ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਉਸ ਕੋਰੀ ਕਾਪੀ ਵਰਗਾ ਹੁੰਦਾ ਹੈ ਜਿਸ ਦੇ ਬਹੁਤ ਜਿਆਦਾ ਵਰਕੇ ਖਾਲੀ ਹੁੰਦੇ ਹਨ l
ਉਹ ਜੋ ਸਕੂਲ ਵਿੱਚ ਦੇਖਦਾ ਹੈ, ਪੜ੍ਹਦਾ ਹੈ ਜਾਂ ਸਿੱਖਦਾ ਹੈ ਉਹ ਉਸ ਕਾਪੀ ਦੇ ਪੰਨਿਆਂ ਤੇ ਲਿਖਿਆ ਜਾਂਦਾ ਹੈ l ਇਨ੍ਹਾਂ ਪੰਨਿਆਂ ਤੇ ਲਿਖੇ ਨੂੰ ਦੁਬਾਰਾ ਮਿਟਾਉਣਾ ਬਹੁਤ ਔਖਾ ਹੁੰਦਾ ਹੈ l ਬਹੁਤ ਹੀ ਘੱਟ ਬੱਚੇ ਹੁੰਦੇ ਹਨ ਜੋ ਇਸ ਨੂੰ ਬਾਦ ਵਿੱਚ ਮਿਟਾ ਸਕਣ l ਇਸ ਕਰਕੇ ਮਾਪਿਆਂ, ਸਕੂਲ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਬੱਚੇ ਨੂੰ ਉਹ ਹੀ ਸਿਖਾਇਆ ਜਾਵੇ ਜਿਸ ਦੀ ਜ਼ਿੰਦਗੀ ਵਿੱਚ ਬਹੁਤ ਜਿਆਦਾ ਜ਼ਰੂਰਤ ਹੈ ਜਾਂ ਜਿਸ ਦੀ ਬਹੁਤ ਅਹਿਮੀਅਤ ਹੈ l
ਬਚਪਨ ਵਿੱਚ ਸਿੱਖਿਆ ਜਾਂ ਅਧਿਆਪਕਾਂ ਕੋਲੋਂ ਸਿੱਖਿਆ ਹੀ ਬੱਚਿਆਂ ਨੂੰ ਆਖਰੀ ਸੱਚ ਲਗਦਾ ਹੈ l ਫਿਰ ਉਹ ਸੱਚ ਜਾਂ ਸਿੱਖਿਆ ਹੋਇਆ ਬੱਚੇ ਦੀ ਜ਼ਿੰਦਗੀ ਵਿੱਚ ਕੰਮ ਆਵੇ ਜਾਂ ਨਾ, ਬੱਚਾ ਉਸ ਤੇ ਹੀ ਪਹਿਰਾ ਦਿੰਦਾ ਹੈ l
ਸਾਡਾ ਸਕੂਲ ਸਿਸਟਮ ਵਿਦਿਆਰਥੀਆਂ ਨੂੰ ਅੰਕਾਂ ਦੀ ਦੌੜ ਸਿਖਾਉਂਦਾ ਹੈ l ਇਸੇ ਤੇ ਅਧਾਰਿਤ ਹੀ ਮੈਰਿਟ, ਪਹਿਲਾ ਦਰਜ਼ਾ, ਦੂਜਾ ਦਰਜ਼ਾ ਅਤੇ ਤੀਜਾ ਦਰਜ਼ਾ ਤਹਿ ਕੀਤਾ ਜਾਂਦਾ ਹੈ l
ਆਮ ਤੌਰ ਤੇ ਪੜ੍ਹਾਈ ਵਿੱਚੋਂ ਹੁਸ਼ਿਆਰ ਬੱਚੇ ਜ਼ਮਾਤ ਵਿੱਚ ਅੱਗੇ ਬੈਠਣ ਲਗਦੇ ਹਨ ਪਰ ਨਲਾਇਕ (ਜੋ ਪੜ੍ਹਾਈ ਵਿੱਚ ਪਿੱਛੇ ਹੋਣ) ਬੱਚੇ ਜ਼ਮਾਤ ਵਿੱਚ ਪਿੱਛੇ ਬੈਠਣ ਲਗਦੇ ਹਨ l ਨਲਾਇਕ ਬੱਚੇ ਪਿੱਛੇ ਬੈਠਣ ਨਾਲ ਹੋਰ ਨਲਾਇਕ ਹੋ ਜਾਂਦੇ ਹਨ ਕਿਉਂਕਿ ਅਧਿਆਪਕ ਉਨ੍ਹਾਂ ਤੇ ਕੰਮ ਕਰਨਾ ਘੱਟ ਕਰ ਦਿੰਦੇ ਹਨ l
ਜ਼ਮਾਤ ਵਿੱਚ ਅੱਗੇ ਬੈਠਣ ਵਾਲੇ ਬੱਚੇ ਅੰਕਾਂ ਦੀ ਦੌੜ ਵਿੱਚ ਅੱਗੇ ਹੁੰਦੇ ਹਨ ਪਰ ਬਹੁਤ ਵਾਰ ਉਹ ਅੰਕ ਕਿਤਾਬਾਂ ਨੂੰ ਘੋਟਾ (ਰੱਟਾ) ਲਗਾ ਕੇ ਪ੍ਰਾਪਤ ਕੀਤੇ ਜਾਂਦੇ ਹਨ l ਰੱਟਾ ਲਗਾਉਣ ਵਾਲੀ ਚੀਜ਼ ਹਮੇਸ਼ਾਂ ਯਾਦ ਨਹੀਂ ਰਹਿੰਦੀ l
ਜ਼ਮਾਤ ਵਿੱਚ ਪਿੱਛੇ ਬੈਠਣ ਵਾਲੇ ਬੱਚੇ ਰੱਟਾ ਲਗਾਉਣ ਵਿੱਚ ਕਾਮਯਾਬ ਨਹੀਂ ਹੁੰਦੇ ਜਿਸ ਕਰਕੇ ਉਹ ਅੰਕਾਂ ਵਿੱਚ ਪਿੱਛੇ ਰਹਿ ਜਾਂਦੇ ਹਨ ਅਤੇ ਫੇਲ੍ਹ ਵੀ ਹੋ ਜਾਂਦੇ ਹਨ l ਕਈ ਵਾਰ ਉਨ੍ਹਾਂ ਨੂੰ ਸਕੂਲਾਂ ਵਿੱਚੋਂ ਵੀ ਕੱਢ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਅੱਕ ਕੇ ਉਹ ਖੁਦ ਪੜ੍ਹਾਈ ਛੱਡ ਜਾਂਦੇ ਹਨ l
ਪੜ੍ਹਾਈ ਛੱਡਣ ਕਰਕੇ ਜਾਂ ਘੱਟ ਪੜ੍ਹੇ ਹੋਣ ਕਰਕੇ ਉਹ ਛੋਟੇ ਕੰਮ ਸਿੱਖਣੇ ਜਾਂ ਕਰਨੇ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਕੰਮਾਂ ਵਿੱਚ ਕਈ ਬਹੁਤ ਨਿਪੁੰਨ (ਕਾਰੀਗਰ) ਬਣ ਜਾਂਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦੀ ਕਿਰਤ ਦੀ ਕਦਰ ਪੈਂਦੀ ਹੈ l ਉਨ੍ਹਾਂ ਵਿੱਚੋਂ ਕੁੱਝ ਆਪਣੇ ਕਾਰੋਬਾਰ ਸ਼ੁਰੂ ਕਰਕੇ ਹੋਰਾਂ ਲਈ ਨੌਕਰੀਆਂ ਪੈਦਾ ਕਰ ਦਿੰਦੇ ਹਨ l
ਇਨ੍ਹਾਂ ਘੱਟ ਪੜ੍ਹਿਆਂ ਤੋਂ ਇਹ ਇਸ ਕਰਕੇ ਹੋਇਆ ਕਿਉਂਕਿ ਹੁੰਨਰ ਹਾਸਿਲ ਕਰਨ ਲਈ ਅੰਕਾਂ ਦੀ ਦੌੜ ਦੀ ਲੋੜ ਨਹੀਂ ਸੀ ਅਤੇ ਰੱਟੇ ਦੀ ਵੀ ਲੋੜ ਨਹੀਂ ਸੀ l
ਜੋ ਮੇਰੇ ਨਾਲ ਪੜ੍ਹਦੇ ਹੁੰਦੇ ਸੀ ਅਤੇ ਅੱਠਵੀਂ ਜ਼ਮਾਤ ਪੂਰੀ ਕਰਨ ਤੋਂ ਪਹਿਲਾਂ ਪੜ੍ਹਨ ਤੋਂ ਹਟ ਗਏ ਸਨ ਉਨ੍ਹਾਂ ਵਿੱਚੋਂ ਜਿਆਦਾ ਕਿਸੇ ਨਾ ਕਿਸੇ ਕੰਮ ਦੇ ਚੰਗੇ ਕਾਰੀਗਰ ਹਨ l ਜਦੋਂ ਪਿੰਡ ਜਾ ਕੇ ਆਪਣੇ ਘਰ ਦੀ ਰੈਨੋਵੇਸ਼ਨ ਕਰ ਰਿਹਾ ਸੀ ਤਾਂ ਚਾਰ ਵਿਅਕਤੀ ਉੱਥੇ ਵੱਖ ਵੱਖ ਕੰਮ ਕਰਨ ਆਏ ਜਿਨ੍ਹਾਂ ਦੱਸਿਆ ਕਿ ਉਹ ਮੇਰੇ ਨਾਲ ਪੜ੍ਹਦੇ ਹੁੰਦੇ ਸੀ ਪਰ ਪ੍ਰਾਇਮਰੀ ਸਕੂਲ ਵਿੱਚ ਹੀ ਪੜ੍ਹਾਈ ਛੱਡ ਗਏ ਸਨ l ਉਨ੍ਹਾਂ ਵਿੱਚ ਰਾਜ ਮਿਸਤਰੀ, ਪਲੰਬਰ, ਇਲੈਕਟ੍ਰਿਸ਼ਨ, ਟਾਈਲਾਂ ਲਗਾਉਣ ਵਾਲੇ, ਪੱਥਰ ਲਗਾਉਣ ਵਾਲੇ, ਸਬਜ਼ੀ ਦੀਆਂ ਦੁਕਾਨਾਂ ਵਾਲੇ, ਕੱਪੜੇ ਦੀਆਂ ਦੁਕਾਨਾਂ ਵਾਲੇ, ਕਰਿਆਨੇ ਦੀਆਂ ਦੁਕਾਨਾਂ ਵਾਲੇ ਅਤੇ ਮਕੈਨਿਕ ਸ਼ਾਮਿਲ ਸਨ l ਮੈਂ ਉਨ੍ਹਾਂ ਨੂੰ ਬਹੁਤ ਸਾਲਾਂ ਬਾਦ ਮਿਲਿਆ ਜਿਸ ਕਾਰਣ ਪਹਿਚਾਣ ਨਹੀਂ ਸਕਿਆ ਸੀ ਪਰ ਜਦੋਂ ਉਨ੍ਹਾਂ ਨੇ ਆਪਣੇ ਨਾਮ ਦੱਸੇ ਤਾਂ ਮੈਨੂੰ ਉਹ ਸਾਰੇ ਯਾਦ ਆ ਗਏ ਸਨ l ਉਹ ਮੈਨੂੰ ਸਾਡਾ ਘਰ ਦੇਖ ਕੇ ਪਹਿਚਾਣ ਗਏ ਸਨ ਕਿਉਂਕਿ ਉਹ ਜਾਣਦੇ ਸਨ ਕਿ ਇਸ ਘਰੋਂ ਵੀ ਉਨ੍ਹਾਂ ਨਾਲ ਕੋਈ ਪੜ੍ਹਦਾ ਹੁੰਦਾ ਸੀ l
ਉਨ੍ਹਾਂ ਵਿੱਚੋਂ ਇੱਕ ਵਿਅਕਤੀ ਮਿਲਿਆ ਜੋ ਤਿੰਨ ਜ਼ਮਾਤਾਂ ਪੜ੍ਹ ਕੇ ਸਕੂਲ ਛੱਡ ਗਿਆ ਸੀ l ਉਸ ਨੇ ਮੈਨੂੰ ਦੱਸਿਆ ਕਿ ਉਹ ਬਾਦ ਵਿੱਚ ਵਿਦੇਸ਼ ਚਲਾ ਗਿਆ ਸੀ ਅਤੇ ਉੱਥੇ ਉਸ ਨੇ ਬਹੁਤ ਕੰਮ ਕੀਤਾ l ਹੁਣ ਉਸ ਦੀਆਂ ਪਿੰਡ ਵਿੱਚ ਤਿੰਨ ਕੋਠੀਆਂ ਹਨ l ਮੈਂ ਉਸ ਨੂੰ ਹੱਸਣ ਲੱਗ ਪਿਆ ਕਿ ਯਾਰ ਇਹ ਤਾਂ ਬਹੁਤ ਵੱਡੀ ਪ੍ਰਾਪਤੀ ਹੈ, ਤਿੰਨ ਜ਼ਮਾਤਾਂ ਨਾਲ ਤਿੰਨ ਕੋਠੀਆਂ l ਅਸੀਂ ਖੂਬ ਹੱਸੇ l ਉਹ ਕਹਿਣ ਲੱਗਾ ਕਿ ਮੈਂ ਅੰਕਾਂ ਦੀ ਦੌੜ ਵਿੱਚੋਂ ਬਾਹਰ ਹੋ ਗਿਆ ਸੀ ਜਿਸ ਕਾਰਣ ਇਹ ਕੁੱਝ ਕਰ ਸਕਿਆ l
ਅੱਜ ਦੇ ਜ਼ਮਾਨੇ ਵਿੱਚ ਅੰਕਾਂ ਦੀ ਦੌੜ ਕੰਮ ਨਹੀਂ ਕਰਦੀ, ਹੁੰਨਰ ਜਾਂ ਕਿੱਤਾ ਕੰਮ ਕਰਦਾ ਹੈ l ਜਿਸ ਤਰਾਂ ਤੇਜ਼ੀ ਨਾਲ ਬਦਲਾਓ ਹੋ ਰਿਹਾ ਹੈ ਕਿਸੇ ਇੱਕ ਕਿੱਤੇ ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ l ਆਪਣੇ ਵਿੱਚ 5-6 ਹੁੰਨਰ ਪੈਦਾ ਕਰਨ ਦੀ ਲੋੜ ਹੈ l ਇਹ ਵੀ ਜ਼ਰੂਰੀ ਨਹੀਂ ਕਿ ਇਹ ਹੁੰਨਰ ਵੱਧ ਪੜ੍ਹਾਈ ਨਾਲ ਸਕੂਲਾਂ ਜਾਂ ਕਾਲਜਾਂ ਵਿੱਚੋਂ ਹੀ ਪ੍ਰਾਪਤ ਕੀਤੇ ਜਾਣ l
ਸਭ ਤੋਂ ਜ਼ਰੂਰੀ ਹੈ ਆਪਣੇ ਮਾਈਂਡ ਨੂੰ ਖੁੱਲ੍ਹੇ ਰੱਖਣਾ ਅਤੇ ਆਪਣੇ ਆਪ ਨੂੰ ਊਣੇ ਰੱਖਣਾ ਤਾਂ ਜੋ ਨਵੀਂ ਜਾਣਕਾਰੀ ਨੂੰ ਅਸੀਂ ਪ੍ਰਾਪਤ (adopt) ਕਰ ਸਕੀਏ l
ਸਾਨੂੰ ਅੰਕਾਂ ਦੀ ਦੌੜ ਵਿੱਚੋਂ ਬਾਹਰ ਆ ਕੇ ਜ਼ਿੰਦਗੀ ਦੀ ਦੌੜ ਬਾਰੇ ਸਿੱਖਣਾ ਚਾਹੀਦਾ ਹੈ ਤਾਂ ਕਿ ਇਸ ਵਿੱਚ ਕੁੱਝ ਅਰਾਮ ਮਿਲ ਸਕੇ l
ਜ਼ਿੰਦਗੀ ਦੀ ਦੌੜ ਆਸਾਨ ਬਣਾਉਣ ਲਈ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਮੇਰੀ ਅੰਗਰੇਜ਼ੀ ਦੀ ਕਿਤਾਬ Homeless to Multi-Millionaire ਪੜ੍ਹ ਸਕਦੇ ਹੋ l ਕਿਤਾਬ ਟਰੇਡ ਮੀ ਤੋਂ, ਥੱਲੇ ਦਿੱਤੇ ਲਿੰਕ ਤੋਂ ਜਾਂ ਮੇਰੇ ਕੋਲੋਂ ਮੰਗਵਾ ਸਕਦੇ ਹੋ l ਇਹ ਕਿਤਾਬ ਆਰਥਿਕਤਾ ਮਜ਼ਬੂਤ ਕਰਨ ਵਾਸਤੇ ਆਪਣੇ ਤਜ਼ਰਬੇ ਦੇ ਅਧਾਰ ਤੇ ਲਿਖੀ ਗਈ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147