ਦੁਨੀਆਂ ਵਿੱਚ ਹਰ ਵਿਅਕਤੀ ਕਾਮਯਾਬੀ ਹਾਸਿਲ ਕਰਨੀ ਚਾਹੁੰਦਾ ਹੈ ਪਰ ਉਸ ਦੀ ਕੀਮਤ ਅਦਾ ਨਹੀਂ ਕਰਨੀ ਚਾਹੁੰਦਾ l
ਇਸੇ ਕਾਰਣ ਕਾਮਯਾਬੀ ਉਸ ਤੋਂ ਦੂਰ ਭੱਜਦੀ ਹੈ l
ਵੈਸੇ ਤਾਂ ਕਾਮਯਾਬੀ ਲੋਕ ਵੱਖ ਵੱਖ ਖੇਤਰਾਂ ਵਿੱਚ ਹਾਸਿਲ ਕਰਦੇ ਹਨ ਅਤੇ ਹਰ ਖੇਤਰ ਵਿੱਚ ਹੀ ਉਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਪਰ ਜਿਆਦਾ ਲੋਕ ਆਰਥਿਕ ਕਾਮਯਾਬੀ ਪਿੱਛੇ ਹੀ ਸਾਰੀ ਜ਼ਿੰਦਗੀ ਭੱਜਦੇ ਹਨ l ਇਸ ਕਰਕੇ ਅੱਜ ਉਸ ਬਾਰੇ ਹੀ ਗੱਲ ਕਰਦੇ ਹਾਂ l
ਮੁਫ਼ਤ ਵਾਲੀਆਂ ਚੀਜ਼ਾਂ :- ਸਭ ਤੋਂ ਪਹਿਲਾਂ ਮੁਫ਼ਤ ਮਿਲਣ ਵਾਲੀਆਂ ਚੀਜ਼ਾਂ ਦੀ ਆਦਤ ਛੱਡਣੀ ਪੈਂਦੀ ਹੈ ਭਾਵੇਂ ਉਹ ਸਰਕਾਰ ਤੋਂ ਹੀ ਮਿਲਦੀਆਂ ਹੋਣ ਜਾਂ ਆਪਣੇ ਪਰਿਵਾਰ ਕੋਲੋਂ ਮਿਲਦੀਆਂ ਹੋਣ l ਮੁਫ਼ਤ ਮਿਲਣ ਵਾਲੀ ਚੀਜ਼ ਦਾ ਨੁਕਸਾਨ ਇਹ ਹੁੰਦਾ ਹੈ ਕਿ ਵਿਅਕਤੀ ਹੋਰ ਵੀ ਮੁਫ਼ਤ ਵਾਲੀਆਂ ਚੀਜ਼ਾਂ ਭਾਲਣ ਲਗਦਾ ਹੈ ਅਤੇ ਜਦੋਂ ਵੀ ਜ਼ਿੰਦਗੀ ਵਿੱਚ ਮੁਫ਼ਤ ਵਾਲੀਆਂ ਚੀਜ਼ਾਂ ਮਿਲਣੀਆਂ ਬੰਦ ਹੋ ਜਾਣ ਤਾਂ ਉਸ ਨੂੰ ਕਮਾਈ ਕਰਕੇ ਉਹੀ ਚੀਜ਼ਾਂ ਖਰੀਦਣਾ ਨਾ-ਮੁਮਕਿਨ (ਮੁਸ਼ਕਿਲ) ਹੋ ਜਾਂਦਾ ਹੈ l ਮੁਫ਼ਤ ਵਾਲੀਆਂ ਚੀਜ਼ਾਂ ਵਿਅਕਤੀ ਦੀ ਮੌਟੀਵੇਸ਼ਨ/ਕੁੱਝ ਕਰਨ ਦੀ ਹਿੰਮਤ (Motivation) ਖ਼ਤਮ ਕਰਦੀਆਂ ਹਨ l ਵਿਅਕਤੀ ਕਦੇ ਵੀ ਮੁਫ਼ਤ ਵਾਲੀਆਂ ਚੀਜ਼ਾਂ ਦਾ ਮਾਣ ਨਹੀਂ ਕਰ ਸਕਦਾ l ਸੋਚ ਕੇ ਦੇਖੋ ਕਿ ਜੇ ਸਾਨੂੰ ਬਹੁਤ ਕੁੱਝ ਮੁਫ਼ਤ ਮਿਲਦਾ ਹੋਵੇ ਤਾਂ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਸੰਘਰਸ਼ ਬਾਰੇ ਕੀ ਦੱਸਾਂਗੇ? ਕੀ ਉਨ੍ਹਾਂ ਨੂੰ ਇਹ ਦੱਸਾਂਗੇ ਕਿ ਸਾਨੂੰ ਸਾਰੀ ਜ਼ਿੰਦਗੀ ਮੁਫ਼ਤ ਮਿਲਦਾ ਰਿਹਾ ਅਤੇ ਤੁਸੀਂ ਵੀ ਮੁਫ਼ਤ ਦੀ ਤਿਆਰੀ ਰੱਖਿਓ?
ਸੌਖ ਛੱਡਣ ਦੀ ਲੋੜ :- ਜਿਹੜੀ ਚੀਜ਼ ਵਿਅਕਤੀ ਨੂੰ ਸੌਖੀ ਮਿਲ ਜਾਵੇ ਉਸ ਦੀ ਉਹ ਕਦਰ ਨਹੀਂ ਕਰਦਾ l ਮਿਹਨਤ ਕਰਕੇ ਪ੍ਰਾਪਤ ਕੀਤੀ ਚੀਜ਼ ਵਿੱਚੋਂ ਤਜ਼ਰਬਾ ਹਾਸਿਲ ਹੁੰਦਾ ਹੈ l ਰਾਹ ਵਿੱਚ ਮਿਲੀਆਂ ਮੁਸ਼ਕਲਾਂ ਤੋਂ ਵਿਅਕਤੀ ਸਿੱਖਦਾ ਹੈ l ਵਿਅਕਤੀ ਕੋਲੋਂ ਕੋਈ ਉਸ ਦਾ ਤਜ਼ਰਬਾ ਖੋਹ ਨਹੀਂ ਸਕਦਾ l ਭਾਵ ਤਜ਼ਰਬਾ ਚੋਰੀ ਨਹੀਂ ਕੀਤਾ ਜਾ ਸਕਦਾ l ਜੇਕਰ ਕਦੇ ਵਿਅਕਤੀ ਦਾ ਸਭ ਕੁੱਝ ਜਾਂਦਾ ਲੱਗੇ ਤਾਂ ਵੀ ਤਜ਼ਰਬਾ ਕਿਤੇ ਨਹੀਂ ਜਾਂਦਾ l ਤਜ਼ਰਬੇ ਦੇ ਸਿਰ ਤੇ ਵਿਅਕਤੀ ਆਪਣੇ ਪੈਰਾਂ ਤੇ ਦੁਬਾਰਾ ਖੜ੍ਹੋ ਸਕਦਾ ਹੈ l
ਕਾਪੀ ਕਰਨਾ ਛੱਡਣ ਦੀ ਲੋੜ :- ਕਿਸੇ ਕਾਮਯਾਬ ਬੰਦੇ ਦੀ ਕਾਪੀ ਕਰਨਾ ਚੰਗੀ ਗੱਲ ਹੈ ਪਰ ਕਾਪੀ ਕਰਨ ਵਾਲਾ ਜਿਆਦਾ ਵਾਰ ਅਸਲ (Original) ਨਾਲੋਂ ਪਿੱਛੇ ਰਹਿ ਜਾਂਦਾ ਹੈ l ਕਾਪੀ ਕਰਨ ਵਾਲਿਆਂ ਵਿੱਚ ਮੁਕਾਬਲਾ ਵੀ ਵੱਧ ਹੁੰਦਾ ਹੈ l ਜੇ ਤੁਸੀਂ ਕੁੱਝ ਅਸਲੀ ਕਰਦੇ ਹੋ ਤਾਂ ਤੁਹਾਡੇ ਮੁਕਾਬਲੇ ਵਾਲੇ ਬਹੁਤ ਘੱਟ ਲੋਕ ਹੁੰਦੇ ਹਨ ਕਿਉਂਕਿ ਤੁਸੀਂ ਕੁੱਝ ਨਵਾਂ ਕੀਤਾ ਹੁੰਦਾ ਹੈ l ਇਸ ਦੇ ਨਾਲ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਜਦੋਂ ਕੁੱਝ ਨਵਾਂ ਕੀਤਾ ਜਾਂਦਾ ਹੈ ਤਾਂ ਉਸ ਦਾ ਵਿਰੋਧ ਵੀ ਬਹੁਤ ਹੁੰਦਾ ਹੈ ਕਿਉਂਕਿ ਲੋਕਾਂ ਨੂੰ ਲਗਦਾ ਹੈ ਕਿ ਵਿਅਕਤੀ ਪੁੱਠੇ ਪਾਸੇ ਜਾ ਰਿਹਾ ਹੈ l
ਛੇਤੀਂ ਉੱਠਣ ਦੀ ਆਦਤ :- ਸ਼ੁਰੂਆਤ ਵਿੱਚ ਕਾਮਯਾਬੀ ਹਾਸਿਲ ਕਰਨ ਲਈ ਫਾਲਤੂ ਕੰਮ ਕਰਨਾ ਪੈਂਦਾ ਹੈ l ਘੜੀ ਨੂੰ ਵਾਰ ਵਾਰ ਦੇਖ ਕੇ ਕਾਮਯਾਬੀ ਹਾਸਿਲ ਨਹੀਂ ਹੁੰਦੀ l ਇਸ ਕਰਕੇ ਸਵੇਰੇ ਛੇਤੀਂ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਲੋੜ ਪੈਣ ਤੇ ਰਾਤ ਦੇ ਸਮੇਂ ਵੀ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ l
ਬੋਲਣ ਦੀ ਕਲਾ ਵਿੱਚ ਸੁਧਾਰ ਕਰਨ ਦੀ ਲੋੜ :- ਆਰਥਿਕ ਤਰੱਕੀ ਲਈ ਬਹੁਤ ਵਾਰ ਦੂਜੇ ਲੋਕਾਂ ਨਾਲ ਗੱਲਬਾਤ ਕਰਨੀ ਪੈਂਦੀ ਹੈ l ਇਸ ਕਰਕੇ ਇਸ ਕਲਾ ਵਿੱਚ ਨਿਪੁੰਨ ਹੋਣ ਦੀ ਲੋੜ ਪੈਂਦੀ ਹੈ l ਗੱਲਬਾਤ ਦੀ ਕਲਾ ਹੀ ਕਿਸੇ ਸੌਦੇ ਨੂੰ ਸਿਰੇ ਲਗਾਉਂਦੀ ਹੈ ਅਤੇ ਇਸ ਤੋਂ ਬਿਨਾਂ ਸੌਦੇ ਅੱਧ ਵਿਚਾਲੇ ਰਹਿ ਜਾਂਦੇ ਹਨ l
ਸੁਣਨ ਦੀ ਕਲਾ ਵਿਕਸਤ ਕਰਨ ਦੀ ਲੋੜ :- ਜਦੋਂ ਵਿਅਕਤੀ ਆਰਥਿਕ ਤਰੱਕੀ ਦੇ ਰਾਹ ਤੇ ਤੁਰਿਆ ਹੋਵੇ ਤਾਂ ਥੋੜ੍ਹਾ ਪੈਸਾ ਆਉਣ ਨਾਲ ਹੀ ਕਈ ਵਾਰ ਉਹ ਦੂਜਿਆਂ ਦੀ ਗੱਲ ਸੁਣਨੀ ਘੱਟ ਕਰ ਦਿੰਦਾ ਹੈ ਅਤੇ ਆਪਣੀ ਗੱਲ ਹੀ ਦੂਜਿਆਂ ਤੋਂ ਹਰ ਵਕਤ ਮੰਨਵਾਉਣੀ ਚਾਹੁੰਦਾ ਹੈ l ਇਸ ਦੀ ਬਜਾਏ ਦੂਜਿਆਂ ਦੀ ਗੱਲ ਸੁਣਨ ਦੀ ਕਲਾ ਵਿਕਸਿਤ ਕਰਨ ਦੀ ਅਹਿਮ ਲੋੜ ਹੁੰਦੀ ਹੈ l ਕਈ ਵਾਰੀ ਦੂਜੇ ਹੀ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਦੱਸ ਜਾਂਦੇ ਹਨ l
ਦੂਜਿਆਂ ਨੂੰ ਸਮਝਣ ਦੀ ਆਦਤ ਪਾਉਣ ਦੀ ਲੋੜ :- ਆਪਣੀ ਆਰਥਿਕ ਤਰੱਕੀ ਦੇ ਸਫ਼ਰ ਤੇ ਦੂਜਿਆਂ ਨੂੰ ਸਮਝਣ ਦੀ ਆਦਤ ਪਾਉਣ ਦੀ ਬਹੁਤ ਲੋੜ ਹੁੰਦੀ ਹੈ ਉਨ੍ਹਾਂ ਦੀ ਪੂਰੀ ਗੱਲ ਸੁਣ ਕੇ ਬਾਦ ਵਿੱਚ ਹੀ ਬੋਲਣਾ ਚਾਹੀਦਾ ਹੈ l ਉਨ੍ਹਾਂ ਦੀ ਗੱਲ ਨੂੰ ਵਿੱਚ ਟੋਕ ਕੇ ਨਹੀਂ l
ਕੌੜੇ ਸ਼ਬਦਾਂ ਨੂੰ ਬਰਦਾਸ਼ਤ ਕਰਨ ਦੀ ਕਲਾ :- ਆਰਥਿਕ ਤਰੱਕੀ ਕਰਦੇ ਸਮੇਂ ਕਦੇ ਕਦਾਈਂ ਲੋਕ ਕੌੜਾ ਬੋਲਦੇ ਹਨ ਉਨ੍ਹਾਂ ਨੂੰ ਜਵਾਬ ਠਰੰਮੇ ਨਾਲ ਦੇਣਾ ਚਾਹੀਦਾ ਹੈ l ਜੇਕਰ ਤੁਹਾਡੀ ਮੰਜ਼ਿਲ ਵੱਡੀ ਹੈ ਤਾਂ ਤੁਹਾਨੂੰ ਉੱਥੇ ਪਹੁੰਚਣ ਲਈ ਹਰ ਇੱਕ ਨਾਲ ਲੜਨ ਵਾਲਾ ਸੁਭਾਅ ਤਿਆਗਣਾ ਪਵੇਗਾ l ਯਾਦ ਰੱਖਣਾ ਚਾਹੀਦਾ ਹੈ ਕਿ ਮਨੁੱਖ ਦੀ ਜ਼ਿੰਦਗੀ 70 ਕੁ ਸਾਲ ਹੈ ਅਤੇ ਏਨੀ ਕੁ ਉਮਰ ਵਿੱਚ ਵਿਅਕਤੀ ਬਹੁਤਿਆਂ ਨਾਲ ਨਹੀਂ ਲੜ ਸਕਦਾ l ਲੜਨ ਤੋਂ ਬਾਦ ਥਾਣੇ ਅਤੇ ਕੋਰਟ ਦੇ ਚੱਕਰ ਵਿਅਕਤੀ ਦੀ ਜ਼ਿੰਦਗੀ ਦੇ ਬਹੁਤ ਸਾਲ ਲੈ ਲੈਂਦੇ ਹਨ l
ਇਹ ਸਾਰੇ ਗੁਣ ਅਪਣਾ ਕੇ ਆਰਥਿਕ ਤਰੱਕੀ ਦਾ ਰਾਹ ਪੱਧਰਾ ਕੀਤਾ ਜਾ ਸਕਦਾ ਹੈ ਅਤੇ ਖੁਸ਼ਹਾਲ ਜ਼ਿੰਦਗੀ ਦਾ ਰਾਹ ਚੁਣਿਆ ਜਾ ਸਕਦਾ ਹੈ l
ਆਰਥਿਕ ਤਰੱਕੀ ਬਾਰੇ ਮੇਰੀ ਅੰਗਰੇਜ਼ੀ ਦੀ ਕਿਤਾਬ “Homeless To Multi-Millionaire” ਪੜ੍ਹ ਸਕਦੇ ਹੋ ਜਿਸ ਵਿੱਚ ਸਮੱਸਿਆਵਾਂ ਦੇ ਨਾਲ ਨਾਲ ਹੱਲ ਵੀ ਦਿੱਤੇ ਗਏ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147