(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿੱਚ ਬਹੁਤ ਸਾਰੇ ਲੋਕ ਕਿਸਮਤ ਤੇ ਯਕੀਨ ਰੱਖਦੇ ਹਨ l ਕਿਸਮਤ ਤੇ ਯਕੀਨ ਰੱਖਣ ਵਾਲੇ ਲੋਕ ਜਿਆਦਾਤਰ ਧਾਰਮਿਕ ਅਤੇ ਰੱਬ ਤੇ ਯਕੀਨ ਰੱਖਣ ਵਾਲੇ ਹੁੰਦੇ ਹਨ l ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਕਿਸਮਤ ਰੱਬ ਨੇ ਪਹਿਲਾਂ ਹੀ ਲਿਖੀ ਹੋਈ ਹੁੰਦੀ ਹੈ ਅਤੇ ਸਭ ਕੁੱਝ ਉਸ ਲਿਖੇ ਮੁਤਾਬਕ ਹੀ ਵਾਪਰਨਾ ਹੁੰਦਾ ਹੈl ਗੋਰਿਆਂ ਦੇ ਮੁਲਕਾਂ ਵਿੱਚ ਕਿਸਮਤ (Luck) ਲਫ਼ਜ਼ ਜ਼ਰੂਰ ਵਰਤਿਆ ਜਾਂਦਾ ਹੈ ਪਰ ਆਮ ਜ਼ਿੰਦਗੀ ਵਿੱਚ ਬਹੁਤ ਘੱਟ ਇਸ ਤਰ੍ਹਾਂ ਦੇ ਲੋਕ ਮਿਲਦੇ ਹਨ ਜਿਹੜੇ ਕਿਸਮਤ ਤੇ ਯਕੀਨ ਕਰਦੇ ਹਨ ਜਾਂ ਇਸ ਤਰਾਂ ਕਹਿ ਸਕਦੇ ਹਾਂ ਕਿ ਗੋਰੇ ਅੰਨ੍ਹੇ ਵਾਹ ਕਿਸਮਤ ਤੇ ਯਕੀਨ ਨਹੀਂ ਕਰਦੇl ਮੈਂ ਗਰੀਬਾਂ ਵਿੱਚ, ਮੱਧ ਵਰਗ ਵਿੱਚ ਅਤੇ ਬਹੁਤ ਜਿਆਦਾ ਅਮੀਰਾਂ ਵਿੱਚ ਵੀ ਵਿਚਰਿਆ ਹਾਂ l ਮੈਂ ਦੇਖਿਆ ਕਿ ਗਰੀਬ ਕਿਸਮਤ ਤੇ ਜਿਆਦਾ ਯਕੀਨ ਕਰਦੇ ਹਨ l ਮੱਧ ਵਰਗ ਕਿਸਮਤ ਤੇ ਘੱਟ ਯਕੀਨ ਕਰਦਾ ਹੈ ਅਤੇ ਬਹੁਤ ਜਿਆਦਾ ਅਮੀਰ ਵਰਗ ਕਿਸਮਤ ਤੇ ਬਿਲਕੁਲ ਯਕੀਨ ਨਹੀਂ ਕਰਦਾ l ਮੈਂ ਬਹੁਤ ਵਾਰ ਸੋਚਦਾ ਹਾਂ ਕਿ ਅਮੀਰ ਵੀ ਪਹਿਲਾਂ ਗਰੀਬ ਹੀ ਹੁੰਦਾ ਹੈ ਅਤੇ ਉਸ ਵੇਲੇ ਉਹ ਵੀ ਕਿਸਮਤ ਤੇ ਯਕੀਨ ਕਰਦਾ ਹੈ l ਉਹ ਜਦੋਂ ਅਮੀਰ ਬਣਦਾ ਜਾਂਦਾ ਹੈ ਤਾਂ ਉਸ ਦਾ ਕਿਸਮਤ ਤੋਂ ਵਿਸ਼ਵਾਸ ਉੱਠਦਾ ਜਾਂਦਾ ਹੈ ਅਤੇ ਜਿਆਦਾ ਅਮੀਰ ਹੋਣ ਤੋਂ ਬਾਦ ਵਿਸ਼ਵਾਸ ਬਿਲਕੁਲ ਉੱਠ ਜਾਂਦਾ ਹੈl
ਹੁਣ ਦੇਖਣ ਦੀ ਲੋੜ ਹੈ ਕਿ ਗਰੀਬ ਕਿਸਮਤ ਤੇ ਕਿਉਂ ਯਕੀਨ ਕਰਦਾ ਹੈ ? ਅਮੀਰ ਦੀ ਜਰੂਰਤ ਹੁੰਦੀ ਹੈ ਕਿ ਗਰੀਬ ਕਿਸਮਤ ਤੇ ਯਕੀਨ ਕਰੇ l ਇਸ ਕਰਕੇ ਅਮੀਰ ਇਸ ਤਰਾਂ ਦੇ ਹਲਾਤ ਪੈਦਾ ਕਰਦਾ ਹੈ ਕਿ ਗਰੀਬ ਕਿਸਮਤ ਤੇ ਯਕੀਨ ਕਰਦਾ ਰਹੇ l ਇਸ ਸਬੰਧੀ ਕਹਾਣੀਆਂ ਘੜ੍ਹ ਕੇ ਗਰੀਬਾਂ ਨੂੰ ਸੁਣਾਈਆਂ ਜਾਂਦੀਆਂ ਹਨ, ਇਸ ਤਰਾਂ ਦਾ ਇਤਿਹਾਸ ਘੜ੍ਹ ਕੇ ਗਰੀਬਾਂ ਨੂੰ ਸੁਣਾਇਆ ਜਾਂ ਪੜ੍ਹਾਇਆ ਜਾਂਦਾ ਹੈ ਕਿ ਗਰੀਬ ਕਿਸਮਤ ਤੇ ਯਕੀਨ ਕਰਦਾ ਰਹੇ l ਸਰਕਾਰਾਂ ਨੂੰ ਵੀ ਕਿਸਮਤ ਤੇ ਯਕੀਨ ਰੱਖਣ ਵਾਲੇ ਲੋਕ ਚਾਹੀਦੇ ਹੁੰਦੇ ਹਨ ਤਾਂ ਜੋ ਆਪਣੇ ਮਾੜੇ ਹਲਾਤਾਂ ਵਾਸਤੇ ਲੋਕ ਸਰਕਾਰਾਂ ਨੂੰ ਜਿੰਮੇਵਾਰ ਨਾਂ ਠਹਿਰਾਉਣ l ਆਪਣੀ ਮਾੜੀ ਕਿਸਮਤ ਨੂੰ ਕੋਸਣ l ਬਹੁਤੇ ਧਰਮ ਅਗਲੇ ਜਨਮ ਨੂੰ ਸਵਾਰਨ ਦਾ ਲਾਰਾ ਲਾ ਕੇ ਇਸ ਜਨਮ ਦਾ ਬੇੜਾ ਬਿਠਾ ਰਹੇ ਹਨ l ਜੇ ਭਗਤੀ ਨਾਲ ਜਾਂ ਰੱਬ ਦਾ ਨਾਮ ਲੈਣ ਨਾਲ ਆਹ ਜਨਮ ਨਹੀਂ ਸੁਧਰਿਆ ਤਾਂ ਅਗਲਾ ਜਨਮ ਕਿਸ ਤਰਾਂ ਸੁਧਰੇਗਾ l ਵਿਗਿਆਨਕ ਨਜ਼ਰੀਏ ਨਾਲ ਦੇਖੋ ਤਾਂ ਅਗਲਾ ਜਨਮ ਹੁੰਦਾ ਹੀ ਨਹੀਂ l
ਇਸ ਤਰ੍ਹਾਂ ਦੇ ਅਖਾਣ ਜਾਂ ਕਹਾਵਤਾਂ ਸੁਣਾਈਆਂ ਜਾਂਦੀਆਂ ਹਨ ਕਿ ਲੋਕ ਕਿਸਮਤ ਤੇ ਯਕੀਨ ਕਰਕੇ ਹੱਥ ਤੇ ਹੱਥ ਧਰ ਕੇ ਬੈਠੇ ਰਹਿਣ ਜਿਸ ਤਰਾਂ :-
ਲੇਖ (ਕਿਸਮਤ) ਜਾਣਗੇ ਨਾਲ
ਨਾਂ ਜਾਹ ਬਰਮਾ ਨੂੰ l
ਭਾਵ ਇਹ ਕਿਹਾ ਜਾਂਦਾ ਹੈ ਕਿ ਤੂੰ ਇੱਕ ਥਾਂ ਛੱਡ ਕੇ ਦੂਜੇ ਥਾਂ ਵੀ ਨਾਂ ਜਾਵੀਂ l ਤੇਰੇ ਲੇਖ ਜਾਂ ਕਿਸਮਤ ਉਥੇ ਵੀ ਨਾਲ ਜਾਣਗੇ ਭਾਵ ਅਸੀਂ ਆਪਣੇ ਨਿਆਣਿਆਂ ਦੇ ਪੈਰਾਂ ਵਿੱਚ ਕਿਸਮਤ ਰੂਪੀ ਬੇੜੀਆਂ ਪਾ ਦਿੰਦੇ ਹਾਂ ਤਾਂ ਕਿ ਉਹ ਸਾਰੀ ਜ਼ਿੰਦਗੀ ਹੱਥ ਤੇ ਹੱਥ ਧਰ ਕੇ ਬੈਠੇ ਰਹਿਣ l ਉਸ ਦੇ ਨਾਲ ਅਮੀਰ ਨੂੰ ਇਹ ਫਾਇਦਾ ਹੁੰਦਾ ਹੈ ਕਿ ਗਰੀਬ ਅਮੀਰਾਂ ਪ੍ਰਤੀ ਜਾਂ ਸਰਕਾਰ ਪ੍ਰਤੀ ਬਗਾਵਤ ਨਹੀਂ ਕਰਦਾ l ਉਹ ਆਪਣੀ ਮਾੜੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ ਕਿ ਮੇਰੀ ਕਿਸਮਤ ਹੀ ਮਾੜੀ ਲਿਖੀ ਹੋਈ ਹੈ l ਫਿਰ ਗਰੀਬ ਨੂੰ ਇਸ ਤਰਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਕਿ ਉਹ ਗਰੀਬ ਹੋਣ ਵਿੱਚ ਹੀ ਮਾਣ ਮਹਿਸੂਸ ਕਰੇ l ਜਿਸ ਤਰਾਂ ਰੱਬ ਗਰੀਬੀ ਦਾਵੇ ਮਿਲਦਾ ਹੈ l ਉਸ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਜਿਹੜਾ ਫ਼ਲ ਹੌਲੀ ਹੌਲੀ ਪੱਕਦਾ ਹੈ ਉਹੀ ਮਿੱਠਾ ਹੁੰਦਾ ਹੈ l ਇਸ ਕਰਕੇ ਗਰੀਬ ਸਾਰੀ ਉਮਰ ਫ਼ਲ ਹੌਲੀ ਹੌਲੀ ਪਕਾਉਂਦਾ ਰਹਿੰਦਾ ਹੈ ਅਤੇ ਜੇ ਫ਼ਲ ਪੱਕ ਵੀ ਜਾਵੇ ਤਾਂ ਕੋਈ ਹੋਰ ਖਾ ਜਾਂਦਾ ਹੈ l
ਹੈਰਾਨੀ ਹੋਰ ਵਧ ਜਾਂਦੀ ਹੈ ਕਿ ਕਈ ਦਹਾਕੇ ਬੀਤਣ ਤੋਂ ਬਾਦ ਵੀ ਗਰੀਬ ਨੂੰ ਇਹ ਗੱਲ ਸਮਝ ਨਹੀਂ ਲਗਦੀ ਕਿ ਜੋ ਕਿਸਮਤ ਵਿੱਚ ਲਿਖਿਆ ਉਹ ਨਹੀਂ ਮਿਲਦਾ l ਉਹ ਜਾਂ ਤਾਂ ਆਪ ਉਪਰਾਲਾ ਕਰਕੇ ਪ੍ਰਾਪਤ ਕਰਨਾ ਹੁੰਦਾ ਹੈ ਜਾਂ ਸਰਕਾਰਾਂ ਨੇ ਸਹੂਲਤ ਦੇ ਤੌਰ ਤੇ ਦੇਣਾ ਹੁੰਦਾ ਹੈ l ਫਿਰ ਗਰੀਬ ਕਿਸਮਤ ਤੇ ਯਕੀਨ ਰੱਖਣ ਦੀ ਗੱਲ ਆਪਣੀ ਅਗਲੀ ਪੀੜ੍ਹੀ ਨੂੰ ਦੱਸ ਜਾਂਦੇ ਹਨ l ਭਾਵ ਕਿਸਮਤ ਤੇ ਯਕੀਨ ਕਰਕੇ ਸਾਰੀ ਜ਼ਿੰਦਗੀ ਆਪ ਫੇਲ (ਨਾਕਾਮਯਾਬ) ਹੋਏ ਅਤੇ ਇਹੀ ਫੇਲ (ਨਾਕਾਮਯਾਬ) ਹੋਣ ਦਾ ਤਰੀਕਾ ਅਗਲੀ ਪੀੜ੍ਹੀ ਨੂੰ ਦੱਸ ਦਿੱਤਾ l ਜੇਕਰ ਕੋਈ ਪੁੱਤ ਜਾਂ ਧੀ ਇਸ ਪ੍ਰਤੀ ਬਗਾਵਤ ਕਰੇ ਤਾਂ ਉਸ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਕਿ ਤੂੰ ਸਾਨੂੰ ਜੰਮਿਆਂ ਸੀ ਜਾਂ ਅਸੀਂ ਤੈਨੂੰ ? ਇਹ ਸੁਣ ਕੇ ਨਾਂ ਚਾਹੁੰਦੇ ਹੋਏ ਜੁਆਨ ਪੁੱਤ/ਧੀ ਨੂੰ ਵੀ ਚੁੱਪ ਕਰਨਾ ਪੈਂਦਾ ਹੈ ਜੋ ਕੇ ਬਹੁਤ ਦੁੱਖ ਦੀ ਗੱਲ ਹੈ l
ਜੇ ਇਹ ਕਿਸਮਤ ਤੇ ਯਕੀਨ ਰੱਖਣ ਵਾਲੇ ਪੁੱਤ/ਧੀ ਗੋਰਿਆਂ ਦੇ ਮੁਲਕਾਂ ਵਿੱਚ ਆ ਗਏ ਤਾਂ ਉਥੇ ਇਨ੍ਹਾਂ ਦੇ ਫੇਲ ਹੋਣ ਦੇ ਮੌਕੇ ਵਧ ਜਾਂਦੇ ਹਨ l ਜਦੋਂ ਇਨ੍ਹਾਂ ਵਿਚੋਂ ਕੋਈ ਮੈਨੇਜਰ ਲੈਵਲ ਦੇ ਅਹੁਦੇ ਤੇ ਜਾਂਦਾ ਹੈ ਤਾਂ ਸਾਲ ਵਿੱਚ ਕਈ ਮੀਟਿੰਗਾਂ ਹੁੰਦੀਆਂ ਹਨ l ਮੈਨੇਜਰ ਦਾ ਕੰਮ ਕੰਪਨੀਆਂ ਦੇ ਮਾਲਕਾਂ ਨੂੰ ਰਿਪੋਰਟ ਕਰਨਾ ਹੁੰਦਾ ਹੈ l ਜੇਕਰ ਕਿਸੇ ਵਜ੍ਹਾ ਕਰਕੇ ਕੰਪਨੀ ਦੀ ਪ੍ਰੋਡਕਸ਼ਨ ਘੱਟ ਜਾਵੇ ਤਾਂ ਮੈਨੇਜਰ ਨੇ ਮਾਲਕ ਨੂੰ ਵਜ੍ਹਾ ਦੱਸਣੀ ਹੁੰਦੀ ਹੈ ਕਿ ਘਾਟਾ ਕਿਉਂ ਪਿਆ ? ਹੁਣ ਜੇ ਵਜ੍ਹਾ ਦੱਸਣ ਦੀ ਬਜਾਏ ਮੈਨੇਜਰ ਮਾਲਕ ਨੂੰ ਕਹੇ ਕਿ ਤੈਨੂੰ ਘਾਟਾ ਤਾਂ ਪਿਆ ਕਿਉਂਕਿ ਤੇਰੀ ਕਿਸਮਤ ਵਿੱਚ ਇਹੀ ਲਿਖਿਆ ਸੀ ਜਾਂ ਮਾਲਕ ਨੂੰ ਕਹੇ ਕਿ ਰੱਬ ਨੇ ਜੋ ਲਿਖਿਆ ਸੀ ਉਹ ਤੈਨੂੰ ਮਿਲ ਗਿਆ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਮੈਨੇਜਰ ਨੂੰ ਉਸੇ ਦਿਨ ਕੰਮ ਤੋਂ ਕੱਢ ਦਿੱਤਾ ਜਾਵੇਗਾ l ਇਸ ਦੇ ਦੋਸ਼ੀ ਮਾਪੇ ਹੋਣਗੇ ਜਿਨ੍ਹਾਂ ਆਪਣੀ ਔਲਾਦ ਨੂੰ ਕਿਸਮਤ ਜਾਂ ਰੱਬ ਤੇ ਯਕੀਨ ਰੱਖਣਾ ਸਿਖਾਇਆ ਸੀ l
ਇਸ ਦੇ ਉਲਟ ਮੈਂ ਦੇਖਦਾ ਹਾਂ ਕਿ ਵਿਗਿਆਨੀ ਖੋਜਾਂ ਕਰਦੇ ਹੋਏ ਬਹੁਤ ਵਾਰ ਫੇਲ ਹੋਏ ਪਰ ਉਨ੍ਹਾਂ ਕਿਸਮਤ ਤੇ ਯਕੀਨ ਨਹੀਂ ਕੀਤਾ ਅਤੇ ਵਾਰ ਵਾਰ ਪ੍ਰਯੋਗ ਕਰਦੇ ਰਹੇ ਜਦੋਂ ਤੱਕ ਉਨ੍ਹਾਂ ਨੂੰ ਉਸ ਵਿੱਚ ਸਫਲਤਾ ਨਹੀਂ ਮਿਲੀ l ਵਿਗਿਆਨੀ ਐਡੀਸਨ ਜਦੋਂ ਬਲਬ ਬਣਾ ਰਿਹਾ ਸੀ ਤਾਂ ਉਹ ਇੱਕ ਹਜ਼ਾਰ ਤੋਂ ਵੱਧ ਵਾਰ ਫੇਲ ਹੋਇਆ l ਕੋਈ ਉਸ ਨੂੰ ਆ ਕੇ ਕਹਿਣ ਲੱਗਾ ਕਿ ਐਡੀਸਨ ਬਲਬ ਬਣਾਉਣਾ ਤੇਰੀ ਕਿਸਮਤ ਵਿੱਚ ਨਹੀਂ ਲਿਖਿਆ ਇਸ ਕਰਕੇ ਤੂੰ ਹਜ਼ਾਰਾਂ ਵਾਰ ਫੇਲ ਹੋਇਆ ਹੈਂ l ਐਡੀਸਨ ਅੱਗੋਂ ਹੱਸ ਕੇ ਕਹਿੰਦਾ ਕਿ ਮੈਂ ਹਜ਼ਾਰ ਵਾਰ ਫੇਲ ਨਹੀਂ ਹੋਇਆ ਸਗੋਂ ਮੈਨੂੰ ਪਤਾ ਲੱਗ ਗਿਆ ਹੈ ਕਿ ਇਨ੍ਹਾਂ ਤਰੀਕਿਆਂ ਨੇ ਕੰਮ ਨਹੀਂ ਕੀਤਾ ਅਤੇ ਇਸ ਕਰਕੇ ਮੈਨੂੰ ਨਵੇਂ ਤਰੀਕੇ ਵਰਤਣ ਦੀ ਲੋੜ ਹੈ l ਸਭ ਜਾਣਦੇ ਹਨ ਕਿ ਐਡੀਸਨ ਨੇ ਬਲਬ ਦੀ ਖੋਜ ਕਰਕੇ ਦੁਨੀਆਂ ਰੌਸ਼ਨ ਕਰ ਦਿੱਤੀ ਸੀ ਪਰ ਜੇ ਐਡੀਸਨ ਵੀ ਕਿਸਮਤ ਤੇ ਯਕੀਨ ਰੱਖਣ ਵਾਲਾ ਹੁੰਦਾ ਤਾਂ ਸ਼ਾਇਦ ਸਾਡੇ ਘਰਾਂ ਵਿੱਚ ਅਜੇ ਵੀ ਹਨੇਰਾ ਹੁੰਦਾ l
ਇਸ ਕਰਕੇ ਲੋੜ ਹੈ ਨਵੀਂ ਪੀੜ੍ਹੀ ਨੂੰ ਵਿਗਿਆਨ ਨਾਲ ਜੋੜਨ ਦੀ l ਵਿਗਿਆਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ ਜਦੋਂ ਤੁਸੀਂ ਆਪਣੇ ਧੀਆਂ ਜਾਂ ਪੁੱਤ ਵਿਦੇਸ਼ਾਂ ਨੂੰ ਭੇਜਣੇ ਹਨ l ਵਿਦੇਸ਼ਾਂ ਵਿੱਚ ਕਿਸਮਤ ਤੇ ਯਕੀਨ ਰੱਖਣ ਵਾਲੇ ਉੱਚੇ ਅਹੁਦਿਆਂ ਤੇ ਨਹੀਂ ਪਹੁੰਚ ਸਕਦੇ l ਉੱਚੇ ਅਹੁਦਿਆਂ ਤੇ ਪਹੁੰਚਣ ਲਈ ਸੰਘਰਸ਼ ਕਰਨਾ ਪੈਂਦਾ ਹੈ l ਹੱਕ ਕਿਸਮਤ ਵਿੱਚ ਲਿਖੇ ਹੋਣ ਕਰਕੇ ਨਹੀਂ ਮਿਲਦੇ l ਇਹ ਕਾਬਲੀਅਤ ਨਾਲ ਲੈਣੇ ਪੈਂਦੇ ਹਨ ਅਤੇ ਕਈ ਵਾਰ ਖੋਹ ਕੇ ਲੈਣੇ ਪੈਂਦੇ ਹਨ ਜੋ ਕਿ ਸਿਰਫ ਸਿਰੜੀ ਬੰਦਿਆਂ ਦਾ ਕੰਮ ਹੁੰਦਾ ਹੈ l ਉੱਚੇ ਅਹੁਦੇ ਪ੍ਰਾਪਤ ਕਰਨ ਲਈ ਹੱਥ ਜੋੜਨ ਦੀ ਲੋੜ ਨਹੀਂ ਪੈਂਦੀ ਸਗੋਂ ਹੱਥ ਖੋਲ੍ਹ ਕੇ ਵਰਤਣ ਦੀ ਲੋੜ ਪੈਂਦੀ ਹੈ l
ਕਿਸਮਤ ਤੇ ਯਕੀਨ ਰੱਖਣ ਵਾਲੇ ਦੀ ਹਮੇਸ਼ਾਂ ਲੁੱਟ ਹੁੰਦੀ ਹੈ l ਉਹ ਲੁੱਟ ਭਾਵੇਂ ਸਮਾਜ ਕਰੇ, ਸ਼ਾਹੂਕਾਰ ਕਰਨ ਜਾਂ ਸਰਕਾਰ ਕਰੇ l ਕਿਸਮਤ ਤੇ ਯਕੀਨ ਰੱਖਣ ਵਾਲਾ ਬਗਾਵਤ ਨਹੀਂ ਕਰ ਸਕਦਾ l ਇਸ ਸਭ ਤੋਂ ਬਚਣ ਲਈ ਵਿਗਿਆਨਕ ਨਜ਼ਰੀਆ ਅਪਨਾਉਣ ਦੀ ਲੋੜ ਹੈ l ਹਰ ਇੱਕ ਗੱਲ ਨੂੰ ਤਰਕ ਦੀ ਕਸੌਟੀ ਤੇ ਪਰਖਿਆ ਜਾਵੇl ਮਨੁੱਖ ਦਾ ਦ੍ਰਿੜ ਨਿਸਚਾ ਹੀ ਤਰੱਕੀਆਂ ਦੇ ਰਾਹ ਖੋਲ੍ਹਦਾ ਹੈ l ਬਾਬਾ ਨਜ਼ਮੀ ਲਿਖਦੇ ਹਨ:-
ਬੇਹਿਮਤੇ ਨੇ ਜਿਹੜੇ ਸ਼ਿਕਵਾ
ਕਰਨ ਮੁਕੱਦਰਾਂ (ਕਿਸਮਤ) ਦਾ
ਉਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ੍ਹ ਕੇ ਪੱਥਰਾਂ ਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)