-ਆਪਣੇ ਤਜਰਬੇ ਦੇ ਅਧਾਰ ਤੇ
ਹਰ ਇਨਸਾਨ ਦੀ ਜਿੰਦਗੀ ਵਿੱਚ ਚੰਗੀਆਂ ਅਤੇ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ, ਚੰਗੇ ਮਾੜੇ ਕੰਮ ਮਨੁੱਖ ਕੋਲੋਂ ਹੁੰਦੇ ਹਨ l ਜਿੱਤਾਂ ਅਤੇ ਹਾਰਾਂ ਵੀ ਹੁੰਦੀਆਂ ਹਨ ਭਾਵ ਸਫਲਤਾ ਅਤੇ ਅਸਫਲਤਾ ਹੁੰਦੀ ਹੈ l
ਹਰ ਇੱਕ ਇਨਸਾਨ ਨੂੰ ਇਹ ਫੈਸਲਾ ਕਰਨ ਦੀ ਲੋੜ ਹੈ ਕਿ ਉਸ ਨੇ ਅਸਫਲਤਾਵਾਂ ਤੇ ਅਫਸੋਸ ਕਰਕੇ ਜਿੰਦਗੀ ਗੁਜਾਰਨੀ ਹੈ ਜਾਂ ਆਪਣੀਆਂ ਕਾਮਯਾਬੀਆਂ ਤੇ ਮਾਣ ਕਰਕੇ?
ਅਸਫਲਤਾਵਾਂ ਤੇ ਅਫਸੋਸ ਕਰਨਾ ਜਾਂ ਉਨ੍ਹਾਂ ਨੂੰ ਸੋਚ ਸੋਚ ਕੇ ਝੂਰਨਾ ਇਨਸਾਨ ਨੂੰ ਅਖੀਰ ਵਿੱਚ ਮਾਨਸਿਕ ਰੋਗਾਂ ਵੱਲ ਖਿੱਚ ਕੇ ਲੈ ਜਾਂਦਾ ਹੈ l ਮਾਨਸਿਕ ਰੋਗਾਂ ਦਾ ਇਲਾਜ ਵੀ ਲੰਬਾ ਸਮਾਂ ਚੱਲਦਾ ਹੈ l ਕਈ ਮਾਨਸਿਕ ਰੋਗਾਂ ਵਿੱਚ ਮਰੀਜ਼ ਆਪਣੇ ਹਲਾਤ ਵੀ ਖੁਦ ਬਿਆਨ ਨਹੀਂ ਕਰ ਸਕਦਾ ਜਿਸ ਕਾਰਣ ਇਲਾਜ ਵਿੱਚ ਵੀ ਕਾਫੀ ਮੁਸ਼ਕਲ ਆਉਂਦੀ ਹੈ l
ਸ਼ੁਰੂ ਤੋਂ ਹੀ ਲੋਕਪੱਖੀ ਕੰਮ ਕਰਨ ਅਤੇ ਲੋਕਾਂ ਨੂੰ ਵੱਖ ਵੱਖ ਕਿੱਤਿਆਂ ਵਿੱਚ ਸਿਖਲਾਈ ਦੇਣ ਕਾਰਣ ਅਣਗਿਣਤ ਲੋਕ ਮੇਰੇ ਨਾਲ ਜੁੜੇ ਹੋਏ ਹਨ l
ਲੋਕਾਂ ਦੇ ਨੇੜੇ ਹੋਣ ਕਾਰਣ ਉਹ ਅਕਸਰ ਮੇਰੇ ਨਾਲ ਪਰਿਵਾਰਕ ਮਸਲਿਆਂ ਬਾਰੇ ਸਾਂਝ ਪਾ ਲੈਂਦੇ ਹਨ l ਉਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਮੈਂ ਇੱਕ ਦੀ ਗੱਲ ਦੂਜੇ ਨੂੰ ਨਹੀਂ ਦੱਸਦਾ l ਉਨ੍ਹਾਂ ਵੱਖ ਵੱਖ ਲੋਕਾਂ ਨਾਲ ਗੱਲ ਕਰਕੇ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਅਤੇ ਉਨ੍ਹਾਂ ਨੂੰ ਵੀ ਸਿੱਖਣ ਨੂੰ ਮਿਲਦਾ ਹੈ l
ਵਿਚਾਰ ਜਦੋਂ ਇੱਕ ਦੂਜੇ ਨਾਲ ਸਾਂਝੇ ਹੁੰਦੇ ਹਨ ਤਾਂ ਨਵੇਂ ਵਿਚਾਰ ਵੀ ਪੈਦਾ ਹੁੰਦੇ ਹਨ ਜੋ ਭਵਿੱਖ ਲਈ ਲਾਹੇਵੰਦ ਹੁੰਦੇ ਹਨ l
ਜਦੋਂ ਲੋਕ ਮੈਨੂੰ ਮਿਲਣ ਆਉਂਦੇ ਹਨ ਤਾਂ ਕਈ ਵਾਰ ਬਹੁਤ ਨਿਰਾਸ਼ ਹਾਲਤ ਵਿੱਚ ਹੁੰਦੇ ਹਨ l ਹੈਰਾਨੀ ਹੁੰਦੀ ਹੈ ਕਿ ਵਾਪਸ ਜਾਣ ਵੇਲੇ ਉਨ੍ਹਾਂ ਦੀ ਨਿਰਾਸ਼ਾ ਘਟ ਜਾਂਦੀ ਹੈ l ਇਸ ਦਾ ਮਤਲਬ ਹੈ ਕਿ ਵਿਅਕਤੀ ਦੀ ਨਿਰਾਸ਼ਾ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ ਕਿ ਉਹ ਕਿਸ ਵਿਅਕਤੀ ਨੂੰ ਮਿਲਦੇ ਹਨ, ਕਿਹੜੇ ਵਿਚਾਰ ਸੁਣਦੇ ਹਨ ਅਤੇ ਕੀ ਪੜ੍ਹਦੇ ਹਨ?
ਆਪਣੇ ਪ੍ਰਤੀ ਅਫਸੋਸ ਪ੍ਰਗਟ ਕਰਨ ਜਾਂ ਨਿਰਾਸ਼ਤਾ ਤੋਂ ਬਚਣ ਲਈ ਜਰੂਰੀ ਹੈ ਕਿ ਸੋਚ ਸਮਝ ਕੇ ਫੈਸਲਾ ਲਿਆ ਜਾਵੇ ਕਿ ਕਿਸ ਨੂੰ ਮਿਲਣਾ ਹੈ, ਕੀ ਪੜ੍ਹਨਾ ਹੈ ਅਤੇ ਜਿੰਦਗੀ ਵਿੱਚ ਕਿਸ ਤਰਾਂ ਦੇ ਵਿਚਾਰ ਅਪਣਾਉਣੇ ਹਨ ਜਾਂ ਅਪਣਾਉਣ ਦੀ ਕੋਸ਼ਿਸ਼ ਕਰਨੀ ਹੈ?
ਜਿਸ ਵੇਲੇ ਲੋਕਾਂ ਦੀ ਨਿਰਾਸ਼ਤਾ ਦੇ ਕਾਰਣ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਅਕਸਰ ਉਨ੍ਹਾਂ ਲੋਕਾਂ ਨੂੰ ਅਫਸੋਸ ਇਸ ਗੱਲ ਦਾ ਹੁੰਦਾ ਹੈ ਜੋ ਉਹ ਜਿੰਦਗੀ ਵਿੱਚ ਨਹੀਂ ਕਰ ਸਕੇ ਜਾਂ ਠੀਕ ਤਰਾਂ ਨਹੀਂ ਕਰ ਸਕੇ l ਕਈ ਵਾਰ ਉਹ ਇਸ ਨੂੰ ਲੈ ਕੇ ਮਾਨਸਿਕ ਰੋਗਾਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ l
ਉਨ੍ਹਾਂ ਨਾਲ ਲੰਬੀ ਗੱਲਬਾਤ ਕਰਨ, ਉਨ੍ਹਾਂ ਦੀ ਜਿੰਦਗੀ ਬਾਰੇ ਜਾਨਣ ਅਤੇ ਨਿਰਾਸ਼ਤਾ ਦੇ ਕਾਰਣ ਜਾਨਣ ਤੋਂ ਬਾਦ ਮੈਂ ਉਨ੍ਹਾਂ ਨੂੰ ਅਕਸਰ ਪੁੱਛਦਾ ਹਾਂ ਕਿ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਜਿੰਦਗੀ ਵਿੱਚ ਕੀ ਕੀ ਚੰਗਾ ਕੀਤਾ ਹੈ? ਉਨ੍ਹਾਂ ਨੇ ਨਿਰਾਸ਼ਤਾ ਬਾਰੇ ਦੱਸਣ ਵੇਲੇ ਮੈਨੂੰ ਕੋਈ ਵੀ ਚੰਗਾ ਕੰਮ ਕੀਤਾ ਦੱਸਿਆ ਨਹੀਂ ਹੁੰਦਾ l
ਬੜੀ ਹੈਰਾਨੀ ਹੁੰਦੀ ਹੈ ਕਿ ਮੇਰੇ ਪੁੱਛਣ ਤੇ ਉਹ ਮੈਨੂੰ ਬਹੁਤ ਸਾਰੇ ਚੰਗੇ ਕੰਮ ਕੀਤੇ ਵੀ ਗਿਣਾ ਦਿੰਦੇ ਹਨ ਜਿਨ੍ਹਾਂ ਨੂੰ ਸੁਣ ਕੇ ਮੈਨੂੰ ਵੀ ਉਨ੍ਹਾਂ ਤੇ ਮਾਣ ਮਹਿਸੂਸ ਹੁੰਦਾ ਹੈ l ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਜੋ ਤੁਸੀਂ ਇਹ ਕੰਮ ਕੀਤੇ ਹਨ l ਇਹ ਬਹੁਤ ਵਧੀਆ ਹਨ l ਤੁਹਾਨੂੰ ਇਨ੍ਹਾਂ ਕੰਮਾਂ ਤੇ ਬਹੁਤ ਮਾਣ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਕੰਮਾਂ ਦੀ ਹੋਰ ਲੋਕਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਤਾਂ ਕਿ ਹੋਰ ਲੋਕ ਵੀ ਇਹੋ ਜਿਹੇ ਕੰਮ ਕਰਨ l
ਮੇਰੇ ਏਨੀ ਗੱਲ ਕਰਨ ਤੋਂ ਬਾਦ ਉਨ੍ਹਾਂ ਦੇ ਚਿਹਰੇ ਤੋਂ ਨਿਰਾਸ਼ਤਾ ਘਟਦੀ ਸਾਫ ਦਿਖਾਈ ਦਿੰਦੀ ਹੈ l ਜਦੋਂ ਕੋਈ ਮਜ਼ਾਕ ਦੀ ਗੱਲ ਕਰਦੇ ਹਾਂ ਤਾਂ ਉਹ ਹੱਸਣਾ ਵੀ ਸ਼ੁਰੂ ਕਰ ਦਿੰਦੇ ਹਨ l ਪਹਿਲਾਂ ਉਹ ਹੱਸਦੇ ਵੀ ਬਹੁਤ ਘੱਟ ਸਨ l
ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਜੋ ਕੰਮ ਤੁਸੀਂ ਨਹੀਂ ਕਰ ਸਕੇ ਜਾਂ ਠੀਕ ਤਰਾਂ ਨਹੀਂ ਕਰ ਸਕੇ ਜਾਂ ਜਿਨ੍ਹਾਂ ਕੰਮਾਂ ਨੂੰ ਕਰਦਿਆਂ ਤੁਹਾਡੇ ਕੋਲੋਂ ਗਲਤੀਆਂ ਹੋਈਆਂ ਹਨ ਉਨ੍ਹਾਂ ਬਾਰੇ ਫਿਕਰ/ਚਿੰਤਾ ਨਾ ਕਰੋ l ਸਿਰਫ ਉਨ੍ਹਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ l ਗਲਤੀਆਂ ਹਰ ਇਨਸਾਨ ਕੋਲੋਂ ਹੁੰਦੀਆਂ ਹਨ ਅਤੇ ਉਸ ਨੇ ਖੁਦ ਹੀ ਸੁਧਾਰਨੀਆਂ ਹੁੰਦੀਆਂ ਹਨ l
ਜਿਹੜੇ ਕੰਮ ਤੁਸੀਂ ਵਧੀਆ ਕੀਤੇ ਹਨ ਉਹ ਦੂਜਿਆਂ ਨੂੰ ਵੀ ਦੱਸੋ ਅਤੇ ਖੁਦ ਵੀ ਉਨ੍ਹਾਂ ਤੇ ਮਾਣ ਮਹਿਸੂਸ ਕਰੋ l ਉਨ੍ਹਾਂ ਕੰਮਾਂ ਤੇ ਮਾਣ ਮਹਿਸੂਸ ਕਰਨ ਨਾਲ ਤੁਸੀਂ ਥੱਕੋਗੇ ਨਹੀਂ l ਤੁਹਾਡੇ ਵਿੱਚ ਹੋਰ ਊਰਜਾ ਪੈਦਾ ਹੋਵੇਗੀ ਅਤੇ ਤੁਸੀਂ ਹੋਰ ਚੰਗੇ ਕੰਮ ਕਰਨ ਲਈ ਪ੍ਰੇਰਤ ਹੋਵੋਗੇ l
ਇਨਸਾਨ ਇਕੱਲਾ ਆਪਣੀ ਤਾਕਤ ਨਾਲ ਨਹੀਂ ਤੁਰਿਆ ਫਿਰਦਾ l ਤਾਕਤ ਨਾਲੋਂ ਵੱਧ ਹੌਂਸਲਾ ਕੰਮ ਕਰਦਾ ਹੈ l ਤੁਹਾਡਾ ਹੌਂਸਲਾ ਤੁਹਾਨੂੰ ਹਾਰੇ ਹੋਣ ਦੀ ਸਥਿਤੀ ਵਿੱਚ ਵੀ ਤੁਹਾਨੂੰ ਜਿੱਤਣ ਲਈ ਪ੍ਰੇਰਦਾ ਹੈ l ਤੁਸੀਂ ਬਹੁਤ ਮਜ਼ਦੂਰ ਦੇਖੇ ਹੋਣਗੇ ਜੋ ਸਰੀਰਕ ਪੱਖੋਂ ਕਾਫੀ ਪਤਲੇ ਹੁੰਦੇ ਹਨ ਪਰ ਬਹੁਤ ਕੰਮ ਕਰਦੇ ਹਨ l ਉਨ੍ਹਾਂ ਦੀ ਤਾਕਤ ਦੇ ਨਾਲ ਉਨ੍ਹਾਂ ਦਾ ਹੌਂਸਲਾ ਵੀ ਕੰਮ ਕਰਦਾ ਹੈ l ਉਨ੍ਹਾਂ ਮਜ਼ਦੂਰਾਂ ਨੂੰ ਬਹੁਤ ਵਾਰ ਵਧੀਆ ਖੁਰਾਕ ਵੀ ਨਹੀਂ ਮਿਲੀ ਹੁੰਦੀ l ਇਸ ਦੇ ਬਾਵਯੂਦ ਉਹ ਹਾਰ ਨਹੀਂ ਮੰਨਦੇ l
ਕਦੇ ਵੀ ਆਪਣੀ ਪ੍ਰਾਪਤੀ ਨੂੰ ਇਹ ਨਾ ਕਹੋ ਕਿ ਉੱਪਰ ਵਾਲੇ ਦੀ ਕਿਰਪਾ ਨਾਲ ਹੋਈ l ਇਸ ਨਾਲ ਤੁਸੀਂ ਕਦੇ ਮੌਟੀਵੇਟ (Motivate) ਨਹੀਂ ਹੋਵੋਗੇ l ਨਾ ਹੀ ਕਹੋ ਕਿ ਮੇਰੀ ਕਿਸਮਤ ਮਾੜੀ ਹੈ ਜਿਸ ਕਰਕੇ ਮੈਂ ਅਸਫਲ ਹੋਇਆ ਹਾਂ l ਨਾ ਹੀ ਇਹ ਕਹੋ ਕਿ ਜੇ ਰੱਬ ਨੇ ਚਾਹਿਆ ਤਾਂ ਇਹ ਕੰਮ ਹੋ ਜਾਵੇਗਾ l ਜੇ ਤੁਸੀਂ ਇਹ ਮੰਨਦੇ ਹੋ ਕਿ ਜੇ ਰੱਬ ਨੇ ਚਾਹਿਆ ਤਾਂ ਹੀ ਉਹ ਕੰਮ ਹੋਵੇਗਾ ਤਾਂ ਤੁਸੀਂ ਆਪਣੇ ਵਲੋਂ 100% ਕੋਸ਼ਿਸ਼ ਨਹੀਂ ਕਰੋਗੇ l ਘੱਟ ਕੀਤੀ ਹੋਈ ਕੋਸ਼ਿਸ਼ ਹੀ ਸਾਨੂੰ ਫੇਲੀਅਰ ਵੱਲ ਲੈ ਕੇ ਜਾਂਦੀ ਹੈ l ਜੇ ਤੁਸੀਂ ਕਹੋਗੇ ਕਿ ਜੇ ਕਿਸਮਤ ਵਿੱਚ ਹੋਵੇਗਾ ਤਾਂ ਕਾਮਯਾਬੀ ਮਿਲ ਜਾਵੇਗੀ l ਇਸ ਤਰਾਂ ਕਹਿਣ ਨਾਲ ਵੀ ਤੁਸੀਂ 100% ਕੋਸ਼ਿਸ਼ ਨਹੀਂ ਕਰੋਗੇ ਜਿਸ ਕਾਰਣ ਤੁਹਾਡੇ ਫੇਲ੍ਹ ਹੋਣ ਦੇ ਮੌਕੇ ਵਧ ਜਾਣਗੇ l
ਤੁਸੀਂ ਆਪਣੀ ਕਾਮਯਾਬੀ ਅਤੇ ਫੇਲੀਅਰ ਦੇ ਖੁਦ ਜਿੰਮੇਵਾਰ ਹੋ l ਇਸ ਦਾ ਇਲਜ਼ਾਮ ਕਿਸੇ ਗੈਬੀ ਸ਼ਕਤੀ ਤੇ ਨਾ ਲਗਾਓ l
ਆਪਣੇ ਫੇਲੀਅਰ ਨੂੰ ਕਾਮਯਾਬੀ ਵਿੱਚ ਬਦਲਣਾ ਸਿੱਖਣਾ ਚਾਹੀਦਾ ਹੈ ਅਤੇ ਕਾਮਯਾਬੀਆਂ ਦੇ ਜਸ਼ਨ (Celebrate) ਮਨਾਉਣੇ ਚਾਹੀਦੇ ਹਨ l ਇਸ ਨਾਲ ਨਿਰਾਸ਼ਾ ਤੋਂ ਬਚੇ ਰਿਹਾ ਜਾ ਸਕਦਾ ਹੈ l ਆਪਣੀਆਂ ਕਾਮਯਾਬੀਆਂ ਤੇ ਮਾਣ ਕਰਨਾ ਅਤੇ ਉਨ੍ਹਾਂ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਹੀ ਖੁਸ਼ੀ ਅਤੇ ਸਫਲਤਾ ਦਿੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147