-ਬੰਦ ਬਾਰਡਰਾਂ ਦਾ ਦਰਦ ਜੋ ਲੰਬਾ ਸਮਾਂ ਮਹਿਸੂਸ ਹੁੰਦਾ ਰਹੇਗਾ
ਨਿਊਜ਼ੀਲੈਂਡ ਸਰਕਾਰ ਵਲੋਂ ਕਰੋਨਾ ਦੇ ਨਾਮ ਤੇ ਬੰਦ ਕੀਤੇ ਬਾਰਡਰ ਅੱਜ ਤੋਂ ਖੋਲ੍ਹ ਦਿੱਤੇ ਗਏ ਹਨ l
ਬਾਰਡਰ ਬੰਦ ਹੋਣ ਦੇ ਕਾਰਣ ਲੱਖਾਂ ਲੋਕ ਆਪਣੇ ਪਰਿਵਾਰਾਂ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਦੂਰ ਹੋ ਗਏ ਸਨ l ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਗਮੀ ਦੇ ਮੌਕੇ ਵੀ ਇੱਕ ਦੂਜੇ ਨੂੰ ਮਿਲ ਨਹੀਂ ਸਕੇ, ਨਵੇਂ ਜਨਮੇ ਬੱਚਿਆਂ ਨੂੰ ਦੇਖ ਨਹੀਂ ਸਕੇ ਅਤੇ ਬੁੱਢੇ ਮਾਪਿਆਂ ਦੀ ਸੇਵਾ ਨਹੀਂ ਕਰ ਸਕੇ l ਕਈਆਂ ਨੂੰ ਮਾਪਿਆਂ ਦੇ ਅੰਤਿਮ ਦਰਸ਼ਣ ਵੀ ਨਹੀਂ ਹੋ ਸਕੇ ਸਨ l ਇਹ ਦੁੱਖ ਨਾ ਭੁੱਲਣਯੋਗ ਹੈ l
ਕਾਮਿਆਂ ਦੀ ਘਾਟ ਕਾਰਣ ਅਤੇ ਗਾਹਕਾਂ (Customers) ਦੀ ਘਾਟ ਕਾਰਣ ਨਿਊਜ਼ੀਲੈਂਡ ਵਿੱਚ ਹਜ਼ਾਰਾਂ ਬਿਜਨਸ (ਕਾਰੋਬਾਰ) ਬੰਦ ਹੋ ਗਏ ਸਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਸ਼ਾਇਦ ਦੁਬਾਰਾ ਸ਼ੁਰੂ ਵੀ ਨਾ ਹੋ ਸਕਣ l
ਜਿਹੜੇ ਲੋਕ ਰਿਟਾਇਰਮੈਂਟ ਦੇ ਲਾਗੇ ਸਨ ਉਨ੍ਹਾਂ ਨੂੰ ਬਿਜਨਸ ਘਾਟੇ ਵਿੱਚ ਵੇਚਣੇ ਪਏ ਅਤੇ ਕਈਆਂ ਦੀ ਸਾਰੀ ਉਮਰ ਦੀ ਕਮਾਈ ਰੁੜ੍ਹ ਗਈ l ਕਈਆਂ ਨੂੰ ਆਪਣੀ ਰਿਟਾਇਰਮੈਂਟ ਦਾ ਪਲੈਨ (ਯੋਜਨਾ) ਬਦਲਣਾ ਪਿਆ ਅਤੇ ਉਨ੍ਹਾਂ ਨੂੰ ਬੁਢਾਪੇ ਦੀ ਉਮਰ ਵਿੱਚ ਹੁਣ ਹੋਰ ਕੰਮ ਕਰਨਾ ਪਵੇਗਾ ਤਾਂ ਕਿ ਉਹ ਕਰੋਨਾ ਦੇ ਨਾਮ ਤੇ ਪਈ ਮਾਰ ਨੂੰ ਘੱਟ ਕਰ ਸਕਣ l
ਬਾਰਡਰ ਬੰਦ ਹੋਣ ਕਾਰਣ ਹੀ ਬਹੁਤ ਸਾਰੀਆਂ ਕਾਰ ਰੈਂਟਲ ਕੰਪਨੀਆਂ, ਟਰੈਵਲ ਏਜੇਂਟ, ਕਾਲਜ ਅਤੇ ਕੈਰਾਵੈਨ ਰੈਂਟਲ ਬਿਜਨੇਸ ਬੰਦ ਹੋ ਗਏ l ਹਜ਼ਾਰਾਂ ਕਮਰਸ਼ੀਅਲ ਬਿਲਡਿੰਗਾਂ ਖਾਲੀ ਹੋ ਗਈਆਂ ਅਤੇ ਬਹੁਤਿਆਂ ਨੇ ਖਰਚਾ ਘੱਟ ਕਰਨ ਲਈ ਘਰੋਂ ਆਨਲਾਈਨ ਕੰਮ ਸ਼ੁਰੂ ਕਰ ਦਿੱਤੇ l ਬਹੁਤ ਸਾਰੀਆਂ ਅਪਾਰਟਮੈਂਟਾਂ ਖਾਲੀ ਹੋ ਗਈਆਂ ਜਿਨ੍ਹਾਂ ਵਿੱਚ ਬਾਹਰਲੇ ਦੇਸ਼ਾਂ ਤੋਂ ਆ ਕੇ ਵਿਦਿਆਰਥੀ ਰਹਿੰਦੇ ਹੁੰਦੇ ਸਨ l ਕਾਲਜਾਂ ਦੇ ਲਾਗੇ ਚੱਲਦੀਆਂ ਕੌਫੀ ਦੀਆਂ ਦੁਕਾਨਾਂ, ਟੇਕ ਅਵੇ, ਰੈਸਟੋਰੈਂਟ ਅਤੇ ਬੇਕਰੀਆਂ ਬੰਦ ਹੋ ਗਈਆਂ ਅਤੇ ਏਅਰ ਲਾਈਨਾਂ ਦੀ ਆਰਥਿਕ ਹਾਲਤ ਕਾਫੀ ਮਾੜੀ ਹੋ ਗਈ l
ਇਸ ਕਾਰਣ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਨਸਿਕ ਰੋਗੀ ਹੋਏ l ਐਨੀਆਂ ਮੌਤਾਂ ਕਰੋਨਾ ਨਾਲ ਨਹੀਂ ਹੋਈਆਂ ਜਿੰਨਾ ਨੁਕਸਾਨ ਲੋਕਾਂ ਦੇ ਹੋਰ ਇਲਾਜ ਵਿੱਚ ਦੇਰੀ ਹੋਣ ਨਾਲ ਹੋਇਆ l ਬਹੁਤ ਸਾਰੇ ਮਰੀਜ਼ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਦੇਰੀ ਹੋਣ ਨਾਲ ਦੁਨੀਆਂ ਤੋਂ ਚੱਲ ਵਸੇ l
ਪਿਛਲੇ ਚਾਰ ਪੰਜ ਮਹੀਨਿਆਂ ਦਾ ਰਿਕਾਰਡ ਦੇਖਿਆ ਜਾਵੇ ਤਾਂ ਨਿਊਜ਼ੀਲੈਂਡ ਆਉਣ ਵਾਲਿਆਂ ਦੇ ਮੁਕਾਬਲੇ ਤਕਰੀਬਨ 40,000 ਲੋਕ ਵੱਧ ਮੁਲਕ ਛੱਡ ਕੇ ਚਲੇ ਗਏ ਹਨ l ਜੇਕਰ ਇੱਕ ਘਰ ਵਿੱਚ 3 ਜਣੇ ਰਹਿੰਦੇ ਹੋਣ ਤਾਂ ਸਮਝੋ ਏਨੇ ਲੋਕਾਂ ਦੇ ਮੁਲਕ ਛੱਡ ਕੇ ਜਾਣ ਨਾਲ ਤੇਰਾਂ ਹਜ਼ਾਰ ਤੋਂ ਵੱਧ ਘਰ ਖਾਲੀ ਹੋ ਗਏ ਹਨ l ਆਮ ਲੋਕਾਂ ਨੂੰ ਭਰਮਾਉਣ ਲਈ ਭਾਵੇਂ ਸਰਕਾਰ ਕਹੇਗੀ ਕਿ ਇਸ ਨਾਲ ਘਰਾਂ ਦੀ ਘਾਟ ਦੂਰ ਹੋ ਗਈ ਹੈ ਪਰ ਘਰਾਂ ਦੀ ਘਾਟ ਦੂਰ ਕਰਨ ਦਾ ਇਹ ਤਰੀਕਾ ਬਿਲਕੁਲ ਗਲਤ ਹੈ l
ਇਸੇ ਸਾਲ ਦੀ ਗੱਲ ਕਰੀਏ ਤਾਂ ਕੁੱਝ ਮਹੀਨਿਆਂ ਵਿੱਚ 90 ਤੋਂ ਵੱਧ ਕੰਸਟ੍ਰਕਸ਼ਨ ਕੰਪਨੀਆਂ ਬੰਦ ਹੋਈਆਂ ਹਨ ਜਿਸ ਦਾ ਮੁੱਖ ਕਾਰਣ ਮਟੀਰੀਅਲ ਦਾ ਮਹਿੰਗਾ ਹੋਣਾ ਅਤੇ ਕਾਮਿਆਂ ਦੀ ਘਾਟ ਹੈ l
ਇਥੇ ਇਹ ਗੱਲ ਵਰਨਣਯੋਗ ਹੈ ਕਿ ਘਰਾਂ ਦੇ ਖੇਤਰ ਵਿੱਚ ਲੱਖਾਂ ਲੋਕ ਕੰਮ ਕਰਦੇ ਹਨ ਜਿਨ੍ਹਾਂ ਵਾਸਤੇ ਇਸ ਕੰਮ ਦਾ ਚੱਲਦੇ ਰਹਿਣਾ ਬਹੁਤ ਜਰੂਰੀ ਹੁੰਦਾ ਹੈ l
ਜਦੋਂ ਕਰੋਨਾ ਦੇ ਸ਼ੁਰੂਆਤੀ ਦੌਰ ਵਿੱਚ ਮੈਂ ਇੱਕ ਲਿਖਤ ਰਾਹੀਂ ਇਨ੍ਹਾਂ ਖਤਰਿਆਂ ਬਾਰੇ ਲਿਖਿਆ ਸੀ ਤਾਂ ਕਾਫੀ ਪੜ੍ਹਿਆ ਲਿਖਿਆ ਵਰਗ ਮੇਰੇ ਨਾਲ ਸਹਿਮਤ ਨਹੀਂ ਹੋਇਆ ਸੀ ਪਰ ਅੱਜ ਉਹ ਸਭ ਕੁੱਝ ਹੋਇਆ ਹੈ ਜਿਸ ਦੀ ਉਸ ਸਮੇਂ ਆਸ ਸੀ l
ਜਿਥੇ ਅੱਜ ਬਾਰਡਰ ਖੁਲ੍ਹਣ ਦੀ ਖੁਸ਼ੀ ਹੈ ਉਥੇ ਹੀ ਨਿਊਜ਼ੀਲੈਂਡ ਸਰਕਾਰ ਨੂੰ ਚਾਹੀਦਾ ਹੈ ਕਿ ਔਫਸ਼ੋਰ ਸਟੱਕ ਮਾਈਗਰੈਂਟਸ ਨੂੰ ਵੀ ਜਲਦੀ ਨਿਊਜ਼ੀਲੈਂਡ ਆਉਣ ਦੀ ਇਜਾਜਤ ਦਿੱਤੀ ਜਾਵੇ l ਜਿੱਥੇ ਉਨ੍ਹਾਂ ਨੂੰ ਇਸ ਮੁਲਕ ਵਿੱਚ ਆਉਣ ਦੀ ਲੋੜ ਹੈ ਉਥੇ ਹੀ ਇਸ ਮੁਲਕ ਨੂੰ ਉਨ੍ਹਾਂ ਦੀ ਵੱਧ ਲੋੜ ਹੈ l
ਇਥੇ ਵਸਦੇ ਓਵਰਸਟੇ ਵਿਅਕਤੀਆਂ ਨੂੰ ਵੀ ਕਨੂੰਨ ਵਿੱਚ ਲਿਆ ਕੇ ਛੇਤੀਂ ਪੱਕੇ ਕਰਨ ਦੀ ਲੋੜ ਹੈ ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇ ਪਹਿਲਾਂ ਹੀ ਮੁਲਕ ਵਿੱਚ ਆਰਥਿਕ ਤੌਰ ਤੇ ਮਜ਼ਬੂਤ ਹਨ ਅਤੇ ਉਹ ਮੁਲਕ ਤੇ ਕੋਈ ਬੋਝ ਵੀ ਨਹੀਂ ਬਣਨਗੇ l
ਅੱਜ ਨਿਊਜ਼ੀਲੈਂਡ ਦੇ ਬਾਰਡਰ ਖੁਲ੍ਹਣ ਤੇ ਆਉਣ ਵਾਲੇ ਯਾਤਰੀਆਂ ਦਾ ਸਵਾਗਤ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147