-ਆਪਣੇ ਤਜਰਬੇ ਤੇ ਅਧਾਰਤ
ਜਿੰਦਗੀ ਵਿੱਚ ਕਿਤਾਬਾਂ ਪੜ੍ਹਨਾ ਬਹੁਤ ਜਰੂਰੀ ਹੁੰਦਾ ਹੈ ਪਰ ਕਈ ਲੋਕਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ l ਕਈ ਵਾਰ ਉਹ ਕਹਿੰਦੇ ਹਨ ਕਿ ਅਸੀਂ ਪੜ੍ਹਨਾ ਚਾਹੁੰਦੇ ਹਾਂ ਪਰ ਪੜ੍ਹ ਨਹੀਂ ਸਕਦੇ l ਸਵਾਲ ਪੈਦਾ ਹੁੰਦਾ ਹੈ ਕਿ ਮੇਰੇ ਕਹਿਣ ਤੇ ਜਾਂ ਕਿਸੇ ਹੋਰ ਦੇ ਕਹਿਣ ਤੇ ਉਹ ਕਿਵੇਂ ਪੜ੍ਹਨ ਲੱਗਣਗੇ?
ਕੁੱਝ ਮਹੀਨਿਆਂ ਦੀ ਗੱਲ ਹੈ ਕਿ ਇੱਕ ਪਤੀ ਪਤਨੀ ਉਮਰ 30 ਕੁ ਸਾਲ ਮੈਨੂੰ ਮਿਲਣ ਆਏ l ਦੋਨੋਂ ਜਣੇ ਮੈਨੂੰ ਵਿਆਹ ਤੋਂ ਪਹਿਲਾਂ ਵੀ ਜਾਣਦੇ ਸਨ l ਉਨ੍ਹਾਂ ਮੇਰੇ ਕੋਲੋਂ ਆਰਥਿਕਤਾ ਸੁਧਾਰਨ ਲਈ ਸਲਾਹ ਲਈ ਸੀ l ਮੈਂ ਕਿਹਾ ਕਿ ਮੈਂ ਕੋਈ ਅਥੋਰਾਇਜਡ (authorised) ਸਲਾਹਕਾਰ ਨਹੀਂ ਹਾਂ ਅਤੇ ਤਜਰਬੇ ਦੇ ਅਧਾਰ ਤੇ ਜਾਣਕਾਰੀ ਦੇ ਸਕਦਾ ਹਾਂ l ਉਸ ਦਿੱਤੀ ਜਾਣਕਾਰੀ ਦੇ ਅਧਾਰ ਤੇ ਉਹ ਦੋਨੋਂ ਪਤੀ ਪਤਨੀ ਨੌਜਵਾਨ ਉਮਰ ਵਿੱਚ ਹੀ ਮਿਲੀਅਨੇਅਰ (Millionair) ਬਣ ਗਏ l
ਪਤੀ ਕਹਿਣ ਲੱਗਾ ਕਿ ਮੈਂ ਉਸ ਦੀ ਘਰ ਵਾਲੀ ਨੂੰ ਪੜ੍ਹਨ ਦੀ ਆਦਤ ਪਾਵਾਂ l ਉਹ ਵੀ ਕਹਿਣ ਲੱਗੀ ਕਿ ਮੈਂ ਆਦਤ ਪਾਉਣਾ ਚਾਹੁੰਦੀ ਹਾਂ ਪਰ ਆਦਤ ਪੈਂਦੀ ਨਹੀਂ l ਮੈਂ ਉਸ ਨੂੰ ਪੁੱਛਿਆ ਕਿ ਫਿਰ ਹੋਰ ਘਰ ਕੀ ਕਰਦੀ ਹੈਂ? ਉਹ ਕਹਿੰਦੀ ਕਿ ਟੀਵੀ ਤੇ ਨਾਟਕ ਦੇਖਦੀ ਹਾਂ l ਮੈਂ ਕਿਹਾ ਕਿ ਕਿਤਾਬਾਂ ਪੜ੍ਹਨ ਦੀ ਆਦਤ ਤੈਨੂੰ ਤਾਂ ਪਵੇਗੀ ਜੇਕਰ ਤੇਰੀ ਕਿਉਂ (why) ਮਜ਼ਬੂਤ ਹੋਵੇ l ਉਹ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਈ l ਮੈਂ ਕਿਹਾ ਕਿ ਕੋਈ ਵੀ ਕੰਮ ਕਰਨ ਵੇਲੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਉਂ ਕਰ ਰਹੇ ਹਾਂ? ਉਹ ਕਹਿੰਦੀ ਕੀ ਮਤਲਬ? ਮੈਂ ਕਿਹਾ ਕਿ ਤੂੰ ਕਿਤਾਬਾਂ ਕਿਉਂ ਪੜ੍ਹਨਾ ਚਾਹੁੰਦੀ ਹੈਂ? ਉਹ ਕਹਿੰਦੀ ਆਰਥਿਕਤਾ ਮਜ਼ਬੂਤ ਕਰਨ ਲਈ l ਮੈਂ ਕਿਹਾ ਆਰਥਿਕਤਾ ਕਿਉਂ ਮਜ਼ਬੂਤ ਕਰਨਾ ਚਾਹੁੰਦੀ ਹੈਂ? ਉਹ ਕਹਿੰਦੀ ਮੈਂ ਨੌਜਵਾਨ ਉਮਰ ਵਿੱਚ ਹੀ ਰਿਟਾਇਰ ਹੋ ਸਕਾਂ, ਆਪਣੇ ਪਰਿਵਾਰ ਨਾਲ ਵੱਧ ਸਮਾਂ ਗੁਜ਼ਾਰ ਸਕਾਂ ਅਤੇ ਜਦੋਂ ਚਾਹਾਂ ਛੁੱਟੀਆਂ ਕਰ ਸਕਾਂ l ਮੈਂ ਪੁੱਛਿਆ ਕਿ ਇਹ ਚੀਜ਼ਾਂ ਤੇਰੇ ਲਈ ਕਿੰਨੀਆਂ ਕੁ ਜਰੂਰੀ ਹਨ? ਉਹ ਕਹਿੰਦੀ ਬਹੁਤ ਜਰੂਰੀ ਹਨ l ਮੈਂ ਕਿਹਾ ਕਿ ਹੁਣ ਤੇਰੇ ਕੋਲ ਆਰਥਿਕਤਾ ਸੁਧਾਰਨ ਵਾਲੀ ਕਿਤਾਬ ਪੜ੍ਹਨ ਵਾਸਤੇ ਮਜ਼ਬੂਤ ਕਿਉਂ (why) ਹੈ?
ਮੈਂ ਕਿਹਾ ਟੀਵੀ ਕਿਉਂ ਦੇਖਦੀ ਹੈਂ? ਕਹਿੰਦੀ ਮਨੋਰੰਜਨ (ਐਂਟਰਟੇਨਮੈਂਟ/entertainment) ਲਈ l ਮੈਂ ਕਿਹਾ ਇਹ ਕਿੰਨਾ ਕੁ ਜਰੂਰੀ ਹੈ? ਉਹ ਕਹਿੰਦੀ ਜਿਆਦਾ ਨਹੀਂ l ਉਸ ਦਿਨ ਤੋਂ ਉਹ ਆਪ ਹੀ ਕਿਤਾਬਾਂ ਪੜ੍ਹਨ ਲੱਗ ਪਈ ਹੈ ਅਤੇ ਮੈਨੂੰ ਫੋਨ ਕਰਕੇ ਦੱਸਦੀ ਹੈ ਕਿ ਕਿੰਨੇ ਪੰਨੇ ਪੜ੍ਹ ਲਏ ਹਨ ਅਤੇ ਕੀ ਸਿੱਖਿਆ ਹੈ? ਇਸ ਉਦਾਹਰਣ ਤੋਂ ਪਤਾ ਲਗਦਾ ਹੈ ਕਿ ਕਿਤਾਬਾਂ ਪੜ੍ਹਨ ਵਾਸਤੇ ਸਾਡੇ ਕੋਲ ਮਜ਼ਬੂਤ ਕਾਰਨ ਹੋਣਾ ਚਾਹੀਦਾ ਹੈ l ਉਹ ਕਾਰਣ ਇਕੱਲੀ ਆਰਥਿਕਤਾ ਨਹੀਂ ਹੈ l ਹੋ ਸਕਦਾ ਤੁਸੀਂ ਵੱਧ ਜਾਣਕਾਰੀ ਹਾਸਲ ਕਰਨਾ ਚਾਹੋ, ਕੋਈ ਰੁਜ਼ਗਾਰ ਦੀ ਸਿਖਲਾਈ ਲੈਣੀ ਚਾਹੋ, ਤੁਸੀਂ ਇਤਿਹਾਸ ਜਾਨਣਾ ਚਾਹੁੰਦੇ ਹੋਵੋ, ਤੁਸੀਂ ਧਰਤੀ ਤੇ ਜੀਵਾਂ ਦਾ ਵਿਕਾਸ ਪੜ੍ਹਨਾ ਚਾਹੁੰਦੇ ਹੋਵੇ, ਦੇਸੀ ਦਵਾਈਆਂ ਬਾਰੇ ਪੜ੍ਹਨਾ ਚਾਹੋ, ਸਿਹਤਮੰਦ ਖਾਣਿਆਂ ਬਾਰੇ ਪੜ੍ਹਨਾ ਚਾਹੋ, ਬਿਮਾਰੀਆਂ ਬਾਰੇ ਜਾਨਣਾ ਚਾਹੋ, ਬੱਚਿਆਂ ਦੀ ਮਾਨਸਿਕਤਾ ਬਾਰੇ ਜਾਨਣਾ ਚਾਹੋ, ਕੁਦਰਤੀ ਖੇਤੀ ਬਾਰੇ ਪੜ੍ਹਨਾ ਚਾਹੋ, ਜ਼ਹਿਰੀਲੀਆਂ ਸਪਰੇਆਂ ਦਾ ਅਸਰ ਪੜ੍ਹਨਾ ਹੋਵੇ, ਮਨੁੱਖੀ ਸਮਾਜ ਲਈ ਚੁਣੌਤੀਆਂ ਬਾਰੇ ਜਾਨਣਾ ਹੋਵੇ, ਅਮੀਰਾਂ ਤੋਂ ਗਰੀਬਾਂ ਦੀ ਹੁੰਦੀ ਲੁੱਟ ਬਾਰੇ ਪੜ੍ਹਨਾ ਹੋਵੇ, ਮਾਨਸਿਕ ਰੋਗਾਂ ਬਾਰੇ ਪੜ੍ਹਨਾ ਚਾਹੁੰਦੇ ਹੋਵੋ, ਪਰਦੇਸ ਦੀਆਂ ਸਮੱਸਿਆਵਾਂ ਬਾਰੇ ਜਾਨਣਾ ਚਾਹੁੰਦੇ ਹੋਵੋ, ਵੱਖ ਵੱਖ ਭਾਸ਼ਾਵਾਂ ਸਿੱਖਣੀਆਂ ਚਾਹੁੰਦੇ ਹੋਵੋ, ਅੰਗਰੇਜ਼ੀ ਇਲਾਜ ਬਾਰੇ ਪੜ੍ਹਨਾ ਚਾਹੁੰਦੇ ਹੋਵੋ, ਸ਼ਹੀਦਾਂ ਬਾਰੇ ਪੜ੍ਹਨਾ ਚਾਹੋ, ਦੇਸ਼ ਦੀ ਆਜ਼ਾਦੀ ਬਾਰੇ ਪੜ੍ਹਨਾ ਚਾਹੁੰਦੇ ਹੋਵੋ ਜਾਂ ਖੇਤੀਬਾੜੀ ਸਿੱਖਣਾ ਚਾਹੁੰਦੇ ਹੋਵੋ ਆਦਿ l ਜਦੋਂ ਤੁਹਾਨੂੰ ਪੜ੍ਹਨ ਦੀ ਵਜ੍ਹਾ ਪਤਾ ਲੱਗ ਗਈ ਤਾਂ ਤੁਸੀਂ ਕਿਤਾਬਾਂ ਆਪ ਹੀ ਪੜ੍ਹੋਗੇ l
ਕਿਤਾਬਾਂ ਪੜ੍ਹਨ ਦੇ ਨਾਲ ਜਰੂਰੀ ਹੈ ਕਿ ਕਿਤਾਬਾਂ ਨੂੰ ਸਮਝਣਾ l ਕਿਸੇ ਕਿਤਾਬ ਜਾਂ ਲਿਖਤ ਨੂੰ ਵਾਰ ਵਾਰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਿੰਨਾ ਚਿਰ ਤੁਹਾਨੂੰ ਉਸ ਦੀ ਸਮਝ ਨਹੀਂ ਲਗਦੀ l ਹੋ ਸਕੇ ਤਾਂ ਕਿਤਾਬ ਤੁਹਾਡੀ ਮਾਤ ਭਾਸ਼ਾ ਵਿੱਚ ਹੋਵੇ l ਜੇ ਨਹੀਂ ਤਾਂ ਤੁਸੀਂ ਉਸ ਦੀ ਟਰਾਂਸਲੇਟ ਕਰਕੇ ਸਮਝਣਯੋਗ ਹੋਵੋ l
ਹੁਣ ਕਿਤਾਬ ਪੜ੍ਹ ਵੀ ਲਈ ਅਤੇ ਸਮਝ ਵੀ ਲਈ l ਇਸ ਤੋਂ ਅਗਲਾ ਕੰਮ ਹੈ ਕਿ ਜੋ ਕਿਤਾਬਾਂ ਤੋਂ ਸਿੱਖਿਆ ਉਹ ਆਪਣੀ ਜਿੰਦਗੀ ਤੇ ਲਾਗੂ ਕੀਤਾ ਜਾਵੇ l ਜੇ ਲਾਗੂ ਨਹੀਂ ਕਰਨਾ ਤਾਂ ਪੜ੍ਹਨ ਤੇ ਸਮਝਣ ਦਾ ਕੀ ਫਾਇਦਾ ਹੋਇਆ? ਜੇ ਤੁਸੀਂ ਪੜ੍ਹਿਆ ਹੋਇਆ ਆਪਣੇ ਜੀਵਨ ਤੇ ਲਾਗੂ ਕਰੋਗੇ ਤਾਂ ਲੋਕਾਂ ਨੂੰ ਤੁਹਾਡੇ ਵਿੱਚੋਂ ਇੱਕ ਤੁਰਦੀ ਫਿਰਦੀ ਕਿਤਾਬ ਨਜ਼ਰ ਆਵੇਗੀ l
ਇਸ ਤੋਂ ਅੱਗੇ ਹੈ ਕਿ ਜੋ ਕਿਤਾਬਾਂ ਵਿੱਚੋਂ ਸਿੱਖਿਆ, ਸਮਝਿਆ ਅਤੇ ਆਪਣੀ ਜਿੰਦਗੀ ਵਿੱਚ ਲਾਗੂ ਕੀਤਾ ਜਿਸ ਨਾਲ ਤੁਹਾਡੀ ਜਿੰਦਗੀ ਵਧੀਆ ਬਣੀ l ਉਸ ਨੂੰ ਦੂਜਿਆਂ ਤੱਕ ਪਹੁੰਚਾਉਣਾ l ਇਹ ਬਹੁਤ ਜਿਆਦਾ ਜਰੂਰੀ ਹੁੰਦਾ ਹੈ ਕਿਉਂਕਿ ਜੋ ਤੁਹਾਡੇ ਕੋਲ ਗਿਆਨ ਜਾਂ ਜਾਣਕਾਰੀ ਹੈ ਜੇਕਰ ਤੁਸੀਂ ਉਹ ਦੂਜਿਆਂ ਤੱਕ ਨਹੀਂ ਪਹੁੰਚਾਉਂਦੇ ਤੇ ਆਪਣੇ ਤੱਕ ਹੀ ਸੀਮਤ ਰੱਖਦੇ ਹੋ ਤਾਂ ਉਹ ਸਾਰੀ ਜਾਣਕਾਰੀ ਜਾਂ ਗਿਆਨ ਮੌਤ ਤੋਂ ਬਾਦ ਸੜ ਕੇ ਵਿਅਕਤੀ ਦੇ ਨਾਲ ਹੀ ਰਾਖ ਹੋ ਜਾਂਦਾ ਹੈ l ਇਸ ਜਾਣਕਾਰੀ ਜਾਂ ਗਿਆਨ ਨੂੰ ਜਿਉਂਦਾ ਰੱਖਣ ਲਈ ਜਰੂਰੀ ਹੈ ਕਿ ਤੁਸੀਂ ਇਸ ਨੂੰ ਹੋਰਾਂ ਤੱਕ ਪਹੁੰਚਾਓ l ਜੇ ਹੋ ਸਕੇ ਤਾਂ ਇਸ ਨੂੰ ਲਿਖਤ ਦਾ ਜਾਂ ਕਿਤਾਬ ਦਾ ਰੂਪ ਦਿਓ ਤਾਂ ਕਿ ਲੋਕ ਮੌਤ ਤੋਂ ਬਾਦ ਵੀ ਉਸ ਨੂੰ ਪੜ੍ਹ ਸਕਣ l ਇਕੱਲਾ ਆਪ ਚੰਗੇ ਬਣਨਾ ਹੀ ਜਰੂਰੀ ਨਹੀਂ ਹੁੰਦਾ l ਇਸ ਤੋਂ ਵੀ ਜਰੂਰੀ ਹੁੰਦਾ ਹੈ ਆਪਣੇ ਵਰਗੇ ਲੋਕ ਪੈਦਾ ਕਰਨੇ l
ਊਰਜਾ ਦੀ ਲੋੜ :- ਇਹ ਸਭ ਕੁੱਝ ਕਰਨ ਲਈ ਸਾਨੂੰ ਊਰਜਾ/ਸਰੀਰਕ ਸ਼ਕਤੀ/ਤੰਦਰੁਸਤ ਮਾਨਸਿਕਤਾ ਦੀ ਲੋੜ ਹੁੰਦੀ ਹੈ ਅਤੇ ਬਹੁਤੀਆਂ ਹਾਲਤਾਂ ਵਿੱਚ ਸਾਡਾ ਸਰੀਰਕ ਤੌਰ ਤੇ ਫਿੱਟ ਹੋਣਾ ਵੀ ਜਰੂਰੀ ਹੁੰਦਾ ਹੈ l ਜਵਾਨੀ ਵੇਲੇ ਤਾਂ ਕਿਤਾਬਾਂ ਵਿੱਚੋਂ ਹੀ ਊਰਜਾ ਮਿਲਦੀ ਰਹਿੰਦੀ ਹੈ l ਜਿਸ ਵੇਲੇ ਅਸੀਂ ਬੁਢਾਪੇ ਵੱਲ ਤੁਰੇ ਜਾਂਦੇ ਹਾਂ ਤਾਂ ਕਈ ਵਿਅਕਤੀ ਊਰਜਾ ਜਾਂ ਐਨਰਜੀ ਦੀ ਘਾਟ ਮਹਿਸੂਸ ਕਰਦੇ ਹਨ l ਹੋ ਸਕਦਾ ਹੈ ਕਿ ਕੋਈ ਸਰੀਰਕ ਬਿਮਾਰੀ ਵੀ ਲੱਗ ਜਾਵੇ ਅਤੇ ਅਸੀਂ ਜਿਆਦਾ ਪੜ੍ਹ ਨਾ ਸਕੀਏ ਅਤੇ ਜਾਣਕਾਰੀ ਦੂਜਿਆਂ ਤੱਕ ਨਾ ਪਹੁੰਚਾ ਸਕੀਏ l ਉਸ ਹਾਲਤ ਵਿੱਚ ਕਿਤਾਬ ਪੜ੍ਹਨ ਦੀ ਬਜਾਏ ਕਿਤਾਬ ਦੀ ਰਿਕਾਰਡਿੰਗ ਸੁਣ ਸਕਦੇ ਹੋ ਅਤੇ ਰਿਕਾਰਡਿੰਗ ਹੀ ਅੱਗੇ ਭੇਜ ਸਕਦੇ ਹੋ l
ਮੇਰੇ ਇੱਕ ਦੋਸਤ (ਉਮਰ ਵਿੱਚ ਕਾਫੀ ਵੱਡੇ) ਹਨ ਜਿਨਾਂ ਨੂੰ ਇੱਕ ਬਿਮਾਰੀ ਸ਼ਾਇਦ 16 ਜਾਂ 17 ਸਾਲ ਦੀ ਉਮਰ ਵਿੱਚ ਹੀ ਲੱਗ ਗਈ ਸੀ l ਉਸ ਬਿਮਾਰੀ ਲੱਗਣ ਤੋਂ ਬਾਦ ਉਸ ਸਮੇਂ ਦੇ ਇਲਾਜ ਅਤੇ ਖੋਜਾਂ ਮੁਤਾਬਕ ਉਹ 3 ਸਾਲਾਂ ਤੋਂ 15 ਕੁ ਸਾਲ ਤੱਕ ਹੀ ਜੀਅ ਸਕਦੇ ਸਨ l ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਬਹੁਤ ਰੁਚੀ ਸੀ l ਉਨ੍ਹਾਂ ਪੜ੍ਹਨ ਦੇ ਨਾਲ ਨਾਲ ਕਿਤਾਬਾਂ ਲਿਖਣੀਆਂ ਵੀ ਸ਼ੁਰੂ ਕਰ ਦਿੱਤੀਆਂ l ਉਨ੍ਹਾਂ ਆਪਣਾ ਖਾਣਾ ਲੋੜ ਅਨੁਸਾਰ ਖਾਣਾ ਸ਼ੁਰੂ ਕਰ ਲਿਆ ਅਤੇ ਲੋੜ ਅਨੁਸਾਰ ਪ੍ਰਹੇਜ਼ ਵੀ ਕਰ ਲਿਆ l ਜਿੰਦਗੀ ਬੀਤਦੀ ਗਈ ਉਨ੍ਹਾਂ ਬਿਮਾਰੀ ਦੇ ਬਾਵਯੂਦ ਆਪਣਾ ਕਿਤਾਬਾਂ ਪੜ੍ਹਨ, ਲਿਖਣ ਦਾ ਸ਼ੌਂਕ ਨਹੀਂ ਛੱਡਿਆ l ਇਸ ਦੌਰਾਨ ਉਨ੍ਹਾਂ ਦਾ ਇੱਕ ਗੰਭੀਰ ਐਕਸੀਡੈਂਟ ਹੋਇਆ ਜਿਸ ਤੋਂ ਬਾਦ ਉਨ੍ਹਾਂ ਲਈ ਤੁਰਨਾ ਵੀ ਮੁਸ਼ਕਲ ਹੋ ਗਿਆ l ਏਨੀ ਤਕਲੀਫ ਦੇ ਬਾਦ ਵੀ ਉਨ੍ਹਾਂ ਕਿਤਾਬਾਂ ਲਿਖਣ ਪੜ੍ਹਨ ਦਾ ਸ਼ੌਂਕ ਨਹੀਂ ਛੱਡਿਆ ਅਤੇ 70 ਸਾਲ ਦੀ ਉਮਰ ਵਿੱਚ ਅਜੇ ਵੀ ਠੀਕ ਠਾਕ ਹਨ l ਭਾਵ ਉਨ੍ਹਾਂ ਨੂੰ ਬਿਮਾਰੀ ਨਾਲ ਲੜਨ ਦੀ ਊਰਜਾ /ਸ਼ਕਤੀ ਵੀ ਕਿਤਾਬਾਂ ਵਿੱਚੋਂ ਮਿਲੀ ਜਾਂ ਲੋਕ ਪੱਖੀ ਕੰਮਾਂ ਵਿੱਚੋਂ ਮਿਲੀ l ਇਸ ਕਰਕੇ ਉਮਰ ਦੇ ਕਿਸੇ ਵੀ ਪੜ੍ਹਾਅ ਵਿੱਚ ਇਹ ਕੰਮ ਅਸੀਂ ਜਾਰੀ ਰੱਖ ਸਕਦੇ ਹਾਂ l ਮੇਰੇ ਉਸ ਦੋਸਤ (ਉਮਰ ਵਿੱਚ ਕਾਫੀ ਵੱਡੇ ਹਨ) ਨੇ 30 ਤੋਂ ਵੱਧ ਕਿਤਾਬਾਂ ਲਿਖੀਆਂ l ਸ਼ਾਇਦ ਏਨਾ ਸਾਹਿਤ ਪੜ੍ਹਨਾ ਲਿਖਣਾ ਇੱਕ ਤੰਦਰੁਸਤ ਵਿਅਕਤੀ ਦੇ ਵੱਸ ਦਾ ਵੀ ਕੰਮ ਨਹੀਂ ਹੁੰਦਾ l ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਵਿੱਚ ਵੱਖ ਵੱਖ ਜਾਣਕਾਰੀਆਂ ਪਹੁੰਚਾਉਣ ਤਹਿਤ ਸੈਂਕੜੇ ਸੈਮੀਨਾਰ ਕੀਤੇ ਅਤੇ ਸੈਮੀਨਾਰਾਂ ਲਈ ਵਿਦੇਸ਼ਾਂ ਵਿੱਚ ਵੀ ਗਏ l ਸਾਰੀ ਉਮਰ ਨੌਕਰੀ ਵੀ ਕੀਤੀ ਅਤੇ ਰਿਟਾਇਰ ਹੋਣ ਤੋਂ ਬਾਦ ਵੀ ਪਾਰਟ ਟਾਈਮ ਨੌਕਰੀ ਜਾਰੀ ਰੱਖੀ l ਮੈਨੂੰ ਉਨ੍ਹਾਂ ਨਾਲ ਕੁੱਝ ਹਫ਼ਤੇ ਬਿਤਾਉਣ ਦਾ ਮੌਕਾ ਮਿਲਿਆ l ਉਹ ਹਮੇਸ਼ਾਂ ਸਮੇਂ ਦੇ ਪਬੰਦ ਰਹਿੰਦੇ ਹਨ, ਕਦੇ ਵੀ ਨਿਰਾਸ਼ ਨਹੀਂ ਹੁੰਦੇ, ਬਿਮਾਰੀ ਨੂੰ ਅਤੇ ਹੋਏ ਐਕਸੀਡੈਂਟ ਨੂੰ ਉਨ੍ਹਾਂ ਕੁੱਝ ਨਾ ਕਰਨ ਦਾ ਬਹਾਨਾ ਨਹੀਂ ਬਣਾਇਆ, ਮਾੜੀ ਕਿਸਮਤ ਮੈਂ ਉਨ੍ਹਾਂ ਦੇ ਮੂੰਹੋਂ ਨਹੀਂ ਸੁਣਿਆ ਅਤੇ ਕਦੇ ਵੀ ਉਨ੍ਹਾਂ ਦੇ ਮੂੰਹੋਂ ਨਹੀਂ ਸੁਣਿਆ ਕਿ ਮੈਂ ਬਹੁਤ ਤੰਗ ਹਾਂ l ਸ਼ਾਇਦ ਬਿਮਾਰੀ ਹੋਣ ਦੇ ਬਾਵਯੂਦ ਲੰਬੀ ਜਿੰਦਗੀ ਜਿਉਣਾ ਵੀ ਉਨ੍ਹਾਂ ਨੂੰ ਕਿਤਾਬਾਂ ਵਿੱਚੋਂ ਹੀ ਮਿਲਿਆ ਹੋਵੇ ਅਤੇ ਲੋਕਾਂ ਲਈ ਕੁੱਝ ਕਰਨ ਦੀ ਚਾਹਤ ਵੀ ਉਨ੍ਹਾਂ ਨੂੰ ਕਿਤਾਬਾਂ ਵਿੱਚੋਂ ਹੀ ਮਿਲੀ ਹੋਵੇ l ਉਹ ਅੱਜ ਵੀ ਬਹੁਤ ਸੈਮੀਨਾਰ ਕਰਦੇ ਰਹਿੰਦੇ ਹਨ l ਉਨ੍ਹਾਂ ਕਿਸਾਨੀ ਸੰਘਰਸ਼ ਵੇਲੇ ਵੀ ਮੋਰਚੇ ਵਾਸਤੇ ਕਿਤਾਬਾਂ ਛਾਪਣ ਅਤੇ ਪਹੁੰਚਾਉਣ ਦਾ ਅਹਿਮ ਯੋਗਦਾਨ ਪਾਇਆ ਸੀ ਜਿਸ ਵਿੱਚ ਮੈਂ ਖੁਦ ਵੀ ਯੋਗਦਾਨ ਪਾਇਆ ਸੀ l ਉਸ ਦੋਸਤ ਦੇ ਇਸ ਸਫ਼ਰ ਤੋਂ ਪਤਾ ਲਗਦਾ ਹੈ ਕਿ ਸਿਰੜੀ ਇਨਸਾਨ ਬਿਮਾਰੀਆਂ, ਦੁਰਘਟਨਾਵਾਂ ਅਤੇ ਮਜ਼ਬੂਰੀਆਂ ਅੱਗੇ ਗੋਡੇ ਨਹੀਂ ਟੇਕਦੇ l ਹਮੇਸ਼ਾਂ ਤੁਰਦੇ ਜਾਣਾ ਹੀ ਉਨ੍ਹਾਂ ਦਾ ਮਕਸਦ ਹੁੰਦਾ ਹੈ l ਇਹੀ ਉਨ੍ਹਾਂ ਨੂੰ ਕਿਤਾਬਾਂ ਨੇ ਸਿਖਾਇਆ ਹੁੰਦਾ ਹੈ l ਇਸ ਦੇ ਮੁਕਾਬਲੇ ਜੇ ਕੋਈ ਹੋਰ ਇਨਸਾਨ ਹੁੰਦਾ ਜਿਸ ਨੂੰ ਡਾਕਟਰਾਂ ਦੱਸਿਆ ਹੋਵੇ ਕਿ ਤੂੰ ਬਿਮਾਰੀ ਲੱਗਣ ਤੋਂ ਬਾਦ 3 ਤੋਂ 15 ਸਾਲ ਹੀ ਜਿਉਂਦਾ ਰਹਿ ਸਕੇਂਗਾ ਤਾਂ ਉਸ ਨੇ ਸਭ ਕੁੱਝ ਛੱਡ ਦੇਣਾ ਸੀ ਅਤੇ ਸ਼ਾਇਦ ਏਨਾ ਸਮਾਂ ਵੀ ਜਿਉਂਦਾ ਨਾ ਰਹਿ ਸਕਦਾ l ਮੈਂ ਆਪਣੇ ਤਜਰਬੇ ਅਨੁਸਾਰ ਆਖ ਸਕਦਾ ਹਾਂ ਕਿ ਜਦੋਂ ਤੁਸੀਂ ਲੋਕਾਂ ਦੇ ਮਸਲੇ ਹੱਲ ਕਰਨ ਵੱਲ ਆਪਣੇ ਕਦਮ ਵਧਾਉਂਦੇ ਹੋ ਤਾਂ ਤੁਹਾਨੂੰ ਆਪਣੇ ਦੁੱਖ ਭੁੱਲ ਜਾਂਦੇ ਹਨ l
ਕਿਤਾਬਾਂ ਨੂੰ ਪੜ੍ਹਕੇ ਦੂਜੇ ਤੱਕ ਜਾਣਕਾਰੀ ਪਹੁੰਚਾਉਣ ਵੇਲੇ ਧਿਆਨ ਰੱਖਣਾ ਚਾਹੀਦਾ ਹੈ ਕਿ ਦੂਜੀ ਧਿਰ ਨਾਲ ਬਹਿਸ ਨਾ ਕੀਤੀ ਜਾਵੇ l ਗੱਲ ਦਲੀਲ ਦੇ ਅਧਾਰ ਤੇ ਕੀਤੀ ਜਾਵੇ l ਗੱਲ ਕਰਨ ਵੇਲੇ ਉੱਚੀ ਬੋਲਣਾ ਜਰੂਰੀ ਨਹੀਂ ਹੁੰਦਾ ਅਤੇ ਨਾ ਹੀ ਅਗਲੇ ਵੱਲ ਉਂਗਲੀ ਕਰਕੇ ਗੱਲ ਕਰਨ ਦੀ ਲੋੜ ਹੁੰਦੀ ਹੈ l ਉਹ ਵਿਅਕਤੀ ਲਾਗੇ ਹੀ ਬੈਠਾ ਹੁੰਦਾ ਹੈ ਅਤੇ ਤੁਹਾਡੀ ਗੱਲ ਅਰਾਮ ਨਾਲ ਸੁਣ ਸਕਦਾ ਹੈ l ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਤੁਹਾਨੂੰ ਪਤਾ ਹੈ ਉਹ ਅਜੇ ਉਸ ਦੂਜੇ ਵਿਅਕਤੀ ਨੂੰ ਨਹੀਂ ਪਤਾ ਹੈ l ਤੁਹਾਡੀ ਜਿੰਮੇਵਾਰੀ ਉਸ ਨੂੰ ਪਤਾ ਲਗਾਉਣਾ ਵੀ ਹੈ ਅਤੇ ਉਸ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਵੀ ਹੈ l
ਮੇਰੇ ਨਾਲ ਅਕਸਰ ਵਿਰੋਧੀ ਵਿਚਾਰਾਂ ਵਾਲੇ ਗੱਲਬਾਤ ਕਰਨ ਆ ਜਾਂਦੇ ਹਨ l ਮੇਰੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਗੱਲਬਾਤ ਸਭਿਅਕ ਭਾਸ਼ਾ ਵਿੱਚ ਹੋਵੇਗੀ ਅਤੇ ਦਲੀਲ ਤੇ ਅਧਾਰਤ ਹੋਵੇਗੀ l ਜਿਥੇ ਵਿਸ਼ਵਾਸ ਆ ਜਾਂਦਾ ਹੈ ਉਥੇ ਦਲੀਲ ਖਤਮ ਹੋ ਜਾਂਦੀ ਹੈ ਕਿਉਂਕਿ ਵਿਸ਼ਵਾਸ ਕਰਨ ਲਈ ਦਲੀਲ ਦੀ ਲੋੜ ਨਹੀਂ ਪੈਂਦੀ ਅਤੇ ਜਿਥੇ ਦਲੀਲ ਹੋਵੇ ਉਥੇ ਵਿਸ਼ਵਾਸ ਦੀ ਲੋੜ ਨਹੀਂ ਪੈਂਦੀ l
ਜਿੰਦਗੀ ਵਿੱਚ ਕਿਸੇ ਵੇਲੇ ਆ ਕੇ ਇਨਸਾਨ ਸ਼ਾਂਤੀ ਦੀ ਭਾਲ ਕਰਦਾ ਹੈ ਜੋ ਜਰੂਰੀ ਵੀ ਹੁੰਦੀ ਹੈ ਪਰ ਜਿਹੜਾ ਇਨਸਾਨ ਸਾਰੀ ਉਮਰ ਕਿਤਾਬਾਂ ਨਾਲ ਜੁੜਿਆ ਰਿਹਾ ਹੋਵੇ ਉਸ ਨੂੰ ਸ਼ਾਂਤੀ ਵੀ ਕਿਤਾਬਾਂ ਵਿੱਚੋਂ ਹੀ ਮਿਲਦੀ ਹੈ l ਕਿਤਾਬਾਂ ਦਾ ਵਿਸ਼ਾ ਵੱਖਰਾ ਹੋ ਸਕਦਾ ਹੈ l
ਪੰਜ ਕੁ ਸਾਲ ਪਹਿਲਾਂ ਮੈਨੂੰ ਬੁਖਾਰ ਤੇ ਖੰਘ ਜਿਆਦਾ ਹੋਣ ਕਰਕੇ ਹਸਪਤਾਲ ਜਾਣਾ ਪਿਆ l ਡਾਕਟਰ ਮੈਨੂੰ ਦੂਜੇ ਦਿਨ ਹੀ ਘਰ ਜਾਣ ਨੂੰ ਕਹਿਣ ਲੱਗੇ l ਮੈਂ ਕਿਹਾ ਕਿ ਮੈਂ ਠੀਕ ਹੋਣ ਤੋਂ ਬਾਦ ਹੀ ਘਰ ਜਾਣਾ ਹੈ l ਮੈਂ ਆਪਣਾ ਬਿਜਨਸ ਦਾ ਕੰਮ ਵੀ ਹਸਪਤਾਲ ਦੇ ਬੈੱਡ ਤੋਂ ਹੀ ਕਰਦਾ ਰਿਹਾ ਅਤੇ ਮੈਂ ਪੜ੍ਹਨ ਲਈ ਕਿਤਾਬਾਂ ਘਰੋਂ ਮੰਗਵਾ ਲਈਆਂ l ਬਿਮਾਰੀ ਵੱਲ ਮੈਂ ਧਿਆਨ ਹੀ ਨਾ ਦਿੱਤਾ ਅਤੇ ਨਾ ਹੀ ਫਿਕਰ ਕੀਤਾ l ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੀ ਸਿਹਤ ਪ੍ਰਤੀ ਲਾਪਰਵਾਹ ਸੀ l ਮੈਂ ਆਪਣੀ ਬਿਮਾਰੀ ਦਾ ਇਲਾਜ ਡਾਕਟਰਾਂ ਤੇ ਛੱਡ ਦਿੱਤਾ ਸੀ ਕਿਉਂਕਿ ਉਹ ਮੇਰੇ ਨਾਲੋਂ ਇਲਾਜ ਬਾਰੇ ਵੱਧ ਜਾਣਦੇ ਸਨ l ਉਥੇ ਤਕਰੀਬਨ ਮੈਂ ਹੀ ਸੀ ਜੋ ਹਸਪਤਾਲ ਦੇ ਬੈੱਡ ਤੇ ਕਿਤਾਬਾਂ ਪੜ੍ਹ ਰਿਹਾ ਸੀ l ਮੇਰੇ ਕੋਲ ਹੀ ਹੋਰ ਮਰੀਜਾਂ ਨੂੰ ਜਦੋਂ ਕੋਈ ਮਿਲਣ ਆਉਂਦਾ ਤਾਂ ਉਹ ਕਹਿਣ ਮੇਰੀ ਤਾਂ ਕਿਸਮਤ ਹੀ ਮਾੜੀ ਹੈ l ਰੱਬ ਪਤਾ ਨਹੀਂ ਕਿਹੜਾ ਬਦਲਾ ਲੈਂਦਾ ਹੈ? ਖ਼ਬਰ ਲੈਣ ਵਾਲਾ ਵੀ ਕਹਿੰਦਾ ਕਿ ਰੱਬ ਅੱਗੇ ਅਰਦਾਸ ਕਰਿਆ ਕਰ l ਉਹ ਭਲੀ ਕਰੂ l ਮੈਂ ਬੈੱਡ ਤੇ ਬੈਠਾ ਸੋਚਦਾ ਕਿ ਜੇ ਰੱਬ ਭਲੀ ਕਰਨ ਜੋਗਾ ਹੁੰਦਾ ਤਾਂ ਹਸਪਤਾਲ ਜਾਣ ਤੋਂ ਹੀ ਰੋਕ ਲੈਂਦਾ l ਖੈਰ ਆਪੋ ਆਪਣਾ ਯਕੀਨ ਹੁੰਦਾ ਹੈ l ਪੰਜ ਦਿਨ ਬਾਦ ਮੈਂ ਠੀਕ ਹੋ ਗਿਆ ਅਤੇ ਘਰ ਆ ਗਿਆ l
ਹਸਪਤਾਲ ਤੋਂ ਤੁਰਨ ਵੇਲੇ ਮੈਂ ਡਾਕਟਰਾਂ ਅਤੇ ਨਰਸਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਮੇਰੀ ਬਹੁਤ ਵਧੀਆ ਤਰੀਕੇ ਨਾਲ ਦੇਖਭਾਲ ਕੀਤੀ ਜਿਸ ਕਰਕੇ ਮੈਂ ਠੀਕ ਹੋ ਕੇ ਘਰ ਜਾ ਰਿਹਾ ਹਾਂ l ਇੱਕ ਡਾਕਟਰ ਕਹਿਣ ਲੱਗਾ ਕਿ ਤੂੰ ਪਹਿਲਾ ਭਾਰਤੀ ਹੈਂ ਜਿਸ ਨੇ ਸਾਡਾ ਧੰਨਵਾਦ ਕੀਤਾ l ਜਿਆਦਾ ਤਾਂ ਰੱਬ ਦਾ ਸ਼ੁਕਰੀਆ ਹੀ ਅਦਾ ਕਰਦੇ ਹਨ l ਇਸ ਤੋਂ ਬਾਦ ਅਸੀਂ ਦੋਵੇਂ ਹੱਸ ਪਏ l ਸ਼ਾਇਦ ਅਸੀਂ ਇੱਕ ਦੂਜੇ ਦੇ ਦਿਲ ਦੀ ਗੱਲ ਜਾਣਦੇ ਸੀ l ਇਸ ਕਰਕੇ ਮੈਂ ਕਹਿ ਸਕਦਾ ਹਾਂ ਕਿ ਕਿਤਾਬਾਂ ਦੁੱਖ ਨੂੰ ਵੀ ਘੱਟ ਕਰ ਦਿੰਦੀਆਂ ਹਨ, ਸਾਡੇ ਮਨ ਨੂੰ ਸ਼ਾਂਤੀ ਵੀ ਦਿੰਦੀਆਂ ਹਨ, ਦੂਜਿਆਂ ਖਾਤਰ ਜਿਉਣਾ ਸਿਖਾਉਂਦੀਆਂ ਹਨ ਅਤੇ ਕਈ ਵਿਅਕਤੀਆਂ ਦੀ ਜਿੰਦਗੀ ਦਾ ਤਜਰਬਾ ਦਿੰਦੀਆਂ ਹਨ l
ਅੰਤ ਵਿੱਚ ਮੈਂ ਕਹਿ ਸਕਦਾ ਹਾਂ ਕਿ ਕਿਤਾਬਾਂ ਸਾਡੀਆਂ ਐਸੀਆਂ ਦੋਸਤ ਹਨ ਜੋ ਸਾਡਾ ਸਾਥ ਅਖੀਰ ਤੱਕ ਨਹੀਂ ਛੱਡਦੀਆਂ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਕਿਤਾਬਾਂ ਦਾ ਸਾਥ ਅਖੀਰ ਤੱਕ ਨਾ ਛੱਡੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147