ਕਦੇ ਹੱਸ ਵੀ ਲਿਆ ਕਰੋ l
– ਵਿਅੰਗ
ਮੈਨੂੰ ਸੁਪਨੇ ਬਹੁਤ ਘੱਟ ਆਉਂਦੇ ਹਨ l ਜੇ ਆ ਵੀ ਜਾਣ ਤਾਂ ਕਿਸੇ ਬਹੁਤ ਵੱਡੇ ਮਸਲੇ ਬਾਰੇ ਆਉਂਦੇ ਹਨ l ਸ਼ਾਇਦ ਇਸੇ ਕਰਕੇ ਕਰੋਨਾ ਮੇਰੇ ਸੁਪਨੇ ਵਿੱਚ ਆਇਆ ਤਾਂ ਉਸ ਨੇ ਮੇਰੇ ਨਾਲ ਕੁੱਝ ਸੁਪਨੇ ਵਿੱਚ ਗੱਲਾਂ ਕੀਤੀਆਂ, ਕੁੱਝ ਸ਼ਿਕਵੇ ਕੀਤੇ ਅਤੇ ਉਸ ਨੇ ਬਹੁਤ ਜਿਆਦਾ ਦਿਲ ਛੱਡਿਆ ਹੋਇਆ ਸੀ ਅਤੇ ਬੰਦਿਆਂ ਦੀਆਂ ਕਈ ਹਰਕਤਾਂ ਦੇਖ ਕੇ ਤਾਂ ਉਹ ਵਿਚਾਰਾ ਕੁੱਝ ਮਾਨਸਿਕ ਰੋਗੀ ਜਿਹਾ ਹੋਇਆ ਲਗਦਾ ਸੀ l ਭਾਵੇਂ ਉਸ ਨੇ ਮੇਰੇ ਨਾਲ ਦੁਨੀਆਂ ਦੇ ਹੋਰ ਮੁਲਕਾਂ ਦੀਆਂ ਗੱਲਾਂ ਵੀ ਕੀਤੀਆਂ ਪਰ ਮੈਂ ਭਾਰਤ ਅਤੇ ਨਿਊਜ਼ੀਲੈਂਡ ਦਾ ਵਸਨੀਕ ਹੋਣ ਕਰਕੇ ਮੈਨੂੰ ਕੁੱਝ ਗੱਲਾਂ ਭਾਰਤ ਦੀਆਂ ਯਾਦ ਰਹੀਆਂ ਅਤੇ ਕੁੱਝ ਨਿਊਜ਼ੀਲੈਂਡ ਦੀਆਂ ਯਾਦ ਰਹੀਆਂ ਜਿਹੜੀਆਂ ਉਸ ਨੇ ਮੇਰੇ ਨਾਲ ਕੀਤੀਆਂ l ਕੁੱਝ ਸਵਾਲ ਕਰੋਨਾ ਨੇ ਕੀਤੇ ਅਤੇ ਮੈਂ ਅੱਧੇ ਸੁੱਤੇ ਨੇ ਜੋ ਜਵਾਬ ਦਿੱਤੇ ਉਹ ਆਪ ਨਾਲ ਸਾਂਝੇ ਕਰ ਰਿਹਾ ਹਾਂ :-
ਕਰੋਨਾ :- ਮੈਂ ਕਰੋਨਾ ਹਾਂ l
ਮੈਂ :- ਅੱਛਾ? ਮੈਂ ਪਾਸਾ ਵੱਟਦੇ ਨੇ ਕਿਹਾ l
ਕਰੋਨਾ :- ਕੀ ਗੱਲ ਤੂੰ ਬੜਾ ਗੂੜ੍ਹੀ ਨੀਂਦੇ ਸੁੱਤਾ ਹੋਇਆ ਹੈਂ? ਤੈਨੂੰ ਨਹੀਂ ਪਤਾ ਕਿ ਲੋਕ ਤਾਂ ਮੇਰਾ ਨਾਂ ਸੁਣ ਕੇ ਹੀ ਸਾਰੀ ਰਾਤ ਜਾਗਦੇ ਰਹਿੰਦੇ ਹਨ?
ਮੈਂ :- ਰਹਿਣ ਦੇ ਯਾਰ ਐਵੇਂ ਗੱਪਾਂ ਨਾ ਮਾਰ l ਗੱਪਾਂ ਤਾਂ ਮੈਂ ਸਾਰਾ ਦਿਨ ਪਹਿਲਾਂ ਹੀ ਪੰਜਾਬ ਦੀਆਂ ਵੋਟਾਂ ਵਿੱਚ ਖੜ੍ਹੇ ਲੀਡਰਾਂ ਦੀਆਂ ਬਹੁਤ ਸੁਣਦਾ ਹਾਂ l
ਕਰੋਨਾ :- ਤੈਨੂੰ ਅਜੇ ਪਤਾ ਨਹੀਂ ਕਿ ਮੈਂ ਕਿੰਨਾ ਖਤਰਨਾਕ ਹਾਂ? ਮੈਂ ਤਾਂ ਕਿਤੇ ਨਾ ਵੀ ਹੋਵਾਂ ਤਾਂ ਵੀ ਲੋਕ ਸੈਨੀਟਾਈਜ਼ਰ ਅਤੇ ਮਾਸਕ ਵਰਤਦੇ ਰਹਿੰਦੇ ਹਨ l
ਮੈਂ :- ਤੂੰ ਕਿਤੇ ਪੀ ਕੇ ਤਾਂ ਨਹੀਂ ਆਇਆ l ਐਵੇਂ ਮੈਨੂੰ ਡਰਾਈ ਜਾਂਦਾ ਹੈਂ? ਤੈਨੂੰ ਨਹੀਂ ਪਤਾ ਕਿ ਮੈਂ ਪੰਜਾਬ ਤੋਂ ਆਇਆ ਹੋਇਆ ਹਾਂ? ਅਸੀਂ ਤਾਂ ਲੌਕ ਡੌਨ ਵੀ ਉਸ ਵੇਲੇ ਲਾਈਦਾ ਹੈ ਜਦੋਂ ਲੋਕ ਸੁੱਤੇ ਪਏ ਹੋਣ l ਇਹ ਨਾ ਸਮਝੀਂ ਕਿ ਤੈਥੋਂ ਡਰਦਿਆਂ ਅਸੀਂ ਲੌਕ ਡੌਨ ਲਾਇਆ l ਅਸੀਂ ਤਾਂ ਤੇਰਾ ਥੋੜ੍ਹਾ ਮਾਣ ਜਿਹਾ ਹੀ ਰੱਖਿਆ l
ਕਰੋਨਾ :- ਹਾਂ ਇਹ ਗੱਲ ਤਾਂ ਠੀਕ ਹੈ ਪਰ ਮੈਨੂੰ ਲਗਦਾ ਕਿ ਤੁਸੀਂ ਮੇਰਾ ਮਾਣ ਨਹੀਂ ਕੀਤਾ ਬੇਇੱਜਤੀ ਕੀਤੀ ਹੈ l
ਮੈਂ :- ਉਹ ਕਿਵੇਂ?
ਕਰੋਨਾ :- ਮੇਰਾ ਖਤਰਾ ਦਿਨੇ ਵੱਧ ਸੀ ਲੌਕ ਡੌਨ ਤੁਸੀਂ ਰਾਤ ਨੂੰ ਲਾਇਆ l ਕਿਸਾਨੀ ਸੰਘਰਸ਼ ਵੇਲੇ ਤੁਹਾਨੂੰ ਕਿਹਾ ਗਿਆ ਕਿ ਆਪਸ ਵਿੱਚੀਂ ਇੱਕ ਜਾਂ ਦੋ ਮੀਟਰ ਦਾ ਫਾਸਲਾ ਬਣਾ ਕੇ ਰੱਖੋ ਪਰ ਤੁਸੀਂ ਇੱਕ ਦੂਜੇ ਨਾਲ ਜੁੜ ਜੁੜ ਬਹਿੰਦੇ ਰਹੇ l ਤੁਸੀਂ ਮੇਰੀ ਬੇਇੱਜਤੀ ਇਕੱਲੇ ਭਾਰਤ ਵਿੱਚ ਨਹੀਂ ਕੀਤੀ ਸਗੋਂ ਵਿਦੇਸ਼ਾਂ ਵਿੱਚ ਗਏ ਭਾਰਤੀ ਵੀ ਕਿਸਾਨੀ ਸੰਘਰਸ਼ ਵੇਲੇ ਇਹੋ ਕੁੱਝ ਕਰਦੇ ਰਹੇ l ਏਨਾ ਕਹਿ ਕੇ ਕਰੋਨਾ ਦਾ ਗਲਾ ਭਰ ਆਇਆ l
ਮੈਂ :- ਤੂੰ ਯਾਰ ਐਵੇਂ ਦਿਲ ਤੇ ਨਾ ਲਾ l ਅਸੀਂ ਤਾਂ ਤੈਨੂੰ ਆਪਣਾ ਮਿੱਤਰ ਹੀ ਮੰਨਦੇ ਹਾਂ l ਤੇਰੇ ਨਾਲੋਂ ਵੱਡੇ ਵਾਇਰਸ ਤਾਂ ਸਾਨੂੰ ਲੀਡਰਾਂ ਅਤੇ ਸਰਮਾਏਦਾਰਾਂ ਦੇ ਰੂਪ ਵਿੱਚ ਪਹਿਲਾਂ ਹੀ ਚਿੰਬੜੇ ਹੋਏ ਹਨ l
ਕਰੋਨਾ :- ਖਤਰਾ ਤਾਂ ਮੈਂ ਵੀ ਸਰਮਾਏਦਾਰਾਂ ਲਈ ਹੀ ਬਣਿਆ ਸੀ ਕਿਉਂਕਿ ਉਹ ਵਿਹਲੜ੍ਹ ਹਨ ਅਤੇ ਕੰਮ ਨਹੀਂ ਕਰਦੇ ਅਤੇ ਵੱਧ ਖਾ ਖਾ ਉਨ੍ਹਾਂ ਧਰਤੀ ਤੇ ਭਾਰ ਪਾਇਆ ਹੋਇਆ ਹੈ l ਉਨ੍ਹਾਂ ਦੀ ਇਮਿਊਨਟੀ ਘੱਟ ਕਰਕੇ ਮੈਂ ਉਨ੍ਹਾਂ ਲਈ ਹੀ ਖਤਰਾ ਹਾਂ l
ਮੈਂ :- ਕੀ ਤੂੰ ਸੱਚ ਬੋਲਦਾ ਹੈਂ?
ਕਰੋਨਾ :- ਜਦ ਤੂੰ ਮੈਨੂੰ ਯਾਰ ਕਹਿ ਦਿੱਤਾ ਤਾਂ ਮੈਂ ਯਾਰੀ ਵਿੱਚ ਝੂਠ ਥੋੜ੍ਹੀ ਬੋਲਾਂਗਾ l ਤੁਹਾਡੇ ਵਾਸਤੇ ਮੈਂ ਕੀ ਖਤਰਾ ਬਣਨਾ? ਤੁਹਾਨੂੰ ਮੈਂ ਕੀ ਕਰ ਸਕਦਾ ਹਾਂ? ਤੁਸੀਂ ਫਸਲਾਂ ਰਾਹੀਂ ਕਿੰਨੀ ਸਪਰੇ ਡਕਾਰ ਜਾਂਦੇ ਹੋ, ਪਾਣੀ ਰਾਹੀਂ ਪਤਾ ਨਹੀਂ ਕੀ ਕੀ ਪੀ ਜਾਂਦੇ ਹੋ, ਖੇਤੀ ਰਾਹੀਂ ਯੂਰੀਆ ਮੁੱਕਾ ਨਹੀਂ ਤਾਂ ਤੁਸੀਂ ਦੁੱਧ ਵਿੱਚ ਪਾ ਕੇ ਪੀਣ ਲੱਗ ਪਏ, ਦੁਨੀਆਂ ਦੇ ਮੁਲਕ ਪਲਾਸਟਿਕ ਵਰਤਣੀ ਬੰਦ ਕਰਨ ਲੱਗ ਪਏ ਤਾਂ ਤੁਸੀਂ ਪਨੀਰ ਵਿੱਚ ਪਾ ਕੇ ਖਾਣ ਲੱਗ ਪਏ ਅਤੇ ਜਦੋਂ ਮੁਲਕਾਂ ਵਿੱਚ ਹਾਰਸ ਪਾਵਰ ਦੀ ਗਿਣਤੀ /ਮਿਣਤੀ ਸ਼ੁਰੂ ਹੋਈ ਤਾਂ ਘੋੜਿਆਂ ਦੀ ਲਿੱਦ (ਗੋਹਾ) ਤੁਸੀਂ ਮਸਾਲਿਆਂ ਵਿੱਚ ਪਾ ਕੇ ਖਾਣ ਲੱਗ ਪਏ l ਮੈਨੂੰ ਇੱਕ ਰੇੜ੍ਹੀ ਵਾਲੇ ਨੇ ਦੱਸਿਆ ਕਿ ਤੁਸੀਂ ਜਿੰਨੀਆਂ ਮਰਜ਼ੀ ਮੱਖੀਆਂ ਬੈਠੀਆਂ ਹੋਣ ਸਮੋਸੇ ਅਤੇ ਟਿੱਕੀਆਂ ਦੇ ਫੱਟੇ ਚੱਕਦੇ ਰਹਿੰਦੇ ਹੋ l
ਮੈਂ :- ਯਾਰ ਗੱਲ ਤਾਂ ਤੇਰੀ ਠੀਕ ਹੈ ਪਰ……….
ਕਰੋਨਾ :- ਮੇਰੀ ਗੱਲ ਟੋਕ ਕੇ ਹੀ ਕਰੋਨਾ ਬੋਲਿਆ ਕਿ ਪਰ ਵਾਲੀ ਕਿਹੜੀ ਗੱਲ ਹੈ? ਮੇਰੀ ਤਾਂ ਆਪਣੀ ਹੋਂਦ ਨੂੰ ਖਤਰਾ ਤੁਹਾਡੇ ਤੋਂ ਹੋ ਗਿਆ ਹੈ ਕਿ ਜਿਹੜੇ ਲੋਕ ਉਪਰੋਕਤ ਚੀਜ਼ਾਂ ਖਾਈ ਜਾਂਦੇ ਹਨ ਤਾਂ ਮੈਂ ਉਨ੍ਹਾਂ ਅੱਗੇ ਕੀ ਹਾਂ? ਕਰੋਨਾ ਦੀਆਂ ਅੱਖਾਂ ਵਿੱਚੋਂ ਅੱਥਰੂ ਟਪਕ ਪਏ l
ਮੈਂ :- ਮੈਂ ਕਰੋਨਾ ਦੇ ਅੱਥਰੂ ਪੂੰਝੇ ਅਤੇ ਉਸ ਨੂੰ ਕਿਹਾ ਕਿ ਤੂੰ ਜੇ ਪੰਜਾਬ ਦੇ ਲੋਕਾਂ ਤੋਂ ਏਨਾ ਡਰਦਾ ਹੈਂ ਤਾਂ ਕਿਸੇ ਲੀਡਰ ਨਾਲ ਆਪਣੀ ਹੋਂਦ ਬਚਾਉਣ ਦੀ ਗੱਲ ਕਰਨੀ ਸੀ?
ਕਰੋਨਾ :- ਮੈਂ ਲੀਡਰਾਂ ਨਾਲ ਗੱਲ ਅਜੇ ਸ਼ੁਰੂ ਹੀ ਕੀਤੀ ਸੀ ਕਿ ਉਹ ਵਿੱਚੇ ਟੋਕ ਕੇ ਪੁੱਛਣ ਲੱਗੇ ਕਿ ਜੇ ਆਟਾ, ਦਾਲ ਜਾਂ ਬਿਜਲੀ ਮੁਫ਼ਤ ਚਾਹੀਦੇ ਹਨ ਤਾਂ ਦੱਸ? ਮੈਂ ਇਹ ਚੀਜ਼ਾਂ ਕੀ ਕਰਨੀਆਂ ਸਨ?
ਮੈਂ :- ਫਿਰ?
ਕਰੋਨਾ :- ਮੈਂ ਸੋਚਿਆ ਇਨ੍ਹਾਂ ਨੇ ਵੱਡੇ ਲੀਡਰ ਬੜੇ ਸੋਚ ਸਮਝ ਕੇ ਬਣਾਏ ਹੋਣਗੇ l ਮੈਂ ਸਿਰੇ ਦੇ ਲੀਡਰ ਨੂੰ ਕਿਹਾ ਕਿ ਮੇਰੀ ਹੋਂਦ ਨੂੰ ਬਚਾਉਣ ਲਈ ਕੋਈ ਅਹਿਮ ਕਦਮ ਪੁੱਟਿਆ ਜਾਵੇ ਜਾਂ ਜੇ ਮੈਨੂੰ ਭਜਾਉਣਾ ਵੀ ਹੋਵੇ ਤਾਂ ਇੱਜਤ ਨਾਲ ਭਜਾਇਆ ਜਾਵੇ l ਆਖਰ ਮੇਰੇ ਵਕਾਰ ਦਾ ਸਵਾਲ ਹੈ l ਲੀਡਰ ਨੇ ਮੇਰੇ ਨਾਲ ਹਮਦਰਦੀ ਤਾਂ ਕੀ ਕਰਨੀ ਸੀ ਸਗੋਂ ਮੇਰਾ ਬਿਲਕੁਲ ਹੀ ਜਲੂਸ ਕੱਢ ਦਿੱਤਾ l
ਮੈਂ :- ਉਹ ਕਿਵੇਂ?
ਕਰੋਨਾ :- ਲੀਡਰ ਨੇ ਸਾਰੇ ਲੋਕਾਂ ਨੂੰ ਸਮਾਂ ਦੇ ਦਿੱਤਾ ਕਿ ਤੁਸੀਂ ਕਰੋਨਾ ਭਜਾਉਣ ਲਈ ਤਾਲੀ ਅਤੇ ਥਾਲੀ ਬਜਾਓ l ਇਸ ਨਾਲ ਮੈਨੂੰ ਤਾਂ ਜੀਣ ਜੋਗਾ ਨਹੀਂ ਛੱਡਿਆ ਤੁਸੀਂ l ਮੈਨੂੰ ਇਹ ਨਾ ਪਤਾ ਲੱਗੇ ਕਿ ਤੁਸੀਂ ਮੇਰਾ ਇਲਾਜ ਕਰ ਰਹੇ ਹੋ ਜਾਂ ਮੇਰੀ ਬਰਾਤ ਵਿੱਚ ਭੰਗੜਾ ਪਾ ਰਹੇ ਹੋ?
ਮੈਂ :- ਯਾਰ ਕਰੋਨਿਆ ਤੂੰ ਫਿਕਰ ਨਾ ਕਰ l ਅਸੀਂ ਕੋਈ ਇਕੱਲਾ ਤੇਰੇ ਨਾਲ ਏਦਾਂ ਥੋੜ੍ਹੀ ਕਰਦੇ ਹਾਂ l ਸਾਡੇ ਮੁਲਕ ਵਿੱਚ ਤਾਂ ਬਹੁਤ ਸਾਰੇ ਲੋਕ ਹੋਰ ਬਿਮਾਰੀਆਂ ਦੇ ਇਲਾਜ ਵੀ ਗਊ ਦਾ ਗੋਹਾ ਮਲ ਕੇ ਅਤੇ ਗਊ ਮੂਤਰ ਪੀ ਕੇ ਕਰ ਲੈਂਦੇ ਹਨ l ਜੇ ਤੇਰਾ ਗੋਹਾ ਜਾਂ ਮੂਤਰ ਹੁੰਦਾ ਤਾਂ ਲੋਕਾਂ ਉਹ ਵੀ ਵਰਤ ਲੈਣਾ ਸੀ l ਇਹ ਸੁਣ ਕਰੋਨਾ ਕੰਬਣ ਲੱਗ ਪਿਆ l
ਕਰੋਨਾ :- ਮੈਂ ਬਹੁਤ ਡਰਿਆ ਹੋਇਆ ਹਾਂ l ਤੁਸੀਂ ਕਿਸ ਤਰਾਂ ਦੇ ਲੋਕ ਹੋ? ਹੁਣ ਮੈਨੂੰ ਡਰ ਹੈ ਕਿ ਮੇਰੇ ਕਿਸੇ ਮਰੀਜ਼ ਨੂੰ ਹੋਣ ਤੋਂ ਪਹਿਲਾਂ ਹੀ ਟੀਕੇ ਲੱਗਣੇ ਸ਼ੁਰੂ ਹੋ ਜਾਣੇ ਹਨ l
ਮੈਂ :- ਇਹ ਕੁੱਝ ਅਸੀਂ ਤੇਰੇ ਨਾਲ ਹੀ ਨਹੀਂ ਕੀਤਾ ਕਿ ਤੇਰੇ ਜੰਮਣ ਤੋਂ ਪਹਿਲਾਂ ਹੀ ਅਸੀਂ ਟੀਕੇ ਲਗਾ ਦੇਣੇ ਹਨ l ਸਾਡੇ ਵਿੱਚੋਂ ਤਾਂ ਕਈਆਂ ਨੇ ਕੁੜੀਆਂ ਵੀ ਜੰਮਣ ਤੋਂ ਪਹਿਲਾਂ ਮਾਰ ਦਿੱਤੀਆਂ ਸਨ l ਤੂੰ ਤਾਂ ਨਿੱਕਾ ਜਿਹਾ ਕਰੋਨਾ ਹੀ ਹੈਂ l
ਕਰੋਨਾ :- ਕਰੋਨਾ ਨੇ ਕੰਬਦੇ ਹੋਏ ਨੇ ਕਿਹਾ l ਮੈਨੂੰ ਤਾਂ ਆਪਣੀ ਹੋਂਦ ਬਚਾਉਣ ਲਈ ਕੋਈ ਹੱਲ ਨਜ਼ਰ ਨਹੀਂ ਆਉਂਦਾ l
ਮੈਂ :- ਮੈਂ ਕਿਹਾ ਤੂੰ ਕਿਸੇ ਮੁਲਕ ਵਿੱਚ ਰਫਿਊਜੀ ਸਟੇ ਅਪਲਾਈ ਕਰ ਲੈਣੀ ਸੀ?
ਕਰੋਨਾ :- ਇਹੀ ਸੋਚ ਕੇ ਮੈਂ ਨਿਊਜ਼ੀਲੈਂਡ ਚਲਾ ਗਿਆ l ਮੈਂ ਕਿਹਾ ਗੋਰਿਆਂ ਦਾ ਮੁਲਕ ਹੈ l ਉਥੇ ਬਹੁਤ ਸਮਝਦਾਰ ਇਨਸਾਨ ਹੋਣਗੇ l ਮੈਂ ਸੋਚਿਆ ਕਿ ਇਸ ਮੁਲਕ ਵਿੱਚ ਤਾਂ ਇਹ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਦਾ ਵੀ ਬਹੁਤ ਖਿਆਲ ਰੱਖਦੇ ਹਨ l ਇਥੇ ਮੇਰੀ ਕਦਰ ਹੋਵੇਗੀ l
ਮੈਂ :- ਫਿਰ ਕਿੱਦਾਂ ਹੋਈ?
ਕਰੋਨਾ :- ਹੋਣਾ ਕੀ ਸੀ? ਇਨ੍ਹਾਂ ਤਾਂ ਮੈਨੂੰ ਜਾਂਦਿਆਂ ਹੀ ਸਿੰਗਾਂ ਤੇ ਚੁੱਕ ਲਿਆ l ਜਦੋਂ ਹੀ ਮੈਂ ਪਹਿਲੇ ਬੰਦੇ ਵਿੱਚ ਦਾਖਲ ਹੋਇਆ ਤਾਂ ਇਨ੍ਹਾਂ ਲੌਕ ਡੌਨ ਲਾ ਦਿੱਤਾ l
ਮੈਂ :- ਫਿਰ ਕੀ ਹੋਇਆ?
ਕਰੋਨਾ :- ਮੈਂ ਗੁੱਸੇ ਵਿੱਚ ਆ ਕੇ ਕੁੱਝ ਬਜ਼ੁਰਗਾਂ ਦੀ ਜਾਨ ਲਈ l ਵੈਸੇ ਵੀ ਬਜ਼ੁਰਗਾਂ ਨੂੰ ਬਹੁਤੇ ਧੀਆਂ ਪੁੱਤ ਪੁੱਛਦੇ ਨਹੀਂ l ਮੈਂ ਸੋਚਿਆ ਕਿ ਇਨ੍ਹਾਂ ਦੀ ਤੰਗੀ ਕੱਟ ਦਿੰਦਾ ਹਾਂ l ਮੈਂ ਫਿਰ ਦੁਖੀ ਹੋ ਗਿਆ l
ਮੈਂ :- ਤੂੰ ਜਾਨ ਲੈ ਕੇ ਵੀ ਦੁਖੀ ਹੋ ਗਿਆ?
ਕਰੋਨਾ :- ਦੁਖੀ ਤਾਂ ਹੋਣਾ ਹੀ ਸੀ l ਮੈਂ ਸੋਚਿਆ ਕਿ ਜੇ ਬੰਦਾ ਕਿਸੇ ਹੋਰ ਬਿਮਾਰੀ ਨਾਲ ਮਰੇ ਤਾਂ ਕਿਤੇ ਉਥੇ ਵੀ ਮੇਰਾ ਨਾਮ ਹੀ ਨਾ ਲਗਾ ਦੇਣ? ਇਨ੍ਹਾਂ ਮੇਰਾ ਦੂਜਿਆਂ ਵਿੱਚ ਦਾਖਲਾ ਰੋਕਣ ਲਈ ਇਥੇ ਵੈਕਸੀਨ ਵੀ ਮੰਗਵਾ ਲਈ l ਜਦੋਂ ਮੈਂ ਪੰਜਾਬ ਵਿੱਚੋਂ ਕੁੱਤੇ ਖਾਣੀ ਕਰਵਾ ਕੇ ਆਇਆ ਤਾਂ ਫੈਸਲਾ ਕੀਤਾ ਕਿ ਨਿਊਜ਼ੀਲੈਂਡ ਦੇ ਪੰਜਾਬੀਆਂ ਤੋਂ ਦੂਰ ਹੀ ਰਹਿਣਾ ਹੈ l ਆਏ ਤਾਂ ਇਹ ਵੀ ਉਥੋਂ ਹੀ ਹਨ l
ਮੈਂ :- ਫਿਰ ਤੇਰਾ ਤਜਰਬਾ ਕਿਵੇਂ ਰਿਹਾ?
ਕਰੋਨਾ :- ਮੇਰੇ ਹੋਣ ਤੋਂ ਪਹਿਲਾਂ ਹੀ ਪੰਜਾਬੀਆਂ ਵਿੱਚੋਂ 98% ਤੋਂ ਵੱਧ ਨੇ ਟੀਕੇ ਲਗਵਾ ਲਏ ਭਾਵੇਂ ਮੈਂ ਜਾਨ ਕਿਸੇ ਦੀ ਵੀ ਨਹੀਂ ਲਈ ਸੀ ਅਤੇ ਇਹ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਆ ਤੇ ਵੀ ਡੌਲੇ ਦਿਖਾ ਦਿਖਾ ਦਿੱਤੀ l ਮੈਨੂੰ ਸਮਝ ਨਾ ਲੱਗੇ ਕਿ ਇਹ ਏਦਾਂ ਕਿਉਂ ਕਰਦੇ ਹਨ? ਮੈਂ ਤਾਂ ਉਨ੍ਹਾਂ ਦਾ ਸਟੇਟਸ ਪੜ੍ਹ ਹੀ ਨਹੀਂ ਸਕਦਾ ਸੀ l ਮੇਰੇ ਕੋਲ ਨਾ ਫੋਨ ਨਾ ਇੰਟਰਨੈਟ ਅਤੇ ਨਾ ਹੀ ਮੈਨੂੰ ਪੜ੍ਹਨਾ ਆਉਂਦਾ ਸੀ l
ਮੈਂ :- ਫਿਰ ਤਾਂ ਤੇਰੇ ਨਾਲ ਬਾਹਲੀ ਮਾੜੀ ਹੋਈ l
ਕਰੋਨਾ :- ਮੈਂ ਤਾਂ ਬੱਚਿਆਂ ਨੂੰ ਵੀ ਕੁੱਝ ਖਾਸ ਨਹੀਂ ਕਿਹਾ l ਦੋ ਸਾਲ ਦੇ ਕਰੀਬ ਮੇਰੀ ਇਥੇ ਉਮਰ ਹੋ ਗਈ l ਹੁਣ ਪੰਜ ਸਾਲ ਤੋਂ ਉੱਪਰ ਬੱਚਿਆਂ ਦੇ ਵੀ ਟੀਕੇ ਲੱਗ ਰਹੇ ਹਨ l ਕੋਈ ਸਮਝ ਨਹੀਂ ਆਉਂਦੀ?
ਮੈਂ :- ਪ੍ਰੇਸ਼ਾਨ ਤਾਂ ਇਹ ਦੇਖ ਕੇ ਮੈਂ ਵੀ ਹਾਂ l
ਕਰੋਨਾ :- ਹੁਣ ਦੇਖੋ ਜੇ ਮੈਂ 5 ਸਾਲ ਤੋਂ ਘੱਟ ਬੱਚਿਆਂ ਲਈ ਅਜੇ ਤੱਕ ਖਤਰਨਾਕ ਨਹੀਂ ਤਾਂ ਬਾਕੀ ਸਭ ਲਈ ਖਤਰਨਾਕ ਕਿਵੇਂ ਹੋਇਆ? ਕਰੋਨਾ ਦੀਆਂ ਧਾਹਾਂ ਨਿੱਕਲ ਗਈਆਂ l ਕਹਿੰਦਾ ਮੇਰੇ ਨਾਂ ਤੇ ਬਹੁਤ ਵੱਡੀ ਸਾਜਿਸ਼ ਰਚੀ ਗਈ ਹੈ l
ਮੈਂ :- ਹਾਂ ਤੇਰੀ ਗੱਲ ਵਿੱਚ ਦਮ ਲਗਦਾ ਪਰ ਤੇਰੇ ਤੇ ਇਲਜ਼ਾਮ ਲਗਦਾ ਕਿ ਤੂੰ ਆਪਣੇ ਰੂਪ ਬਦਲੀ ਜਾਂਦਾ ਹੈਂ?
ਕਰੋਨਾ :- ਢੱਕਿਆ ਰਹਿ l ਤੁਸੀਂ ਇਨਸਾਨ ਲੋਕ ਇੱਕ ਇੱਕ ਦਿਨ ਵਿੱਚ ਕਿੰਨੇ ਰੂਪ ਬਦਲਦੇ ਹੋ? ਤੁਸੀਂ ਤਾਂ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ l ਤੁਹਾਡੇ ਲੀਡਰ ਕਿੰਨੇ ਰੂਪ ਬਦਲਦੇ ਹਨ? ਉਨ੍ਹਾਂ ਪ੍ਰਤੀ ਤੁਸੀਂ ਕੀ ਕਾਰਵਾਈ ਕੀਤੀ? ਕਰੋਨਾ ਬਹੁਤੇ ਗੁੱਸੇ ਵਿੱਚ ਆ ਗਿਆ l ਕਹਿੰਦਾ ਤੁਸੀਂ 1947 ਤੋਂ ਲੈ ਕੇ ਆਪਣੇ ਮੁਲਕ ਵਿੱਚ ਵੱਖ ਵੱਖ ਸਰਕਾਰਾਂ ਤੋਂ ਛਿੱਤਰ ਖਾਧੇ ਅਤੇ ਹੁਣ ਫਿਰ ਉਨ੍ਹਾਂ ਦੇ ਨਾਹਰੇ ਲਾਉਂਦੇ ਹੋ l ਉਨ੍ਹਾਂ ਪ੍ਰਤੀ ਤੁਸੀਂ ਕੀ ਕਾਰਵਾਈ ਕੀਤੀ? ਤੁਸੀਂ ਤਾਂ ਬੰਦੇ ਦੇ ਕੱਪੜੇ ਦੇਖ ਕੇ ਨਾਹਰੇ ਲਾਉਣ ਜੋਗੇ ਹੋ l
ਮੈਂ :- ਮੈਨੂੰ ਕੋਈ ਜਵਾਬ ਨਾ ਆਇਆ l ਬੜੀ ਮੁਸ਼ਕਲ ਨਾਲ ਉਸ ਨੂੰ ਸ਼ਾਂਤ ਕੀਤਾ l
ਕਰੋਨਾ :- ਮੈਂ ਤਾਂ ਆਪਣੀ ਹੋਂਦ ਕਾਇਮ ਰੱਖਣ ਲਈ ਰੂਪ ਬਦਲਦਾ ਹਾਂ l ਭਾਰਤ ਦੀਆਂ ਜਾਤਾਂ ਪਾਤਾਂ ਤੋਂ ਮੈਂ ਪਹਿਲਾਂ ਹੀ ਦੁਖੀ ਸੀ l ਹੁਣ ਇਥੇ ਵੈਕਸੀਨੇਟਡ ਅਤੇ ਅਨਵੈਕਸੀਨੇਟਡ ਲੋਕਾਂ ਦੀਆਂ ਜਾਤਾਂ ਪੈਦਾ ਹੋ ਗਈਆਂ l
ਮੈਂ :- ਫਿਰ?
ਕਰੋਨਾ :- ਮੈਂ ਓਮੀਕਰੋਨ ਰੂਪ ਲੈ ਆਂਦਾ l ਮੈਂ ਜਾਤਾਂ ਪਾਤਾਂ ਨੂੰ ਨਹੀਂ ਮੰਨਦਾ l ਇਸੇ ਕਰਕੇ ਮੇਰਾ ਇਹ ਰੂਪ ਵੈਕਸੀਨ੍ਹੇਟਡ ਅਤੇ ਅਨਵੈਕਸੀਨੈਟਡ ਦੋਨਾਂ ਨੂੰ ਹੁੰਦਾ ਹੈ l ਮੈਂ ਕਿਸੇ ਤੋਂ ਡਰਦਾ ਵੀ ਨਹੀਂ ਹਾਂ ਪਰ ਮੈਂ ਕਿਸੇ ਨੂੰ ਮਾਰਨਾ ਵੀ ਨਹੀਂ ਚਾਹੁੰਦਾ l ਜੇ ਹੁਣ ਲੋਕ ਡਰ ਨਾਲ ਮਰੀ ਜਾਣ ਤਾਂ ਮੈਂ ਕੀ ਕਰ ਸਕਦਾ ਹਾਂ?
ਮੈਂ :- ਤੂੰ ਸਾਨੂੰ ਐਵੇਂ ਮੇਹਣੇ ਨਾ ਮਾਰ l ਅਸੀਂ ਨਿਊਜ਼ੀਲੈਂਡ ਵਾਸੀ ਬਹੁਤ ਇਨਸਾਫ਼ ਪਸੰਦ ਲੋਕ ਹਾਂ l
ਕਰੋਨਾ :- ਮੈਂ ਚੰਗੀ ਤਰਾਂ ਜਾਣਦਾ ਹਾਂ ਤੁਹਾਨੂੰ l ਤੁਸੀਂ ਮੇਰੇ ਨਾਮ ਤੇ ਵਿਦੇਸ਼ਾਂ ਵਿੱਚ ਫਸੇ ਮਾਇਗਰੈਂਟਸ ਨਾਲ ਧੱਕਾ ਕੀਤਾ l ਉਨ੍ਹਾਂ ਦੀਆਂ ਫੀਸਾਂ ਡਕਾਰ ਗਏ l ਉਨ੍ਹਾਂ ਨੂੰ ਮਾਨਸਿਕ ਰੋਗੀ ਹੋਣ ਲਈ ਮਜ਼ਬੂਰ ਕੀਤਾ, ਉਨ੍ਹਾਂ ਦੀਆਂ ਜ਼ਮੀਨਾਂ ਵਿਕਾ ਦਿੱਤੀਆਂ, ਮਾਪਿਆਂ ਤੋਂ ਬੱਚੇ ਦੂਰ ਕਰ ਦਿੱਤੇ, ਪਤਨੀਆਂ ਤੋਂ ਪਤੀ ਦੂਰ ਕਰ ਦਿੱਤੇ l ਇਥੇ ਹੀ ਵੱਸ ਨਹੀਂ ਪਹਿਲਾਂ ਤੁਸੀਂ ਕਾਲਜ ਬੰਦ ਹੋਣ ਦੇ ਨਾਮ ਤੇ ਲੋਕਾਂ ਨੂੰ ਖਰਾਬ ਕੀਤਾ l ਉਨ੍ਹਾਂ ਮਾਇਗਰੈਂਟਸ ਨੇ ਨਿਊਜ਼ੀਲੈਂਡ ਦੀ ਤਰੱਕੀ ਲਈ ਅਹਿਮ ਯੋਗਦਾਨ ਪਾਇਆ ਸੀ l ਕਦੇ ਆਪਣੀ ਪੀੜ੍ਹੀ ਥੱਲੇ ਸੋਟਾ ਤਾਂ ਮਾਰਿਆ ਕਰੋ l
ਮੈਂ :- ਚੱਲ ਇਸ ਨੂੰ ਤੂੰ ਭਾਵੇਂ ਸਾਡੀ ਗਲਤੀ ਸਮਝ ਲਾ ਪਰ ਜਿਹੜੇ ਬਜ਼ੁਰਗਾਂ ਦੀ ਜਾਂ ਹੋਰ ਲੋਕਾਂ ਦੀ ਨਿਊਜ਼ੀਲੈਂਡ ਵਿੱਚ ਜਾਨ ਲਈ ਇਹ ਬਖਸ਼ਣਯੋਗ ਨਹੀਂ ਹੈ l
ਕਰੋਨਾ :- ਨਿਊਜ਼ੀਲੈਂਡ ਦੀ ਅਬਾਦੀ ਦੇ ਹਿਸਾਬ ਨਾਲ ਇਥੇ ਮੈਂ ਪੌਣੇ ਦੋ ਸਾਲਾਂ ਵਿੱਚ 60 ਤੋਂ ਵੀ ਘੱਟ ਲੋਕਾਂ ਦੀ ਜਾਨ ਲਈ ਹੈ ਜੋ ਕਿ ਨਿਊਜ਼ੀਲੈਂਡ ਦੀ ਅਬਾਦੀ ਦੇ ਹਿਸਾਬ ਨਾਲ 0.1% ਤੋਂ ਵੀ ਬਹੁਤ ਘੱਟ ਹੈ l ਹਰ ਸਾਲ ਤੁਹਾਡੇ ਨਿਊਜ਼ੀਲੈਂਡ ਵਿੱਚ 400 ਤੋਂ 600 ਲੋਕ ਫਲੂ ਨਾਲ ਮਰਦੇ ਸਨ l ਇਸ ਰੁੱਤ ਵਿੱਚ ਫਲੂ ਨਾਲ ਸਿਰਫ ਤਿੰਨ ਜਾਂ ਚਾਰ ਲੋਕ ਹੀ ਮਰੇ l ਇਸ ਕਰਕੇ ਮੇਰੇ ਹੁੰਦਿਆਂ ਮੌਤਾਂ ਦੀ ਗਿਣਤੀ ਘਟੀ ਹੈ l
ਮੈਂ :- ਉਹ ਕਿਵੇਂ?
ਕਰੋਨਾ :- ਤੁਸੀਂ ਫਲੂ ਵਾਲੀਆਂ ਓਸਤਨ ਮੌਤਾਂ ਵਿੱਚੋਂ ਕਰੋਨਾ ਵਾਲੀਆਂ 60 ਮੌਤਾਂ ਘੱਟ ਕਰ ਲਵੋ ਤਾਂ 400 ਤੋਂ ਵੱਧ ਲੋਕ ਵੱਧ ਬਚੇ ਹਨ ਪਰ ਤੁਹਾਡੇ ਕੋਈ ਗੱਲ ਖਾਨੇ ਪਵੇ ਤਾਂ ਹੀ ਹੈ ਨਾ l
ਏਨੇ ਨੂੰ ਮੇਰੀ ਅੱਖ ਖੁੱਲ੍ਹ ਗਈ ਅਤੇ ਸੁਪਨਾ ਟੁੱਟ ਗਿਆ l ਇਹ ਇੱਕ ਸੁਪਨਾ ਸੀ ਅਤੇ ਸੁਪਨੇ ਵਿੱਚ ਹੋਈ ਕਰੋਨਾ ਨਾਲ ਗੱਲਬਾਤ ਸੀ l ਜਿਵੇੰ ਕਿ ਆਪ ਜਾਣਦੇ ਹੋ ਕਿ ਸਾਰੇ ਸੁਪਨੇ ਸੱਚ ਨਹੀਂ ਹੁੰਦੇ l
ਇਸ ਸੁਪਨੇ ਤੋਂ ਜਾਗਣ ਬਾਦ ਮੈਨੂੰ ਲੱਗਾ ਕਿ ਸੱਚੀਂ ਆਪੋ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਲੋੜ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147