ਕੁੱਝ ਵੱਖਰਾ ਸੋਚਣਾ, ਕੁੱਝ ਵੱਖਰਾ ਕਰਨਾ ਅਤੇ ਕੁੱਝ ਵੱਖਰਾ ਕਰਕੇ ਦੂਜਿਆਂ ਨੂੰ ਕੁੱਝ ਵੱਖਰਾ ਕਰਨ ਦਾ ਸੁਨੇਹਾ ਦੇ ਜਾਣਾ ਜਿੰਦਗੀ ਦੀਆਂ ਅਹਿਮ ਪ੍ਰਾਪਤੀਆਂ ਹੁੰਦੀਆਂ ਹਨ l
ਪਿਛਲੇ ਦਿਨੀਂ ਕਾਮਰੇਡ ਅਵਤਾਰ ਸਿੰਘ ਭਾਰਟਾ ਖੁਰਦ (ਨਵਾਂ ਸ਼ਹਿਰ) ਕੁੱਝ ਮਹੀਨਿਆਂ ਦੀ ਬਿਮਾਰੀ ਬਾਦ ਸਾਨੂੰ ਸਦੀਵੀ ਵਿਛੋੜਾ ਦੇ ਗਏ l ਉਹ ਆਖਰੀ ਸਮੇਂ ਤੱਕ ਪੂਰੇ ਹੌਂਸਲੇ ਵਿੱਚ ਰਹੇ l
ਕਾਮਰੇਡ ਅਵਤਾਰ ਜੀ ਅਜੇ ਸਕੂਲ ਵਿੱਚ ਹੀ ਪੜ੍ਹਦੇ ਸਨ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਜੀਵਨ ਤੋਂ ਅਤੇ ਕੁੱਝ ਕਾਮਰੇਡ ਸਾਥੀਆਂ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਲੋਕ ਪੱਖੀ ਲਹਿਰਾਂ ਨਾਲ ਜੁੜ ਗਏ l ਉਹ ਹਮੇਸ਼ਾਂ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਖੜ੍ਹੇ ਰਹੇ l ਉਨ੍ਹਾਂ ਸੀ ਪੀ ਐਮ ਨਾਲ 10 ਸਾਲ ਕੰਮ ਕੀਤਾ l
ਕਾਮਰੇਡ ਜੀ ਨੇ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਪੰਜਾਬ ਤੋਂ ਬਾਹਰ ਕੁੱਝ ਹੋਰ ਰਾਜਾਂ ਵਿੱਚ ਸਟੇਜਾਂ ਤੇ ਵੱਖ ਵੱਖ ਨਾਟਕ ਕੀਤੇ l ਉਹ ਨਾਟਕ ਵਿੱਚ ਹੀਰੋ ਦੀ ਭੂਮਿਕਾ ਨਿਭਾਉਂਦੇ ਹੁੰਦੇ ਸਨ l ਉਨ੍ਹਾਂ ਵਿੱਚ ਕੰਮ ਕਰਨ ਦਾ ਬਹੁਤ ਜ਼ਜ਼ਬਾ ਸੀ l ਉਹ ਕੱਬਡੀ ਦੇ ਚੰਗੇ ਖਿਡਾਰੀ ਸਨ ਅਤੇ ਕੁਸ਼ਤੀ ਵੀ ਕਰ ਲੈਂਦੇ ਸਨ l
ਇੱਕ ਵਾਰ ਧਰੇਤਾ ਪਿੰਡ ਵਿੱਚ ਉਨ੍ਹਾਂ ਨਾਟਕ ਕਰਨਾ ਸੀ l ਉਥੋਂ ਦਾ ਜਗੀਰਦਾਰ ਜ਼ਬਰਦਸਤੀ ਸਟੇਜ ਤੇ ਕੁਰਸੀ ਲਗਾ ਕੇ ਬੈਠ ਗਿਆ l ਕਾਮਰੇਡ ਜੀ ਤੇ ਹੋਰ ਸਾਥੀਆਂ ਨੇ ਉਸ ਨੂੰ ਹੇਠਾਂ ਉਤਰਨ ਲਈ ਕਿਹਾ ਪਰ ਉਹ ਕਹਿਣ ਲੱਗਾ ਕਿ ਮੈਂ ਸਟੇਜ ਤੇ ਹੀ ਬੈਠਣਾ ਹੈ l ਉਸ ਜਗੀਰਦਾਰ ਦੀ ਅਮੀਰ ਹੋਣ ਕਾਰਨ ਇਲਾਕੇ ਵਿੱਚ ਕਾਫੀ ਦਹਿਸ਼ਤ ਸੀ ਅਤੇ ਲੋਕ ਉਸ ਦੇ ਖਿਲਾਫ ਖੜ੍ਹਨ ਤੋਂ ਹਰ ਵੇਲੇ ਡਰਦੇ ਸਨ l ਜਦ ਕਾਮਰੇਡ ਜੀ ਦੇ ਕਹਿਣ ਤੇ ਉਹ ਸਟੇਜ ਤੋਂ ਨਾ ਉਤਰਿਆ ਤਾਂ ਕਾਮਰੇਡ ਜੀ ਨੇ ਉਸ ਨੂੰ ਕੁਰਸੀ ਸਮੇਤ ਚੁੱਕ ਕੇ ਸਟੇਜ ਤੋਂ ਥੱਲੇ ਮਾਰਿਆ ਅਤੇ ਕਿਹਾ ਕਿ ਇਹ ਸਟੇਜ ਮਜ਼ਦੂਰਾਂ ਦੀ ਹੈ ਜਗੀਰਦਾਰਾਂ ਦੀ ਨਹੀਂ l ਇਸ ਤਰਾਂ ਦਾ ਜ਼ਜ਼ਬਾ ਰੱਖਦੇ ਸਨ ਅਵਤਾਰ ਕਾਮਰੇਡ l
ਇਸ ਤੋਂ ਬਾਦ ਉਹ ਅਰਬ ਮੁਲਕਾਂ ਵਿੱਚ ਗਏ ਉੱਥੇ ਵੀ ਕਿਰਤ ਦੇ ਨਾਲ ਨਾਲ ਮਜ਼ਦੂਰਾਂ ਨਾਲ ਰਲ ਕੇ ਸਰਮਾਏਦਾਰਾਂ ਖਿਲਾਫ ਸੰਘਰਸ਼ ਕਰਦੇ ਰਹੇ ਅਤੇ ਕੁੱਝ ਸਮੇਂ ਬਾਦ ਭਾਰਤ ਵਾਪਸ ਆ ਕੇ ਵੀ ਉਨ੍ਹਾਂ ਸੰਘਰਸ਼ ਜਾਰੀ ਰੱਖਿਆ l
ਕਾਮਰੇਡ ਅਵਤਾਰ ਤਕਰੀਬਨ 34 ਸਾਲ ਪਹਿਲਾਂ ਨਿਊਜ਼ੀਲੈਂਡ ਆ ਗਏ ਸਨ ਜਿੱਥੇ ਉਨ੍ਹਾਂ ਸਾਰੀ ਉਮਰ ਖੇਤੀਬਾੜੀ ਅਤੇ ਫਲਾਂ ਦੇ ਬਾਗਾਂ ਵਿੱਚ ਕੰਮ ਕੀਤਾ ਅਤੇ ਵੱਖ ਵੱਖ ਤਰਾਂ ਦੀ ਖੇਤੀਬਾੜੀ ਵਾਲੀ ਮਸ਼ੀਨਰੀ ਚਲਾਈ l ਉਨ੍ਹਾਂ ਦਾ ਜੀਵਨ ਸੱਚ ਅਤੇ ਇਮਾਨਦਾਰੀ ਨੂੰ ਸਮਰਪਿਤ ਸੀ l
ਜਵਾਨੀ ਦੇ ਦਿਨਾਂ ਵਿੱਚ ਕਾਮਰੇਡ ਅਵਤਾਰ ਦੋ ਮੁੱਖ ਨਾਟਕ “ਸੱਚ ਨੂੰ ਫਾਂਸੀ” ਅਤੇ “ਜਿੰਦਗੀ ਇੱਕ ਸੰਘਰਸ਼ ਹੈ” ਕਰਦੇ ਹੁੰਦੇ ਸੀ l ਜਿਸ ਵਿੱਚ ਉਹ ਇੱਕ ਲਾਈਨ ਬੋਲਦੇ ਹੁੰਦੇ ਸੀ “ਕੱਫਣ ਦੀ ਥਾਂ ਲਾਲ ਦੁਪੱਟਾ ਮੇਰੀ ਅਰਥੀ ਤੇ ਪਾ ਦੇਣਾ” l
ਕਾਮਰੇਡ ਸਾਹਿਬ ਵਹਿਮਾਂ ਭਰਮਾਂ, ਗੈਬੀ ਸ਼ਕਤੀਆਂ, ਨਰਕ ਸਵਰਗ ਅਤੇ ਆਤਮਾ ਪਰਮਾਤਮਾ ਵਿੱਚ ਯਕੀਨ ਨਹੀਂ ਰੱਖਦੇ ਸਨ l ਇਹ ਵਿਚਾਰ ਉਨ੍ਹਾਂ ਦੇ ਆਖਰੀ ਸਮੇਂ ਤੱਕ ਕਾਇਮ ਰਹੇ l ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀਆਂ ਅੰਤਿਮ ਰਸਮਾਂ ਵੇਲੇ ਕੋਈ ਵੀ ਧਾਰਮਿਕ ਰਸਮ ਜਾਂ ਅਰਦਾਸ ਨਾ ਕੀਤੀ ਜਾਵੇ l ਉਨ੍ਹਾਂ ਦੀ ਇਸ ਇੱਛਾ ਨੂੰ ਪੂਰੀ ਕਰਨ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਅਹਿਮ ਯੋਗਦਾਨ ਪਾਇਆ l
ਮੈਨੂੰ ਨਿਊਜ਼ੀਲੈਂਡ ਵਿੱਚ ਰਹਿੰਦਿਆਂ 34 ਸਾਲ ਹੋ ਗਏ ਹਨ l ਇਨ੍ਹਾਂ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਅਕਤੀ ਦੀਆਂ ਅੰਤਿਮ ਰਸਮਾਂ ਬਿਨਾਂ ਕਿਸੇ ਧਾਰਮਿਕ ਰਸਮ ਤੋਂ ਹੋਈਆਂ ਹੋਣ ਭਾਵੇਂ ਕਿ ਇਸ ਬਾਰੇ ਵਿਚਾਰ ਆਪਸ ਵਿੱਚ ਚੱਲਦੀ ਰਹਿੰਦੀ ਸੀ l
ਕਾਮਰੇਡ ਜੀ ਹਮੇਸ਼ਾਂ ਵੱਖਰੇ ਰਾਹਾਂ ਤੇ ਚੱਲੇ ਸਨ ਅਤੇ ਮੌਤ ਤੋਂ ਬਾਦ ਵੀ ਧਾਰਮਿਕ ਰਸਮਾਂ ਤੋਂ ਬਿਨਾਂ ਆਪਣੀਆਂ ਅੰਤਿਮ ਰਸਮਾਂ ਕਰਾ ਕੇ ਕਾਮਰੇਡਾਂ ਅਤੇ ਤਰਕਸ਼ੀਲਾਂ ਨੂੰ ਨਵਾਂ ਰਾਹ ਦਿਖਾ ਗਏ ਹਨ l ਉਹ ਦੱਸ ਗਏ ਹਨ ਕਿ ਜੇ ਤਰਕਸ਼ੀਲ ਜਾਂ ਕਾਮਰੇਡ ਆਤਮਾ ਪਰਮਾਤਮਾ ਅਤੇ ਗੈਬੀ ਸ਼ਕਤੀਆਂ ਨੂੰ ਨਹੀਂ ਮੰਨਦੇ ਤਾਂ ਅੰਤਿਮ ਸਮੇਂ ਵੀ ਧਾਰਮਿਕ ਰਸਮਾਂ ਦੀ ਕੋਈ ਲੋੜ ਨਹੀਂ ਹੈ l
ਕਾਮਰੇਡ ਜੀ ਦੇ ਅੰਤਿਮ ਸੰਸਕਾਰ ਮੌਕੇ ਅਤੇ ਸ਼ਰਧਾਂਜਲੀ ਸਮਾਰੋਹ ਵੇਲੇ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਕਾਮਰੇਡ ਅਵਤਾਰ ਦੇ ਜੀਵਨ, ਉਨ੍ਹਾਂ ਵਲੋਂ ਕੀਤੇ ਲੋਕ ਪੱਖੀ ਸੰਘਰਸ਼, ਚੱਲ ਰਹੀਆਂ ਲੋਕ ਲਹਿਰਾਂ, ਵਿਗਿਆਨਿਕ ਵਿਚਾਰਧਾਰਾ, ਤਰਕਸ਼ੀਲਤਾ, ਕਮਿਊਨਿਜ਼ਮ, ਸਰਾਮੇਦਾਰੀ, ਲੋਕਾਂ ਦੀ ਹੋ ਰਹੀ ਲੁੱਟ ਬਾਰੇ ਅਤੇ ਜਾਤ ਪਾਤ ਤਹਿਤ ਹੋ ਰਹੇ ਵਿਤਕਰਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਲੋਕ ਪੱਖੀ ਕਵਿਤਾਵਾਂ ਪੇਸ਼ ਕੀਤੀਆਂ ਅਤੇ ਲੋਕਾਂ ਨੂੰ ਇਕਜੁੱਟ ਹੋਣ ਦੀ ਪ੍ਰੇਰਨਾ ਦਿੱਤੀ l
ਕਾਮਰੇਡ ਅਵਤਾਰ ਜੀ ਦੇ ਸਰੀਰ ਤੇ ਉਨ੍ਹਾਂ ਦੇ ਦੋਸਤ ਅਤੇ ਵਿਚਾਰਧਾਰਕ ਸਾਥੀ ਜਰਨੈਲ ਸਿੰਘ ਰਾਹੋਂ, ਕਾਮਰੇਡ ਧਰਮਪਾਲ (ਭਰਾ), ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਅਤੇ ਉਨ੍ਹਾਂ ਦੇ ਬੇਟੇ ਅਮਨਦੀਪ ਸਿੰਘ ਨੇ ਲਾਲ ਕੱਪੜਾ ਪਾ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ l
ਉਨ੍ਹਾਂ ਦੇ ਜੀਵਨ ਤੇ ਸੁਰਜੀਤ ਪਾਤਰ ਜੀ ਦੀ ਕਵਿਤਾ ਦੀਆਂ ਇਹ ਲਾਈਨਾਂ ਪੂਰੀ ਤਰਾਂ ਢੁੱਕਦੀਆਂ ਹਨ
” ਮੈਂ ਰਾਹਾਂ ਤੇ ਨਹੀਂ ਤੁਰਦਾ,
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ l
ਸਦੀਆਂ ਤੋਂ ਕਾਫਲੇ ਆਉਂਦੇ,
ਇਸੇ ਗੱਲ ਦੇ ਗਵਾਹ ਬਣਦੇ l
ਦੋਸਤ ਤੇ ਵਿਚਾਰਧਾਰਕ ਸਾਥੀ ਕਾਮਰੇਡ ਅਵਤਾਰ ਨੂੰ ਲਾਲ ਸਲਾਮ l
ਨੋਟ :- ਜੇਕਰ ਕੋਈ ਵੀ ਪਾਠਕ ਬਿਨਾਂ ਧਾਰਮਿਕ ਰਸਮਾਂ ਤੋਂ ਹੋਏ ਅੰਤਿਮ ਸੰਸਕਾਰ ਦੀ ਵੀਡੀਓ ਦੇਖਣਾ ਚਾਹੁੰਦਾ ਹੋਵੇ ਤਾਂ ਆਪਣੀ ਈ-ਮੇਲ ਆਈ ਡੀ ਭੇਜ ਸਕਦਾ ਹੈ l ਵੀਡੀਓ ਲੰਬੀ ਹੋਣ ਕਾਰਨ ਸਿਰਫ ਈ-ਮੇਲ ਰਾਹੀਂ ਹੀ ਭੇਜੀ ਜਾ ਸਕਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147