ਅੰਤਿਮ ਮਿਤੀ ਭਾਵ ਜਿਸ ਦਿਨ ਕੰਮ ਖਤਮ ਹੋਣਾ ਹੈ l ਕਿਸੇ ਵੀ ਕੰਮ ਨੂੰ ਕਰਨ ਵਿੱਚ ਅੰਤਿਮ ਮਿਤੀ ਦੇ ਤੈਅ ਹੋਣ ਦੀ ਬਹੁਤ ਅਹਿਮੀਅਤ ਹੁੰਦੀ ਹੈ l ਜਿਨ੍ਹਾਂ ਕੰਮਾਂ ਦੀ ਅੰਤਿਮ ਮਿਤੀ ਪਹਿਲੇ ਦਿਨ ਤੈਅ ਨਹੀਂ ਹੁੰਦੀ ਉਹ ਅਕਸਰ ਦੇਰੀ ਨਾਲ ਖਤਮ ਹੁੰਦੇ ਹਨ l ਖਾਸ ਤੌਰ ਤੇ ਕਿਸੇ ਵੀ ਕਾਰੋਬਾਰ ਦੀ ਕਾਮਯਾਬੀ ਵਿੱਚ ਅੰਤਿਮ ਮਿਤੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ l ਬਹੁਤ ਗਿਣਤੀ ਵਿੱਚ ਭਾਰਤ ਵਿੱਚ ਰਹਿੰਦਿਆਂ ਲੋਕ ਇਸ ਅਹਿਮੀਅਤ ਨੂੰ ਨਹੀਂ ਸਮਝਦੇ ਖਾਸ ਤੌਰ ਤੇ ਭਾਰਤ ਦੇ ਸਰਕਾਰੀ ਦਫਤਰਾਂ ਵਿੱਚ ਇਸ ਦੀ ਅਹਿਮੀਅਤ ਬਿਲਕੁਲ ਨਹੀਂ ਹੈ l ਜਦੋਂ ਵੀ ਕਿਸੇ ਦਫ਼ਤਰ ਵਿੱਚ ਕੋਈ ਕੰਮ ਕਰਵਾਉਣ ਜਾਂਦੇ ਹਾਂ ਤਾਂ ਦੱਸਿਆ ਜਾਂਦਾ ਹੈ ਕਿ ਸਾਹਿਬ ਜੀ ਅਜੇ ਆਏ ਨਹੀਂ ਹਨ l ਜੇਕਰ ਪੁੱਛ ਲਵੋ ਕਿ ਕਿੰਨੇ ਵਜੇ ਆਉਣਗੇ ਤਾਂ ਕਿਹਾ ਜਾਂਦਾ ਕਿ ਉਹ ਦੱਸ ਕੇ ਨਹੀਂ ਗਏ l ਹੁਣ ਦੇਖਣ ਦੀ ਲੋੜ ਹੈ ਕਿ ਜੇਕਰ ਸਾਹਿਬ ਚਾਹੁੰਦਾ ਤਾਂ ਦਫ਼ਤਰ ਵਿੱਚ ਦੱਸ ਕੇ ਜਾਂ ਲਿਖ ਕੇ ਜਾਂਦਾ ਕਿ ਉਸ ਨੇ ਕਿੰਨੇ ਵਜੇ ਆਉਣਾ ਹੈ ? ਸਾਹਿਬ ਇਹ ਵੀ ਨਹੀਂ ਸੋਚਦਾ ਕਿ ਮੈਨੂੰ ਜੋ ਸਰਕਾਰ ਵਲੋਂ ਤਨਖਾਹ ਮਿਲਦੀ ਹੈ ਉਹ ਲੋਕਾਂ ਦੇ ਪੈਸੇ ਨਾਲ ਹੀ ਮਿਲਦੀ ਹੈ ਅਤੇ ਫਿਰ ਮੈਂ ਲੋਕਾਂ ਨੂੰ ਹੀ ਦਫ਼ਤਰ ਦੇ ਧੱਕੇ ਖਵਾਉਂਦਾ ਹਾਂ l ਬਾਦ ਵਿੱਚ ਜਦੋਂ ਉਹੀ ਦਫ਼ਤਰ ਪ੍ਰਾਈਵੇਟ ਹੋ ਜਾਂਦੇ ਹਨ ਤਾਂ ਸਭ ਦਾ ਕੰਮ ਢੰਗ ਬਦਲ ਜਾਂਦਾ ਹੈ ਜੋ ਕਿ ਆਮ ਲੋਕਾਂ ਤੇ ਮੁਲਕ ਲਈ ਵਧੀਆ ਨਹੀਂ ਹੁੰਦਾ l
ਜਦੋਂ ਵਿਦੇਸ਼ਾਂ ਵਿੱਚ ਬੱਚੇ ਪੜ੍ਹਨ ਆਉਂਦੇ ਹਨ ਤਾਂ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਬਿਜਨੇਸ ਮੈਨੇਜਮੈਂਟ ਦੇ ਕੋਰਸ ਵਿੱਚ ਆਉਂਦੀ ਹੈ l ਪੜ੍ਹਾਈ ਤੋਂ ਬਾਦ ਉਨ੍ਹਾਂ ਕਿਸੇ ਬਿਜਨੇਸ ਦੇ ਮੈਨੇਜਰ ਹੋਣ ਦੇ ਨਾਤੇ ਕੰਪਨੀ ਦੀ ਵਾਂਗਡੋਰ ਸੰਭਾਲਣੀ ਹੁੰਦੀ ਹੈ l ਉਸ ਬਿਜਨੇਸ ਦੀ ਕਾਮਯਾਬੀ ਵੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਮੈਨੇਜਰ ਦੀ ਆਪਣੀ ਕਾਬਲੀਅਤ ਕੀ ਹੈ ? ਭਾਵ ਕੰਪਨੀ ਵਿੱਚ ਜਿਹੜੇ ਪ੍ਰਜੈਕਟ ਹੋਣੇ ਹਨ ਉਨ੍ਹਾਂ ਨੂੰ ਪੂਰੇ ਕਰਨ ਦੀ ਆਖਰੀ ਮਿਤੀ ਪਹਿਲੇ ਦਿਨ ਤੋਂ ਹੀ ਤਹਿ ਕਰਨੀ ਮੈਨੇਜਰ ਵਾਸਤੇ ਜ਼ਰੂਰੀ ਹੁੰਦੀ ਹੈ l ਫਿਰ ਉਸ ਪ੍ਰਜੈਕਟ ਨੂੰ ਪੂਰਾ ਕਰਨ ਵਾਸਤੇ ਯੋਗ ਕਦਮ ਪੁੱਟਣੇ ਹੁੰਦੇ ਹਨ l ਜੇਕਰ ਮੈਨੇਜਰ ਆਪ ਆਪਣੇ ਕੰਮਾਂ ਵਿੱਚ ਅੰਤਿਮ ਮਿਤੀ ਨਿਯਤ ਨਹੀਂ ਕਰੇਗਾ ਤਾਂ ਸਾਰੇ ਕਾਮਿਆਂ ਨੂੰ ਵੀ ਉਹੀ ਆਦਤ ਹੋਵੇਗੀ l ਇਸ ਦੇ ਸਿੱਟੇ ਵਜੋਂ ਕੋਈ ਵੀ ਕੰਮ ਸਮੇਂ ਸਿਰ ਨਹੀਂ ਹੋਵੇਗਾ l
ਜੇਕਰ ਮੈਨੇਜਰ ਦੇ ਦਫ਼ਤਰ ਆਉਣ ਦਾ ਆਪਣਾ ਕੋਈ ਸਮਾਂ ਨਹੀਂ ਹੈ ਤਾਂ ਕੰਪਨੀ ਦੇ ਫੇਲ੍ਹ ਹੋਣ ਦਾ ਵੱਡਾ ਕਾਰਨ ਉਹ ਖੁਦ ਬਣਦਾ ਹੈ l ਪਹਿਲਾਂ ਮੈਨੇਜਰ ਦਫ਼ਤਰ ਦੇਰੀ ਨਾਲ ਆਵੇਗਾ ਫਿਰ ਉਸ ਨੂੰ ਦੇਖ ਕੇ ਕਾਮੇ ਦੇਰੀ ਨਾਲ ਆਉਣਗੇ ਅਤੇ ਫਿਰ ਗਾਹਕਾਂ ਦਾ ਕੰਮ ਦੇਰੀ ਨਾਲ ਹੋਵੇਗਾ ਜਿਸ ਦੀ ਵਜ੍ਹਾ ਕਰਕੇ ਗਾਹਕ ਹੋਰ ਥਾਂ ਤੇ ਜਾਣ ਵਾਰੇ ਸੋਚਣਗੇ ਜੋ ਕਿ ਕਾਰੋਬਾਰ ਵਾਸਤੇ ਖਤਰੇ ਵਾਲੀ ਗੱਲ ਹੈ l
ਗੋਰਿਆਂ ਦੇ ਕਾਰੋਬਾਰਾਂ ਵਿੱਚ ਤਕਰੀਬਨ ਹਰ ਕੰਮ ਦੀ ਅੰਤਿਮ ਮਿਤੀ ਤਹਿ ਹੁੰਦੀ ਹੈ l ਜੇਕਰ ਕਿਸੇ ਵਜ੍ਹਾ ਕਰਕੇ ਉਹ ਕੰਮ ਉਸ ਦਿਨ ਤੱਕ ਨਹੀਂ ਹੁੰਦਾ ਤਾਂ ਉਹ ਕੰਪਨੀ ਗਾਹਕ ਤੋਂ ਮਾਫੀ ਮੰਗਦੀ ਹੈ ਅਤੇ ਕਈ ਹਾਲਤਾਂ ਵਿੱਚ ਉਹ ਆਪਣੀ ਗਲਤੀ ਕਰਕੇ ਗਾਹਕ ਤੋਂ ਘੱਟ ਪੈਸੇ ਲੈਂਦੇ ਹਨ l ਉਦਾਹਰਣ ਦੇ ਤੌਰ ਤੇ ਮੈਂ ਇੱਕ ਮਸ਼ਹੂਰ ਫ੍ਰੈਂਚਾਇਜ ਵਿੱਚ ਕੌਫੀ ਖਰੀਦਣ ਗਿਆ l ਉਹ ਤਕਰੀਬਨ ਤਿੰਨ ਕੁ ਮਿੰਟ ਵਿੱਚ ਗਾਹਕ ਭੁਗਤਾਉਂਦੇ ਸਨ ਪਰ ਉਸ ਦਿਨ ਉਨ੍ਹਾਂ ਨੂੰ ਜਿਆਦਾ ਗਾਹਕ ਹੋਣ ਕਰਕੇ ਛੇ ਮਿੰਟ ਲੱਗੇ l ਉਨ੍ਹਾਂ ਮੈਨੂੰ ਕੌਫੀ ਦੇਣ ਵੇਲੇ ਮਾਫੀ ਮੰਗੀ ਅਤੇ ਕੌਫੀ ਦੇ ਮੁੱਲ ਦਾ ਇੱਕ ਵਾਉਚਰ ਦਿੱਤਾ ਤਾਂ ਕਿ ਮੈਂ ਅਗਲੀ ਵਾਰ ਉਥੋਂ ਮੁਫ਼ਤ ਕੌਫੀ ਪੀ ਸਕਾਂ l ਇਸ ਨਾਲ ਉਨ੍ਹਾਂ ਆਪਣਾ ਗਾਹਕ ਰੁਸਣ ਨਹੀਂ ਦਿੱਤਾ l
ਮੈਂ ਤਕਰੀਬਨ 17 ਕੁ ਸਾਲ ਦਾ ਹੀ ਸੀ ਜਦੋਂ ਪੰਜਾਬ ਵਿੱਚ ਆਪਣਾ ਛਾਪੇ ਖਾਨੇ ਦਾ ਕੰਮ ਖੋਲ੍ਹਿਆ l ਉਸ ਵਿੱਚ ਸ਼ੁਰੂ ਤੋਂ ਹੀ ਹਰ ਕੰਮ ਦੀ ਅੰਤਿਮ ਮਿਤੀ ਰੱਖੀ ਹੁੰਦੀ ਸੀ ਜਿਸ ਨੂੰ ਗਾਹਕ ਬਹੁਤ ਪਸੰਦ ਕਰਦੇ ਸੀ l ਇਸੇ ਕਰਕੇ ਸਾਡਾ ਕਾਰੋਬਾਰ ਕੁੱਝ ਮਹੀਨਿਆਂ ਵਿੱਚ ਹੀ ਕਾਫੀ ਵਧ ਗਿਆ ਅਤੇ ਸਾਨੂੰ ਆਪਣੀ ਸਰਵਿਸ ਦਿਨ ਰਾਤ ਕਰਨੀ ਪਈ l
ਨਿਊਜ਼ੀਲੈਂਡ ਵਿੱਚ ਵੀ ਤਕਰੀਬਨ 25 ਸਾਲ ਗੋਰਿਆਂ ਦੀਆਂ ਵੱਡੀਆਂ ਕੰਪਨੀਆਂ ਦੀ ਮੈਨਜਮੈਂਟ ਕੀਤੀ ਜਾਂ ਆਪਣੀਆਂ ਕੰਪਨੀਆਂ ਦੀ ਮੈਨੇਜਮੈਂਟ ਕੀਤੀ ਜਿਸ ਵਿੱਚ ਵੱਖ ਵੱਖ ਮੁਲਕਾਂ ਦੇ ਹਜ਼ਾਰਾਂ ਕਾਮਿਆਂ ਨੇ ਕੰਮ ਕੀਤਾ ਪਰ ਅਸੂਲ ਉਥੇ ਵੀ ਉਹੀ ਰੱਖਿਆ ਕਿ ਹਰ ਗਾਹਕ ਨੂੰ ਅੰਤਿਮ ਮਿਤੀ ਆਰਡਰ ਲੈਣ ਵੇਲੇ ਹੀ ਦੇ ਦਿੱਤੀ ਜਾਂਦੀ ਸੀ l ਤੁਸੀਂ ਹੈਰਾਨ ਹੋਵੋਗੇ ਕਿ 25 ਸਾਲਾਂ ਵਿੱਚ ਇੱਕ ਵੀ ਕੰਮ ਕਦੇ ਵੀ ਦੇਰੀ ਨਾਲ ਨਹੀਂ ਹੋਇਆ ਬਲਕਿ ਬਹੁਤ ਹਾਲਤਾਂ ਵਿੱਚ ਮਿਥੇ ਸਮੇਂ ਤੋਂ ਪਹਿਲਾਂ ਹੋਇਆ l ਕਿਸੇ ਥਾਂ ਤੇ ਕਦੇ ਵੀ ਮੈਂ ਦੇਰੀ ਨਾਲ ਨਹੀਂ ਪਹੁੰਚਿਆ ਅਤੇ ਕਿਸੇ ਨੇ ਕਦੇ ਵੀ ਮੇਰੀ ਉਡੀਕ ਨਹੀਂ ਕੀਤੀ l
ਇਨ੍ਹਾਂ ਸਾਲਾਂ ਵਿੱਚ ਕੰਪਨੀਆਂ ਦੇ ਕਾਮਿਆਂ ਨੂੰ ਲੱਖਾਂ ਤਨਖਾਹਾਂ ਮਿਲੀਆਂ ਅਤੇ ਲੱਖਾਂ ਕਾਰੋਬਾਰਾਂ ਦੇ ਬਿੱਲਾਂ ਦੀ ਅਦਾਇਗੀ ਹੋਈ ਪਰ ਉਨ੍ਹਾਂ ਵਿੱਚੋ ਇੱਕ ਵੀ ਕਦੇ ਲੇਟ ਨਹੀਂ ਹੋਇਆ ਸੀ l
ਸਮੇਂ ਤੋਂ ਪਹਿਲਾਂ ਕੰਮ ਹੋਣ ਦਾ ਇੱਕ ਹੋਰ ਫਾਇਦਾ ਇਹ ਹੁੰਦਾ ਸੀ ਕਿ ਸਾਨੂੰ ਹੋਰ ਫਾਲਤੂ ਗਾਹਕ ਮਿਲ ਜਾਂਦੇ ਸਨ ਜਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਆਪਣੀਆਂ ਸੇਵਾਵਾਂ ਹੋਰ ਗਾਹਕਾਂ ਤੱਕ ਪਹੁੰਚਾ ਦਿੰਦੇ ਸੀ ਜਿਸ ਨਾਲ ਕੰਪਨੀਆਂ ਦੀ ਆਮਦਨ ਵਧ ਜਾਂਦੀ ਸੀ l
ਇਸ ਕਰਕੇ ਆਪਣੇ ਤਜਰਬੇ ਨਾਲ ਦੱਸ ਸਕਦਾ ਹਾਂ ਕਿ ਕਿਸੇ ਵੀ ਕੰਮ ਵਾਸਤੇ ਉਸ ਨੂੰ ਖਤਮ ਕਰਨ ਦੀ ਅੰਤਿਮ ਮਿਤੀ ਤਹਿ ਕਰਨੀ ਪਹਿਲੇ ਦਿਨ ਹੀ ਜ਼ਰੂਰੀ ਹੁੰਦੀ ਹੈ ਅਤੇ ਬਾਦ ਵਿੱਚ ਉਸ ਕੰਮ ਨੂੰ ਸਮੇਂ ਸਿਰ ਸਿਰੇ ਚਾੜ੍ਹਨ ਦੀ ਨੀਤੀ ਤਿਆਰ ਕਰਨੀ ਜ਼ਰੂਰੀ ਹੁੰਦੀ ਹੈ l ਇਹ ਆਦਤ ਕਾਰੋਬਾਰ ਨੂੰ ਕਾਮਯਾਬ ਕਰਨ ਵਾਸਤੇ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147