ਪਹਿਲਾ ਘਰ ਖਰੀਦਣ ਵਾਲੇ ਫਿਕਰਾਂ ਵਿੱਚ
ਨਿਊਜ਼ੀਲੈਂਡ ਵਿੱਚ ਵੋਟਾਂ ਦਾ ਮਹੌਲ ਖਤਮ ਹੋਣ ਵਿੱਚ ਦੋ ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ l ਸਾਰੀਆਂ ਪਾਰਟੀਆਂ ਵਲੋਂ ਲੋਕਾਂ ਨਾਲ ਵੱਖ ਵੱਖ ਵਾਅਦੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਨਵੀਆਂ ਆਸਾਂ ਦਿਤੀਆਂ ਜਾ ਰਹੀਆਂ ਹਨ l
ਜਦੋਂ ਕਿਤੇ ਕੋਈ ਸਰਕਾਰ ਨੂੰ ਪੁੱਛ ਲਵੇ ਕਿ ਪਹਿਲੇ ਕੀਤੇ ਵਾਅਦਿਆਂ ਵਿੱਚ ਸਰਕਾਰ ਫੇਲ੍ਹ ਕਿਉਂ ਹੋਈ ਤਾਂ ਵੀ ਆਪਣੀ ਨਾਕਾਮਯਾਬੀ ਨੂੰ ਸਿੱਧੇ ਲਫ਼ਜ਼ਾਂ ਵਿੱਚ ਸਵੀਕਾਰ ਨਹੀਂ ਕੀਤਾ ਜਾਂਦਾ l ਇਹ ਟੈਲੀਵੀਜਨ ਤੇ ਲਾਈਵ ਡਿਬੇਟ ਵਿੱਚ ਵੀ ਦੇਖਿਆ ਗਿਆl

ਇਸ ਸਮੇਂ ਨਿਊਜ਼ੀਲੈਂਡ ਵਿੱਚ ਲੇਬਰ ਪਾਰਟੀ, ਨਿਊਜ਼ੀਲੈਂਡ ਫਸਟ ਅਤੇ ਗ੍ਰੀਨ ਪਾਰਟੀ ਦੀ ਸਾਂਝੀ ਸਰਕਾਰ ਚੱਲ ਰਹੀ ਹੈ l ਇਸ ਸਰਕਾਰ ਤੋਂ ਪਹਿਲਾਂ ਨੈਸ਼ਨਲ ਸਰਕਾਰ ਨੇ 9 ਸਾਲ ਰਾਜ ਕੀਤਾ ਸੀ l ਲੇਬਰ ਸਰਕਾਰ ਨੇ ਕੀਵੀ ਬਿਲਡ ਪ੍ਰੋਗਰਾਮ ਤਹਿਤ ਘੱਟ ਆਮਦਨ ਵਾਲਿਆਂ ਨੂੰ ਹਜ਼ਾਰਾਂ ਸਸਤੇ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਪਰ ਲੇਬਰ ਸਰਕਾਰ ਦੀ ਇਹ ਸਕੀਮ ਛੇ ਸੌ ਤੋਂ ਘੱਟ ਘਰ ਬਣਾ ਕੇ ਹੀ ਅਸਫਲ ਹੋ ਗਈ ਸੀ l ਇਹ ਸਭ ਤੋਂ ਵੱਡਾ ਪਬਲਿਕ ਪਾਲਿਸੀ ਫੇਲੀਅਰ ਸੀ l ਇਸ ਦਾ ਕੋਈ ਹੋਰ ਬਦਲ ਲੇਬਰ ਸਰਕਾਰ ਨਹੀਂ ਦੇ ਸਕੀ l ਉਹ ਲੋਕ ਜੋ ਸਰਕਾਰ ਦੇ ਬਣਾਏ ਸਸਤੇ ਘਰਾਂ ਨੂੰ ਖਰੀਦਣ ਦੀ ਆਸ ਵਿੱਚ ਸਨ ਉਨ੍ਹਾਂ ਦੇ ਸੁਪਨੇ ਚਕਨਾ ਚੂਰ ਹੋਏ l ਹੁਣ ਘਰ ਹੋਰ ਵੀ ਮਹਿੰਗੇ ਹੋ ਗਏ ਹਨ l ਭਾਵ ਜੇ ਸਰਕਾਰ ਦੀ ਸਕੀਮ ਸਸਤੇ ਸਮੇਂ ਵਿੱਚ ਅਸਫਲ ਰਹੀ ਤਾਂ ਕੀ ਉਹ ਆਉਣ ਵਾਲੇ ਸਮੇਂ ਵਿੱਚ ਕਾਮਯਾਬ ਹੋਵੇਗੀ ? ਇਸ ਦੀ ਆਸ ਮੈਨੂੰ ਤਾਂ ਨਹੀਂ ਹੈ ਕਿਉਂਕਿ ਘਰ ਕੋਈ ਏਦਾਂ ਦੀ ਚੀਜ਼ ਨਹੀਂ ਹੈ ਕਿ ਇਸ ਨੂੰ ਰਾਤੋ ਰਾਤ ਖੜ੍ਹਾ ਕੀਤਾ ਜਾ ਸਕੇ l ਘਰ ਨੂੰ ਬਣਾਉਣ ਵਾਸਤੇ ਕਾਫੀ ਵੱਡੀ ਪਲਾਨਿੰਗ ਦੀ ਲੋੜ ਹੁੰਦੀ ਹੈ l ਉਹ ਵੀ ਉਸ ਵੇਲੇ ਜਦੋਂ ਹਜ਼ਾਰਾਂ ਲੋਕਾਂ ਨੂੰ ਘਰਾਂ ਦੀ ਲੋੜ ਹੋਵੇ ਅਤੇ ਘਰਾਂ ਦੀ ਘਾਟ ਹਰ ਸਾਲ ਵਧਦੀ ਰਹੀ ਹੋਵੇ l

ਨੈਸ਼ਨਲ ਸਰਕਾਰ ਵੇਲੇ ਜਦੋਂ ਸਾਰੀ ਦੁਨੀਆਂ ਤੇ ਮੰਦੀ ਆਈ ਸੀ ਤਾਂ ਵੀ ਨਿਊਜ਼ੀਲੈਂਡ ਤੇ ਬਹੁਤ ਜਿਆਦਾ ਮਾੜਾ ਪ੍ਰਭਾਵ ਨਹੀਂ ਪਿਆ ਸੀ l ਨੈਸ਼ਨਲ ਸਰਕਾਰ ਵੇਲੇ ਕ੍ਰਿਸਚਰਚ ਸ਼ਹਿਰ ਭੁਚਾਲ ਨਾਲ ਢੱਠਾ ਫਿਰ ਵੀ ਸਭ ਕੁੱਝ ਠੀਕ ਰਿਹਾ ਅਤੇ ਕੀਵੀ ਫਰੂਟ ਵਿੱਚ PSA ਵਰਗੇ ਬੈਕਟੀਰੀਆ ਨੇ ਤਬਾਹੀ ਮਚਾਈ l ਉਸ ਦੇ ਬਾਵਯੂਦ ਮੁਲਕ ਠੀਕ ਠਾਕ ਚੱਲਦਾ ਰਿਹਾ l ਹੁਣ ਲੇਬਰ ਸਰਕਾਰ ਵੇਲੇ ਕਰੋਨਾ ਵਾਇਰਸ ਆਇਆ ਤਾਂ ਇਸ ਨਾਲ ਹੀ ਬਹੁਤੇ ਲੋਕਾਂ ਅਤੇ ਕਾਰੋਬਾਰਾਂ ਦੀ ਸਥਿਤੀ ਡਾਵਾਂਡੋਲ ਹੋ ਗਈ l

ਇਥੇ ਦੋ ਮੁੱਖ ਪਾਰਟੀਆਂ ਹਨ l ਇੱਕ ਲੇਬਰ ਅਤੇ ਦੂਜੀ ਨੈਸ਼ਨਲ l ਲੇਬਰ ਨੂੰ ਕਾਮਿਆਂ ਦੀ ਪਾਰਟੀ ਮੰਨਿਆ ਜਾਂਦਾ ਹੈ ਅਤੇ ਨੈਸ਼ਨਲ ਨੂੰ ਕਾਰੋਬਾਰੀਆਂ ਦੀ l ਭਾਰਤੀ ਸਮਾਜ ਦੋਨਾਂ ਪਾਰਟੀਆਂ ਵਿੱਚ ਵੰਡਿਆ ਹੋਇਆ ਹੈ l ਜਿਆਦਾ ਪੰਜਾਬੀ ਲੋਕਾਂ ਨਾਲ ਗੱਲਬਾਤ ਤੋਂ ਪਤਾ ਲਗਦਾ ਹੈ ਕਿ ਉਹ ਨੈਸ਼ਨਲ ਪਾਰਟੀ ਨੂੰ ਪਸੰਦ ਕਰਦੇ ਹਨ l ਇਸ ਦਾ ਕਾਰਨ ਇਹ ਵੀ ਹੈ ਕਿ ਪੰਜਾਬੀਆਂ ਨੇ ਵੱਡੀ ਗਿਣਤੀ ਵਿੱਚ ਆਪਣੇ ਕਾਰੋਬਾਰ ਖੋਲ੍ਹ ਲਏ ਹਨ ਅਤੇ ਉਹ ਆਪਣੇ ਆਪ ਨੂੰ ਦਿਹਾੜੀਦਾਰਾਂ ਵਿੱਚ ਸ਼ਾਮਿਲ ਨਹੀਂ ਕਰਦੇ l ਕਈ ਦਿਹਾੜੀਦਾਰ ਪੰਜਾਬੀ ਵੀ ਕਹਿੰਦੇ ਹਨ ਕਿ ਅਸੀਂ ਨੈਸ਼ਨਲ ਨੂੰ ਹੀ ਵੋਟ ਪਾਉਣੀ ਹੈ l ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕਿਉਂ ? ਉਨ੍ਹਾਂ ਦਾ ਜਵਾਬ ਸੀ ਕਿ ਉਹ ਵੀ ਛੇਤੀਂ ਕਾਰੋਬਾਰੀ ਬਣਨਾ ਚਾਹੁੰਦੇ ਹਨ ਦਿਹਾੜੀਦਾਰ ਨਹੀਂ ਰਹਿਣਾ ਚਾਹੁੰਦੇ l

ਲਗਦਾ ਨੈਸ਼ਨਲ ਅਤੇ ਲੇਬਰ ਇਕੱਲਿਆਂ ਸਰਕਾਰ ਨਹੀਂ ਬਣਾ ਸਕਣਗੀਆਂ l ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦੇ ਸਹਿਯੋਗ ਦੀ ਲੋੜ ਪਵੇਗੀ l ਲੇਬਰ ਨੂੰ ਦੁਬਾਰਾ ਗ੍ਰੀਨ ਪਾਰਟੀ ਦੀ ਲੋੜ ਪੈ ਸਕਦੀ ਹੈ l ਗ੍ਰੀਨ ਪਾਰਟੀ ਵੈਲਥ ਟੈਕਸ (Wealth Tax) ਲਗਾਉਣਾ ਚਾਹੁੰਦੀ ਹੈ l ਭਾਵ ਜਿਸ ਕੋਲ ਇੱਕ ਮਿਲੀਅਨ ਡਾਲਰ ਦਾ ਘਰ ਹੈ ਉਸ ਉੱਪਰ ਇੱਕ ਪ੍ਰਤੀਸ਼ਤ ਟੈਕਸ ਲੱਗੇਗਾ ਅਤੇ ਜਿਸ ਕੋਲ ਦੋ ਮਿਲੀਅਨ ਤੋਂ ਉੱਪਰ ਦਾ ਘਰ ਹੈ ਉਸ ਨੂੰ 2% ਟੈਕਸ ਲੱਗੇਗਾ l ਗ੍ਰੀਨ ਪਾਰਟੀ ਨੇ ਸਾਫ ਕਿਹਾ ਹੈ ਕਿ ਉਹ ਆਪਣੀ ਇਸ ਪਾਲਿਸੀ ਨੂੰ ਲਾਗੂ ਕਰਾਉਣਗੇ l

ਜੇ ਇਹ ਵੈਲਥ ਟੈਕਸ ਪਾਲਿਸੀ ਲਾਗੂ ਹੁੰਦੀ ਹੈ ਤਾਂ ਬਹੁਤੇ ਪੰਜਾਬੀਆਂ ਦੇ ਘਰ ਔਕਲੈਂਡ ਵਿੱਚ ਮਿਲੀਅਨ ਡਾਲਰ ਤੋਂ ਉੱਪਰ ਦੇ ਹਨ ਅਤੇ ਕਈਆਂ ਕੋਲ ਘਰਾਂ ਦੀ ਗਿਣਤੀ ਇੱਕ ਤੋਂ ਵੱਧ ਹੋਣ ਕਰਕੇ ਉਨ੍ਹਾਂ ਉੱਪਰ ਇਹ ਟੈਕਸ ਲਾਗੂ ਹੋਵੇਗਾ l ਭਾਵ ਇੱਕ ਮਿਲੀਅਨ ਵਾਲੇ ਨੂੰ $10,000 ਟੈਕਸ ਲੱਗੇਗਾ ਅਤੇ ਦੋ ਮਿਲੀਅਨ ਵਾਲੇ ਨੂੰ ਹੋਰ ਵੀ ਜਿਆਦਾ l ਹੁਣ ਕੁੱਝ ਲੋਕ ਇਸ ਵੈਲਥ ਟੈਕਸ ਨੂੰ ਚੰਗਾ ਕਹਿੰਦੇ ਹਨ ਅਤੇ ਕੁੱਝ ਬੁਰਾ l ਮੈਂ ਸੋਚਦਾ ਹਾਂ ਕਿ ਕਦੇ ਵੀ ਕਿਸੇ ਚੀਜ਼ ਤੇ ਟੈਕਸ ਲਗਾਓ ਤਾਂ ਉਹ ਚੀਜ਼ ਸਸਤੀ ਨਹੀਂ ਹੁੰਦੀ ਪਰ ਮਹਿੰਗੀ ਹੋ ਜਾਂਦੀ ਹੈ l ਇਸ ਕਰਕੇ ਮੇਰੀ ਸੋਚ ਮੁਤਾਬਕ ਸਰਕਾਰ ਦਾ ਲੋਕਾਂ ਨੂੰ ਸਸਤੇ ਘਰ ਦੇਣ ਦਾ ਸੁਪਨਾ ਸਿਰਫ ਸੁਪਨਾ ਹੀ ਰਹੇਗਾ l ਘਰ ਜੋ ਪਹਿਲਾਂ ਹੀ ਮਹਿੰਗੇ ਹਨ ਉਨ੍ਹਾਂ ਉੱਪਰ ਇੱਕ ਨਵਾਂ ਟੈਕਸ ਲਾ ਕੇ ਹੋਰ ਮਹਿੰਗੇ ਕਰ ਦੇਣਾ ਮੈਨੂੰ ਤਾਂ ਲੋਕ ਪੱਖੀ ਨਹੀਂ ਲਗਦਾ l

ਭਾਰਤੀ ਖੁਦ ਫੈਸਲਾ ਕਰ ਸਕਦੇ ਹਨ ਕਿ ਉਹ ਵੈਲਥ ਟੈਕਸ ਲੈਣ ਵਾਲੀ ਸਰਕਾਰ ਚਾਹੁੰਦੇ ਹਨ ਜਾਂ ਦੂਜੀ l ਜਿਸ ਵੇਲੇ ਪਰਵਾਸੀ ਭਾਰਤੀ ਨਿਊਜ਼ੀਲੈਂਡ ਆਉਂਦੇ ਹਨ ਤਾਂ ਪੱਕੇ ਹੋਣ ਤੋਂ ਬਾਦ ਉਨ੍ਹਾਂ ਦਾ ਸਭ ਤੋਂ ਵੱਡਾ ਟੀਚਾ ਘਰ ਖਰੀਦਣ ਦਾ ਹੁੰਦਾ ਹੈ l ਘਰਾਂ ਦੀਆਂ ਕੀਮਤਾਂ ਦੇ ਲਗਾਤਾਰ ਵਾਧੇ ਕਾਰਨ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ l

ਆਓ ਦੇਖਦੇ ਹਾਂ ਕਿ ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਆਰਥਿਕ ਮੰਦੀ ਦੇ ਦੌਰ ਵਿੱਚ ਵੀ ਕਿਉਂ ਵੱਧ ਰਹੀਆਂ ਹਨ ?

  • ਨਿਊਜ਼ੀਲੈਂਡ ਵਿੱਚ ਘਰਾਂ ਦੀ ਸਪਲਾਈ ਕਈ ਸਾਲਾਂ ਤੋਂ ਘੱਟ ਚੱਲ ਰਹੀ ਹੈ l ਭਾਵ ਜਿਸ ਤਰਾਂ ਇਥੇ ਅਬਾਦੀ ਵਧੀ ਉਸ ਹਿਸਾਬ ਨਾਲ ਘਰ ਘੱਟ ਬਣਾਏ ਗਏ l
  • ਜਿਹੜੇ ਵਿਦੇਸ਼ਾਂ ਤੋਂ ਬੱਚੇ ਪੜ੍ਹਨ ਆਏ ਅਤੇ ਪੱਕੇ ਹੋ ਗਏ l ਉਨ੍ਹਾਂ ਫਿਰ ਆਪਣੇ ਮੁਲਕਾਂ ਵਿੱਚੋਂ ਆਪਣੇ ਪਾਰਟਨਰ ਨੂੰ ਨਿਊਜ਼ੀਲੈਂਡ ਬੁਲਾਇਆ ਅਤੇ ਇਸ ਨਾਲ ਉਨ੍ਹਾਂ ਨੂੰ ਵੱਖਰੇ ਘਰ ਦੀ ਲੋੜ ਪੈਣ ਨਾਲ ਵੀ ਮੰਗ ਵਧੀ l
  • ਘਰਾਂ ਦਾ ਵਿਆਜ ਘਟਣ ਨਾਲ ਜਿਆਦਾ ਲੋਕ ਘਰ ਖਰੀਦਣ ਲੱਗ ਪਏ l ਇਸ ਨਾਲ ਮੰਗ ਹੋਰ ਵਧੀ l
  • ਰਿਜਰਵ ਬੈਂਕ ਨੇ ਬੈਂਕਾਂ ਉਤੇ ਲਗਾਈਆਂ ਹੋਈਆਂ ਪਬੰਧੀਆਂ ਹਟਾ ਲਈਆਂ ਜਿਸ ਨਾਲ ਬਹੁਤ ਵੱਡੀ ਗਿਣਤੀ ਵਿੱਚ ਇਨਵੇਸਟਰਾਂ ਨੂੰ ਕਰਜ਼ਾ ਸੌਖਾ ਮਿਲਣ ਨਾਲ ਵੀ ਘਰਾਂ ਦੀ ਮੰਗ ਵਧੀ l ਇਹ ਕਰਨ ਨਾਲ ਇਨਵੇਸਟਰਾਂ ਨੂੰ ਸਿਰਫ 20% ਡਿਪੋਸਿਟ ਦੀ ਹੀ ਲੋੜ ਪੈਂਦੀ ਹੈ ਜਦਕਿ ਪਹਿਲਾਂ 30% ਡਿਪੋਸਿਟ ਹੁੰਦਾ ਸੀ l
  • ਜਿਹੜੇ ਲੋਕੀਂ ਆਪਣਾ ਪੈਸਾ ਬੈਂਕਾਂ ਵਿੱਚ ਰੱਖਿਆ ਹੋਇਆ ਸੀ ਉਸ ਦਾ ਵਿਆਜ ਘਟ ਕੇ 1.25% ਹੀ ਰਹਿ ਗਿਆ l ਲੋਕਾਂ ਉਹ ਪੈਸੇ ਘਰ ਖਰੀਦਣ ਵਿੱਚ ਵਰਤਣੇ ਸ਼ੁਰੂ ਕਰ ਦਿੱਤੇ ਅਤੇ ਘਰਾਂ ਦੀ ਇਸ ਨਾਲ ਮੰਗ ਹੋਰ ਵਧੀ l
  • ਕਰੋਨਾ ਦੀ ਵਜ੍ਹਾ ਕਰਕੇ ਲੋਕ ਹੋਰ ਕਾਰੋਬਾਰਾਂ ਵਿੱਚ ਪੈਸਾ ਲਗਾਉਣੋਂ ਘਟੇ ਅਤੇ ਉਨ੍ਹਾਂ ਪੈਸਾ ਘਰਾਂ ਦੀ ਖਰੀਦ ਤੇ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਮੰਗ ਹੋਰ ਵਧੀ l
  • ਜਿਹੜੇ ਕੀਵੀ ਵਿਦੇਸ਼ਾਂ ਵਿੱਚ ਰਹਿੰਦੇ ਸੀ ਉਨ੍ਹਾਂ ਵਿੱਚੋਂ ਕਈਆਂ ਨੇ ਨਿਊਜ਼ੀਲੈਂਡ ਵਿੱਚ ਆ ਕੇ ਰਹਿਣ ਦਾ ਫੈਸਲਾ ਕਰ ਲਿਆ ਜਿਸ ਨਾਲ ਘਰਾਂ ਦੀ ਮੰਗ ਹੋਰ ਵਧੀ l
  • ਨਿਊਜ਼ੀਲੈਂਡ ਦੇ ਲੋਕ ਜਿਹੜੇ ਵਿਦੇਸ਼ਾਂ ਵਿੱਚ ਹਰ ਸਾਲ ਘੁੰਮਣ ਜਾਂਦੇ ਹੁੰਦੇ ਸੀ ਅਤੇ 40 ਜਾਂ 50 ਹਜ਼ਾਰ ਡਾਲਰ ਹਰ ਸਾਲ ਖਰਚ ਕੇ ਆਉਂਦੇ ਸੀ l ਉਹ ਕਰੋਨਾ ਕਰਕੇ ਵਿਦੇਸ਼ ਨਹੀਂ ਜਾ ਸਕੇ ਅਤੇ ਉਨ੍ਹਾਂ ਉਹ ਪੈਸਾ ਘਰ ਖਰੀਦਣ ਵਿੱਚ ਵਰਤ ਲਿਆ ਜਿਸ ਨਾਲ ਘਰਾਂ ਦੀ ਮੰਗ ਹੋਰ ਵੱਧ ਗਈ l
  • ਜਿਹੜੇ ਲੋਕ ਸਰਕਾਰ ਤੋਂ ਸਸਤੇ ਘਰਾਂ ਦੀ ਆਸ ਲਗਾਈ ਬੈਠੇ ਸੀ ਉਨ੍ਹਾਂ ਆਸ ਮੁਕਾ ਕੇ ਆਪ ਹੀ ਘਰ ਖਰੀਦਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਘਰਾਂ ਦੀ ਮੰਗ ਵਧੀ l ਵਿਆਜ ਘੱਟ ਹੋਣ ਕਰਕੇ ਉਨ੍ਹਾਂ ਨੂੰ ਕਰਜ਼ਾ ਵੀ ਅਰਾਮ ਨਾਲ ਮਿਲ ਰਿਹਾ ਹੈ l
  • ਵਿਆਜ ਘਟਣ ਨਾਲ ਘਰ ਦੀ ਕਿਸ਼ਤ ਘਰ ਦੇ ਕਿਰਾਏ ਨਾਲੋਂ ਵੀ ਘੱਟ ਹੈ ਇਸ ਕਰਕੇ ਹੋਰ ਲੋਕਾਂ ਦੀ ਦਿਲਚਸਪੀ ਘਰ ਖਰੀਦਣ ਵਿੱਚ ਵਧੀ l
  • ਘਰਾਂ ਦੀ ਕੀਮਤ ਵਧਣ ਨਾਲ ਲੋਕ ਡਰ ਗਏ ਕਿ ਜੇ ਘਰ ਹੁਣ ਨਾ ਖਰੀਦ ਹੋਇਆ ਤਾਂ ਸ਼ਾਇਦ ਫਿਰ ਕਦੇ ਵੀ ਖਰੀਦ ਨਾ ਹੋਵੇ ਜਿਸ ਕਰਕੇ ਉਨ੍ਹਾਂ ਘਰ ਕਾਹਲੀ ਕਾਹਲੀ ਲੈਣੇ ਸ਼ੁਰੂ ਕਰ ਦਿੱਤੇ ਅਤੇ ਮੰਗ ਵਧੀ l
  • ਲੌਕ ਡੌਨ ਦੌਰਾਨ ਸਭ ਨੇ ਘੱਟ ਖਰਚਾ ਕੀਤਾ ਅਤੇ ਪੈਸੇ ਵੱਧ ਬਚਾਏ l ਉਸ ਪੈਸੇ ਨੂੰ ਵੀ ਘਰ ਖਰੀਦਣ ਲਈ ਵਰਤਿਆ ਜਾਣ ਲੱਗਾ l
  • ਲੌਕ ਡੌਨ ਕਰਕੇ ਸਾਰੇ ਘਰਾਂ ਵਿੱਚ ਰਹੇ ਅਤੇ ਉਨ੍ਹਾਂ ਨੂੰ ਘਰ ਖਰੀਦਣ ਵਾਸਤੇ ਪਲਾਨਿੰਗ ਕਰਨ ਦਾ ਸਮਾਂ ਮਿਲਿਆ l
  • ਵਿਕਰੀ ਵਾਲੇ ਘਰਾਂ ਦੀ ਘਾਟ ਹੋਣ ਕਰਕੇ ਵੀ ਕੀਮਤ ਵਿੱਚ ਵਾਧਾ ਹੋਇਆ l
  • ਘਰ ਮਹਿੰਗੇ ਹੋਣ ਕਰਕੇ ਜਿਨ੍ਹਾਂ ਲੋਕਾਂ ਨੇ ਘਰ ਖਰੀਦਣ ਦੀ ਆਸ ਛੱਡ ਦਿੱਤੀ ਸੀ ਉਹ ਵੀ ਵਿਆਜ ਘਟਣ ਨਾਲ ਵਾਪਸ ਮਾਰਕੀਟ ਵਿੱਚ ਆ ਗਏ ਜਿਸ ਨਾਲ ਮੰਗ ਵਧੀ l
  • ਹੋਰ ਨਿਊਜ਼ੀਲੈਂਡ ਦੇ ਡਾਲਰ ਛਾਪਣ ਨਾਲ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਘਰਾਂ ਦੀਆਂ ਕੀਮਤਾਂ ਹੋਰ ਵਧ ਜਾਣਗੀਆਂ l ਇਸ ਕਰਕੇ ਲੋਕਾਂ ਘਰ ਜਲਦੀ ਜਲਦੀ ਖਰੀਦਣੇ ਸ਼ੁਰੂ ਕਰ ਦਿੱਤੇ l

ਉੱਪਰ ਦਿੱਤੇ ਕਾਰਨਾਂ ਕਰਕੇ ਘਰਾਂ ਦੀਆਂ ਕੀਮਤਾਂ ਵਧ ਰਹੀਆਂ ਹਨ l

ਇਸ ਲੇਖ ਲਿਖਣ ਦਾ ਮਕਸਦ ਪਾਠਕਾਂ ਨੂੰ ਸਰਕਾਰਾਂ ਅਤੇ ਘਰਾਂ ਬਾਰੇ ਆਪਣੇ ਤਜਰਬੇ ਮੁਤਾਬਕ ਜਾਣਕਾਰੀ ਦੇਣਾ ਹੀ ਹੈ l ਇਸ ਲੇਖ ਦੇ ਜਰੀਏ ਮੈਂ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ ਜਾਂ ਨਾ ਪਾਉਣ ਲਈ ਨਹੀਂ ਕਹਿ ਰਿਹਾ l ਮਰਜ਼ੀ ਨਾਲ ਵੋਟ ਪਾਉਣਾ ਤੁਹਾਡਾ ਹੱਕ ਹੈ ਜਿਸ ਨੂੰ ਜ਼ਰੂਰ ਵਰਤੋ ਪਰ ਹੋਸ਼ ਨਾਲ l ਮੈਂ ਨਾ ਹੀ ਘਰ ਖਰੀਦਣ ਜਾਂ ਨਾ ਖਰੀਦਣ ਦੀ ਸਲਾਹ ਦੇ ਰਿਹਾ ਹਾਂ l ਇਹ ਵੀ ਸਭ ਦਾ ਆਪਣਾ ਫੈਸਲਾ ਹੈ ਅਤੇ ਸੋਚ ਸਮਝ ਕੇ ਕਰਨਾ ਚਾਹੀਦਾ ਹੈ l ਘਰ ਖਰੀਦਣ ਵਿੱਚ ਗਲਤ ਲਿਆ ਫੈਸਲਾ ਕਈ ਸਾਲ ਪਿੱਛੇ ਲੈ ਜਾਂਦਾ ਹੈ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
avtar31@hotmail.com