ਕਾਮਯਾਬੀ ਉਸ ਨੂੰ ਕਹਿੰਦੇ ਹਨ ਜਦੋਂ ਸਾਡਾ ਮਿਥਿਆ ਹੋਇਆ ਨਿਸ਼ਾਨਾ (Set Target) ਪੂਰਾ ਹੋ ਜਾਂਦਾ ਹੈ l
ਕਿਸੇ ਵੀ ਨਿਸ਼ਾਨੇ ਨੂੰ ਮਿਥਣ ਵੇਲੇ ਬਹੁਤ ਵਾਰ ਸਾਨੂੰ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਪਤਾ ਨਹੀਂ ਹੁੰਦਾ ਜਾਂ ਅਸੀਂ ਰੁਕਾਵਟਾਂ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ l
ਰਾਹ ਵਿੱਚ ਕੁਦਰਤੀ ਤੌਰ ਤੇ ਮਿਲਣ ਵਾਲੀਆਂ ਰੁਕਾਵਟਾਂ ਤੋਂ ਇਲਾਵਾ ਹੋਰ ਅਨੇਕਾਂ ਰੁਕਾਵਟਾਂ ਆਉਂਦੀਆਂ ਹਨ ਜਿਵੇਂ ਸਾਡਾ ਬਿਮਾਰ ਹੋ ਜਾਣਾ, ਸੱਟ ਲੱਗ ਜਾਣੀ, ਦੁਰਘਟਨਾ ਵਾਪਰ ਜਾਣੀ, ਦੂਜਿਆਂ ਵਲੋਂ ਰਾਹ ਵਿੱਚ ਰੋੜੇ ਅਟਕਾਉਣੇ ਅਤੇ ਰਾਹ ਵਿੱਚ ਯੋਗ ਹਾਲਾਤ ਨਾ ਮਿਲਣੇ ਆਦਿ l
ਉਪਰੋਕਤ ਰੁਕਾਵਟਾਂ ਵਿੱਚੋਂ ਵਿਰਲੇ ਲੋਕ ਹੀ ਬਾਹਰ ਨਿਕਲਦੇ ਹਨ l ਰੁਕਾਵਟਾਂ ਵਿੱਚੋਂ ਬਾਹਰ ਨਿਕਲਣ ਲਈ ਵਿਅਕਤੀ ਦੀ ਸੋਚ ਬਹੁਤ ਅਹਿਮ ਰੋਲ ਅਦਾ ਕਰਦੀ ਹੈ ਜਿਸ ਤਰਾਂ ਕਿਸਮਤ ਤੇ ਯਕੀਨ ਰੱਖਣ ਵਾਲਾ ਰੁਕਾਵਟ ਆਉਣ ਤੇ ਹੱਥ ਖੜ੍ਹੇ ਕਰ ਜਾਂਦਾ ਹੈ ਕਿ ਮੇਰੀ ਕਿਸਮਤ ਵਿੱਚ ਕਾਮਯਾਬੀ ਨਹੀਂ ਲਿਖੀ, ਰੱਬ ਤੇ ਯਕੀਨ ਰੱਖਣ ਵਾਲਾ ਵੀ ਇਹੀ ਸੋਚੇਗਾ ਕਿ ਰੱਬ ਨੇ ਮੇਰੀ ਕਾਮਯਾਬੀ ਨਹੀਂ ਲਿਖੀ, ਹੱਥਾਂ ਤੇ ਮੱਥੇ ਦੀਆਂ ਲਕੀਰਾਂ ਤੇ ਯਕੀਨ ਰੱਖਣ ਵਾਲਾ ਵੀ ਇਹੀ ਸੋਚੇਗਾ ਕਿ ਮੇਰੀਆਂ ਲਕੀਰਾਂ ਹੀ ਉਲਟ ਹਨ, ਹੋਰ ਕੋਈ ਆਖੇਗਾ ਕਿ ਮੇਰੇ ਗ੍ਰਹਿਆਂ ਦੀ ਸਥਿਤੀ ਠੀਕ ਨਹੀਂ ਹੈ ਜਾਂ ਹੋਰ ਕੋਈ ਆਖੇਗਾ ਕਿ ਮੇਰੇ ਤੇ ਕਿਸੇ ਦੇ ਕੀਤੇ ਕਰਾਏ ਦਾ ਅਸਰ ਹੈ ਜਾਂ ਕੋਈ ਕਰੋਪੀ ਹੈ l
ਉਪਰੋਕਤ ਸਭ ਕਾਰਣ ਦੱਸਣ ਵਾਲੇ ਕਾਮਯਾਬੀ ਤੋਂ ਬਹੁਤ ਵਾਰ ਦੂਰ ਰਹਿ ਜਾਂਦੇ ਹਨ ਜਿਸ ਕਾਰਣ ਕਾਮਯਾਬੀ ਹਾਸਿਲ ਕਰਨ ਵਾਲੇ ਵਿਰਲੇ ਹੀ ਬਚਦੇ ਹਨ l
ਕਾਮਯਾਬੀ ਹਾਸਿਲ ਕਰਨ ਲਈ ਸੋਚ ਦਾ ਵਿਗਿਆਨਿਕ ਹੋਣਾ ਅਤੇ ਹਾਂ ਪੱਖੀ ਹੋਣਾ ਜ਼ਰੂਰੀ ਹੈ l ਇਸ ਨਾਲ ਫੇਲ੍ਹ ਹੋਣ ਦੇ ਕਾਰਣ ਦੂਰ ਕਰਕੇ ਵਿਅਕਤੀ ਕਾਮਯਾਬ ਹੁੰਦਾ ਹੈ l
ਜ਼ਿੰਦਗੀ ਵਿੱਚ ਡਿਗ ਪੈਣਾ ਕਦੇ ਮਾੜਾ ਨਹੀਂ ਹੁੰਦਾ ਸਗੋਂ ਡਿਗ ਕੇ ਨਾ ਉੱਠਣਾ ਮਾੜਾ ਹੁੰਦਾ ਹੈ l ਵਿਅਕਤੀ ਦਾ ਡਿਗ ਪੈਣਾ ਹਾਦਸਾ ਜੋ ਸਕਦਾ ਹੈ ਪਰ ਡਿਗ ਕੇ ਨਾ ਉੱਠਣਾ ਹਾਦਸਾ ਨਹੀਂ ਹੁੰਦਾ l
ਆਓ ਆਪਣੀ ਸੋਚ ਨੂੰ ਵਿਗਿਆਨਿਕ ਅਤੇ ਹਾਂ ਪੱਖੀ ਕਰੀਏ ਅਤੇ ਜ਼ਿੰਦਗੀ ਵਿੱਚ ਕਾਮਯਾਬੀ ਦੀਆਂ ਪੌੜੀਆਂ ਵੱਲ ਵਧੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147