-ਆਪਣੇ ਨਜ਼ਰੀਏ ਤੋਂ
ਮੇਰੀ ਸੋਚ ਮੁਤਾਬਕ ਅਧਿਆਪਕ ਇਕੱਲਾ ਉਹ ਹੀ ਨਹੀਂ ਹੁੰਦਾ ਜੋ ਸਾਨੂੰ ਸਕੂਲ ਵਿੱਚ ਪੜ੍ਹਾਉਂਦਾ ਹੈ ਬਲਕਿ ਅਧਿਆਪਕ ਉਹ ਸਭ ਵਿਅਕਤੀ ਹੁੰਦੇ ਹਨ ਜਿਨਾਂ ਤੋਂ ਅਸੀਂ ਜਿੰਦਗੀ ਵਿੱਚ ਕੁੱਝ ਨਾ ਕੁੱਝ ਸਿੱਖਦੇ ਹਾਂ l
ਸਭ ਤੋਂ ਪਹਿਲੀ ਅਧਿਆਪਕ ਮਾਂ ਹੁੰਦੀ ਹੈ ਅਤੇ ਫਿਰ ਬਾਪ ਦੀ ਅਹਿਮੀਅਤ ਵੀ ਘੱਟ ਨਹੀਂ ਹੁੰਦੀ l ਸਕੂਲ ਜਾਣ ਤੋਂ ਪਹਿਲਾਂ ਮਾਪੇ ਬੱਚੇ ਨੂੰ ਇਸ ਕਾਬਲ ਬਣਾਉਂਦੇ ਹਨ ਕਿ ਬੱਚਾ ਸਕੂਲ ਵਿੱਚ ਪੜ੍ਹਨਯੋਗ ਹੋ ਜਾਵੇ l
ਜਦੋਂ ਵੀ ਅਧਿਆਪਕ ਦਿਨ ਆਉਂਦਾ ਹੈ ਤਾਂ ਮੈਂ ਆਪਣੇ ਮਾਂ ਬਾਪ ਤੋਂ ਇਲਾਵਾ ਆਪਣੇ ਭਰਾ ਭਰਜਾਈ ਨੂੰ ਵੀ ਯਾਦ ਕਰਦਾ ਹਾਂ ਜਿਨਾਂ ਮੇਰੀ ਦੋ ਸਾਲ ਦੀ ਉਮਰ ਵੇਲੇ ਮੇਰੇ ਬਾਪ ਦੀ ਮੌਤ ਹੋਣ ਬਾਦ ਮੈਨੂੰ ਆਪਣੇ ਬੱਚਿਆਂ ਵਾਂਗ ਪਾਲਿਆ, ਪੜ੍ਹਾਇਆ ਅਤੇ ਰੋਟੀ ਕਮਾਉਣ ਦੇ ਯੋਗ ਕੀਤਾ ਸੀ l
ਅੱਜ ਮੇਰਾ ਭਰਾ ਇਸ ਦੁਨੀਆਂ ਤੇ ਨਹੀਂ ਹੈ ਜਿਸ ਦਾ ਮੈਨੂੰ ਅਧਿਆਪਕ ਦਿਨ ਤੇ ਬਹੁਤ ਦੁੱਖ ਹੁੰਦਾ ਹੈ ਪਰ ਉਸ ਦੀ ਦਿੱਤੀ ਸਿੱਖਿਆ ਅੱਜ ਵੀ ਮੇਰੇ ਕੋਲ ਹੈ l ਇਸੇ ਤਰਾਂ ਮੇਰੇ ਕਈ ਅਧਿਆਪਕ ਅੱਜ ਦੁਨੀਆਂ ਵਿੱਚ ਹਨ ਅਤੇ ਕੁੱਝ ਨਹੀਂ ਹਨ l ਮੈਂ ਉਨ੍ਹਾਂ ਸਾਰਿਆਂ ਨੂੰ ਹਮੇਸ਼ਾਂ ਯਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਜਿੰਦਗੀ ਵਿੱਚ ਬਹੁਤ ਕੁੱਝ ਸਿਖਾਇਆ ਸੀ l
ਮੇਰੇ ਭਰਾ ਨੇ ਮੈਨੂੰ ਸਕੂਲ ਵਿੱਚ ਪਹਿਲੇ ਨੰਬਰ ਤੇ ਆਉਣਾ ਸਿਖਾਇਆ ਸੀ ਭਾਵੇਂ ਕਿ ਕਦੇ ਕਦੇ ਮੈਂ ਦੂਜੇ ਨੰਬਰ ਤੇ ਵੀ ਆਉਂਦਾ ਸੀ ਪਰ ਦੂਜਿਆਂ ਤੋਂ ਵਧੀਆ ਹੋਣ ਦੀ ਖਾਹਿਸ਼ ਮੇਰੇ ਵਿੱਚ ਮੇਰੇ ਭਰਾ ਨੇ ਹੀ ਪੈਦਾ ਕੀਤੀ ਸੀ l ਉਸੇ ਪੈਦਾ ਕੀਤੀ ਖਾਹਿਸ਼ ਨੇ ਮੈਨੂੰ ਜਿੰਦਗੀ ਵਿੱਚ ਕਈ ਜਿੱਤਾਂ ਦੁਆਈਆਂ l ਅੱਜ ਉਨ੍ਹਾਂ ਜਿੱਤਾਂ ਬਾਰੇ ਸੋਚ ਕੇ ਮੈਂ ਖੁਦ ਵੀ ਹੈਰਾਨ ਹੋ ਜਾਂਦਾ ਹਾਂ ਕਿ ਇੱਕ ਪੰਜਾਬ ਦੇ ਪਿੰਡ ਖੁਰਦਪੁਰ ਵਿੱਚ ਜਨਮ ਲੈ ਕੇ ਅਤੇ ਸਿਰਫ ਦਸ ਪੜ੍ਹ ਕੇ ਵੀ ਮੈਂ ਜਿੱਤਣ ਦੇ ਕਾਬਿਲ ਕਿਵੇਂ ਬਣ ਗਿਆ? ਭਾਵੇਂ ਕਿ ਬਹੁਤ ਵਾਰ ਮੇਰਾ ਮੁਕਾਬਲਾ ਵੀ ਗੋਰਿਆਂ ਨਾਲ ਹੁੰਦਾ ਸੀ ਜਿਨ੍ਹਾਂ ਦੀ ਅੰਗਰੇਜ਼ੀ ਪਹਿਲੀ ਭਾਸ਼ਾ ਸੀ ਅਤੇ ਅੰਗਰੇਜ਼ੀ ਮੇਰੀ ਤੀਜੀ ਭਾਸ਼ਾ ਸੀ l ਸ਼ਾਇਦ ਭਾਸ਼ਾ ਜਾਂ ਪੜ੍ਹਾਈ ਨਾਲੋਂ ਮੇਰੇ ਭਰਾ ਦੀ ਦਿੱਤੀ ਸਿੱਖਿਆ ਦਾ ਵੱਧ ਅਸਰ ਸੀ ਜਿਸ ਕਰਕੇ ਮੈਂ ਕਦੇ ਹਾਰ ਨਹੀਂ ਮੰਨੀ ਸੀ ਅਤੇ ਹਰ ਵਾਰ ਜਿੱਤ ਦਾ ਮੂੰਹ ਦੇਖਿਆ ਸੀ ਭਾਵੇਂ ਕਿ ਉਸ ਜਿੱਤ ਪਿੱਛੇ ਮੇਰਾ ਕੀਤਾ ਹੋਇਆ ਸੰਘਰਸ਼ ਵੀ ਸ਼ਾਮਿਲ ਸੀ l
ਭਰਾ ਦੀ ਦਿੱਤੀ ਸਿੱਖਿਆ ਨੇ ਮੈਨੂੰ ਮਾੜੇ ਹਲਾਤਾਂ ਵਿੱਚੋਂ ਵੀ ਚੰਗੇ ਹਲਾਤ ਲੱਭਣੇ ਸਿਖਾਏ ਸਨ ਅਤੇ ਉਸੇ ਸਿੱਖਿਆ ਕਰਕੇ ਜਦੋਂ ਵੀ ਮੇਰੇ ਤੇ ਮਾੜੇ ਹਲਾਤ ਆਏ ਤਾਂ ਉਨ੍ਹਾਂ ਹਲਾਤਾਂ ਵਿੱਚੋਂ ਵੀ ਮੈਨੂੰ ਚੰਗੇ ਹਲਾਤ ਲੱਭੇ ਸਨ l
ਉਹ ਅਧਿਆਪਕ ਹੀ ਸਨ ਜਿਨ੍ਹਾਂ ਮੈਨੂੰ ਦੱਸਿਆ ਸੀ ਕਿ ਵਿਅਕਤੀ ਨੂੰ ਜਿੰਦਗੀ ਵਿੱਚ ਕਦੇ ਵੀ ਅਨੁਕੂਲ ਹਲਾਤ ਨਹੀਂ ਮਿਲਦੇ ਪਰ ਖੁਦ ਸੰਘਰਸ਼ ਕਰਕੇ ਉਨ੍ਹਾਂ ਬੁਰੇ ਹਲਾਤਾਂ ਨੂੰ ਅਨੁਕੂਲ ਬਣਾਇਆ ਜਾ ਸਕਦਾ ਹੈ l
ਭਾਵੇਂ ਮੈਂ ਦਸ ਪੜ੍ਹਨ ਕਰਕੇ ਸਕੂਲੀ ਅਧਿਆਪਕ ਨਹੀਂ ਬਣ ਸਕਿਆ ਸੀ ਪਰ ਮੈਂ ਵੱਖ ਵੱਖ ਮੁਲਕਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਸਿੱਖਿਆ/ਟ੍ਰੇਨਿੰਗ ਦਿੱਤੀ ਸੀ ਅਤੇ ਉਨ੍ਹਾਂ ਤੱਕ ਵੱਡੀ ਗਿਣਤੀ ਵਿੱਚ ਕਿਤਾਬਾਂ ਵੀ ਪਹੁੰਚਾਈਆਂ ਸਨ l ਕਿਸੇ ਨਾ ਕਿਸੇ ਰੂਪ ਵਿੱਚ ਉਹ ਸਿੱਖਿਆ/ਟ੍ਰੇਨਿੰਗ ਦੇਣੀ ਅੱਜ ਵੀ ਜਾਰੀ ਹੈ l
ਇਹ ਕਾਫੀ ਹੈਰਾਨੀਜਨਕ ਗੱਲ ਸੀ ਕਿ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਵਿੱਚ ਜਿਨ੍ਹਾਂ ਮੇਰੇ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਿਆ/ਟ੍ਰੇਨਿੰਗ ਪ੍ਰਾਪਤ ਕੀਤੀ ਸੀ ਉਹ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਸਨ ਜਿਨ੍ਹਾਂ ਵਿੱਚ ਡਾਕਟਰ, ਇੰਜੀਨੀਅਰ, ਅਕਾਉੰਟੈਂਟ, ਇੰਸ਼ੋਰੈਂਸ ਬ੍ਰੋਕਰ, ਮੋਰਗੇਜ ਬ੍ਰੋਕਰ, ਵਕੀਲ, ਸ਼ਿਪ ਅਪ੍ਰੇਟਰ, ਪਟਵਾਰੀ, ਬੈਂਕ ਮੈਨੇਜਰ, ਵੱਡੀਆਂ ਕੰਪਨੀਆਂ ਦੇ ਮਾਲਕ ਅਤੇ ਕੰਪਨੀਆਂ ਦੇ ਚੀਫ ਐਗਜ਼ੇਕਟਿਵ ਅਫ਼ਸਰ ਸਨ l
ਅੱਜ ਮੈਂ ਆਪਣੇ ਸਾਰੇ ਅਧਿਆਪਕਾਂ ਨੂੰ ਯਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਇਸ ਕਾਬਲ ਬਣਾਇਆ ਸੀ ਅਤੇ ਮੈਂ ਉਨ੍ਹਾਂ ਸਾਰੇ ਆਪਣੇ ਵਿਦਿਆਰਥੀਆਂ ਨੂੰ ਯਾਦ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਜਿੰਦਗੀ ਵਿੱਚ ਕਿਸੇ ਵੀ ਕਿਸਮ ਦੀ ਸਿਖਲਾਈ ਦਿੱਤੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147