-ਨਿਊਜ਼ੀਲੈਂਡ ਵਿੱਚ ਆਪਣੇ ਤਜਰਬੇ ਤੇ ਅਧਾਰਤ
ਦੁਨੀਆਂ ਵਿੱਚ ਭਾਰਤੀਆਂ ਦੀ ਗਿਣਤੀ ਮਿਹਨਤੀ ਇਨਸਾਨਾਂ ਵਿੱਚ ਆਉਂਦੀ ਹੈ l ਭਾਵੇਂ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਮਿਹਨਤ ਦੀ ਕਦਰ ਭਾਰਤ ਵਿੱਚ ਨਹੀਂ ਪੈਂਦੀ l ਇਸ ਵਿੱਚ ਉਥੇ ਦੀ ਸਰਕਾਰ ਸਾਫ ਤੌਰ ਤੇ ਜਿੰਮੇਂਵਾਰ ਹੈ ਜੋ ਭਾਰਤੀਆਂ ਵਾਸਤੇ ਸੁਖਾਵੇਂ ਕੰਮਾਂ ਕਾਰਾਂ ਦੇ ਹਲਾਤ ਜਾਂ ਨੌਕਰੀਆਂ ਨਹੀਂ ਪੈਦਾ ਕਰ ਸਕਦੀ l ਇਸ ਦੇ ਨਾਲ ਨਾਲ ਬੇਈਮਾਨੀ, ਰਿਸ਼ਵਤਖੋਰੀ, ਈਰਖਾ, ਦੂਜੇ ਦੀਆਂ ਲੱਤਾਂ ਖਿੱਚਣ ਦੀ ਆਦਤ ਅਤੇ ਦੇਸ਼ ਦੀ ਅਬਾਦੀ ਵੀ ਇਸ ਵਾਸਤੇ ਜਿੰਮੇਂਵਾਰ ਹੈ l ਸੜਕਾਂ ਤੇ ਵਧੀ ਹੋਈ ਭੀੜ ਅਤੇ ਸੜਕਾਂ ਤੇ ਪਏ ਹੋਏ ਟੋਏ ਵੀ ਹਰ ਕੰਮ ਵਿੱਚ ਦੇਰੀ ਕਰਦੇ ਹਨ l ਸਰਕਾਰ ਵਲੋਂ ਔਰਤਾਂ ਨੂੰ ਸੁਰੱਖਿਆ ਨਾ ਦਿੱਤੇ ਜਾ ਸਕਣ ਕਰਕੇ ਔਰਤਾਂ ਕੰਮਾਂ ਤੇ ਜਾਣੋਂ ਝਿਜਕਦੀਆਂ ਹਨ ਜਿਸ ਦੀ ਵਜ੍ਹਾ ਕਰਕੇ ਔਰਤਾਂ ਨੂੰ ਤਰੱਕੀ ਦੇ ਮੌਕੇ ਨਹੀਂ ਮਿਲ ਸਕਦੇ l ਇਸ ਸਭ ਤੋਂ ਅੱਕ ਕੇ ਭਾਰਤੀ ਵਿਦੇਸ਼ਾਂ ਵੱਲ ਮੂੰਹ ਕਰਦੇ ਹਨ l ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਪਹੁੰਚਣ ਤੋਂ ਬਾਦ ਭਾਰਤੀਆਂ ਦੀ ਪਹਿਲੀ ਇੱਛਾ ਪੱਕੇ ਹੋਣ ਅਤੇ ਵਧੀਆ ਨੌਕਰੀ ਲੱਭਣ ਦੀ ਹੁੰਦੀ ਹੈ ਜਿਸ ਵਿੱਚ ਕਾਫੀ ਲੋਕ ਕੁੱਝ ਸਾਲਾਂ ਦੇ ਸੰਘਰਸ਼ ਤੋਂ ਬਾਦ ਕਾਮਯਾਬੀ ਹਾਸਿਲ ਕਰ ਲੈਂਦੇ ਹਨ l
ਪੱਕੇ ਹੋਣ ਤੋਂ ਬਾਦ ਅਗਲਾ ਸੁਪਨਾ ਆਪਣਾ ਘਰ ਖਰੀਦਣ ਦਾ ਹੁੰਦਾ ਹੈ l ਜਦੋਂ ਪਤੀ ਪਤਨੀ ਦੋਨੋਂ ਵਧੀਆ ਨੌਕਰੀਆਂ ਕਰਦੇ ਹਨ ਤਾਂ ਘਰ ਖਰੀਦਣ ਵਾਸਤੇ ਬੈਂਕ ਕਰਜ਼ਾ ਦੇ ਦਿੰਦੀ ਹੈ l ਸਿਰਫ ਦਸ ਪ੍ਰਤੀਸ਼ਤ ਦੇ ਲਾਗੇ ਡਿਪੋਜਿੱਟ ਜਾਂ ਡਾਉਂਨ ਪੇਮੈਂਟ ਦੇ ਕੇ ਕਰਜ਼ਾ ਮਿਲ ਜਾਂਦਾ ਹੈ l ਥੋੜ੍ਹੇ ਸਾਲ ਘਰ ਦੀਆਂ ਕਿਸ਼ਤਾਂ ਲਾਹ ਕੇ ਅਤੇ ਕੁੱਝ ਹੋਰ ਪੈਸੇ ਜੋੜ ਕੇ ਭਾਰਤੀਆਂ ਵਿੱਚ ਵੱਡਾ ਘਰ ਖਰੀਦਣ ਦੀ ਇੱਛਾ ਜਾਗਦੀ ਹੈ l ਹੁਣ ਜੋੜੇ ਨੂੰ ਨਿਊਜ਼ੀਲੈਂਡ ਆਇਆਂ ਨੂੰ ਕੁੱਝ ਸਾਲ ਬੀਤ ਚੁੱਕੇ ਹਨ, ਪਹਿਲੇ ਘਰ ਦਾ ਲਿਆ ਕਰਜ਼ਾ ਵੀ ਕਿਸ਼ਤਾਂ ਦੇ ਕੇ ਕੁੱਝ ਘਟ ਗਿਆ ਅਤੇ ਉਨ੍ਹਾਂ ਦੀ ਤਨਖਾਹ ਵੀ ਪਹਿਲਾਂ ਨਾਲੋਂ ਵਧ ਗਈ ਹੈ l ਪਹਿਲੇ ਖਰੀਦੇ ਹੋਏ ਘਰ ਦੀ ਕੀਮਤ ਵੀ ਪਹਿਲਾਂ ਨਾਲੋਂ ਵਧ ਗਈ ਹੈ l ਕੁੱਝ ਸਾਲ ਸਮੇਂ ਸਿਰ ਕਿਸ਼ਤਾਂ ਦੇਣ ਨਾਲ ਬੈਂਕ ਵਾਲਿਆਂ ਨਾਲ ਵੀ ਵਧੀਆ ਰਿਕਾਰਡ ਬਣ ਗਿਆ ਹੈ ਅਤੇ ਵਾਕਫੀ ਹੋ ਗਈ ਹੈ l ਉਹ ਬੈਂਕ ਨਾਲ ਹੋਰ ਕਰਜ਼ਾ ਲੈਣ ਦੀ ਗੱਲ ਕਰਕੇ ਆਪਣੇ ਰਹਿਣ ਲਈ ਵੱਡਾ ਘਰ ਖਰੀਦ ਲੈਂਦੇ ਹਨ ਅਤੇ ਆਪਣਾ ਪਹਿਲਾਂ ਲਿਆ ਹੋਇਆ ਘਰ ਕਿਰਾਏ ਤੇ ਦੇਣ ਬਾਰੇ ਸੋਚਦੇ ਹਨ l
ਆਪ ਕੰਮਾਂ ਕਾਰਾਂ ਵਿੱਚ ਰੁਝੇ ਹੋਣ ਕਰਕੇ ਉਨ੍ਹਾਂ ਨੂੰ ਕਿਰਾਏ ਵਾਲੇ ਘਰ ਦੀ ਦੇਖ ਭਾਲ ਕਰਨ ਵਾਸਤੇ ਪ੍ਰਾਪਰਟੀ ਮੈਨੇਜਰ ਦੀ ਲੋੜ ਪੈਂਦੀ ਹੈ l ਹੁਣ ਉਨ੍ਹਾਂ ਨੂੰ ਇਹ ਪਤਾ ਨਹੀਂ ਲਗਦਾ ਕਿ ਕਿਹੜਾ ਪ੍ਰਾਪਰਟੀ ਮੈਨੇਜਰ ਉਨ੍ਹਾਂ ਦੇ ਘਰ ਦੀ ਵਧੀਆ ਦੇਖ ਭਾਲ ਕਰੇਗਾ ? ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਪ੍ਰਾਪਰਟੀ ਮੈਨੇਜਰ ਵਿੱਚ ਕਿਹੜੇ ਗੁਣ ਦੇਖਣ ਦੀ ਲੋੜ ਹੁੰਦੀ ਹੈ ?
ਮੈਂ ਪਿਛਲੇ 21 ਸਾਲ ਤੋਂ ਆਪਣੇ ਘਰਾਂ ਦੀ ਮੈਨੇਜਮੈਂਟ ਕਰਦਾ ਆ ਰਿਹਾ ਹਾਂ ਜਿਸ ਵਿੱਚ ਵੱਖ ਵੱਖ ਇਲਾਕੇ ਵਿੱਚ ਵੱਖ ਵੱਖ ਪ੍ਰਾਪਰਟੀ ਮੈਨੇਜਰ ਘਰਾਂ ਦੀ ਦੇਖ ਭਾਲ ਵਾਸਤੇ ਰੱਖੇ ਹੋਏ ਹਨ l ਸਾਡੇ ਘਰ ਸਾਲ ਵਿੱਚ 51 ਹਫਤੇ ਤੋਂ ਵੱਧ ਕਿਰਾਏ ਤੇ ਚੜ੍ਹੇ ਰਹਿੰਦੇ ਹਨ l ਆਓ ਆਪਾਂ ਦੇਖੀਏ ਕਿ ਮਕਾਨ ਮਾਲਕ ਨੂੰ ਪ੍ਰਾਪਰਟੀ ਮੈਨੇਜਰ ਚੁਣਨ ਤੋਂ ਪਹਿਲਾਂ ਕਿਹੜੇ ਕਿਹੜੇ ਸਵਾਲ ਪ੍ਰਾਪਰਟੀ ਮੈਨੇਜਰ ਕੋਲੋਂ ਪੁੱਛਣੇ ਚਾਹੀਦੇ ਹਨ ?
- ਤੁਸੀਂ ਕਿੰਨੇ ਸਾਲ ਤੋਂ ਇਸ ਕੰਪਨੀ ਵਿੱਚ ਕੰਮ ਕਰਦੇ ਹੋ ?
- ਤੁਸੀਂ ਇਕੱਲੇ ਕਿੰਨੇ ਘਰਾਂ ਦੀ ਮੈਨੇਜਮੈਂਟ ਕਰਦੇ ਹੋ ? ਇੱਕ ਪ੍ਰਾਪਰਟੀ ਮੈਨੇਜਰ 100 ਜਾਂ 110 ਘਰਾਂ ਦੀ ਦੇਖ ਭਾਲ ਚੰਗੀ ਤਰਾਂ ਕਰ ਸਕਦਾ ਹੈ ਅਤੇ ਪਾਰਟ ਟਾਈਮ ਮੈਨੇਜਰ 50 ਘਰ ਦੇਖ ਸਕਦਾ ਹੈ l
- ਕੀ ਤੁਸੀਂ ਆਪ ਵੀ ਪ੍ਰਾਪਰਟੀ ਇਨਵੇਸਟਰ ਹੋ ? ਜੇ ਪ੍ਰਾਪਰਟੀ ਮੈਨੇਜਰ ਆਪ ਪ੍ਰਾਪਰਟੀ ਇਨਵੇਸਟਰ ਹੈ ਤਾਂ ਉਸ ਨੂੰ ਦੂਜੇ ਦੀ ਪ੍ਰਾਪਰਟੀ ਦੀ ਦੇਖ ਭਾਲ ਕਰਨ ਦਾ ਪਤਾ ਹੋ ਸਕਦਾ l
- ਫਾਇਨੈਨਸ਼ੀਅਲ ਸਟੇਟਮੈਂਟ ਜਾਂ ਅਕਾਊਂਟਿੰਗ ਵਾਲੇ ਵਿਅਕਤੀ ਦਾ ਤੁਹਾਡੇ ਦਫ਼ਤਰ ਵਿੱਚ ਕੀ ਤਜਰਬਾ ਹੈ ? ਵਧੀਆ ਸਟੇਟਮੈਂਟ ਤੁਹਾਡੇ ਅਕਾਊਂਟੈਂਟ ਦਾ ਕੰਮ ਸੌਖਾ ਕਰੇਗੀ l
- ਇਸ ਇਲਾਕੇ ਵਿੱਚ ਤੁਸੀਂ ਕਿੰਨੇ ਸਾਲ ਤੋਂ ਨੌਕਰੀ ਕਰਦੇ ਹੋ ?
- ਇਸ ਇਲਾਕੇ ਵਿੱਚ ਔਸਤ ਕਿਰਾਇਆ ਕਿੰਨਾ ਹੈ ?
- ਇਸ ਇਲਾਕੇ ਵਿੱਚ ਸਾਲ ਵਿੱਚ ਕਿੰਨੇ ਹਫਤੇ ਕਿਰਾਏਦਾਰ ਮਿਲ ਜਾਂਦਾ ਹੈ ?
- ਤੁਸੀਂ ਰੈਂਟ ਰਿਵਿਊ ਕਿੰਨੇ ਚਿਰ ਬਾਦ ਕਰਦੇ ਹੋ ?
- ਇਸ ਇਲਾਕੇ ਵਿੱਚ ਲੋਕ ਜਿਆਦਾ ਕੰਮ ਕਰਦੇ ਹਨ ਜਾਂ ਸਰਕਾਰੀ ਭੱਤਾ ਲੈਂਦੇ ਹਨ ?
- ਕਿਰਾਏਦਾਰ ਦੀ ਚੋਣ ਵੇਲੇ ਕਿਰਾਏਦਾਰ ਦਾ ਕੀ ਕੀ ਰਿਕਾਰਡ ਦੇਖਦੇ ਹੋ ?
- ਪ੍ਰਾਪਰਟੀ ਦੀ ਇੰਸਪੈਕਸ਼ਨ ਕਿੰਨੇ ਚਿਰ ਬਾਦ ਕਰਦੇ ਹੋ ?
- ਤੁਹਾਡੇ ਕਿੰਨੇ ਘਰਾਂ ਦੇ ਕਿਰਾਏਦਾਰ ਕਿਰਾਇਆ ਦੇਣ ਲਈ ਪਿੱਛੇ ਰਹੇ ਹੋਏ ਹਨ ?
- ਕੀ ਤੁਸੀਂ ਵੀਕਐਂਡ ਜਾਂ ਪਬਲਿਕ ਛੁੱਟੀ ਵਾਲੇ ਦਿਨ ਫੋਨ ਚੁੱਕਦੇ ਹੋ ਜਾਂ ਨਹੀਂ ? ਜੇ ਨਹੀਂ ਤਾਂ ਛੁੱਟੀ ਵਾਲੇ ਦਿਨ ਕਿਸੇ ਹੋਰ ਨੂੰ ਫੋਨ ਚੁੱਕਣ ਦੀ ਡਿਊਟੀ ਲਗਾ ਕੇ ਜਾਂਦੇ ਹੋ ਜਾਂ ਨਹੀਂ ?
- ਤੁਹਾਡੇ ਸਾਲ ਵਿੱਚ ਕਿੰਨੇ ਕੇਸ ਟੇਨੈਂਸੀ ਟ੍ਰਿਬਿਊਨਲ ਵਿੱਚ ਜਾਂਦੇ ਹਨ ?
- ਟੈਨੈਂਸੀ ਟ੍ਰਿਬਿਊਨਲ ਵਿੱਚ ਗਏ ਕੇਸਾਂ ਵਿੱਚੋਂ ਤੁਹਾਨੂੰ ਕਿੰਨਿਆਂ ਕੇਸਾਂ ਵਿੱਚ ਕਾਮਯਾਬੀ ਮਿਲਦੀ ਹੈ ?
- ਜੇ ਕੋਈ ਕਿਰਾਏਦਾਰ ਕਿਰਾਇਆ ਨਹੀਂ ਦਿੰਦਾ ਤਾਂ ਕੀ ਕਰਦੇ ਹੋ ?
- ਸਾਲ ਵਿੱਚ ਕਿੰਨੇ ਹਫਤੇ ਕਿਰਾਏਦਾਰ ਘਰ ਵਿੱਚ ਰਹਿਣ ਨੂੰ ਮਿਲ ਜਾਂਦਾ ਹੈ ?
- ਪ੍ਰਾਪਰਟੀ ਮੈਨੇਜਰ ਤੋਂ ਦੂਜੇ ਮਕਾਨ ਮਾਲਕਾਂ ਦੇ ਦਿੱਤੇ ਹੋਏ ਰੈਫਰੈਂਸ ਲੈਟਰ ਦੇਖ ਸਕਦੇ ਹੋ l
- ਤੁਸੀਂ ਕਿਰਾਏ ਵਿੱਚੋਂ ਕਿੰਨਾ ਕਮਿਸ਼ਨ ਲੈਂਦੇ ਹੋ ?
- ਕੀ ਤੁਸੀਂ ਕਿਰਾਏਦਾਰ ਲੱਭਣ ਦੀ ਫੀਸ ਲੈਂਦੇ ਹੋ ?
- ਕੀ ਤੁਸੀਂ ਪ੍ਰਾਪਰਟੀ ਦੀ ਇੰਸਪੈਕਸ਼ਨ ਫੀਸ ਲੈਂਦੇ ਹੋ ?
- ਕੀ ਤੁਸੀਂ ਟੈਨੈਂਸੀ ਟ੍ਰਿਬਿਊਨਲ ਵਿੱਚ ਜਾਣ ਦੀ ਫੀਸ ਲੈਂਦੇ ਹੋ ?
- ਕੀ ਤੁਸੀਂ ਇੰਸਪੈਕਸ਼ਨ ਵੇਲੇ ਸਮੋਕ ਅਲਾਰਮ ਟੈਸਟ ਕਰਦੇ ਹੋ ?
- ਘਰ ਖਾਲੀ ਹੋਣ ਵੇਲੇ ਤੁਸੀਂ ਕਿੱਥੇ ਕਿੱਥੇ ਐਡਵਰਟਾਈਜ਼ ਕਰਦੇ ਹੋ ?
- ਕੀ ਤੁਸੀਂ ਐਡਵਰਟਾਈਜ਼ ਦੀ ਫੀਸ ਘਰ ਦੇ ਮਾਲਕ ਕੋਲੋਂ ਲੈਂਦੇ ਹੋ ?
- ਤੁਹਾਡੀਆਂ ਪ੍ਰਾਪਰਟੀਆਂ ਸਾਲ ਵਿੱਚ ਕਿੰਨੇ ਹਫਤੇ ਕਿਰਾਏ ਤੇ ਚੜ੍ਹੀਆਂ ਰਹਿੰਦੀਆਂ ਹਨ ?
- ਜਿਹੜੀ ਰਿਪੇਅਰ ਤੁਸੀਂ ਕਰਾਉਂਦੇ ਹੋ ਕੀ ਤੁਸੀਂ ਉਸ ਉੱਪਰ ਆਪਣਾ ਕਮਿਸ਼ਨ ਲੈਂਦੇ ਹੋ ?
ਇਸ ਸਭ ਤੋਂ ਬਾਦ ਤੁਸੀਂ ਸੋਚਦੇ ਹੋਵੋਗੇ ਕਿ ਇੱਕ ਘਰ ਕਿਰਾਏ ਤੇ ਦੇਣ ਲਈ ਏਡੀ ਵੱਡੀ ਇੰਟਰਵਿਊ ? ਜੀ ਹਾਂ ਇਸ ਕੰਮ ਵਿੱਚ ਕਾਮਯਾਬੀ ਹਾਸਿਲ ਕਰਨ ਲਈ ਇਹ ਜ਼ਰੂਰੀ ਹੈ ਕਿਉਂਕਿ ਤੁਸੀਂ ਆਪਣਾ ਲੱਖਾਂ ਡਾਲਰਾਂ ਦਾ ਘਰ ਉਸ ਮੈਨੇਜਰ ਦੇ ਹਵਾਲੇ ਕਰਨਾ ਹੈ l ਜਿਆਦਾ ਲੋਕ ਘਰਾਂ ਦੀ ਮੈਨੇਜਮੈਂਟ ਉਸ ਕੰਪਨੀ ਨੂੰ ਦੇ ਦਿੰਦੇ ਹਨ ਜੋ ਕਿਰਾਏ ਵਿੱਚੋਂ ਘੱਟ ਕਮਿਸ਼ਨ ਲੈਂਦੀ ਹੋਵੇ l ਜੇ ਕੋਈ ਕੰਪਨੀ 1% ਘੱਟ ਕਮਿਸ਼ਨ ਲੈਂਦੀ ਹੈ ਤਾਂ ਇਸ ਦਾ ਭਾਵ ਹੈ ਕਿ ਜੇ ਉਹ ਇੱਕ ਲੱਖ ਡਾਲਰ ਕਿਰਾਇਆ ਇਕੱਠਾ ਕਰਕੇ ਦੇਵੇ ਤਾਂ ਤੁਹਾਨੂੰ ਇੱਕ ਹਜ਼ਾਰ ਡਾਲਰ ਫਾਲਤੂ ਬਚੇਗਾ l ਜਿਆਦਾ ਘਰਾਂ ਦਾ ਕਿਰਾਇਆ ਸਾਲ ਦਾ $25,000 ਬਣਦਾ ਹੈ l ਇਸ ਦਾ ਭਾਵ ਹੈ ਕਿ 1% ਘੱਟ ਕਮਿਸ਼ਨ ਨਾਲ ਸਿਰਫ ਸਾਲ ਦਾ 250 ਡਾਲਰ ਦਾ ਫਰਕ ਪਵੇਗਾ ਜੋ ਕਿ ਬਹੁਤ ਘੱਟ ਹੈ ਪਰ ਜੇ ਉਸ ਕੰਪਨੀ ਦੀ ਮਾੜੀ ਸਰਵਿਸ ਕਰਕੇ ਘਰ 4 ਹਫਤੇ ਖਾਲੀ ਰਹਿ ਗਿਆ ਤਾਂ ਕਿਰਾਏ ਦਾ ਦੋ ਹਜ਼ਾਰ ਡਾਲਰ ਦਾ ਨੁਕਸਾਨ ਹੋ ਜਾਵੇਗਾ l ਇਸ ਤਰਾਂ ਕਈ ਵਾਰ ਸਸਤਾ ਪ੍ਰਾਪਰਟੀ ਮੈਨੇਜਰ ਮਹਿੰਗਾ ਪੈ ਜਾਂਦਾ ਹੈ l
ਨੋਟ :- ਇਹ ਆਰਟੀਕਲ ਆਪਣੇ ਤਜਰਬੇ ਤੇ ਅਧਾਰਤ ਲਿਖਿਆ ਗਿਆ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147