ਨਿਊਜ਼ੀਲੈਂਡ ਨੂੰ ਅਬਾਦੀ ਪੱਖੋਂ ਅਤੇ ਖੇਤਰਫਲ ਪੱਖੋਂ ਛੋਟਾ ਕਿਹਾ ਜਾ ਸਕਦਾ ਹੈ ਪਰ ਦਿਲ ਪੱਖੋਂ ਨਹੀਂ l ਇਥੇ ਅੱਧੋਂ ਵੱਧ ਅਬਾਦੀ ਰੱਬ ਨੂੰ ਨਹੀਂ ਮੰਨਦੀ l ਇਸ ਕਰਕੇ ਇਸ ਨੂੰ ਨਾਸਤਿਕਾਂ ਦਾ ਮੁਲਕ ਵੀ ਕਿਹਾ ਜਾਂਦਾ ਹੈ l ਭਾਰਤ ਵਿੱਚ ਨੌਕਰੀਆਂ ਨਾ ਮਿਲਣ ਅਤੇ ਸਰਕਾਰੀ ਸਹੂਲਤਾਂ ਨਾ ਹੋਣ ਕਾਰਨ ਭਾਰਤੀ ਵਿਦੇਸ਼ਾਂ ਵੱਲ ਮੂੰਹ ਕਰਦੇ ਹਨ l ਇਸ ਵਿੱਚ ਪੰਜਾਬ ਸਭ ਤੋਂ ਅੱਗੇ ਹੈ l ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀ ਹੈ ਅਤੇ ਕਿਸਾਨ ਨੂੰ ਸਮੇਂ ਦੀਆਂ ਸਰਕਾਰਾਂ ਵਲੋਂ ਫਸਲਾਂ ਦਾ ਵਾਜਬ ਭਾਅ ਨਹੀਂ ਮਿਲਦਾ l ਭਾਵੇਂ ਕਿ ਭਾਰਤ ਨੂੰ ਆਜ਼ਾਦ ਹੋਇਆਂ 73 ਸਾਲ ਬੀਤ ਚੁੱਕੇ ਹਨ ਪਰ ਭਾਰਤੀ ਅਜੇ ਆਜ਼ਾਦ ਨਹੀਂ ਹੋਏ l ਜਿਥੇ ਬਹੁਤ ਸਾਰੇ ਭਾਰਤੀਆਂ ਦੀ ਹਾਲਤ ਬੇਹੱਦ ਮਾੜੀ ਹੈ ਉਥੇ ਹੀ ਕਿਸਾਨ ਜੋ ਦੇਸ਼ ਦਾ ਅੰਨਦਾਤਾ ਹੈ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ l ਕਿਸਾਨ ਨੂੰ ਉਸ ਦੀਆਂ ਫਸਲਾਂ ਦੀ ਵਾਜਬ ਕੀਮਤ ਦੇਣ ਦੀ ਬਜਾਏ ਉਸ ਵਿਰੋਧੀ ਕਨੂੰਨ ਬਣਾਏ ਗਏ ਹਨ ਜਿਨ੍ਹਾਂ ਦਾ ਵਿਰੋਧ ਕਰਨ ਵਾਸਤੇ ਕਿਸਾਨ ਸੜਕਾਂ ਤੇ ਆਏ ਹੋਏ ਹਨ l ਸੜਕਾਂ ਤੇ ਆਏ ਹੋਏ ਕਿਸਾਨਾਂ ਵਿੱਚੋਂ ਕਈ 65 ਸਾਲ ਤੋਂ ਵੀ ਉੱਪਰ ਹਨ l ਸਰਕਾਰ ਦਾ ਉਨ੍ਹਾਂ ਪ੍ਰਤੀ ਫਰਜ਼ ਤਾਂ ਇਹ ਹੋਣਾ ਚਾਹੀਦਾ ਕਿ ਉਨਾਂ ਨੂੰ ਪੈਨਸ਼ਨ, ਸਿਹਤ ਸਹੂਲਤਾਂ ਅਤੇ ਹੋਰ ਲੋੜ ਅਨੁਸਾਰ ਸਹੂਲਤਾਂ ਦੇ ਕੇ ਘਰ ਬਿਠਾਏ ਪਰ ਹੋ ਇਸ ਦੇ ਉਲਟ ਰਿਹਾ ਹੈ l

ਵੱਖ ਵੱਖ ਵਿਦੇਸ਼ੀ ਮੁਲਕਾਂ ਵਿੱਚ ਸਰਕਾਰਾਂ ਉਥੋਂ ਦੇ ਵਸ਼ਿੰਦਿਆਂ ਨੂੰ ਵੱਖ ਵੱਖ ਸਹੂਲਤਾਂ ਦਿੰਦੀਆਂ ਹਨ ਤਾਂ ਕਿ ਹਰ ਇੱਕ ਦੀ ਰੋਟੀ, ਕੱਪੜੇ, ਮਕਾਨ ਅਤੇ ਇਲਾਜ ਦੀ ਲੋੜ ਪੂਰੀ ਹੋ ਸਕੇ l ਇਹ ਸਹੂਲਤਾਂ ਵਿਅਕਤੀ ਦੀ ਆਰਥਿਕਤਾ ਦੇ ਅਧਾਰ ਤੇ ਦਿਤੀਆਂ ਜਾਂਦੀਆਂ ਹਨ l ਇਸ ਲੇਖ ਵਿੱਚ ਦੇਖਦੇ ਹਾਂ ਕਿ ਨਿਊਜ਼ੀਲੈਂਡ ਵਿੱਚ ਵਸਦੇ ਪੱਕੇ ਵਾਸੀ ਨੂੰ ਕਿਹੜੀਆਂ ਮੁੱਖ ਸਹੂਲਤਾਂ ਮਿਲਦੀਆਂ ਹਨ ?

ਇਨ੍ਹਾਂ ਸਹੂਲਤਾਂ ਨੂੰ ਪੜ੍ਹ ਕੇ ਪਤਾ ਲੱਗੇਗਾ ਕਿ ਅਸੀਂ ਭਾਰਤ ਵਿੱਚ ਹੁੰਦੇ ਹੋਏ ਅਜੇ ਆਜ਼ਾਦੀ ਤੋਂ ਬਹੁਤ ਦੂਰ ਹਾਂ ਭਾਵੇਂ ਹਰ ਸਾਲ ਆਜ਼ਾਦੀ ਦੀਆਂ ਮੁਬਾਰਕਾਂ ਦੇ ਕੇ ਬਹੁਤੇ ਲੋਕ ਦਿਲ ਖੁਸ਼ ਕਰ ਲੈਂਦੇ ਹਨ l

  • ਨਿਊਜ਼ੀਲੈਂਡ ਵਿੱਚ ਪੈਨਸ਼ਨ ਦੀ ਉਮਰ 65 ਸਾਲ ਹੈ l ਹਰ ਇੱਕ ਨੂੰ ਪੈਨਸ਼ਨ ਮਿਲਦੀ ਹੈ ਭਾਵੇਂ ਉਹ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਕਰਦਾ ਰਿਹਾ ਹੋਵੇ l
  • ਪੈਨਸ਼ਨ ਵਾਲਿਆਂ ਨੂੰ ਟਰਾਂਸਪੋਰਟ ਮੁਫ਼ਤ ਹੈ l
  • ਪੈਨਸ਼ਨ ਵਾਲਿਆਂ ਨੂੰ ਕਈ ਦੁਕਾਨਾਂ ਤੋਂ ਸਸਤਾ ਸਮਾਨ ਮਿਲ ਜਾਂਦਾ ਹੈ l
  • ਤਕਰੀਬਨ ਤੇਰਾਂ ਸਾਲ ਤੱਕ ਦੇ ਬੱਚਿਆਂ ਦਾ ਇਲਾਜ ਮੁਫ਼ਤ ਹੈ l
  • ਗਰਭ ਦੌਰਾਨ ਜਾਂ ਬੱਚਾ ਹੋਣ ਤੋਂ ਬਾਦ ਔਰਤ ਦੀ ਦੇਖਭਾਲ ਅਤੇ ਇਲਾਜ ਮੁਫ਼ਤ ਹੈ l ਇਸ ਦੌਰਾਨ ਔਰਤ ਅਤੇ ਬੱਚੇ ਨੂੰ ਮਿਡ ਵਾਈਫ (ਦਾਈ) ਸਰਕਾਰ ਦੇ ਖਰਚੇ ਤੇ ਘਰ ਵੀ ਦੇਖਣ ਆਉਂਦੀ ਰਹਿੰਦੀ ਹੈ l
  • ਮਾਨਸਿਕ ਰੋਗੀਆਂ ਵਾਸਤੇ ਕਾਊਂਸਲਿੰਗ ਮੁਫ਼ਤ ਹੈ l
  • ਔਰਤ ਨੂੰ ਬੱਚਾ ਹੋਣ ਤੋਂ ਬਾਦ ਛੇ ਮਹੀਨੇ ਜਾਂ ਇਸ ਤੋਂ ਵੱਧ ਕੰਮ ਤੋਂ ਤਨਖਾਹ ਸਮੇਤ ਛੁੱਟੀ ਮਿਲਦੀ ਹੈ l
  • ਨੌਕਰੀ ਨਾ ਹੋਣ ਦੀ ਸੂਰਤ ਵਿੱਚ ਬੇਰੋਜ਼ਗਾਰੀ ਭੱਤਾ (benefit) ਮਿਲਦਾ ਹੈ l
  • ਜਿਹੜੇ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ l ਉਨ੍ਹਾਂ ਨੂੰ ਨਵੀਂ ਨੌਕਰੀ ਮਿਲਣ ਤੱਕ ਸਰਕਾਰ ਵਲੋਂ ਭੱਤਾ ਮਿਲਦਾ ਹੈ l
  • ਸਰਕਾਰ ਵਲੋਂ ਗਰੰਟੀ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਹੀਂ ਮਰੇਗਾ l
  • ਜਿਸ ਨੂੰ ਮਕਾਨ ਕਿਰਾਏ ਤੇ ਲੈਣ ਦੀ ਤੰਗੀ ਹੈ l ਉਸ ਵਿੱਚ ਸਰਕਾਰ ਬੌਂਡ ਭਰ ਕੇ ਮੱਦਦ ਕਰਦੀ ਹੈ l
  • ਘੱਟ ਆਮਦਨ ਵਾਲਿਆਂ ਨੂੰ ਸਰਕਾਰ ਆਪਣੇ ਬਣਾਏ ਹੋਏ ਘਰ ਵੀ ਘੱਟ ਕਿਰਾਏ ਤੇ ਦਿੰਦੀ ਹੈ l ਇਨ੍ਹਾਂ ਘਰਾਂ ਦੀ ਗਿਣਤੀ ਘੱਟ ਹੋਣ ਕਰਕੇ ਉਡੀਕ ਕਰਨੀ ਪੈਂਦੀ ਹੈ l
  • ਪੱਕੇ ਵਿਅਕਤੀ ਦਾ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ ਹੈ l
  • ਘੱਟ ਆਮਦਨ ਵਾਲਿਆਂ ਵਾਸਤੇ ਪ੍ਰਾਈਵੇਟ ਇਲਾਜ ਵੀ ਸਸਤਾ ਹੈ l ਦਵਾਈਆਂ ਵੀ ਸਸਤੀਆਂ ਮਿਲਦੀਆਂ ਹਨ l
  • ਵੱਧ ਆਮਦਨ ਵਾਲਿਆਂ ਨੂੰ ਡਾਕਟਰ ਦੀ ਫੀਸ ਪੂਰੀ ਦੇਣੀ ਪੈਂਦੀ ਹੈ ਪਰ ਦਵਾਈਆਂ ਸਸਤੀਆਂ ਮਿਲ ਜਾਂਦੀਆਂ ਹਨ l ਸਰਕਾਰੀ ਹਸਪਤਾਲ ਵਿੱਚ ਇਲਾਜ ਇਨ੍ਹਾਂ ਨੂੰ ਵੀ ਮੁਫ਼ਤ ਹੈ l
  • ਘੱਟ ਆਮਦਨ ਵਾਲਿਆਂ ਨੂੰ ਦੰਦਾਂ ਦੇ ਇਲਾਜ ਲਈ ਵੀ ਸਲਾਨਾ ਪੈਸੇ ਮਿਲਦੇ ਹਨ l
  • ਜਿਹੜੇ ਲੋਕਾਂ ਨੂੰ ਵੱਧ ਦਵਾਈਆਂ ਦੀ ਲੋੜ ਪੈਂਦੀ ਹੈ l ਉਨ੍ਹਾਂ ਨੂੰ ਕੁੱਝ ਦਵਾਈਆਂ ਤੋਂ ਬਾਦ ਬਾਕੀ ਦਵਾਈਆਂ ਮੁਫ਼ਤ ਮਿਲਣ ਲੱਗ ਪੈਂਦੀਆਂ ਹਨ l
  • ਕਈ ਮਾਲਕ ਆਪਣੇ ਕਾਮਿਆਂ ਵਾਸਤੇ ਮੈਡੀਕਲ ਇੰਸ਼ੋਰੈਂਸ ਕਰਵਾ ਦਿੰਦੇ ਹਨ ਤਾਂ ਕਿ ਉਨ੍ਹਾਂ ਦਾ ਇਲਾਜ ਸਸਤਾ ਜਾਂ ਮੁਫ਼ਤ ਹੋ ਸਕੇ l
  • ਸਿਆਣੇ ਜਿਨ੍ਹਾਂ ਦੀ ਦੇਖ ਭਾਲ ਲਈ ਕੋਈ ਨਹੀਂ ਹੈ ਉਨ੍ਹਾਂ ਨੂੰ ਸਿਆਣਿਆਂ ਵਾਸਤੇ ਬਣਾਏ ਹੋਏ ਕੇਂਦਰਾਂ ਵਿੱਚ ਰੱਖਿਆ ਜਾਂਦਾ ਹੈ l ਜਿਨ੍ਹਾਂ ਕੋਲ ਆਪਣੀ ਕੋਈ ਜਾਇਦਾਦ ਨਹੀਂ ਉਨ੍ਹਾਂ ਵਾਸਤੇ ਇਹ ਸਹੂਲਤ ਮੁਫ਼ਤ ਹੈ ਅਤੇ ਦੂਸਰਿਆਂ ਕੋਲੋਂ ਖਰਚਾ ਲਿਆ ਜਾਂਦਾ ਹੈ l ਡਾਕਟਰੀ ਸਹੂਲਤਾਂ ਅਤੇ ਖਾਣੇ ਦਾ ਪ੍ਰਬੰਧ ਵੀ ਉਥੇ ਹੀ ਹੁੰਦਾ ਹੈ l ਸਿਆਣਿਆਂ ਨੂੰ ਘੁੰਮਣ ਫਿਰਨ ਵੀ ਲਿਜਾਇਆ ਜਾਂਦਾ ਹੈ l
  • ਜਿਹੜੇ ਸਿਆਣੇ ਆਪਣੇ ਘਰ ਇਕੱਲੇ ਰਹਿੰਦੇ ਹਨ ਅਤੇ ਆਪਣਾ ਘਰ ਦਾ ਕੰਮ ਨਹੀਂ ਕਰ ਸਕਦੇ ਉਨ੍ਹਾਂ ਨੂੰ ਸਰਕਾਰ ਵਲੋਂ ਮੁਲਾਜ਼ਮ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਦੇ ਘਰ ਦੀ ਸਾਫ ਸਫਾਈ ਅਤੇ ਉਨ੍ਹਾਂ ਦੀ ਦੇਖ ਭਾਲ ਕਰ ਸਕੇ l
  • ਜਿਹੜੇ ਘੱਟ ਆਮਦਨ ਵਾਲਿਆਂ ਕੋਲ ਡਾਕਟਰ ਜਾਂ ਹਸਪਤਾਲ ਜਾਣ ਲਈ ਕਾਰ ਨਹੀਂ ਹੈ ਤਾਂ ਉਨ੍ਹਾਂ ਨੂੰ ਟੈਕਸੀ ਦੇ ਪੈਸੇ ਸਰਕਾਰ ਵਲੋਂ ਦਿੱਤੇ ਜਾਂਦੇ ਹਨ l
  • ਜਿਹੜੇ ਲੋਕਾਂ ਦੀ ਆਮਦਨ ਘੱਟ ਹੈ ਉਨ੍ਹਾਂ ਨੂੰ ਸਰਕਾਰ ਵਲੋਂ ਸਿਆਲ ਵਿੱਚ ਬਿਜਲੀ ਦੇ ਪੈਸੇ ਦਿੱਤੇ ਜਾਂਦੇ ਹਨ ਤਾਂ ਜੋ ਉਹ ਆਪਣੇ ਘਰਾਂ ਵਿੱਚ ਹੀਟਰ ਵਰਤ ਸਕਣ l
  • ਜਦੋਂ ਕਿਸੇ ਘੱਟ ਆਮਦਨ ਵਾਲੇ ਦੇ ਮਕਾਨ ਦਾ ਕਿਰਾਇਆ ਵਧ ਜਾਂਦਾ ਹੈ ਤਾਂ ਸਰਕਾਰ ਭੱਤਾ ਵਧਾ ਦਿੰਦੀ ਹੈ l
  • ਜਿਹੜਾ ਵਿਅਕਤੀ ਬਿਮਾਰੀ ਦੀ ਵਜ੍ਹਾ ਕਰਕੇ ਕੰਮ ਨਹੀਂ ਕਰ ਸਕਦਾ ਉਸ ਨੂੰ ਸਰਕਾਰ ਵਲੋਂ ਬਿਮਾਰੀ ਭੱਤਾ (sickness benefit) ਦਿੱਤਾ ਜਾਂਦਾ ਹੈ l
  • ਇੱਕ ਵੱਖਰਾ ਮਹਿਕਮਾ ਐਕਸੀਡੈਂਟ ਕੰਪਨਸੇਸ਼ਨ ਕਾਰਪੋਰੇਸ਼ਨ (ACC) ਹੈ l ਹਰ ਕਾਰੋਬਾਰੀ ਇਸ ਮਹਿਕਮੇ ਨੂੰ ਕਾਮਿਆਂ ਦੀ ਤਨਖਾਹ ਦਾ ਢਾਈ ਜਾਂ ਤਿੰਨ ਪ੍ਰਤੀਸ਼ਤ ਦਿੰਦਾ ਹੈ l ਮਾਲਕ ਜਾਂ ਕਾਮੇ ਦੇ ਸੱਟ ਲੱਗਣ ਦੀ ਸੂਰਤ ਵਿੱਚ ਇਹ ਮਹਿਕਮਾ ਤਨਖਾਹ ਦਾ 80% ਤਨਖਾਹ ਦੇ ਰੂਪ ਵਿੱਚ ਦਿੰਦਾ ਹੈ ਅਤੇ ਦਵਾਈਆਂ ਅਤੇ ਡਾਕਟਰ ਦੇ ਖਰਚ ਦਾ ਵੀ ਕਾਫੀ ਹਿੱਸਾ ਦਿੰਦਾ ਹੈ l ਸੱਟ ਭਾਵੇਂ ਕੰਮ ਤੇ, ਘਰ ਜਾਂ ਸੜ੍ਹਕ ਤੇ ਲੱਗੀ ਹੋਵੇ l ਇਹ ਮਹਿਕਮਾ ਦੇਖ ਭਾਲ ਕਰੇਗਾ l
  • ਕੰਪਨੀਆਂ ਦੇ ਮਾਲਕ ਬਿਮਾਰ ਹੋਣ ਦੀ ਸੂਰਤ ਵਿੱਚ ਛੁੱਟੀ ਦੇ ਪੈਸੇ ਦਿੰਦੇ ਹਨ l
  • ਪਬਲਿਕ ਛੁਟੀਆਂ ਦੇ ਪੈਸੇ ਮਿਲਦੇ ਹਨ l
  • ਕਾਮੇ ਆਪਣੀ ਰਿਟਾਇਰਮੈਂਟ ਵਾਸਤੇ ਫੰਡ ਜਮ੍ਹਾਂ ਕਰਨ ਵਾਸਤੇ ਕੀਵੀ ਸੇਵਰ ਨਾਂ ਦੀ ਸਕੀਮ ਵਿੱਚ ਸ਼ਾਮਿਲ ਹੋ ਸਕਦੇ ਹਨ l ਉਸ ਵਾਸਤੇ ਜੇਕਰ ਕਾਮਾ 3% ਪੈਸੇ ਪਾਉਂਦਾ ਹੈ ਤਾਂ ਮਾਲਕ ਵੀ 3% ਪਾਉਂਦਾ ਹੈ ਅਤੇ ਸਰਕਾਰ ਵੀ ਪੈਸੇ ਪਾਉਂਦੀ ਹੈ l ਕਾਮਾ ਇਹ ਪੈਸਾ ਆਪਣਾ ਘਰ ਖਰੀਦਣ ਜਾਂ ਰਿਟਾਇਰਮੈਂਟ ਜਾਂ ਕਿਸੇ ਹੋਰ ਐਮੇਰਜੇਂਸੀ ਤੇ ਇਸ ਫੰਡ ਨੂੰ ਵਰਤ ਸਕਦਾ ਹੈ l
  • ਘੱਟ ਆਮਦਨ ਵਾਲੇ ਦੇ ਘਰ ਨੂੰ ਜੇਕਰ ਅੱਗ ਲੱਗ ਜਾਵੇ ਤਾਂ ਸਰਕਾਰ ਵਲੋਂ ਜਲੇ ਹੋਏ ਸਮਾਨ ਦੀ ਜਗ੍ਹਾ ਨਵਾਂ ਸਮਾਨ ਖਰੀਦਣ ਵਿੱਚ ਮੱਦਦ ਕੀਤੀ ਜਾਂਦੀ ਹੈ l
  • ਟੈਕਸ ਆਮਦਨ ਦੇ ਹਿਸਾਬ ਨਾਲ ਕੱਟਿਆ ਜਾਂਦਾ ਹੈ l ਇਹ ਤਕਰੀਬਨ 17.5% ਤੋਂ 33% ਦੇ ਵਿੱਚ ਕੱਟ ਹੁੰਦਾ ਹੈ l ਕੰਪਨੀ ਟੈਕਸ 28% ਹੈ l ਜੀ ਐਸ ਟੀ 15% ਹੈ l
  • ਪਹਿਲਾ ਘਰ ਖਰੀਦਣ ਵਾਲੇ ਨੂੰ ਬੈਂਕਾਂ 10% ਡਿਪੋਸਿਟ (deposit) ਨਾਲ ਘਰ ਦਾ ਕਰਜ਼ਾ ਦੇ ਦਿੰਦੀਆਂ ਹਨ l ਕਿਸੇ ਕਿਸੇ ਨੂੰ 5% ਡਿਪੋਸਿਟ ਤੇ ਵੀ ਕਰਜ਼ਾ ਮਿਲ ਜਾਂਦਾ ਹੈ l
  • ਲਾਇਬ੍ਰੇਰੀਆਂ ਤਕਰੀਬਨ ਸਾਰੇ ਸ਼ਹਿਰਾਂ ਵਿੱਚ ਹਨ ਜਿਥੋਂ ਲਿਆ ਕੇ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹਨ l
  • ਜਿਨ੍ਹਾਂ ਦੀ ਆਮਦਨ ਘੱਟ ਹੈ l ਉਨ੍ਹਾਂ ਨੂੰ ਜੇਕਰ ਆਪਣੇ ਬੱਚਿਆਂ ਨੂੰ ਇਧਰ ਉਧਰ ਲਿਜਾਣ ਵਾਸਤੇ ਕਾਰ ਦੀ ਲੋੜ ਹੈ ਤਾਂ ਸਰਕਾਰ ਕਾਰ ਖਰੀਦਣ ਵਿੱਚ ਵੀ ਮੱਦਦ ਕਰ ਦਿੰਦੀ ਹੈ l
  • ਸਰਕਾਰ ਵੱਖ ਵੱਖ ਕਿੱਤਿਆਂ ਦੀ ਟਰੇਨਿੰਗ ਲੈਣ ਵਿੱਚ ਵੀ ਮੱਦਦ ਕਰਦੀ ਹੈ l
  • ਵਿਦਿਆਰਥੀਆਂ ਨੂੰ ਪੜ੍ਹਨ ਵਾਸਤੇ ਕਰਜ਼ਾ ਮਿਲ ਜਾਂਦਾ ਹੈ l ਨੌਕਰੀ ਮਿਲਣ ਤੋਂ ਬਾਦ ਕਰਜ਼ਾ ਕਿਸ਼ਤਾਂ ਵਿੱਚ ਮੋੜਿਆ ਜਾ ਸਕਦਾ ਹੈ l
  • ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਬਹੁਤ ਵਧੀਆ ਹੈ ਅਤੇ ਸਸਤੀ ਹੈ l ਮੇਰੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹ ਰਹੇ ਹਨ l
  • ਇਸ ਤੋਂ ਇਲਾਵਾ ਬਹੁਤ ਸਾਰੀਆਂ ਲੋਕ ਪੱਖੀ ਸੰਸਥਾਵਾਂ ਲੋੜਵੰਦ ਲੋਕਾਂ ਦੀ ਮੱਦਦ ਕਰਦੀਆਂ ਰਹਿੰਦਿਆਂ ਹਨ l

ਅੱਜ ਮੈਂ ਸੋਚਦਾ ਹਾਂ ਕਿ ਜੇਕਰ ਪੰਜਾਬ ਵਿੱਚ ਰਹਿੰਦਿਆਂ ਮੈਨੂੰ ਕਿਤੇ ਇਨ੍ਹਾਂ ਸਹੂਲਤਾਂ ਵਿੱਚੋਂ ਅੱਧੀਆਂ ਵੀ ਮਿਲ ਜਾਂਦੀਆਂ ਤਾਂ ਮੈਂ ਵਿਦੇਸ਼ ਨਹੀਂ ਸੀ ਆਉਣਾ l ਇਸ ਕਰਕੇ ਕਿਹਾ ਜਾ ਸਕਦਾ ਕਿ ਵਿਦੇਸ਼ ਆਉਣਾ ਬਹੁਤਿਆਂ ਦਾ ਸ਼ੌਂਕ ਨਹੀਂ ਹੁੰਦਾ ਮਜ਼ਬੂਰੀ ਹੁੰਦੀ ਹੈ l ਮੈਂ ਇਹ ਵੀ ਸੋਚਦਾ ਹਾਂ ਕਿ ਭਾਰਤ ਸਰਕਾਰ ਨੂੰ ਇਹ ਸਾਰੀਆਂ ਸਹੂਲਤਾਂ ਆਪਣੇ ਮੁਲਕ ਦੇ ਲੋਕਾਂ ਨੂੰ ਵੀ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਮੈਨੂੰ ਨਹੀਂ ਲਗਦਾ ਕਿ ਭਾਰਤ ਸਰਕਾਰ ਕੋਲ ਕਿਸੇ ਚੀਜ਼ ਦੀ ਘਾਟ ਹੈ l ਭਾਰਤ ਦਾ ਅੰਨਦਾਤਾ ਕਿਸਾਨ ਜੋ ਸੜਕਾਂ ਤੇ ਕਿਸਾਨ ਵਿਰੋਧੀ ਕਨੂੰਨ ਨੂੰ ਰੱਦ ਕਰਾਉਣ ਲਈ ਆਇਆ ਹੋਇਆ ਹੈ ਦੀ ਮੰਗ ਤੁਰੰਤ ਮੰਨ ਲੈਣੀ ਚਾਹੀਦੀ ਹੈ l ਜੇ ਨਿਊਜ਼ੀਲੈਂਡ ਵਰਗਾ ਛੋਟਾ ਜਿਹਾ ਮੁਲਕ ਏਨੀਆਂ ਸਹੂਲਤਾਂ ਦੇ ਸਕਦਾ ਹੈ ਤਾਂ ਭਾਰਤ ਕਿਉਂ ਨਹੀਂ ਦੇ ਸਕਦਾ ?

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
avtar31@hotmail.com