਜਾਂ ਵੇਚ ਨਹੀਂ ਸਕਦਾ ਸੀ l ਅੰਗਰੇਜ਼ ਸਰਕਾਰ ਨੇ ਹਲ, ਪੰਜਾਲੀ ਆਦਿ ਸੰਦਾਂ ਲਈ ਖੇਤਾਂ ਵਿੱਚੋਂ ਲੱਕੜ ਵੱਢਣ ਦੀ ਵੀ ਪੂਰਨ ਮਨਾਹੀ ਕਰ ਦਿੱਤੀ ਸੀ l ਨਹਿਰੀ ਪਾਣੀ ਦੇ ਮਾਮਲੇ ਏਨੇ ਵਧਾ ਦਿੱਤੇ ਸਨ ਕਿ ਲੋਕ ਤਾਰ ਵੀ ਨਹੀਂ ਸਕਦੇ ਸੀ l
ਲਾਇਲਪੁਰ ਦੇ ਆਸ ਪਾਸ ਜਿਲਿਆਂ ਵਿੱਚ ਪੰਜਾਬ ਦੇ ਕਿਸਾਨਾਂ ਨੇ ਨਹਿਰੀ ਪਾਣੀ ਨਾਲ 20 ਲੱਖ ਏਕੜ ਦੇ ਕਰੀਬ ਜ਼ਮੀਨ ਆਬਾਦ ਕੀਤੀ ਸੀ l ਅੰਗਰੇਜ਼ ਸਰਕਾਰ ਦੀ ਨੀਤੀ ਸੀ ਕਿ ਕਿਸਾਨ ਉਜੜ ਕੇ ਫੌਜ ਵਿੱਚ ਭਰਤੀ ਹੋਣ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੀ ਜੰਗ ਵਿੱਚ ਝੋਕ ਕੇ ਜੰਗ ਜਿੱਤੀ ਜਾਵੇ l
ਸਰਦਾਰ ਸਵਰਨ ਸਿੰਘ ਆਪਣੇ ਭਰਾਵਾਂ ਸ: ਕਿਸ਼ਨ ਸਿੰਘ ਅਤੇ ਸ: ਅਜੀਤ ਸਿੰਘ ਦੇ ਨਾਲ ਅੰਗਰੇਜ਼ਾਂ ਵਿਰੁੱਧ ਸੰਘਰਸ਼ ਲੜਨਾ ਚਾਹੁੰਦੇ ਸਨ l ਸਰਦਾਰ ਸਵਰਨ ਸਿੰਘ ਅਤੇ ਉਨ੍ਹਾਂ ਦੇ ਭਰਾ ਪੰਜਾਬ ਦੇ ਕਿਸਾਨਾਂ ਦੇ ਗੁੱਸੇ ਨੂੰ ਭਾਂਪ ਚੁੱਕੇ ਸਨ ਕਿ ਜੇ ਹੁਣ ਕਿਸਾਨਾਂ ਨੂੰ ਹਾਕਮ ਦੀ ਕਿਸਾਨ ਮਾਰੂ ਨੀਤੀ ਵਿਰੁੱਧ ਲਾਮਬੰਦ ਕੀਤਾ ਜਾਵੇ ਤਾਂ ਜਿੱਤ ਪ੍ਰਾਪਤ ਹੋਵੇਗੀ l
ਸਰਦਾਰ ਸਵਰਨ ਸਿੰਘ ਦੇ ਸਬੰਧ 1906 ਵਿੱਚ ਬਣੀ “ਭਾਰਤ ਮਾਤਾ ਸੁਸਾਇਟੀ” ਨਾਂ ਦੀ ਇੱਕ ਗੁਪਤ ਜਥੇਬੰਦੀ ਨਾਲ ਜੁੜੇ ਹੋਏ ਸਨ l ਇਸ ਜਥੇਬੰਦੀ ਦੇ ਮੁੱਖ ਪ੍ਰਬੰਧਕ ਸਰਦਾਰ ਕਿਸ਼ਨ ਸਿੰਘ, ਸਰਦਾਰ ਅਜੀਤ ਸਿੰਘ ਅਤੇ ਸੂਫ਼ੀ ਅੰਬਾ ਪ੍ਰਸਾਦ ਸਨ l ਇਹ ਜਥੇਬੰਦੀ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਲਾਮਬੰਦ ਕਰਦੀ ਸੀ l ਉਪਰੋਕਤ ਦੇਸ਼ ਭਗਤਾਂ ਨੇ ਇਸ ਸੰਸਥਾ ਰਾਹੀਂ ਲੋਕਾਂ ਨੂੰ ਕਿਸਾਨ ਵਿਰੋਧੀ ਬਿੱਲਾਂ ਪ੍ਰਤੀ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ l ਮਸ਼ਹੂਰ ਦੇਸ਼ ਭਗਤ ਲਾਲਾ ਪਿੰਡੀ ਦਾਸ ਅਤੇ ਲਾਲਾ ਚੰਦ ਫ਼ਲਕ ਵੀ ਸਵਰਨ ਸਿੰਘ ਹੁਰਾਂ ਨਾਲ ਜੁੜ ਗਏ l ਸਰਦਾਰ ਸਵਰਨ ਸਿੰਘ ਜਨਵਰੀ 1907 ਵਿੱਚ ਕੱਢੀ ਗਈ “ਪੇਸ਼ਵਾ’ ਨਾਂ ਦੀ ਪਤ੍ਰਿਕਾ ਦੇ ਬਾਨੀ ਸੰਪਾਦਕ ਸਨ l ਉਨ੍ਹਾਂ ਤੋਂ ਬਾਦ ਸੂਫ਼ੀ ਅੰਬਾ ਪ੍ਰਸਾਦ ਬਣੇ l ਇਨ੍ਹਾਂ ਬਿੱਲਾਂ ਵਿਰੁੱਧ ਕਿਸਾਨਾਂ ਦੀਆਂ ਮੀਟਿੰਗਾਂ ਲਹੌਰ ਵਿਖੇ ਹੋਣ ਲੱਗੀਆਂ ਅਤੇ ਹੌਲੀ ਹੌਲੀ ਇਹ ਗੱਲ ਅੱਗ ਵਾਂਗੂ ਫੈਲ ਗਈ ਅਤੇ ਲੋਕ ਹਜ਼ਾਰਾਂ ਦੀ ਗਿਣਤੀ ਨਾਲ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਲੱਗੇ l ਆਗੂਆਂ ਨੇ ਲਹਿਰ ਦੀ ਚੜ੍ਹਤ ਦੇਖ ਕੇ ਇਸ ਨੂੰ ਦੇਸ਼ ਦੀ ਆਜ਼ਾਦੀ ਦੀ ਜੰਗ ਬਣਾਉਣ ਲਈ ਹਿੰਦੀ ਫੌਜੀਆਂ ਨਾਲ ਸਬੰਧ ਜੋੜਨ ਲਈ ਸਾਬਕਾ ਫੌਜੀਆਂ ਦੀ ਮੱਦਦ ਲਈ l ਇਨ੍ਹਾਂ ਸਾਬਕਾ ਫੌਜੀਆਂ ਨੇ ਸਿੱਖ ਫੌਜੀਆਂ ਨਾਲ ਤਾਲ ਮੇਲ ਕਰ ਲਿਆ l
ਲਾਇਲਪੁਰ ਵਿੱਚ 3 ਮਾਰਚ 1907 ਨੂੰ ਕਿਸਾਨਾਂ ਦਾ ਵੱਡਾ ਇਕੱਠ ਹੋਇਆ l ਇਸ ਇਕੱਠ ਵਿੱਚ “ਝੰਗ ਸਿਆਲ’ ਅਖ਼ਬਾਰ ਦੇ ਸੰਪਾਦਕ ‘ਬਾਂਕੇ ਦਿਆਲ’ ਨੇ “ਪਗੜੀ ਸੰਭਾਲ ਓ ਜੱਟਾ” ਗੀਤ ਗਾਇਆ ਤਾਂ ਗੀਤ ਦੇ ਬੋਲ ਏਨੇ ਲੋਕਪ੍ਰਿਯ ਹੋਏ ਕਿ ਲੋਕਾਂ ਦੀ ਜੁਬਾਨ ਤੇ ਚੜ੍ਹ ਗਏ ਅਤੇ ਲਹਿਰ ਦਾ ਨਾਮ ਵੀ ਗੀਤ ਦੇ ਬੋਲਾਂ ਤੇ ਹੀ ਪੈ ਗਿਆ l ਜਦੋਂ ਘੋਲ ਤਿੱਖਾ ਹੋ ਗਿਆ ਤਾਂ ਲਾਲਾ ਲਾਜਪਤ ਰਾਏ ਵੀ ਇਸ ਵਿੱਚ ਸ਼ਾਮਿਲ ਹੋ ਗਏ l ਜਦੋਂ ਉਹ ਲਾਇਲਪੁਰ ਰੇਲਵੇ ਸਟੇਸ਼ਨ ਪੁਜੇ ਤਾਂ ਉਨ੍ਹਾਂ ਦੀ ਉਡੀਕ ਵਿੱਚ ਆਪ ਮੁਹਾਰੀ ਭੀੜ ਉਨ੍ਹਾਂ ਦੇ ਸਨਮਾਨ ਵਿੱਚ ਇਕੱਠੀ ਹੋ ਗਈ l ਲੋਕਾਂ ਦੀ ਇਸ ਭੀੜ ਨੇ ਜਲੂਸ ਦੀ ਸ਼ਕਲ ਅਖਤਿਆਰ ਕਰ ਲਈ l ਕਿਸਾਨਾਂ ਦੇ ਇਸ ਇਕੱਠ ਨੂੰ ਖਦੇੜਨ ਵਾਸਤੇ ਅੰਗਰੇਜ਼ ਹਾਕਮਾਂ ਨੇ ਸਿਪਾਹੀਆਂ ਨੂੰ ਕਿਸਾਨਾਂ ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ l ਹਿੰਦੀ ਸਿਪਾਹੀ ਕਿਸਾਨਾਂ ਦੇ ਸੰਘਰਸ਼ ਤੋਂ ਬਹੁਤ ਪ੍ਰਭਾਵਤ ਹੋਣ ਕਰਕੇ ਉਨ੍ਹਾਂ ਨੇ ਬੰਦੂਕਾਂ ਦੇ ਮੂੰਹ ਕਿਸਾਨਾਂ ਵੱਲ ਕਰਨ ਦੀ ਬਜਾਏ ਅੰਗਰੇਜ਼ ਕਮਾਂਡਰ ਵੱਲ ਕਰ ਦਿੱਤੇ l ਕਮਾਂਡਰ ਡਰਦਾ ਹੋਇਆ ਫੌਜਾਂ ਨੂੰ ਵਾਪਸ ਛਾਉਣੀ ਲੈ ਗਿਆ l ਕਿਸਾਨਾਂ ਵਿੱਚ ਅੰਗਰੇਜ਼ਾਂ ਪ੍ਰਤੀ ਐਨਾ ਗੁੱਸਾ ਸੀ ਕਿ ਉਨ੍ਹਾਂ ਵਾਪਸ ਘਰਾਂ ਨੂੰ ਮੁੜਦੇ ਹੋਏ ਕਈ ਚਰਚ ਅਤੇ ਦਫ਼ਤਰ ਸਾੜ ਦਿੱਤੇ l ਗੋਰਿਆਂ ਦੀ ਕੁੱਟ ਮਾਰ ਕਰਕੇ ਉਨ੍ਹਾਂ ਦੇ ਮੂੰਹਾਂ ਤੇ ਚਿੱਕੜ ਮਲ ਦਿੱਤੇ l ਕਿਸਾਨਾਂ ਦਾ ਇਹ ਵਿਦਰੋਹ ਬਹੁਤ ਪ੍ਰਚੰਡ ਹੋਇਆ l ਅੰਗਰੇਜ਼ ਝੁਕ ਗਏ ਕਿ ਕਿਤੇ ਦੇਸ਼ ਵਿੱਚ ਬਗਾਵਤ ਹੀ ਨਾ ਹੋ ਜਾਵੇ l ਉਨ੍ਹਾਂ ਸਾਰੇ ਬਿੱਲ 9 ਮਹੀਨੇ ਦੇ ਕਿਸਾਨੀ ਸੰਘਰਸ਼ ਬਾਦ ਵਾਪਸ ਲੈ ਲਏ ਅਤੇ ਕਿਸਾਨ ਸੰਘਰਸ਼ ਕਾਮਯਾਬ ਹੋ ਗਿਆ l
ਸਰਦਾਰ ਸਵਰਨ ਸਿੰਘ ਨੂੰ ਅੰਗਰੇਜ਼ ਹਾਕਮਾਂ ਨੇ 16 ਅਪ੍ਰੈਲ 1907 ਨੂੰ ਗ੍ਰਿਫਤਾਰ ਕਰਕੇ ਢਾਈ ਸਾਲ ਦੀ ਸਜ਼ਾ ਦਿੱਤੀ l ਸ: ਕਿਸ਼ਨ ਸਿੰਘ, ਸੂਫ਼ੀ ਅੰਬਾ ਪ੍ਰਸਾਦ ਅਤੇ ਮਹਿਤਾ ਨੰਦ ਕਿਸ਼ੋਰ ਗੁਪਤਵਾਸ ਹੋ ਕੇ ਨੇਪਾਲ ਨੂੰ ਚਲੇ ਗਏ l ਸ: ਅਜੀਤ ਸਿੰਘ ਵੀ ਰੂਪੋਸ਼ ਹੋ ਗਏ l ਅੰਗਰੇਜ਼ਾਂ ਨੇ ਸਵਰਨ ਸਿੰਘ ਤੇ ਜੇਲ ਅੰਦਰ ਬਹੁਤ ਤਸ਼ੱਦਦ ਕੀਤਾ ਅਤੇ ਉਹ ਜਖਮਾਂ ਦੀ ਤਾਬ ਨਾ ਝੱਲਦੇ ਹੋਏ 20 ਜੁਲਾਈ 1910 ਨੂੰ ਸ਼ਹਾਦਤ ਦਾ ਜਾਮ ਪੀ ਗਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147