ਪੈਸੇ ਦੀ ਕਮੀ ਵਿਅਕਤੀ ਨੂੰ ਗਰੀਬ ਨਹੀਂ ਰੱਖਦੀ ਸਗੋਂ ਸੋਚ ਦੀ ਗਰੀਬੀ ਵਿਅਕਤੀ ਨੂੰ ਹਮੇਸ਼ਾਂ ਗਰੀਬ ਰੱਖਦੀ ਹੈ l
ਜਦੋਂ ਸੋਚ ਦੀ ਗਰੀਬੀ ਹੋਵੇ ਤਾਂ ਉਸ ਵਿੱਚ ਰਹਿੰਦਿਆਂ ਵਿਅਕਤੀ ਨੂੰ ਉਸੇ ਹਾਲਤ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ l ਉਹ ਆਪਣੇ ਆਲੇ ਦੁਆਲੇ ਨਾਲ ਹੀ ਆਪਣੇ ਆਪ ਨੂੰ ਮਿਲਾ ਕੇ ਗਰੀਬ ਜਾਂ ਅਮੀਰ ਸਮਝਣ ਲਗਦਾ ਹੈ ਭਾਵੇਂ ਕਿ ਉਸ ਦਾ ਆਲਾ ਦੁਆਲਾ ਵੀ ਥੋੜ੍ਹੇ ਫ਼ਰਕ ਨਾਲ ਉਸ ਵਰਗਾ ਹੀ ਹੁੰਦਾ ਹੈ l
ਜਿਵੇਂ ਜਿਵੇਂ ਕਿਸੇ ਗਰੀਬ ਵਿਅਕਤੀ ਕੋਲ ਪੈਸਾ ਵਧਦਾ ਹੈ ਤਾਂ ਉਸ ਦੇ ਨਾਲ ਹੀ ਉਸ ਦੀਆਂ ਗਰੀਬ ਹੋਣ ਦੀਆਂ ਆਦਤਾਂ ਵਿੱਚ ਵਾਧਾ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਉਹ ਵੱਧ ਪੈਸੇ ਕਮਾ ਕੇ ਵੀ ਗਰੀਬ ਹੀ ਰਹਿੰਦਾ ਹੈ l
ਉਦਾਹਰਣ ਦੇ ਤੌਰ ਤੇ ਪੈਸੇ ਪੱਖੋਂ ਗਰੀਬ ਵਿਅਕਤੀ ਕੋਲ ਜਦੋਂ ਹੋਰ ਪੈਸੇ ਆਉਂਦੇ ਹਨ ਤਾਂ ਉਹ ਆਪਣੀਆਂ ਹੋਰ ਮਹਿੰਗੀਆਂ ਚੀਜ਼ਾਂ ਖਰੀਦਦਾ ਹੈ ਜਿਵੇਂ ਨਵਾਂ ਫੋਨ, ਨਵਾਂ ਟੈਲੀਵੀਜ਼ਨ, ਨਵਾਂ ਸੋਫਾ, ਨਵੀਂ ਕਾਰ, ਘਰ, ਮੋਟਰਸਾਈਕਲ, ਮਹਿੰਗੇ ਕੱਪੜੇ, ਬਿਊਟੀ ਪਾਰਲਰ ਅਤੇ ਫਾਸਟ ਫੂਡ ਆਦਿ l
ਉਪਰੋਕਤ ਸ਼ੌਂਕ ਜਾਂ ਆਦਤਾਂ ਉਸ ਵਿਅਕਤੀ ਨੂੰ ਹੋਰ ਲੰਬਾ ਸਮਾਂ ਗਰੀਬ ਰੱਖਦੀਆਂ ਹਨ ਅਤੇ ਇਹ ਆਦਤ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ l
ਇਸ ਦੇ ਉਲਟ ਬਹੁਤ ਥੋੜ੍ਹੇ ਗਰੀਬ ਲੋਕ ਇਸ ਹਾਲਤ ਵਿੱਚੋਂ ਨਿਕਲਦੇ ਹਨ ਜੋ ਛੋਟੇ ਛੋਟੇ ਕੰਮ ਕਰਕੇ ਹੀ ਮੱਧ ਵਰਗੀ ਜਾਂ ਅਮੀਰ ਬਣਦੇ ਹਨ l ਤੁਸੀਂ ਦੇਖਿਆ ਹੋਵੇਗਾ ਕਿ ਕੁੱਝ ਲੋਕਾਂ ਨੇ ਸਬਜ਼ੀਆਂ ਜਾਂ ਫ਼ਲ ਵੇਚ ਕੇ ਹੀ ਕੋਠੀਆਂ ਪਾ ਲਈਆਂ ਜਾਂ ਕੁੱਝ ਜੋ ਕੂੜ੍ਹੇ ਦੇ ਢੇਰਾਂ ਵਿੱਚੋਂ ਪਲਾਸਟਿਕ, ਲੋਹਾ, ਬੋਤਲਾਂ ਅਤੇ ਟੁੱਟੀਆਂ ਜੁੱਤੀਆਂ ਚੁੱਕਦੇ ਸਨ ਉਹ ਹੀ ਵੱਡੇ ਕਵਾੜੀਏ ਬਣ ਗਏ l ਫ਼ਰਕ ਇਹ ਹੀ ਹੈ ਕਿ ਇਨ੍ਹਾਂ ਲੋਕਾਂ ਨੇ ਆਪਣੀ ਸੋਚ ਬਦਲ ਕੇ ਕੁੱਝ ਵੱਖਰਾ ਕੀਤਾ l
ਅਸੀਂ ਅਕਸਰ ਹੀ ਆਪਣੀਆਂ ਨਾਕਾਮਯਾਬੀਆਂ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਜਿਵੇਂ ਮੇਰੇ ਹਾਲਾਤ ਠੀਕ ਨਹੀਂ ਸਨ, ਸਰਕਾਰਾਂ ਜ਼ਿੰਮੇਵਾਰ ਨਹੀਂ ਸਨ, ਸਾਡੇ ਨਾਲ ਦੂਜਿਆਂ ਨੇ ਧੋਖਾ ਕੀਤਾ ਜਾਂ ਮੇਰੀ ਕਿਸਮਤ ਮਾੜੀ ਸੀ ਜਾਂ ਮੇਰੇ ਕੋਲ ਪੈਸੇ ਦੀ ਘਾਟ ਸੀ ਆਦਿ ਪਰ ਇਸ ਸਭ ਵਿੱਚ ਆਪਣੀ ਜ਼ਿੰਮੇਵਾਰੀ ਜਾਂ ਆਪਣੀਆਂ ਕਮੀਆਂ ਦਾ ਜ਼ਿਕਰ ਕਿਤੇ ਵੀ ਨਹੀਂ ਕਰਦੇ ਜਿਸ ਕਾਰਣ ਉਹ ਕਮੀਆਂ ਦੂਰ ਨਹੀਂ ਹੁੰਦੀਆਂ l
ਲੋੜ ਹੈ ਆਪਣੀਆਂ ਕਮੀਆਂ ਲੱਭਣ ਦੀ, ਉਨ੍ਹਾਂ ਨੂੰ ਦੂਰ ਕਰਨ ਦੀ ਅਤੇ ਆਪਣੀਆਂ ਆਦਤਾਂ ਬਦਲਣ ਦੀ l
ਜਿਸ ਦਿਨ ਆਦਤਾਂ ਬਦਲਣਗੀਆਂ ਉਸੇ ਦਿਨ ਹਾਲਾਤ ਬਦਲਣਗੇ ਅਤੇ ਉਸੇ ਨਾਲ ਗਰੀਬੀ ਵਿੱਚੋਂ ਅਮੀਰੀ ਵਾਲ ਪੈਰ ਪੁੱਟ ਹੋਣਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)