ਅੱਜ ਅਧਿਆਪਕ ਦਿਵਸ ਦੀਆਂ ਸਾਰੇ ਅਧਿਆਪਕਾਂ ਨੂੰ ਮੁਬਾਰਕਾਂ ਦਿੰਦਾ ਹਾਂ l ਅਸੀਂ ਅਕਸਰ ਉਨ੍ਹਾਂ ਅਧਿਆਪਕਾਂ ਨੂੰ ਅਧਿਆਪਕ ਕਹਿੰਦੇ ਹਾਂ ਜੋ ਸਕੂਲਾਂ ਜਾਂ ਕਾਲਜਾਂ ਵਿੱਚ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਕੋਲ ਚੰਗੀ ਪੜ੍ਹਾਈ ਅਤੇ ਡਿਗਰੀਆਂ ਹੁੰਦੀਆਂ ਹਨ l
ਕਦੇ ਮੇਰਾ ਵੀ ਸੁਪਨਾ ਸੀ ਕਿ ਮੈਂ ਵੀ ਅਧਿਆਪਕ ਬਣਾ l ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਨੇ ਬਹੁਤ ਵਾਰ ਸੋਚਿਆ ਕਿ ਅਧਿਆਪਕ ਬਣਾਂਗਾ l ਸਕੂਲ ਵਿੱਚ ਬਹੁਤ ਵਾਰ 100 ਵਿੱਚੋਂ 97 ਜਾਂ 98 ਨੰਬਰ ਲੈ ਜਾਂਦਾ ਸੀ ਅਤੇ ਅਕਸਰ ਪਹਿਲੇ ਜਾਂ ਦੂਜੇ ਦਰਜ਼ੇ ਵਿੱਚ ਪਾਸ ਹੋ ਜਾਂਦਾ ਸੀ l
ਸ਼ਾਇਦ ਜ਼ਿੰਦਗੀ ਵਿੱਚ ਨੰਬਰ ਲੈਣਾ ਹੀ ਕਾਫੀ ਨਹੀਂ ਹੁੰਦਾ l ਜਮਾਤ ਵਿੱਚ ਪਹਿਲੇ ਜਾਂ ਦੂਜੇ ਨੰਬਰ ਤੇ ਆਉਣ ਅਤੇ ਜਮਾਤ ਵਿੱਚ ਪਹਿਲੀ ਲਾਈਨ ਵਿੱਚ ਬੈਠਣ ਦੇ ਬਾਵਯੂਦ ਮਾੜੀ ਆਰਥਿਕਤਾ ਨੇ ਮੈਨੂੰ ਜਿਆਦਾ ਪੜ੍ਹਨ ਨਾ ਦਿੱਤਾ ਅਤੇ ਦਸਵੀਂ ਪਾਸ ਕਰਕੇ ਹੀ ਸਕੂਲ ਛੱਡਣਾ ਪਿਆ l
ਹਾਲਾਤ ਇਹ ਬਣੇ ਕਿ ਮੈਂ ਅਧਿਆਪਕ ਤਾਂ ਕੀ ਬਣਨਾ ਸੀ ਮੈਨੂੰ ਕਲਰਕ ਜਾਂ ਚਪੜਾਸੀ ਦੀ ਨੌਕਰੀ ਵੀ ਨਾ ਮਿਲੀ l
ਇਸ ਦੇ ਬਾਵਯੂਦ ਮੇਰੀ ਪੜ੍ਹਨ ਦੀ ਇੱਛਾ ਨੇ ਮੈਨੂੰ ਘਰ ਵਿੱਚ ਹੀ ਪੜ੍ਹਨ ਲਈ ਮਜ਼ਬੂਰ ਕੀਤਾ ਪਰ ਹੁਣ ਉਹ ਪੜ੍ਹਾਈ ਮੈਂ ਅਧਿਆਪਕ ਬਣਨ ਲਈ ਨਹੀਂ ਕਰਦਾ ਸੀ, ਕੁੱਝ ਨਵਾਂ ਸਿੱਖਣ ਲਈ ਅਤੇ ਕੁੱਝ ਵੱਖਰਾ ਪ੍ਰਾਪਤ ਕਰਨ ਲਈ ਕਰਦਾ ਸੀ l
ਅਨੇਕਾਂ ਕਿਤਾਬਾਂ ਪੜ੍ਹਨ ਤੋਂ ਬਾਦ ਅੰਗਰੇਜ਼ੀ ਵਿੱਚ ਛਪਿਆ ਸਾਹਿਤ ਪੜ੍ਹਨਾ ਚਾਹੁੰਦਾ ਸੀ ਜਿਸ ਕਾਰਣ ਮੈਂ ਘਰ ਵਿੱਚ ਹੀ ਅੰਗਰੇਜ਼ੀ ਸਿੱਖੀ ਪਰ ਨੌਕਰੀ ਵਾਸਤੇ ਕਿਸੇ ਵੀ ਬਾਬੂ ਨੇ ਹਾਂ ਨਹੀਂ ਭਰੀ l
ਅਧਿਆਪਕ ਦਾ ਕੰਮ ਦੂਜਿਆਂ ਨੂੰ ਪੜ੍ਹਾਉਣਾ ਜਾਂ ਸਿਖਾਉਣਾ ਹੁੰਦਾ ਹੈ l
ਮੈਂ ਸੋਚਿਆ ਕਿ ਅਧਿਆਪਕ ਤਾਂ ਨਹੀਂ ਬਣ ਸਕਿਆ ਪਰ ਦੂਜਿਆਂ ਨੂੰ ਕੁੱਝ ਸਿਖਾਉਣਯੋਗ ਤਾਂ ਬਣ ਹੀ ਸਕਦਾ ਹਾਂ l ਇਸ ਤਰਾਂ ਜੋ ਮੈਨੂੰ ਆਉਂਦਾ ਸੀ ਉਹ ਦੂਜਿਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ l ਦੂਜਿਆਂ ਨੂੰ ਸਿਖਾਉਣਾ ਜਾਂ ਕਾਮਯਾਬ ਕਰਨਾ ਮੇਰੀ ਆਦਤ ਬਣ ਗਈ l
ਇਸ ਬਦਲੀ ਹੋਈ ਆਦਤ ਕਾਰਣ ਮੈਂ ਬਹੁਤ ਸਾਰੇ ਕਾਮਿਆਂ ਨੂੰ ਪ੍ਰਿੰਟਿੰਗ ਲਾਈਨ ਵਿੱਚ ਜ਼ਿਲਦ ਸਾਜ਼ (Book Binding), ਕੰਪੋਜ਼ਿੰਗ, ਮਸ਼ੀਨ ਅਪ੍ਰੇਟਰ ਅਤੇ ਨੰਬਰਿੰਗ ਦੇ ਕੰਮ ਪੰਜਾਬ ਵਿੱਚ ਸਿਖਾਏ l
ਨਿਊਜ਼ੀਲੈਂਡ ਵਿੱਚ ਪਹੁੰਚ ਕੇ ਬਿਨਾਂ ਕਿਸੇ ਡਿਗਰੀ ਤੋਂ ਹਜ਼ਾਰਾਂ ਕਾਮਿਆਂ ਨੂੰ ਵੱਖ ਵੱਖ ਫਲਾਂ, ਸਬਜ਼ੀਆਂ ਅਤੇ ਮਸ਼ੀਨਰੀ ਚਲਾਉਣ ਦੇ ਕੰਮ ਸਿਖਾਏ l ਕੀਵੀ ਫਰੂਟ ਖੇਤਰ ਵਿੱਚ ਹਜ਼ਾਰਾਂ ਕਾਮਿਆਂ ਨੂੰ ਸਿਖਲਾਈ ਦਿੱਤੀ ਅਤੇ ਉਨ੍ਹਾਂ ਕਾਮਿਆਂ ਵਿੱਚ ਕਈ ਸੁਪਰਵਾਈਜ਼ਰ, ਮੈਨੇਜਰ ਅਤੇ ਕੰਪਨੀਆਂ ਦੇ ਮਾਲਕ ਬਣੇ l ਉਹ ਸਿਖਲਾਈ ਪ੍ਰਾਪਤ ਕਾਮੇ ਇਕੱਲੇ ਨਿਊਜ਼ੀਲੈਂਡ ਵਿੱਚ ਹੀ ਨਹੀਂ ਬਲਕਿ ਹੋਰ ਦੇਸ਼ਾਂ ਵਿੱਚ ਵੀ ਕਾਮਯਾਬ ਬਿਜ਼ਨਸਮੈਨ ਬਣੇ l
ਨਿਊਜ਼ੀਲੈਂਡ ਦੀ ਰੇਸੀਡੈਂਸ਼ਲ ਰੀਅਲ ਐਸਟੇਟ ਵਿੱਚ ਆਪਣੇ ਤਜ਼ਰਬੇ ਦੇ ਅਧਾਰ ਤੇ ਹਜ਼ਾਰਾਂ ਕਾਮਯਾਬ ਇਨਵੈਸਟਰ ਬਣਾਏ l
ਇਹ ਕਿਹਾ ਜਾ ਸਕਦਾ ਹੈ ਕਿ ਮੈਂ ਇੱਕ ਅਧਿਆਪਕ ਨਹੀਂ ਬਣ ਸਕਿਆ ਪਰ ਬਿਨਾਂ ਡਿਗਰੀ ਵਾਲਾ ਅਧਿਆਪਕ ਜ਼ਰੂਰ ਬਣਿਆ l ਫ਼ਰਕ ਸਿਰਫ ਇਹ ਸੀ ਕਿ ਜੇ ਡਿਗਰੀ ਹੁੰਦੀ ਤਾਂ ਕੁਰਸੀ ਤੇ ਬੈਠ ਕੇ ਪੜ੍ਹਾਉਂਦਾ ਪਰ ਮੈਂ ਤਾਂ ਕਈ ਵਾਰੀ ਖੇਤਾਂ ਵਿੱਚ ਘਾਹ ਤੇ ਬੈਠ ਕੇ ਵੀ ਪੜ੍ਹਾ ਦਿੰਦਾ ਸੀ l
ਮੈਨੂੰ ਕਈ ਸਿਖਲਾਈ ਪ੍ਰਾਪਤ ਕਾਮੇ ਆਖ ਦਿੰਦੇ ਹਨ ਕਿ ਤੁਸੀਂ ਡਾਉਨ ਟੂ ਅਰਥ (ਜ਼ਮੀਨ ਨਾਲ ਜੁੜੇ ਰਹਿਣ ਵਾਲੇ) ਹੋ l ਮੈਂ ਅਕਸਰ ਆਖ ਦਿੰਦਾ ਹਾਂ ਕਿ ਅਸਲ ਵਿੱਚ ਮੈਂ ਸਿਖਲਾਈ ਹੀ ਜ਼ਮੀਨ ਨਾਲ ਜੁੜ ਕੇ ਦਿੰਦਾ ਸੀ ਸ਼ਾਇਦ ਇਸੇ ਕਰਕੇ ਮੇਰੀ ਗੱਲ ਵੀ ਕਾਮਿਆਂ ਨੂੰ ਛੇਤੀ ਸਮਝ ਲਗਦੀ ਸੀ ਤੇ ਸ਼ਾਇਦ ਇਸੇ ਕਰਕੇ ਹੀ ਡਾਊਨ ਟੂ ਅਰਥ ਰਿਹਾ l
ਸ਼ਾਇਦ ਇਸੇ ਆਦਤ ਕਾਰਣ ਹੀ ਆਪਣੀਆਂ ਪੰਜ ਕਿਤਾਬਾਂ ਪਾਠਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਇਆ ਹਾਂ ਕਿਉਂਕਿ ਮੈਂ ਸਕੂਲ ਵਿੱਚ ਪੜ੍ਹਾਉਣਯੋਗ ਨਹੀਂ ਬਣ ਸਕਿਆ ਸੀ l ਪੰਜਾਬੀਆਂ ਦੇ ਨਾਲ ਨਾਲ ਗੋਰਿਆਂ ਨੇ ਮੇਰੀ ਕਿਤਾਬ ‘ਹੋਮਲੈੱਸ ਟੂ ਮਲਟੀ ਮਿਲੀਅਨੇਅਰ’ ਨੂੰ ਏਨਾ ਪਿਆਰ ਦਿੱਤਾ ਕਿ ਕਿਤਾਬ ਪਹਿਲੇ ਦੋ ਮਹੀਨਿਆਂ ਵਿੱਚ ਦੋ ਵਾਰ ਸੋਲਡ ਆਊਟ ਹੋ ਗਈ ਸੀ l
ਸ਼ਾਇਦ ਇਸ ਤਰਾਂ ਹੋਣਾ ਕੁਦਰਤ ਦਾ ਮੇਰੇ ਨਾਲ ਮਜ਼ਾਕ ਹੀ ਸੀ l
ਅੱਜ ਅਧਿਆਪਕ ਦਿਵਸ ਤੇ ਮੈਂ ਸਾਰੇ ਹੀ ਅਧਿਆਪਕਾਂ ਨੂੰ ਮੁਬਾਰਕਾਂ ਦਿੰਦਾ ਹਾਂ ਜਿਨ੍ਹਾਂ ਨੂੰ ਪੜ੍ਹਾਈ ਦੁਆਰਾ ਜਾਂ ਕਿਸੇ ਵੀ ਸਿਖਲਾਈ ਦੁਆਰਾ ਦੂਜਿਆਂ ਦੀ ਜ਼ਿੰਦਗੀ ਬੇਹਤਰ ਬਣਾਉਣ ਦੇ ਮੌਕੇ ਮਿਲੇ l ਤੁਹਾਡੇ ਪੜ੍ਹਾਏ ਬੱਚੇ ਤੁਹਾਨੂੰ ਹਮੇਸ਼ਾਂ ਯਾਦ ਹੀ ਨਹੀਂ ਰੱਖਣਗੇ ਬਲਕਿ ਤੁਹਾਡੇ ਤੇ ਮਾਣ ਕਰਨਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147