ਆਪਣੇ ਤਜ਼ਰਬੇ ਤੇ ਅਧਾਰਿਤ

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਮੁੱਖ ਤੌਰ ਤੇ ਸੁਪਨੇ ਦੋ ਤਰਾਂ ਦੇ ਹੁੰਦੇ ਹਨ l ਇੱਕ ਸੁਪਨੇ ਰਾਤ ਨੂੰ ਸੁਤਿਆਂ ਨੂੰ ਆਉਂਦੇ ਹਨ l ਉਨ੍ਹਾਂ ਵਿਚੋਂ ਬਹੁਤੇ ਸੱਚ ਨਹੀਂ ਹੁੰਦੇ l ਇਸ ਕਰਕੇ ਉਨ੍ਹਾਂ ਦੀ ਅਹਿਮੀਅਤ ਘੱਟ ਹੀ ਹੁੰਦੀ ਹੈ l ਦੂਜੇ ਸੁਪਨੇ ਉਹ ਹੁੰਦੇ ਹਨ ਜੋ ਜਾਗਦਿਆਂ ਨੂੰ ਆਉਂਦੇ ਹਨ ਤੇ ਉਹ ਇਨਸਾਨ ਨੂੰ ਸੌਣ ਨਹੀਂ ਦਿੰਦੇ ਜਾਂ ਬਹੁਤ ਘੱਟ ਸੌਣ ਦਿੰਦੇ ਹਨ l ਜਿਹੜਾ ਇਹ ਸੁਪਨੇ ਲੈਂਦਾ ਹੈ ਉਹ ਇਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ ਹੁੰਦਾ ਹੈ l ਇਨ੍ਹਾਂ ਨੂੰ ਪੂਰਾ ਕਰਨ ਲਈ ਕਈ ਵਾਰੀ ਉਹ ਰਾਤਾਂ ਨੂੰ ਸੌਣਾਂ ਬੰਦ ਕਰ ਦਿੰਦਾ ਹੈ ਜਾਂ ਘੱਟ ਕਰ ਦਿੰਦਾ ਹੈ l ਹਫਤੇ ਦਾ ਕੋਈ ਵੀ ਦਿਨ ਹੋਵੇ ਜਾਂ ਰਾਤ ਉਸ ਨੂੰ ਜਿਆਦਾ ਚੇਤੇ ਨਹੀਂ ਰਹਿੰਦੇ ਜਾਂ ਉਹ ਇਨ੍ਹਾਂ ਨੂੰ ਚੇਤੇ ਰੱਖਣ ਨੂੰ ਅਹਿਮੀਅਤ ਨਹੀਂ ਦਿੰਦਾ l ਉਹ ਸਿਰਫ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਨੂੰ ਹੀ ਅਹਿਮੀਅਤ ਦਿੰਦਾ ਹੈ l ਜਿਸ ਨੂੰ ਇਹ ਸੁਪਨੇ ਆਉਂਦੇ ਹਨ ਉਸ ਨੂੰ ਉੱਪਰ ਦਿੱਤੇ ਪਹਿਲੀ ਕਿਸਮ ਦੇ ਸੁਪਨੇ ਆਉਣੇ ਬੰਦ ਹੋ ਜਾਂਦੇ ਹਨ ਜਾਂ ਘੱਟ ਜਾਂਦੇ ਹਨ l ਇਸ ਕਰਕੇ ਇਸ ਕਿਸਮ ਦੇ ਸੁਪਨੇ ਸੰਘਰਸ਼ ਕਰਨ ਲਈ ਪ੍ਰੇਰਦੇ ਹਨ l ਜਦੋਂ ਮੈਂ ਕੋਈ ਇਥੇ ਦੀ ਕਾਮਯਾਬੀ ਦੀ ਸੱਚੀ ਕਹਾਣੀ ਸਾਂਝੀ ਕਰਦਾ ਹਾਂ ਤਾਂ ਭਾਰਤ ਵਿਚੋਂ ਅਕਸਰ ਕਮੈਂਟ ਆਉਂਦੇ ਹਨ ਕਿ ਤੁਸੀਂ ਨਿਊਜ਼ੀਲੈਂਡ ਵਿੱਚ ਕਰ ਸਕਦੇ ਹੋ ਪਰ ਭਾਰਤ ਵਿੱਚ ਨਹੀਂ ਕਿਉਂਕਿ ਨਿਊਜ਼ੀਲੈਂਡ ਵਿੱਚ ਸਰਕਾਰ ਚੰਗੀ ਹੈ ਤੇ ਬਹੁਤ ਸਹੂਲਤਾਂ ਦਿੰਦੀ ਹੈ l ਜਿਨ੍ਹਾਂ ਨੇ ਆਪਣੇ ਸੁਪਨੇ ਪੂਰੇ ਕਰਨੇ ਹੁੰਦੇ ਹਨ ਉਹ ਸਰਕਾਰਾਂ ਦੀ ਮੱਦਦ ਨਹੀਂ ਭਾਲਦੇ l ਮੈਂ ਉਨ੍ਹਾਂ ਦਿਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾਂ ਜਦੋਂ ਸਾਨੂੰ ਭਾਰਤ ਜਿੰਨੀਆਂ ਵੀ ਸਹੂਲਤਾਂ ਨਹੀਂ ਮਿਲਦੀਆਂ ਸੀ ਪਰ ਫਿਰ ਵੀ ਸੁਪਨੇ ਮਰਨ ਨਹੀਂ ਦਿੱਤੇ ਸੀ l

ਮੇਰੇ ਪਿਤਾ ਜੀ ਦੀ ਮੌਤ ਹੋਣ ਤੋਂ ਬਾਦ ਮੈਨੂੰ ਮੇਰੇ ਵੱਡੇ ਭਰਾ ਭਰਜਾਈ ਨੇ ਆਪਣੇ ਬੱਚਿਆਂ ਵਾਂਗ ਪਾਲਿਆ ਸੀ l ਉਹ ਦੱਸਦੇ ਹਨ ਕਿ ਮੈਂ ਅਜੇ ਚਾਰ ਪੰਜ ਸਾਲ ਦਾ ਹੀ ਸੀ ਜਦੋਂ ਮੈਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਵੱਡਾ ਹੋ ਕੇ ਕਾਰਾਂ ਵਿੱਚ ਫਿਰਨਾ ਹੈ l ਇਹ ਉਹ ਸਮਾਂ ਸੀ ਜਦੋਂ ਸਾਡੇ ਪਿੰਡ ਵਿੱਚ ਕੋਈ ਕਾਰ ਨਹੀਂ ਸੀ l ਉਨ੍ਹਾਂ ਦਿਨਾਂ ਵਿੱਚ ਜੇ ਕੋਈ ਸਾਇਕਲ ਨਵਾਂ ਲੈ ਲਵੇ ਤਾਂ ਲੋਕ ਵਧਾਈਆਂ ਦਿੰਦੇ ਹੁੰਦੇ ਸੀ l ਸਾਇਕਲ ਨੂੰ ਟਾਇਰ ਨਵੇਂ ਪਾ ਲੈਣੇ ਵੀ ਬਹੁਤ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਸੀ l ਉਸ ਸਮੇਂ ਮੈਨੂੰ ਕਾਰ ਦਾ ਸੁਪਨਾ ਕਿਥੋਂ ਆਇਆ ਉਹ ਵੀ ਜਾਗਦੇ ਨੂੰ ਜਿਸ ਨੇ ਮੈਨੂੰ ਸੌਣ ਨਾਂ ਦਿੱਤਾ l ਇਸ ਬਾਰੇ ਮੈਂ ਨਹੀਂ ਜਾਣਦਾ l ਸੁਪਨਾ ਪੂਰਾ ਕਰਨ ਲਈ ਪੰਦਰਾਂ ਸਾਲ ਦੀ ਉਮਰ ਤੋਂ ਹੀ 14 ਜਾਂ 15 ਘੰਟੇ ਹਰ ਰੋਜ਼ ਛਾਪੇ ਖਾਨੇ ਦਾ ਕੰਮ ਕਰਨ ਲੱਗ ਪਿਆ l ਸ਼ੁਰੂ ਵਿੱਚ 70 ਰੁਪਏ ਮਹੀਨੇ ਦੇ ਮਿਲਦੇ ਸਨ l ਇਹ ਗੱਲ 1987 ਦੇ ਕਰੀਬ ਦੀ ਹੋਵੇਗੀ l ਫਿਰ ਵੀ ਹਾਰ ਨਹੀਂ ਮੰਨੀ l ਥੋੜ੍ਹੇ ਮਿਲਦੇ ਪੈਸਿਆਂ ਵਿਚੋਂ ਵੀ ਇੱਕ ਹਰ ਰੋਜ਼ ਧਾਰਮਿਕ ਅਸਥਾਨ ਤੇ ਜਾਣ ਵਾਲਾ ਮੇਰੇ ਪੈਸੇ ਦੋ ਵਾਰ ਮਾਰ ਗਿਆ l ਥੋੜ੍ਹੇ ਚਿਰ ਬਾਦ ਮੈਂ ਕਰਜ਼ਾ ਲੈ ਕੇ ਆਪਣੀ ਪ੍ਰਿੰਟਿੰਗ ਪ੍ਰੈਸ ਦਾ ਕੰਮ ਖੋਲ੍ਹ ਲਿਆ ਜੋ ਕਿ ਬਹੁਤ ਵਧੀਆ ਚੱਲ ਪਿਆ l ਮੇਰੇ ਭਾਰਤ ਛੱਡਣ ਵੇਲੇ ਸਾਡੇ ਕੋਲ ਛੇ ਮਹੀਨੇ ਦੀ ਅਡਵਾਂਸ ਬੁਕਿੰਗ ਸੀ l

ਉਸ ਤੋਂ ਬਾਦ 1989 ਵਿੱਚ ਮੈਂ ਨਿਊਜ਼ੀਲੈਂਡ ਵਿੱਚ ਆ ਗਿਆ ਸਿਰਫ ਦੋ ਸੌ ਡਾਲਰ ਲੈ ਕੇ l ਉਸ ਵੇਲੇ ਆਉਂਦੇ ਨੂੰ ਨਾਂ ਬਹੁਤੀ ਅੰਗਰੇਜ਼ੀ ਆਵੇ, ਨਾਂ ਕਾਰ ਚਲਾਉਣੀ ਆਵੇ, ਨਾਂ ਕੋਲ ਕਾਰ, ਨਾਂ ਕੋਲ ਘਰ, ਨਾਂ ਕੋਲ ਵਰਕ ਪਰਮਿਟ ਅਤੇ ਮੰਜਾ ਵੀ ਕੋਲ ਨਹੀਂ ਸੀ ਅਤੇ ਗੱਦਾ ਵੀ ਨਹੀਂ ਸੀ l ਉਸ ਦੇ ਨਾਲ ਇਥੇ ਰਹਿਣ ਵਾਸਤੇ ਇੰਮੀਗ੍ਰੇਸ਼ਨ ਵਿੱਚ ਕੇਸ ਲਗਾਉਣਾ ਪੈਂਦਾ ਸੀ l ਉਸ ਵਾਸਤੇ ਵਕੀਲਾਂ ਦੇ ਪੈਸੇ ਵੱਖਰੇ l ਕੰਮ ਦੇ ਪੈਸੇ ਮਾਰਨ ਵਾਲੇ ਪੰਜਾਬੀ ਤਾਂ ਇਥੇ ਪਹਿਲਾਂ ਹੀ ਬੈਠੇ ਸਨ l ਉਨ੍ਹਾਂ ਵੀ ਪੈਸੇ ਮਾਰੇ l ਤੰਬੂ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ l ਬਰਫ ਜੰਮੇਂ ਪਾਣੀ ਨਾਲ ਹੀ ਨਹਾਉਣਾ ਸ਼ੁਰੂ ਕਰ ਦਿੱਤਾ l ਮੈਨੂੰ ਲਗਦਾ ਤੁਸੀਂ ਸਮਝ ਗਏ ਹੋਵੋਗੇ ਕਿ ਇਸ ਨਾਲੋਂ ਤਕਰੀਬਨ ਪੰਜਾਬ ਵਿੱਚ ਉਸ ਸਮੇਂ ਬਹੁਤ ਲੋਕਾਂ ਦੇ ਹਲਾਤ ਚੰਗੇ ਹੋਣਗੇ l ਮੈਂ ਕੱਚਾ ਹੋਣ ਕਰਕੇ ਕੋਈ ਸਰਕਾਰੀ ਸਹੂਲਤ ਵੀ ਮੈਨੂੰ ਨਹੀਂ ਮਿਲੀ l

ਇਸ ਸਭ ਦੇ ਬਾਵਯੂਦ ਤੰਗੀਆਂ ਵੱਲ ਧਿਆਨ ਨਹੀਂ ਜਾਣ ਦਿੱਤਾ l ਸਾਰਾ ਧਿਆਨ ਆਪਣੇ ਸੁਪਨੇ ਤੇ ਸੀ l ਜਦੋਂ ਗੋਰਿਆਂ ਰਹਿਣ ਨੂੰ ਘਰ ਵੀ ਨਾਂ ਦਿੱਤੇ ਤੇ ਇੱਕ ਹੋਰ ਸੁਪਨਾ ਕਾਰ ਦੇ ਨਾਲ ਹੀ ਜੁੜ ਗਿਆ ਕਿ ਘਰ ਵੀ ਬਣਾਉਣਾ ਹੈ l ਫਿਰ ਇਸ ਸੁਪਨੇ ਨੇ ਸੌਣ ਨਹੀਂ ਦਿੱਤਾ l ਜਦੋਂ ਨਿਊਜ਼ੀਲੈਂਡ ਪਹੁੰਚਾ ਸੀ ਉਸ ਵੇਲੇ ਪੰਜਾਬ ਵਿੱਚ ਇਸ ਮੁਲਕ ਨੂੰ ਸਿਰਫ ਭੇਡਾਂ ਵਾਲਾ ਮੁਲਕ ਹੀ ਕਹਿੰਦੇ ਸੀ ਪਰ ਮੈਂ ਇਥੇ ਆ ਕੇ ਦੇਖਿਆ ਸੀ ਕਿ ਏਨੀਆਂ ਭੇਡਾਂ ਹੋਣ ਦੇ ਬਾਵਯੂਦ ਭੇਡ ਚਾਲ ਇਥੇ ਨਹੀਂ ਸੀ l ਮੈਂ ਤਰਕਸ਼ੀਲ ਸੋਚ ਹੋਣ ਕਰਕੇ ਭੇਡ ਚਾਲ ਤੇ ਲਾਈਲੱਗਤਾ ਪੰਜਾਬ ਵਿੱਚ ਹੀ ਛੱਡ ਦਿੱਤੀ ਸੀ l ਇਸ ਕਰਕੇ ਇਸ ਮੁਲਕ ਦੇ ਲੋਕ ਮੈਨੂੰ ਮੇਰੇ ਵਰਗੇ ਹੀ ਲੱਗੇ l ਜਦ ਕੁੱਝ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਇਥੇ ਦੇ ਵੱਡੀ ਗਿਣਤੀ ਵਿੱਚ ਲੋਕ ਰੱਬ ਤੇ ਧਰਮ ਨੂੰ ਨਹੀਂ ਮੰਨਦੇ ਸਨ ਪਰ ਇਮਾਨਦਾਰ ਬਹੁਤ ਸਨ l

ਕਾਫੀ ਸੰਘਰਸ਼ ਤੋਂ ਬਾਦ ਪਹਿਲਾਂ ਇੱਕ ਕਾਰ ਲਈ l ਕਾਰਾਂ ਚਲਾਉਣ ਦਾ ਸ਼ੌਂਕ ਸੀ l ਮੈਂ ਕਾਰਾਂ ਠੀਕ ਕਰਨ ਅਤੇ ਵੇਚਣ ਦਾ ਕੰਮ ਕਰ ਲਿਆ l ਘਰਦਿਆਂ ਨਾਲ ਚਿੱਠੀ ਤੇ ਹੀ ਗੱਲ ਹੁੰਦੀ ਸੀ l 1998 ਵਿੱਚ ਮੇਰੀ ਭਰਜਾਈ ਜਿਸ ਨੇ ਮੈਨੂੰ ਪਾਲਿਆ ਸੀ ਮੇਰਾ ਵਿਆਹ ਕਨੇਡਾ ਤੋਂ ਕਰਨ ਆਈ ਤਾਂ ਉਸ ਦਿਨ ਮੇਰੇ ਕੋਲ ਪੰਜ ਕਾਰਾਂ ਖੜ੍ਹੀਆਂ ਸਨ l ਉਨ੍ਹਾਂ ਮੈਨੂੰ ਕਿਹਾ ਕਿ ਕਾਕਾ ਤੂੰ ਤਾਂ ਉਹੀ ਆਪਣਾ ਸੁਪਨਾ ਪੂਰਾ ਕੀਤਾ ਜੋ ਛੋਟਾ ਹੁੰਦਾ ਕਹਿੰਦਾ ਸੀ l ਉਸ ਦਿਨ ਬੜੀ ਖੁਸ਼ੀ ਹੋਈ l ਕੱਚੇ ਹੋਣ ਦੇ ਬਾਵਯੂਦ ਮੈਂ ਘਰ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਸੀ l ਕੱਚੇ ਬੰਦੇ ਨੂੰ ਬੈਂਕਾਂ ਕਰਜ਼ਾ ਨਹੀਂ ਦਿੰਦੀਆਂ ਸਨ ਪਰ ਮੈਂ ਹੌਂਸਲਾ ਨਾਂ ਹਾਰਨ ਦਾ ਫੈਸਲਾ ਕੀਤਾ l ਕਈ ਬੈਂਕਾਂ ਕੋਲ ਜਾਣ ਤੋਂ ਬਾਦ ਮੈਂ ਕਰਜ਼ਾ ਲੈਣ ਵਿੱਚ ਕਾਮਯਾਬ ਹੋ ਗਿਆ ਤੇ ਪਹਿਲਾ ਘਰ ਲਿਆ l ਉਸ ਤੋਂ ਦੋ ਮਹੀਨੇ ਬਾਦ ਕੱਚਾ ਹੋਣ ਦੇ ਬਾਵਯੂਦ ਦੂਜਾ ਘਰ ਖਰੀਦ ਲਿਆ l

ਕੱਚਾ ਹੋਣ ਦੇ ਬਾਵਯੂਦ ਔਕਲੈਂਡ ਦੀ ਸਭ ਤੋਂ ਵੱਡੀ ਕੀਵੀ ਫਰੂਟ ਦੀ ਕੰਪਨੀ ਦਾ ਮੈਨੇਜਰ ਬਣਿਆ lਇਹ ਪਹਿਲੀ ਵਾਰ ਨਿਊਜ਼ੀਲੈਂਡ ਵਿੱਚ ਹੋਇਆ ਸੀ ਕਿ ਬਿਨਾਂ ਜਿਆਦਾ ਪੜ੍ਹਾਈ ਅਤੇ ਬਿਨਾਂ ਡਿਗਰੀ ਜਾਂ ਕੋਰਸ ਦਸਵੀਂ ਪਾਸ ਔਕਲੈਂਡ ਦੀ ਕੀਵੀ ਫਰੂਟ ਦੀ ਸਭ ਤੋਂ ਵੱਡੀ ਕੰਪਨੀ ਦਾ ਮੈਨੇਜਰ ਬਣਿਆ l ਇਹ ਮੇਰਾ ਸੁਪਨਾ ਹੀ ਸੀ ਜਿਸ ਨੇ ਮੈਨੂੰ ਇਸ ਦੇ ਕਾਬਲ ਬਣਾਇਆ ਕਿ ਮੈਂ ਓਵਰਸਟੇ ਅਤੇ ਕੱਚਾ ਹੋਣ ਦੇ ਬਾਵਯੂਦ ਨਿਊਜ਼ੀਲੈਂਡ ਦੇ ਕੁਆਲੀਫਾਈਡ ਡਾਕਟਰਾਂ ਨਾਲੋਂ ਦੁਗਣੀ ਤਨਖਾਹ ਲੈਣ ਵਾਲਾ ਬਣ ਗਿਆ ਸੀ l ਫਿਰ ਸੁਪਨਾ ਸੀ ਕਿ ਜਦੋਂ ਮੇਰੀ ਭਰਜਾਈ ਦੁਬਾਰਾ ਨਿਊਜ਼ੀਲੈਂਡ ਆਵੇ ਤਾਂ ਉਸ ਨੂੰ ਏਅਰਪੋਰਟ ਤੋਂ ਲੈਣ ਮੈਂ ਜਪਾਨ ਤੋਂ ਆਈ ਨਵੀਂ ਕਾਰ ਵਿੱਚ ਜਾਵਾਂ ਤਾਂ ਕਿ ਉਹ ਮਾਣ ਮਹਿਸੂਸ ਕਰੇ ਕਿ ਜਿਸ ਬੱਚੇ ਨੂੰ ਉਸ ਨੇ ਪਾਲਿਆ ਉਹ ਤਰੱਕੀ ਕਰਕੇ ਇਸ ਮੰਜ਼ਿਲ ਤੇ ਪਹੁੰਚਾ ਹੈ l ਫਿਰ ਇਸ ਸੁਪਨੇ ਨੇ ਬੈਠਣ ਨਹੀਂ ਦਿੱਤਾ l ਫਿਰ ਜਦੋਂ ਮੇਰੀ ਭਰਜਾਈ ਦੁਬਾਰਾ ਨਿਊਜ਼ੀਲੈਂਡ ਆਈ ਤਾਂ ਮੈਂ ਨਵੀਂ (Brand New) Toyota Prado ਵਿੱਚ ਲੈਣ ਗਿਆ ਤਾਂ ਤੰਗੀਆਂ ਕੱਟੀਆਂ ਦੇ ਬਾਵਯੂਦ ਜਿੱਤ ਦਾ ਅਹਿਸਾਸ ਸੀ l

ਇਸ ਸੰਘਰਸ਼ ਦੌਰਾਨ ਕੁੱਝ ਲੋਕਾਂ ਨੇ ਮੇਰੇ ਰਾਹ ਵਿੱਚ ਰੋੜ੍ਹੇ ਖਿਲਾਰੇ l ਉਨ੍ਹਾਂ ਰੋੜ੍ਹਿਆਂ ਦੀ ਬਦੌਲਤ ਮੈਨੂੰ ਸੰਭਲ ਕੇ ਚੱਲਣਾ ਆ ਗਿਆ ਸੀ l ਉਨ੍ਹਾਂ ਲੋਕਾਂ ਦਾ ਹਮੇਸ਼ਾਂ ਧੰਨਵਾਦੀ ਰਹਾਂਗਾ ਜਿਨ੍ਹਾਂ ਦੇ ਖਿਲਾਰੇ ਰੋੜ੍ਹਿਆਂ ਸਦਕਾ ਮੈਨੂੰ ਸੰਭਲ ਕੇ ਚੱਲਣਾ ਆਇਆ ਸੀ l ਦੂਜਿਆਂ ਦੇ ਰਾਹਾਂ ਤੇ ਚੱਲਣਾ ਸੌਖਾ ਹੁੰਦਾ ਹੈ ਪਰ ਖੁਦ ਰਾਹ ਬਣਾਉਣੇ ਔਖੇ ਹੁੰਦੇ ਹਨ l ਮੈਂ ਬਚਪਨ ਤੋਂ ਹੀ ਦੂਜਿਆਂ ਦੇ ਰਾਹਾਂ ਤੇ ਨਾਂ ਤੁਰਨ ਦਾ ਫੈਸਲਾ ਕਰ ਲਿਆ ਸੀ ਤੇ ਉਹ ਫੈਸਲਾ ਅੱਜ ਵੀ ਉਸੇ ਤਰਾਂ ਕਾਇਮ ਹੈ l
ਮਹਾਨ ਕਵੀ ਸੁਰਜੀਤ ਪਾਤਰ ਜੀ ਦੀਆਂ ਲਿਖੀਆਂ ਲਾਈਨਾਂ ਯਾਦ ਆ ਰਹੀਆਂ ਹਨ :-

ਮੈਂ ਰਾਹਾਂ ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਸਦੀਆਂ ਤੋਂ ਕਾਫਲੇ ਆਉਂਦੇ
ਏਸੇ ਗੱਲ ਦੇ ਗਵਾਹ ਬਣਦੇ l

ਨੋਟ :- ਆਪ ਜੀ ਨਾਲ ਹੱਡ ਬੀਤੀ ਸਾਂਝੀ ਕਰਨ ਦਾ ਮਕਸਦ ਆਪ ਨੂੰ ਦੱਸਣਾ ਹੈ ਕਿ ਹਰ ਹਾਲਤ ਵਿੱਚ ਸੁਪਨੇ ਮਰਨ ਨਹੀਂ ਦੇਣੇ ਚਾਹੀਦੇ l ਖਾਸ ਤੌਰ ਤੇ ਉਹ ਸੁਪਨੇ ਜਿਹੜੇ ਸੰਘਰਸ਼ ਕਰਨ ਲਈ ਪ੍ਰੇਰਦੇ ਹਨ ਤੇ ਉਨ੍ਹਾਂ ਸੁਪਨਿਆਂ ਦੇ ਸਹਾਰੇ ਹੀ ਅਸੀਂ ਜਿਉਂਦੇ ਹਾਂ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)