-ਆਪਣੇ ਤਜਰਬੇ ਤੇ ਅਧਾਰਿਤ
(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਗੁੱਸਾ ਸ਼ਬਦ ਜਿੰਨਾ ਛੋਟਾ ਹੈ ਇਸ ਦੇ ਅਸਰ ਓਨੇ ਹੀ ਵੱਡੇ ਹਨ l ਗੁੱਸੇ ਦੀਆਂ ਕਈ ਕਿਸਮਾਂ ਹੁੰਦੀਆਂ ਹਨ l ਇਸ ਆਰਟੀਕਲ ਵਿਚ ਗੁੱਸੇ ਦੀਆਂ ਕਿਸਮਾਂ ਵਾਰੇ ਗੱਲ ਨਹੀਂ ਕਰਾਂਗਾ ਪਰ ਇਸ ਦੇ ਪ੍ਰਭਾਵ ਅਤੇ ਇਸ ਤੋਂ ਬਚਣ ਦੇ ਤਰੀਕੇ ਕੁੱਝ ਉਦਾਹਰਣਾਂ ਸਮੇਤ ਪੇਸ਼ ਕਰਨ ਦੀ ਕਰਾਂਗਾ l ਵੈਸੇ ਗੁੱਸਾ ਜਾਨਵਰਾਂ ਵਿਚ ਵੀ ਦੇਖਿਆ ਜਾਂਦਾ ਹੈ ਪਰ ਇਨਸਾਨਾਂ ਵਿਚ ਜਿਆਦਾ ਦੇਖਿਆ ਜਾਂਦਾ ਹੈ ਅਤੇ ਇਸ ਦੇ ਅਸਰ ਵੀ ਕਾਫੀ ਖਤਰਨਾਕ ਹੁੰਦੇ ਹਨ l ਗੁੱਸੇ ਦੀ ਬਦੌਲਤ ਲੋਕ ਕਈ ਕਈ ਸਾਲ ਹਸਪਤਾਲਾਂ, ਥਾਣਿਆਂ ਅਤੇ ਕਚਿਹਰੀਆਂ ਵਿਚ ਕੱਢ ਦਿੰਦੇ ਹਨ l ਕਈਆਂ ਦੀ ਅਗਲੀ ਪੀੜ੍ਹੀ ਵੀ ਉਨ੍ਹਾਂ ਦੇ ਗੁੱਸੇ ਕਾਰਨ ਇਨ੍ਹਾਂ ਥਾਵਾਂ ਤੇ ਖੱਜਲ ਖਵਾਰ ਹੁੰਦੀ ਹੈ l ਗੁੱਸਾ ਕਦੇ ਨਾਂ ਕਦੇ ਹਰ ਇੱਕ ਨੂੰ ਆਉਂਦਾ ਹੈ ਪਰ ਉਹ ਗੁੱਸੇ ਦਾ ਅਸਰ ਕਿੰਨਾਂ ਕੁ ਕਬੂਲਦਾ ਹੈ ਇਹ ਉਸ ਦੇ ਆਪਣੇ ਸੁਭਾਅ ਤੇ ਨਿਰਭਰ ਕਰਦਾ ਹੈ l
ਆਰਥਿਕ ਤੰਗੀ ਵੀ ਗੁੱਸੇ ਦਾ ਇੱਕ ਵੱਡਾ ਕਾਰਨ ਹੈ l ਮੈਂ ਦਸਵੀਂ ਤੱਕ ਹੀ ਪੜ੍ਹਿਆ ਸੀ l ਆਮ ਤੌਰ ਤੇ ਜੇ ਅਧਿਆਪਕ ਲੱਗਣਾ ਹੋਵੇ ਤਾਂ ਕਾਫੀ ਪੜ੍ਹਨਾ ਪੈਂਦਾ ਹੈ l ਮੇਰੀ ਪੜ੍ਹਾਈ ਘੱਟ ਹੋਣ ਕਰਕੇ ਮੈਂ ਕਦੇ ਦਿਹਾੜੀ ਕਰਨ ਵਿਚ ਵੀ ਤੰਗੀ ਮਹਿਸੂਸ ਨਹੀਂ ਕੀਤੀ ਸੀ ਭਾਵੇਂ ਦੇਸ਼ ਹੋਵੇ ਜਾਂ ਵਿਦੇਸ਼ l ਭਾਵੇਂ ਮੈਂ ਪੜ੍ਹਿਆ ਘੱਟ ਸੀ ਪਰ ਮੈਨੂੰ ਜਿੰਦਗੀ ਦੇ ਬਹੁਤੇ ਸਾਲ ਹੋਰਨਾਂ ਨੂੰ ਪੜ੍ਹਾਉਣ ਦਾ ਕੰਮ ਮਿਲਿਆ l ਮੇਰੇ ਕੋਲੋਂ ਪੜ੍ਹਨ ਵਾਲੇ ਆਮ ਤੌਰ ਤੇ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਹੁੰਦੇ ਸੀ l ਉਨ੍ਹਾਂ ਵਿਚ ਡਾਕਟਰ, ਇੰਜੀਨਿਅਰ, ਅਕਾਊਂਟੈਂਟ, ਵਕੀਲ, ਬੈਂਕ ਮੈਨੇਜਰ, ਸਕੂਲਾਂ ਦੇ ਅਧਿਆਪਕ, ਪ੍ਰਿੰਸੀਪਲ, ਥਾਣੇਦਾਰ, ਸ਼ਿਪ ਅਪਰੇਟਰ ਅਤੇ ਹੋਰ ਉਚਿਆਂ ਅਹੁਦਿਆਂ ਵਾਲੇ ਲੋਕ ਵੀ ਸ਼ਾਮਿਲ ਸਨ l ਪਹਿਲਾਂ ਮੈਂ ਛਾਪੇਖਾਨੇ ਵਿਚ ਲੋਕਾਂ ਨੂੰ ਸਿਖਲਾਈ ਦਿੱਤੀ ਫਿਰ ਕੀਵੀ ਫਰੂਟ ਇੰਡਸਟਰੀ ਵਿਚ ਹਜ਼ਾਰਾਂ ਲੋਕਾਂ ਨੂੰ ਟਰੇਨਿੰਗ ਦਿੱਤੀ ਫਿਰ ਬਿਜਨਿਸ ਵਿੱਚ ਅਤੇ ਫਿਰ ਘਰਾਂ ਦੇ ਕੰਮ ਵਿੱਚ ਟਰੇਨਿੰਗ ਦਿੱਤੀ l
ਇਨ੍ਹਾਂ ਸਾਰੇ ਕੰਮਾਂ ਵਿੱਚ ਮੈਨੂੰ ਹਜ਼ਾਰਾਂ ਲੋਕਾਂ ਦੇ ਸੁਭਾਅ ਵਾਰੇ ਪਤਾ ਲੱਗਾ, ਕਲਚਰ ਵਾਰੇ ਪਤਾ ਲੱਗਾ, ਉਨ੍ਹਾਂ ਦੀਆਂ ਹੇਰਾ ਫੇਰੀਆਂ ਕਰਨ ਦੇ ਤਰੀਕਿਆਂ ਦਾ ਪਤਾ ਲੱਗਾ, ਉਨ੍ਹਾਂ ਦੇ ਝੂਠ ਬੋਲਣ ਦਾ ਪਤਾ ਲੱਗਾ ਅਤੇ ਉਨ੍ਹਾਂ ਦੇ ਗੁੱਸੇ ਦਾ ਪਤਾ ਲੱਗਾ l ਮੈਂ ਸਭ ਤੋਂ ਉੱਚੇ ਅਹੁਦੇ ਤੇ ਹੋਣ ਕਰਕੇ ਮੈਨੂੰ ਉਨ੍ਹਾਂ ਦੇ ਗੁੱਸੇ ਨੂੰ ਵੀ ਹੈਂਡਲ ਕਰਨਾ ਪੈਂਦਾ ਸੀ l ਗੁਸੇ ਦਾ ਕਾਰਨ ਜੋ ਮਰਜ਼ੀ ਹੋਵੇ l ਮੈਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਗੁੱਸੇ ਵਿੱਚ ਨਹੀਂ ਦੇਖਿਆ l ਮੇਰੀ ਸੁਰਤ ਤੋਂ ਲੈ ਕੇ ਸ਼ਾਇਦ ਮੇਰੇ ਘਰਦਿਆਂ ਵੀ ਗੁੱਸੇ ਵਿੱਚ ਨਹੀਂ ਦੇਖਿਆ l ਮੈਂ ਆਪਣੇ ਦਿਮਾਗ ਨੂੰ ਗੁੱਸਾ ਨਾਂ ਆਉਣ ਦੀ ਟਰੇਨਿੰਗ ਆਪ ਹੀ ਦੇ ਲਈ ਸੀ l ਨਿਊਜ਼ੀਲੈਂਡ ਵਿੱਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੁਆਰਾ ਕਰਵਾਏ ਪ੍ਰੋਗਰਾਮਾਂ ਵਿੱਚ ਵੱਖ ਵੱਖ ਦੇਸ਼ਾਂ ਤੋਂ ਅਸੀਂ ਬੁਲਾਰੇ ਬੁਲਾਉਂਦੇ ਰਹਿੰਦੇ ਹਾਂ ਜਿਨ੍ਹਾਂ ਵਿੱਚ ਡਾਕਟਰ, ਦਿਮਾਗੀ ਬਿਮਾਰੀਆਂ ਦੇ ਮਾਹਿਰ ਅਤੇ ਸੋਸ਼ਲ ਵਰਕਰ ਵੀ ਹੁੰਦੇ ਹਨ l ਉਨ੍ਹਾਂ ਨੂੰ ਗੁੱਸੇ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ l ਉਨ੍ਹਾਂ ਨੂੰ ਕਈ ਵਾਰ ਮੇਰੇ ਨਾਲ ਤਿੰਨ ਜਾਂ ਚਾਰ ਹਫਤੇ ਰਹਿਣ ਦਾ ਮੌਕਾ ਮਿਲਿਆl ਉਹ ਦੇਖਦੇ ਸਨ ਕਿ ਮੈਨੂੰ ਸਾਰਾ ਦਿਨ ਸਮੱਸਿਆਵਾਂ ਜਾਂ ਮਾੜੀਆਂ ਘਟਨਾਵਾਂ ਦੇ ਹੀ ਫੋਨ ਆਉਂਦੇ ਸਨ ਪਰ ਫਿਰ ਵੀ ਮੈਨੂੰ ਗੁੱਸਾ ਕਿਉਂ ਨਹੀਂ ਆਉਂਦਾ ਸੀ ? ਉਹ ਇਸ ਗੱਲ ਤੋਂ ਵੀ ਹੈਰਾਨ ਸਨ ਕਿ ਫੋਨ ਉੱਪਰ ਸਮੱਸਿਆ ਦਾ ਹੱਲ ਦੱਸਣ ਤੋਂ ਬਾਦ ਭਾਵੇਂ ਮੇਰਾ ਨੁਕਸਾਨ ਵੀ ਹੋਇਆ ਹੋਵੇ ਮੈਂ ਫਿਰ ਵੀ ਕੋਈ ਗੁੱਸਾ ਨਹੀਂ ਕਰਦਾ ਸੀ l ਮੈਨੂੰ ਇੱਕ ਦਿਨ ਵਿੱਚ 85 ਦੇ ਕਰੀਬ ਫੋਨ ਆਉਂਦੇ ਹੁੰਦੇ ਸਨ ਅਤੇ ਉਨ੍ਹਾਂ ਵਿਚੋਂ 98% ਸਮੱਸਿਆਵਾਂ ਵਾਲੇ ਹੁੰਦੇ ਸਨ l ਜਦੋਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾਂ ਰਹੀ ਤਾਂ ਉਨ੍ਹਾਂ ਮੇਰੀ ਇਸ ਬਾਬਤ ਇੰਟਰਵਿਊ ਵੀ ਕੀਤੀ ਕਿ ਮੈਨੂੰ ਗੁੱਸਾ ਕਿਉਂ ਨਹੀਂ ਆਉਂਦਾ ?
ਇਸੇ ਤਰਾਂ ਜਿਸ ਔਕਲੈਂਡ ਦੀ ਸਭ ਤੋਂ ਵੱਡੀ ਕੀਵੀ ਫਰੂਟ ਦੀ ਕੰਪਨੀ ਵਿੱਚ ਮੈਂ ਮੈਨੇਜਰ ਸੀ ਉਹ ਮਾਲਕ ਵੀ ਇਸ ਗੱਲ ਤੋਂ ਬਹੁਤ ਹੈਰਾਨ ਸਨ l ਕੰਮ ਕਰਦਿਆਂ ਜਦ ਕਈ ਸਾਲ ਬੀਤ ਗਏ ਤਾਂ ਇੱਕ ਦਿਨ ਮਾਲਕ ਦੀ ਗੋਰੀ ਨੂੰਹ ਨੇ ਮੈਨੂੰ ਜਾਣ ਬੁਝ ਕੇ ਗੁੱਸਾ ਚੜ੍ਹਾਉਣ ਲਈ ਮੇਰੇ ਵਧੀਆ ਕੀਤੇ ਕੰਮ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਹਾਲਾਂਕਿ ਉਸ ਨੂੰ ਉਸ ਕੰਮ ਵਾਰੇ ਕੋਈ ਬਹੁਤੀ ਜਾਣਕਾਰੀ ਵੀ ਨਹੀਂ ਸੀ l ਮੈਨੂੰ ਫਿਰ ਵੀ ਗੁੱਸਾ ਨਾਂ ਆਇਆ ਤਾਂ ਪੁੱਛਣ ਲੱਗੀ ਕਿ ਤੈਨੂੰ ਕਦੇ ਜਿੰਦਗੀ ਵਿੱਚ ਗੁੱਸਾ ਆਇਆ ? ਮੈਂ ਕਿਹਾ ਨਹੀਂ l ਉਹ ਕਹਿੰਦੀ ਮੈਂ ਸਿਰਫ ਤੇਰਾ ਗੁੱਸਾ ਦੇਖਣਾ ਚਾਹੁੰਦੀ ਸੀ ਤਾਂ ਨੁਕਸ ਕੱਢਦੀ ਸੀ l ਕਹਿੰਦੀ ਮੈਂ ਵੀ ਤੈਨੂੰ ਗੁੱਸਾ ਚੜ੍ਹਾਉਂਣ ਵਿੱਚ ਕਾਮਯਾਬ ਨਹੀਂ ਹੋਈ l ਮੈਨੂੰ ਬਹੁਤੇ ਲੋਕ ਮਿਲਦੇ ਹਨ ਜਿਨ੍ਹਾਂ ਨੂੰ ਗੁੱਸਾ ਬਹੁਤ ਚੜ੍ਹਦਾ ਹੈ l ਉਹ ਕਹਿ ਦਿੰਦੇ ਹਨ ਕਿ ਯਾਰ ਮੇਰਾ ਗੁੱਸਾ ਨਾਂ ਕਰੀਂ l ਮੈਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਗੁੱਸਾ ਆਉਂਦਾ ਹੈ l ਮੈਂ ਉਨ੍ਹਾਂ ਨੂੰ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਕਰਕੇ ਗੁੱਸਾ ਨਹੀਂ ਆਉਂਦਾ ਬਲਕਿ ਗੁੱਸਾ ਆਉਣ ਨਾਲ ਹਾਈ ਬਲੱਡ ਪ੍ਰੈਸ਼ਰ ਹੋਰ ਵੀ ਹਾਈ ਹੋ ਜਾਂਦਾ ਹੈ ਜੋ ਕਿ ਤੁਹਾਡੇ ਆਪਣੇ ਆਪ ਲਈ ਖਤਰਾ ਹੈ l
ਮੈਨੂੰ ਬਹੁਤੇ ਲੋਕ ਮਿਲ ਜਾਂਦੇ ਹਨ ਤੇ ਜੇ ਉਨ੍ਹਾਂ ਨੂੰ ਪੁਛੋ ਕਿ ਤੁਸੀਂ ਗੁੱਸੇ ਵਿੱਚ ਕਿਉਂ ਹੋ ? ਤਾਂ ਉਹ ਕਹਿੰਦੇ ਹਨ ਕਿ ਸਾਨੂੰ ਫਲਾਣੇ ਨੇ ਗੁੱਸਾ ਚੜ੍ਹਾ ਦਿੱਤਾ l ਮੈਂ ਉਨ੍ਹਾਂ ਨੂੰ ਅਕਸਰ ਕਹਿੰਦਾ ਹਾਂ ਕਿ ਉਨ੍ਹਾਂ ਤੁਹਾਨੂੰ ਉਲਟ ਗੱਲ ਕਰਕੇ ਗੁੱਸਾ ਨਹੀਂ ਚੜ੍ਹਾਇਆ ਬਲਕਿ ਇਹ ਤੁਹਾਡਾ ਉਨ੍ਹਾਂ ਦੀ ਕੀਤੀ ਗੱਲ ਪ੍ਰਤੀ ਰਿਐਕਸ਼ਨ ਹੈ l ਗੁੱਸਾ ਵਿਅਕਤੀ ਨੂੰ ਉਸ ਵੇਲੇ ਆਉਂਦਾ ਹੈ ਜਦੋਂ ਕੋਈ ਵੀ ਘਟਨਾ ਉਨ੍ਹਾਂ ਦੀ ਆਸ ਮੁਤਾਬਕ ਨਹੀਂ ਵਾਪਰਦੀ l ਉਦਾਹਰਣ ਦੇ ਤੌਰ ਤੇ ਤੁਹਾਨੂੰ ਗੁੱਸਾ ਆਵੇਗਾ ਜੇਕਰ ਤੁਹਾਡੀ ਘਰ ਵਾਲੀ ਨੇ ਕਹਿਣਾ ਨਹੀਂ ਮੰਨਿਆਂ, ਤੁਹਾਡੇ ਪੁੱਤ ਜਾਂ ਧੀ ਨੇ ਕਿਹਾ ਨਹੀਂ ਮੰਨਿਆਂ, ਤੁਹਾਡੇ ਕੰਮਕਾਰ ਵਿੱਚ ਘਾਟਾ ਪੈ ਗਿਆ, ਤੁਹਾਡੇ ਸਕੂਟਰ ਜਾਂ ਕਾਰ ਦਾ ਨੁਕਸਾਨ ਹੋ ਗਿਆ ਆਦਿ l ਇਸ ਤਰ੍ਹਾਂ ਦੇ ਗੁੱਸੇ ਤੋਂ ਤੁਸੀਂ ਅਰਾਮ ਨਾਲ ਬਚ ਸਕਦੇ ਹੋ ਜੇਕਰ ਤੁਸੀਂ ਪਹਿਲਾਂ ਹੀ ਸੋਚ ਲਵੋ ਕਿ ‘ਘਟਨਾਵਾਂ ਉਸ ਤਰਾਂ ਨਹੀਂ ਵਾਪਰਨੀਆਂ ਜਿਸ ਤਰਾਂ ਤੁਸੀਂ ਚਾਹੁੰਦੇ ਹੋ ” l ਇਸ ਤਰਾਂ ਕਰਨ ਨਾਲ ਗੁੱਸਾ ਬੰਦ ਹੋ ਜਾਵੇਗਾ ਕਿਉਂਕਿ ਤੁਸੀਂ ਪਹਿਲਾਂ ਹੀ ਸੋਚ ਲਿਆ ਕਿ ਸਭ ਕੁੱਝ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਹੋਣਾ l ਗੁੱਸਾ ਰੋਕਣ ਦਾ ਦੂਜਾ ਤਰੀਕਾ ਹੈ ਕਿ ਸਚਾਈ ਖਿੜ੍ਹੇ ਮੱਥੇ ਕਬੂਲੋ l ਜੇਕਰ ਤੁਹਾਡਾ ਕੋਈ ਨੁਕਸਾਨ ਹੋ ਗਿਆ ਤਾਂ ਗੁੱਸਾ ਕਰਨ ਨਾਲ ਠੀਕ ਨਹੀਂ ਹੋਵੇਗਾ l ਉਸ ਦਾ ਭਾਵ ਹੈ ਕਿ ਟੁੱਟੀ ਹੋਈ ਚੀਜ਼ ਗੁੱਸਾ ਕਰਨ ਨਾਲ ਜੁੜ ਨਹੀਂ ਸਕਦੀ l
ਜੇ ਤੁਹਾਡੇ ਪੁੱਤ/ਧੀ ਨੇ ਕਿਹਾ ਨਹੀਂ ਮੰਨਿਆਂ ਤਾਂ ਫਿਰ ਕੀ ਹੈ ? ਕਦੇ ਤੁਸੀਂ ਵੀ ਆਪਣੇ ਮਾਂ ਬਾਪ ਦਾ ਕਿਹਾ ਨਹੀਂ ਮੰਨਿਆਂ ਹੋਵੇਗਾ l ਵੈਸੇ ਵੀ ਜਦ ਤੱਕ ਪੁੱਤ ਧੀਆਂ ਨੂੰ ਆਪਣੇ ਫੈਸਲੇ ਆਪ ਨਹੀਂ ਕਰਨ ਦਿਓਗੇ ਤਾਂ ਉਹ ਸਿੱਖਣਗੇ ਕਿਸ ਤਰਾਂ ? ਉਡਣਾ ਉਹ ਪੰਛੀ ਸਿੱਖਦੇ ਹਨ ਜਿਹੜੇ ਕੋਸ਼ਿਸ਼ ਕਰਦੇ ਹਨ l ਪਿੰਜਰੇ ਵਿੱਚ ਪਏ ਪੰਛੀ ਉਡਣਾ ਨਹੀਂ ਸਿੱਖ ਸਕਦੇ l ਜਿਹੜੀਆਂ ਕੁਕੜੀਆਂ ਪਿੰਜਰੇ ਵਿੱਚ ਬੰਦ ਹੁੰਦੀਆਂ ਹਨ ਉਹ ਉਡਣਾ ਭੁੱਲ ਜਾਂਦੀਆਂ ਹਨ l ਇੱਕ ਵਿਅਕਤੀ ਮੇਰੇ ਨਾਲ ਮੇਰੀ ਕੀਵੀ ਫਰੂਟ ਦੀ ਕੰਪਨੀ ਵਿੱਚ ਕੰਮ ਕਰਦਾ ਹੁੰਦਾ ਸੀ l ਉਹ ਗੁੱਸੇ ਖੋਰਾ ਕਾਫੀ ਸੀ ਤੇ ਮੇਰੇ ਤੋਂ ਪਹਿਲਾਂ ਜਿਥੇ ਵੀ ਉਸ ਨੇ ਕੰਮ ਕੀਤਾ ਉਥੇ ਉਹ ਥੋੜ੍ਹੇ ਮਹੀਨਿਆਂ ਬਾਦ ਲੜ ਕੇ ਕੰਮ ਛੱਡ ਜਾਂਦਾ ਸੀ l ਇਹ ਸਭ ਜਾਣਦੇ ਹੋਏ ਨੇ ਵੀ ਮੈਂ ਉਸ ਨੂੰ ਕੰਮ ਤੇ ਰੱਖ ਲਿਆ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਉਸ ਦੇ ਗੁੱਸੇ ਨੂੰ ਵੀ ਹੈਂਡਲ ਕਰ ਸਕਦਾ ਹਾਂ l ਹਰ ਕੋਈ ਮੈਨੂੰ ਕਹੇ ਕਿ ਇਸ ਲੜ੍ਹਾਈ ਦੇ ਘਰ ਨੂੰ ਕਿਉਂ ਰੱਖ ਲਿਆ l ਜਦ ਉਸ ਨੂੰ ਚਾਰ ਕੁ ਮਹੀਨੇ ਕੰਮ ਕਰਦੇ ਨੂੰ ਹੋ ਗਏ ਤਾਂ ਮੈਨੂੰ ਲੋਕ ਬਾਹਰ ਪੁੱਛਿਆ ਕਰਨ ਕਿ ਫਲਾਣਾ ਅਜੇ ਤੇਰੇ ਨਾਲ ਅਜੇ ਲੜ੍ਹਿਆ ਨਹੀਂ ? ਮੈਂ ਕਿਹਾ ਬਿਲਕੁਲ ਨਹੀਂ l
ਇੱਕ ਦਿਨ ਉਸ ਨੇ ਕੰਮ ਤੇ ਜਿਹੜੀ ਜੌਬ ਕਰਨੀ ਸੀ ਤਾਂ ਉਹ ਕੋਈ ਹੋਰ ਕਾਮਾ ਕਰਨ ਲੱਗ ਪਿਆ ਤਾਂ ਉਸ ਨੂੰ ਗੁੱਸਾ ਆ ਗਿਆ ਤੇ ਉਹ ਗੁੱਸਾ ਕੱਢਣ ਮੇਰੇ ਘਰ ਆ ਗਿਆ ਹਾਲਾਂਕਿ ਇਸ ਵਿੱਚ ਮੇਰਾ ਕਸੂਰ ਕੋਈ ਨਹੀਂ ਸੀ l ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ੇ ਤੇ ਹੀ ਕਹਿੰਦਾ ਕਿ ਮੈਨੂੰ ਜੇ ਕੰਮ ਤੋਂ ਜਵਾਬ ਦੇਣਾ ਤਾਂ ਸਿੱਧਾ ਹੀ ਦੇ ਦੇ l ਮੈਨੂੰ ਕੋਈ ਗੱਲ ਦਾ ਵੀ ਪਤਾ ਨਹੀਂ ਸੀ ਪਰ ਏਨਾਂ ਪਤਾ ਲੱਗ ਗਿਆ ਕਿ ਇਹ ਗੁੱਸੇ ਵਿੱਚ ਹੈ l ਹੁਣ ਉਸ ਦਾ ਗੁੱਸਾ ਰੋਕਣਾ ਮੇਰੀ ਜਿੰਮੇਵਾਰੀ ਸੀ l ਮੈਂ ਉਸ ਨੂੰ ਕਿਹਾ ਤੁਸੀਂ ਅੰਦਰ ਆ ਜਾਵੋ ਬੈਠ ਕੇ ਗੱਲ ਕਰਦੇ ਹਾਂ l ਉਹ ਅੰਦਰ ਆ ਗਿਆ l ਉਸ ਸਮੇਂ ਮੈਂ ਇਕੱਲਾ ਹੀ ਘਰ ਸੀ l ਮੈਂ ਉਸ ਨੂੰ ਕੁਰਸੀ ਤੇ ਬਿਠਾਇਆ l ਉਸ ਨੂੰ ਪੁੱਛਿਆ ਕਿ ਉਹ ਚਾਹ ਪੀਣੀ ਚਾਹੁੰਦਾ ਹੈ ਜਾਂ ਕੌਫੀ ? ਉਹ ਕਹਿੰਦਾ ਮੈਂ ਨਹੀਂ ਕੁੱਝ ਵੀ ਪੀਣਾ l ਉਸ ਦੇ ਇਹ ਕਹਿਣ ਵਿਚੋਂ ਵੀ ਗੁੱਸਾ ਝਲਕ ਰਿਹਾ ਸੀ l ਮੈਂ ਫਿਰ ਕਿਹਾ ਕਿ ਮੈਂ ਵੀ ਕੌਫੀ ਪੀਣ ਲੱਗਾ ਸੀ ਕੌਫੀ ਪੀਂਦੇ ਹਾਂ ਤੇ ਫਿਰ ਗੱਲ ਕਰਾਂਗੇ l ਉਸ ਨੇ ਸਹਿਮਤੀ ਪ੍ਰਗਟ ਕੀਤੀ l ਕੌਫੀ ਬਣਾਉਂਦਿਆਂ ਮੈਂ ਉਸ ਦੇ ਪਰਿਵਾਰ ਦਾ ਰਾਜੀ ਖੁਸ਼ ਪੁੱਛਿਆ ਅਤੇ ਬੱਚਿਆਂ ਦਾ ਹਾਲ ਪੁੱਛਿਆ l
ਕੌਫੀ ਪੀਤੀ ਨਾਲ ਕੁੱਝ ਖਾਧਾ ਤਾਂ ਉਹ ਪਹਿਲਾਂ ਨਾਲੋਂ ਹੁਣ ਘੱਟ ਗੁੱਸੇ ਵਿੱਚ ਸੀ l ਬਾਦ ਵਿੱਚ ਮੈਂ ਪੁੱਛਿਆ ਕਿ ਦੱਸੋ ਕੀ ਗੱਲ ਹੋਈ ? ਮੈਨੂੰ ਤਾਂ ਕੋਈ ਜਾਣਕਾਰੀ ਨਹੀਂ l ਉਹ ਕਹਿਣ ਲੱਗਾ ਕਿ ਫਲਾਣੇ ਵਰਕਰ ਨੇ ਮੇਰੀ ਜੌਬ ਕਰਨੀ ਸ਼ੁਰੂ ਕਰ ਦਿੱਤੀ l ਉਹ ਜੌਬ ਤਾਂ ਮੈਂ ਰੋਜ਼ ਕਰਦਾਂ l ਇਸ ਕਰਕੇ ਮੈਂ ਕੰਮ ਛੱਡ ਕੇ ਆ ਗਿਆਂ l ਮੈਂ ਉਸ ਨੂੰ ਕਿਹਾ ਕਿ ਜੇ ਤੂੰ ਮੈਨੂੰ ਕੰਮ ਤੋਂ ਹੀ ਫੋਨ ਕਰ ਦਿੰਦਾ ਤਾਂ ਇਹ ਮਸਲਾ ਮੈਂ ਫੋਨ ਤੇ ਹੀ ਹੱਲ ਕਰ ਦੇਣਾ ਸੀ l ਉਹ ਕਹਿੰਦਾ ਮੈਂ ਹੁਣ ਕੰਮ ਹੀ ਨਹੀਂ ਕਰਨਾ l ਹੁਣ ਉਸ ਨੂੰ ਦੋਹਰਾ ਗੁੱਸਾ ਸੀ l ਇੱਕ ਤਾਂ ਦੂਜੇ ਵਰਕਰ ਨੇ ਉਸ ਦੀ ਜੌਬ ਕਰ ਲਈ ਸੀ ਤੇ ਦੂਜਾ ਕੰਮ ਨਾਂ ਕਰਨ ਦੀ ਵਜ੍ਹਾ ਨਾਲ ਉਸ ਦੀ ਦਿਹਾੜੀ ਟੁੱਟ ਗਈ ਸੀ l ਮੈਂ ਉਸ ਨੂੰ ਕਿਹਾ ਕਿ ਤੂੰ ਅੱਜ ਸਾਰਾ ਦਿਨ ਆਪਣੇ ਪਰਿਵਾਰ ਨਾਲ ਬਿਤਾ l ਤੇਰੀ ਅੱਜ ਦੀ $80 ਦਿਹਾੜੀ ਬਣਦੀ ਹੈ ਉਹ ਮੈਂ ਤੈਨੂੰ ਦੇ ਦਿਆਂਗਾ l ਸਵੇਰੇ ਜਿਹੜੀ ਜੌਬ ਤੂੰ ਕਰਦਾ ਹੁੰਦਾ ਸੀ ਉਹ ਹੀ ਸ਼ੁਰੂ ਕਰ ਲਵੀਂ l ਜੇ ਕਿਤੇ ਫਿਰ ਕੋਈ ਮਸਲਾ ਆਇਆ ਤਾਂ ਫੋਨ ਕਰ ਲਵੀਂ l ਉਸ ਨੂੰ ਮੈਂ ਇਹ ਵੀ ਕਿਹਾ ਕਿ ਕੰਮ ਤੇ ਤੂੰ ਹੀ ਤਾਂ ਜਿੰਮੇਂਵਾਰ ਵਿਅਕਤੀ ਹੈਂ l ਉਹ ਖੁਸ਼ੀ ਖੁਸ਼ੀ ਘਰ ਚਲਾ ਗਿਆ ਤੇ ਬਾਦ ਵਿੱਚ ਫਿਰ ਸਾਡੇ ਕੰਮ ਕਰਦਾ ਰਿਹਾ l ਅੱਜ ਤੱਕ ਵੀ ਮੇਰੇ ਨਾਲ ਮਿਲਦਾ ਵਰਤਦਾ ਹੈ l
ਇੱਕ ਹੋਰ ਘਟਨਾ ਜਿਸ ਕੰਪਨੀ ਵਿੱਚ ਮੈਂ ਮੈਨੇਜਰ ਸੀ l ਉਥੇ ਮੇਰੀ ਨਿਗਰਾਨੀ ਵਿੱਚ ਵੱਖ ਵੱਖ ਮੁਲਕਾਂ ਦੇ 150 ਦੇ ਕਰੀਬ ਲੋਕ ਕੰਮ ਕਰਦੇ ਸਨ l ਉਥੇ ਇੱਕ ਗੋਰੀ ਕੰਮ ਕਰਦੀ ਸੀ ਉਸ ਨੂੰ ਜਿਥੇ ਵੀ ਕੰਮ ਤੇ ਲਗਾਓ ਉਥੇ ਕਿਸੇ ਨਾਲ ਲੜ ਪੈਂਦੀ ਸੀ l ਮੇਰੇ ਨਾਲ ਕਦੇ ਨਹੀਂ ਲੜੀ ਸੀ l ਸ਼ਾਇਦ ਮੈਂ ਮੈਨੇਜਰ ਸੀ ਇਸ ਕਰਕੇ l ਜਿਥੇ ਉਸ ਨੇ ਲੜ ਪੈਣਾ ਉਥੋਂ ਮੈਂ ਉਸ ਦੀ ਥਾਂ ਬਦਲ ਦੇਣੀ l ਜਦ ਤਿੰਨ ਥਾਵਾਂ ਤੇ ਏਦਾਂ ਹੋਈ ਤਾਂ ਮੈਨੂੰ ਪਤਾ ਲੱਗ ਗਿਆ ਕਿ ਇਹ ਕਾਲੀ ਚਮੜੀ ਨਾਲ ਫਰਕ ਕਰਦੀ ਹੈ l ਇਥੇ ਦੇ ਕਨੂੰਨ ਮੁਤਾਬਕ ਉਸ ਨੂੰ ਕੰਮ ਤੋਂ ਵੀ ਨਹੀਂ ਕੱਢ ਸਕਦਾ ਸੀ l ਕੰਪਨੀ ਦੇ ਹੋਰ ਸਾਰੇ ਸੀਨੀਅਰ ਅਧਿਕਾਰੀ ਇਸ ਮਸਲੇ ਨੂੰ ਹੱਥ ਨਹੀਂ ਪਾ ਰਹੇ ਸੀ l ਅਖੀਰ ਇਹ ਮਸਲਾ ਮੈਨੂੰ ਹੀ ਹੱਲ ਕਰਨਾ ਪਿਆ l ਮੈਂ ਗੋਰੀ ਨੂੰ ਆਪਣੇ ਦਫ਼ਤਰ ਬੁਲਾਇਆ l ਉਸ ਨੂੰ ਦੱਸਿਆ ਕਿ ਤੈਨੂੰ ਅੱਠ ਹਫਤੇ ਵਾਸਤੇ ਨੌਕਰੀ ਤੇ ਰੱਖਿਆ ਸੀ l ਚਾਰ ਹਫਤੇ ਬੀਤ ਚੁੱਕੇ ਹਨ ਅਤੇ ਚਾਰ ਹਫਤੇ ਰਹਿੰਦੇ ਹਨ l ਤੂੰ ਹੁਣ ਤੋਂ ਲੈ ਕੇ ਕੰਮ ਛੱਡ ਦੇ ਅਤੇ ਕੰਪਨੀ ਤੈਨੂੰ ਘਰ ਬੈਠੀ ਨੂੰ ਚਾਰ ਹਫਤਿਆਂ ਦੇ ਪੈਸੇ ਦੇ ਦੇਵੇਗੀ l ਉਹ ਬੜੀ ਖੁਸ਼ ਹੋਈ ਤੇ ਮੇਰਾ ਧੰਨਵਾਦ ਕਰਕੇ ਗਈ l ਸਾਰੇ ਕੰਪਨੀ ਵਾਲੇ ਹੈਰਾਨ ਸਨ ਕਿ ਏਨੀ ਗੁੱਸੇ ਵਾਲੀ ਔਰਤ ਨੂੰ ਮੈਂ ਕਿਸ ਤਰਾਂ ਖਿੜ੍ਹੇ ਮੱਥੇ ਘਰ ਭੇਜ ਦਿੱਤਾ ਸੀ l ਤੁਸੀਂ ਹੁਣ ਕਹੋਗੇ ਕਿ ਘਰ ਬੈਠੀ ਨੂੰ ਪੈਸੇ ਦੇ ਕੇ ਕੰਪਨੀ ਦਾ ਨੁਕਸਾਨ ਹੋਇਆ l ਉਹ ਨੁਕਸਾਨ ਨਹੀਂ ਹੋਇਆ ਕਿਉਂਕਿ ਇੱਕ ਮਹੀਨੇ ਵਿੱਚ ਜਿਨ੍ਹਾਂ ਫਰੂਟ ਪੈਕ ਹੋਇਆ l ਉਨ੍ਹਾਂ ਫਰੂਟ ਦੇ ਬਕਸਿਆਂ ਤੇ ਇਹ ਖਰਚਾ ਕਰਕੇ ਇੱਕ ਬਕਸੇ ਤੇ ਅੱਧੇ ਪੈਸੇ ਤੋਂ ਵੀ ਘੱਟ ਪਿਆ ਜੋ ਕਿ ਏਡੀ ਕੰਪਨੀ ਲਈ ਬਹੁਤ ਛੋਟਾ ਹੈ l ਜੇ ਉਹ ਹੋਰਨਾਂ ਨਾਲ ਲੜ ਪੈਂਦੀ ਤਾਂ ਵੱਡਾ ਨੁਕਸਾਨ ਹੋਣਾ ਤਹਿ ਸੀ l
ਗੁੱਸਾ ਰੋਕਣ ਦਾ ਇੱਕ ਹੋਰ ਤਰੀਕਾ ਹੈ ਕਿ ਗੁੱਸੇ ਹੋਏ ਵਿਅਕਤੀ ਨੂੰ ਕਹੋ ਕਿ ਸੋਚ ਵਿਚਾਰ ਤੋਂ ਬਾਦ ਬੈਠ ਕੇ ਗੱਲ ਕਰਾਂਗੇ l ਉਸੇ ਗੱਲ ਨੂੰ ਜੇ ਦੋ ਕੁ ਦਿਨ ਬਾਦ ਕਰੋਗੇ ਤਾਂ ਬਹੁਤੀਆਂ ਹਾਲਤਾਂ ਵਿੱਚ ਗੁੱਸਾ ਘੱਟ ਹੋ ਜਾਵੇਗਾ l
ਜਿਆਦਾ ਗੁੱਸਾ ਆਉਣ ਦੀ ਹਾਲਤ ਵਿੱਚ ਵਿਅਕਤੀ ਆਪਣੇ ਆਪ ਅਤੇ ਹੋਰਨਾਂ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ l ਇਸ ਤਰਾਂ ਦੀ ਹਾਲਤ ਵਿੱਚ ਕੌਂਸਲਿੰਗ ਦੀ ਲੋੜ ਪੈਂਦੀ ਹੈ ਜਾਂ ਦਵਾਈ ਖਾਣੀ ਪੈ ਸਕਦੀ ਹੈ l ਦਵਾਈਆਂ ਦੇ ਮਾੜੇ ਅਸਰ ਵੀ ਹੁੰਦੇ ਹਨ l ਇਸ ਕਰਕੇ ਆਪਣੇ ਦਿਮਾਗ ਨੂੰ ਆਪ ਹੀ ਸਿੱਖਿਆ ਦੇ ਕੇ ਗੁੱਸੇ ਤੋਂ ਬਚੋ l
ਗੁੱਸਾ ਮੋਟੀਵੇਸ਼ਨ ਲਈ ਵਰਤਣਾ:- ਜੇਕਰ ਫਿਰ ਵੀ ਗੁੱਸਾ ਆ ਜਾਵੇ ਤਾਂ ਗੁੱਸੇ ਨੂੰ ਮੋਟੀਵੇਸ਼ਨ ਲਈ ਵਰਤੋ ਜਿਸ ਨਾਲ ਤੁਹਾਡਾ ਫਾਇਦਾ ਹੋਵੇ l ਜਿਸ ਤਰਾਂ ਤੁਹਾਨੂੰ ਕੋਈ ਵਾਰ ਵਾਰ ਕਹੇ ਕਿ ਤੂੰ ਜਿੰਦਗੀ ਵਿੱਚ ਕੁੱਝ ਨਹੀਂ ਕਰ ਸਕਦਾ l ਬਜਾਏ ਗੁੱਸਾ ਕਰਨ ਦੇ ਉਸ ਨੂੰ ਜਿੰਦਗੀ ਵਿੱਚ ਐਨਾ ਕੁੱਝ ਕਰਕੇ ਦਿਖਾਓ ਕਿ ਉਹ ਖੁਦ ਤੁਹਾਡੇ ਨਾਲ ਅੱਖ ਨਾਂ ਮਿਲਾਵੇ l ਮੇਰੇ ਨਾਲ ਇਸ ਤਰਾਂ ਹੋ ਚੁੱਕੀ ਹੈ l ਮੈਂ ਜਦੋਂ ਕੱਚਾ ਸੀ ਕਿਸੇ ਨੇ ਮੈਨੂੰ ਕਹਿ ਦਿੱਤਾ ਕਿ ਤੂੰ ਟੁਟੀਆਂ ਕਾਰਾਂ ਵਿੱਚ ਫਿਰਦਾ ਹੈਂ l ਮੈਂ ਉਸ ਗੁਸੇ ਨੂੰ ਮਨ ਵਿੱਚ ਬਿਠਾ ਕੇ ਸੋਚਿਆ ਸੀ ਕਿ ਮੈਂ ਤੈਨੂੰ ਸਭ ਤੋਂ ਮਹਿੰਗੀ ਕਾਰ ਲੈ ਕੇ ਦੱਸਾਂਗਾ l ਮੈਂ ਫਿਰ ਪੱਕਾ ਹੋ ਕੇ ਟੋਇਟਾ ਕੰਪਨੀ ਦੀ ਸਭ ਤੋਂ ਮਹਿੰਗੀ ਗੱਡੀ ਖਰੀਦੀ l ਇਸ ਕਰਕੇ ਉਸ ਗੁੱਸੇ ਨੇ ਮੈਨੂੰ ਮੋਟੀਵੇਟ ਕੀਤਾ ਸੀ ਜਿਸ ਨਾਲ ਮੇਰਾ ਵੀ ਫਾਇਦਾ ਹੋਇਆ ਤੇ ਦੂਜੇ ਵਿਅਕਤੀ ਦਾ ਵੀ ਨੁਕਸਾਨ ਨਹੀਂ ਹੋਇਆ ਸੀ l
ਨੋਟ :- ਘਟਨਾਵਾਂ ਉਸ ਤਰਾਂ ਨਹੀਂ ਵਾਪਰਦੀਆਂ ਜਿਸ ਤਰਾਂ ਤੁਸੀਂ ਚਾਹੁੰਦੇ ਹੋ l ਜੇ ਇਹ ਮੰਨ ਲਵੋਗੇ ਤਾਂ ਗੁੱਸਾ ਘੱਟ ਹੋ ਜਾਵੇਗਾ l ਇਸ ਤਰਾਂ ਕਰਨ ਨਾਲ ਸਰੀਰਕ ਤੇ ਮਾਨਸਿਕ ਨੁਕਸਾਨ ਵੀ ਘੱਟ ਹੋ ਜਾਵੇਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ