-ਆਖਿਰ ਕਿਉਂ ?

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਸ਼ਾਹੂਕਾਰ ਦਾ ਕਰਜ਼ਾ ਮਾੜਾ ਹੁੰਦਾ ਹੈ I ਇਹ ਗੱਲ ਛੋਟੇ ਹੁੰਦੇ ਹੀ ਸਿਆਣਿਆਂ ਤੋਂ ਸੁਣਦੇ ਆਏ ਹਾਂ ਪਰ ਉਹ ਕਿਉਂ ਮਾੜਾ ਹੈ ? ਇਸ ਬਾਰੇ ਕਦੇ ਸਿਆਣਿਆਂ ਨੇ ਨਹੀਂ ਦੱਸਿਆ ਅਤੇ ਨਾਂ ਹੀ ਬਹੁਤਿਆਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਹੋਵੇਗੀ l ਜੇ ਕੋਸ਼ਿਸ਼ ਕੀਤੀ ਵੀ ਹੋਵੇਗੀ ਤਾਂ ਸ਼ਾਇਦ ਸਿਆਣਿਆਂ ਨੂੰ ਵੀ ਇਸ ਬਾਰੇ ਪੂਰਾ ਪਤਾ ਨਾਂ ਹੋਵੇ l ਤਰਕਸ਼ੀਲ ਹੋਣ ਕਰਕੇ ਮੈਨੂੰ ਹਰ ਇੱਕ ਚੀਜ਼ ਦਾ ਜਵਾਬ ਲੱਭਣ ਦੀ ਆਦਤ ਬਚਪਨ ਵਿੱਚ ਹੀ ਪੈ ਗਈ ਸੀ l ਭਾਵੇਂ ਕਈ ਚੀਜ਼ਾਂ ਦੇ ਜਵਾਬ ਮੈਨੂੰ ਤੁਰੰਤ ਨਹੀਂ ਮਿਲੇ l ਕਰਜ਼ੇ ਸਬੰਧੀ ਮੈਂ ਨਿਊਜ਼ੀਲੈਂਡ ਆ ਕੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਆਖਿਰ ਕਰਜ਼ਾ ਕਿਸੇ ਨੂੰ ਕੱਖਪਤੀ ਅਤੇ ਕਿਸੇ ਨੂੰ ਲੱਖਪਤੀ ਕਿਉਂ ਬਣਾਉਂਦਾ ਹੈ ?

ਜਦੋਂ ਮੈਨੂੰ ਇਸ ਦਾ ਜਵਾਬ ਲੱਭਾ ਤਾਂ ਮੇਰੀ ਹੈਰਾਨੀ ਦੀ ਹੱਦ ਨਾਂ ਰਹੀ l ਜੋ ਮੇਰੀ ਕਾਫੀ ਖੋਜ ਤੋਂ ਬਾਦ ਪਤਾ ਲੱਗਾ ਉਹ ਸਾਂਝਾ ਕਰ ਰਿਹਾ ਹਾਂ ਜੋ ਕਿ ਮੇਰੇ ਤਜਰਬੇ ਤੇ ਅਧਾਰਿਤ ਹੈ l ਕਰਜ਼ਾ ਮੁੱਖ ਤੌਰ ਤੇ ਦੋ ਤਰਾਂ ਦੀਆਂ ਚੀਜ਼ਾਂ ਵਾਸਤੇ ਲਿਆ ਜਾਂਦਾ ਹੈ l ਇੱਕ ਉਹ ਚੀਜ਼ਾਂ ਜਿਨ੍ਹਾਂ ਦੀ ਕੀਮਤ ਵਧਦੀ ਹੈ ਅਤੇ ਦੂਜੀਆਂ ਉਹ ਚੀਜ਼ਾਂ ਜਿਨ੍ਹਾਂ ਦੀ ਕੀਮਤ ਘਟਦੀ ਹੈ l ਆਓ ਇਨ੍ਹਾਂ ਦਾ ਫਰਕ ਜਾਣੀਏ l ਕੀਮਤ ਘਟਣ ਵਾਲੀਆਂ ਚੀਜ਼ਾਂ :- ਇਨ੍ਹਾਂ ਚੀਜ਼ਾਂ ਵਿੱਚ ਆਪਣੇ ਰੋਜ਼ ਵਰਤਣ ਵਾਲੀਆਂ ਚੀਜ਼ਾਂ ਆਉਂਦੀਆਂ ਹਨ ਜਿਸ ਤਰਾਂ ਕੱਪੜੇ, ਸੋਫੇ, ਫਰਿਜਾਂ, ਟੈਲੀਵੀਜਨ, ਕਾਰਾਂ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਡ੍ਰਾਇਰ, ਫੋਨ, ਕੰਪਿਊਟਰ ਅਤੇ ਲੈਪਟਾਪ ਆਦਿ l ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਕੀਮਤ ਹਰ ਰੋਜ਼ ਪੁਰਾਣੀਆਂ ਹੋਣ ਨਾਲ ਘਟਦੀ ਹੈ l ਕੁੱਝ ਸਾਲਾਂ ਬਾਦ ਇਨ੍ਹਾਂ ਨੂੰ ਦੁਬਾਰਾ ਖਰੀਦਣਾ ਪੈਂਦਾ ਹੈ l ਜੋ ਕਰਜ਼ਾ ਇਨ੍ਹਾਂ ਚੀਜ਼ਾਂ ਨੂੰ ਖਰੀਦਣ ਲਈ ਲੈਣਾ ਪੈਂਦਾ ਹੈ l ਉਸ ਦਾ ਵਿਆਜ਼ ਤਕਰੀਬਨ 14% ਸਲਾਨਾ ਦੇ ਕਰੀਬ ਹੁੰਦਾ ਹੈ ਭਾਵ ਜਿੰਨਾਂ ਕਰਜ਼ਾ ਤੁਸੀਂ ਲਿਆ ਉਹ ਤਕਰੀਬਨ ਸਵਾ ਪੰਜ ਸਾਲਾਂ ਵਿੱਚ ਦੁਗਣਾ ਹੋ ਜਾਵੇਗਾ l ਜੇ ਤੁਸੀਂ ਇਸ ਨੂੰ ਔਖੇ ਹੋ ਕੇ ਸਵਾ ਪੰਜ ਸਾਲਾਂ ਵਿੱਚ ਮੋੜ ਵੀ ਦਿਓਗੇ ਤਾਂ ਪਹਿਲੀਆਂ ਲਈਆਂ ਹੋਈਆਂ ਚੀਜ਼ਾਂ ਤਕਰੀਬਨ ਖਰਾਬ ਹੋਣ ਦੇ ਲਾਗੇ ਹੋਣਗੀਆਂ ਅਤੇ ਤੁਹਾਨੂੰ ਦੁਬਾਰਾ ਖਰੀਦਣੀਆਂ ਪੈਣਗੀਆਂ l ਹੁਣ ਇਹ ਤੁਹਾਨੂੰ ਪਹਿਲਾਂ ਨਾਲੋਂ ਵੀ ਮਹਿੰਗੀਆਂ ਮਿਲਣਗੀਆਂ l ਭਾਵ ਇਨ੍ਹਾਂ ਨੂੰ ਖਰੀਦਣ ਲਈ ਹੁਣ ਹੋਰ ਵੱਧ ਕਰਜ਼ਾ ਚੁੱਕਣਾ ਪਵੇਗਾ l ਇਸ ਦਾ ਭਾਵ ਪੰਜ ਸਾਲਾਂ ਵਿੱਚ ਜਿੰਨੀਂ ਤੁਹਾਡੀ ਤਨਖਾਹ ਵਧੀ ਉਹ ਸਾਰੀ ਕਰਜ਼ੇ ਦੇ ਵਿਆਜ਼ ਵਿੱਚ ਜਾਂਦੀ ਰਹੇਗੀ ਅਤੇ ਤੁਸੀਂ ਪਹਿਲਾਂ ਨਾਲੋਂ ਵੀ ਗਰੀਬ ਹੋ ਜਾਓਗੇ l ਇਸ ਤਰ੍ਹਾਂ ਦੇ ਕਰਜ਼ੇ ਵਿੱਚ ਵਿਆਹ ਤੇ ਲਿਆ ਹੋਇਆ ਕਰਜ਼ਾ ਅਤੇ ਵਿਦੇਸ਼ ਜਾਣ ਲਈ ਲਿਆ ਹੋਇਆ ਕਰਜ਼ਾ ਵੀ ਸ਼ਾਮਿਲ ਹੈ l

ਇਸ ਕਰਜ਼ੇ ਦਾ ਇਸ ਤੋਂ ਵੀ ਬੁਰਾ ਅਸਰ ਪੈਂਦਾ ਹੈ ਜਦੋਂ ਤੁਸੀਂ ਕਰੈਡਿਟ ਕਾਰਡ ਤੇ ਕਰਜ਼ਾ ਚੁੱਕਦੇ ਹੋ ਅਤੇ ਸਮੇਂ ਤੇ ਮੋੜਦੇ ਨਹੀਂ l ਉਸ ਦਾ ਵਿਆਜ਼ ਤਕਰੀਬਨ 19% ਸਲਾਨਾ ਹੁੰਦਾ ਹੈ ਭਾਵ ਸਾਢੇ ਤਿੰਨ ਜਾਂ ਪੌਣੇ ਚਾਰ ਸਾਲਾਂ ਵਿੱਚ ਦੁਗਣਾ ਕਰਜ਼ਾ ਮੋੜਨਾ ਪਵੇਗਾ ਜੋ ਕਿ ਹੋਰ ਛੇਤੀਂ ਤੁਹਾਨੂੰ ਗਰੀਬੀ ਵੱਲ ਤੋਰੇਗਾ l ਕਈ ਲੋਕ ਵਿਦੇਸ਼ਾਂ ਨੂੰ ਜਾਂਦੇ ਹੋਏ ਕਰੈਡਿਟ ਕਾਰਡ ਤੇ ਜਹਾਜ਼ ਦੀਆਂ ਟਿਕਟਾਂ ਲੈ ਜਾਂਦੇ ਹਨ l ਵਿਦੇਸ਼ ਵਿੱਚ ਜਿਆਦਾ ਖਰਚਾ ਕਰ ਲੈਂਦੇ ਹਨ ਅਤੇ ਕਰਜ਼ਾ ਵਾਪਿਸ ਆ ਕੇ ਮੁੜਦਾ ਨਹੀਂ l ਇਹ ਵੀ ਗਰੀਬੀ ਵੱਲ ਧੱਕਦਾ ਹੈ l ਕਈ ਵਾਰ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਸਾਰੀਆਂ ਕਿਸ਼ਤਾਂ ਦੇ ਕੇ ਕਈਆਂ ਕੋਲ ਤਨਖਾਹ ਵਿਚੋਂ ਕੁੱਝ ਨਹੀਂ ਬਚਦਾ ਜਿਸ ਕਰਕੇ ਘਰ ਵਿੱਚ ਲੜਾਈਆਂ ਝਗੜੇ ਪੈਦਾ ਹੁੰਦੇ ਹਨ ਤੇ ਕਈ ਵਾਰ ਕੋਰਟਾਂ ਕਚਿਹਰੀਆਂ ਵਿੱਚ ਜਾ ਕੇ ਨਿਬੜਦੇ ਹਨ l ਉਹ ਅੱਗੋਂ ਹੋਰ ਕਰਜ਼ੇ ਵਿੱਚ ਧੱਕਦੇ ਹਨ l

ਕੀਮਤ ਵਧਣ ਵਾਲੀਆਂ ਚੀਜ਼ਾਂ ਵਾਸਤੇ ਕਰਜ਼ਾ :- ਇਨ੍ਹਾਂ ਚੀਜ਼ਾਂ ਵਿੱਚ ਬਿਜਨਿਸ ਅਤੇ ਜ਼ਮੀਨ ਆਉਂਦੀ ਹੈ l ਇਹ ਚੀਜ਼ਾਂ ਦੀ ਆਮ ਤੌਰ ਤੇ ਕੀਮਤ ਨਹੀਂ ਘਟਦੀ l ਜੇਕਰ ਬਿਜਨਿਸ ਨਾਂ ਚੱਲੇ ਤਾਂ ਜ਼ਰੂਰ ਘਟਦੀ ਹੈ l ਇਸ ਦੇ ਨਾਲ ਹੀ ਬਿਜਨਿਸ ਵਿੱਚ ਆਮਦਨ ਬਹੁਤ ਜਿਆਦਾ ਵਧਣ ਦੇ ਮੌਕੇ ਹੁੰਦੇ ਹਨ l ਬਿਜਨਿਸ ਵਾਲੇ ਕਰਜ਼ੇ ਤੇ ਵਿਆਜ਼ ਉੱਪਰ ਦੱਸੇ ਵਿਆਜ਼ ਨਾਲੋਂ ਬਹੁਤ ਘੱਟ ਹੁੰਦਾ ਹੈ l ਫਿਰ ਤੁਹਾਡਾ ਬਿਜਨਿਸ ਤੁਹਾਨੂੰ ਰੁਜ਼ਗਾਰ ਵੀ ਦਿੰਦਾ ਹੈ l ਜ਼ਮੀਨ ਵੀ ਜੇ ਕਿਸੇ ਨੇ ਲੰਮਾਂ ਸਮਾਂ ਰੱਖਣ ਵਾਸਤੇ ਲਈ ਹੈ ਤਾਂ ਉਸ ਦੀ ਕੀਮਤ ਵੀ ਨਹੀਂ ਘਟਦੀ l ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਘਟੀ ਹੈ ਪਰ ਜੇਕਰ ਤੁਸੀਂ ਜ਼ਮੀਨ ਅਗਲੀ ਪੀੜ੍ਹੀ ਨੂੰ ਦੇਣੀ ਹੈ ਤਾਂ ਕੀਮਤ ਨਹੀਂ ਘਟੇਗੀ ਜਾਂ ਜੇ ਤੁਸੀਂ 20 ਸਾਲ ਤੋਂ ਵੱਧ ਰੱਖਣੀ ਹੈ ਤਾਂ ਵੀ ਕੀਮਤ ਨਹੀਂ ਘਟੇਗੀ l ਜ਼ਮੀਨ ਵਿੱਚ ਘਾਟਾ ਉਸ ਸਮੇਂ ਪੈਂਦਾ ਹੈ ਜਦੋਂ ਕੀਮਤਾਂ ਘਟੀਆਂ ਤੇ ਵੇਚਣੀ ਪਵੇ l ਇੱਕ ਹੋਰ ਕਾਰਨ ਹੈ ਕਿ ਕਈ ਲੋਕ ਜ਼ਮੀਨ ਬਿਨਾਂ ਕਿਸੇ ਜਾਣਕਾਰੀ ਦੇ ਖਰੀਦ ਲੈਂਦੇ ਹਨ ਤੇ ਪੈਸਾ ਵੱਧ ਦੇ ਦਿੰਦੇ ਹਨ ਜੋ ਕਿ ਘਾਟੇ ਦਾ ਕਾਰਨ ਬਣਦਾ ਹੈ l

ਘਰਾਂ ਉਤੇ ਕਰਜ਼ਾ :- ਜਿੰਨੇ ਲੋਕ ਭਾਰਤ ਵਿਚੋਂ ਵਿਦੇਸ਼ਾਂ ਵਿੱਚ ਜਾਂਦੇ ਹਨ l ਉਨ੍ਹਾਂ ਨੂੰ ਘਰ ਖਰੀਦਣ ਲਈ ਕਰਜ਼ਾ ਲੈਣਾ ਪੈਂਦਾ ਹੈ l ਆਮ ਤੌਰ ਤੇ ਉਹ ਆਪਣੀਆਂ ਤਨਖਾਹਾਂ ਜਾਂ ਦੂਜੇ ਬਿਜਨਿਸ ਵਿਚੋਂ ਕਿਸ਼ਤ ਦਿੰਦੇ ਹਨ l ਨਿਊਜ਼ੀਲੈਂਡ ਵਿੱਚ ਜੇਕਰ ਤਕਰੀਬਨ ਪਿਛਲੇ 50 ਕੁ ਸਾਲਾਂ ਦਾ ਇਤਿਹਾਸ ਦੇਖੀਏ ਤਾਂ ਘਰਾਂ ਦੀ ਕੀਮਤ ਅੱਠ ਤੋਂ 10 ਸਾਲਾਂ ਵਿੱਚ ਦੁਗਣੀ ਹੋ ਜਾਂਦੀ ਹੈ l ਉਸ ਦਾ ਭਾਵ ਇਹ ਹੈ ਕਿ ਜੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤਾਂ ਜਿਹੜਾ ਘਰ ਪੰਜ ਲੱਖ ਦਾ ਖਰੀਦਿਆ ਉਸ ਦੀ ਕੀਮਤ ਦਸ ਸਾਲਾਂ ਬਾਦ ਦਸ ਲੱਖ ਹੋ ਜਾਵੇਗੀ l ਫਿਰ ਇਸ ਵੇਲੇ ਘਰਾਂ ਦੇ ਕਰਜ਼ੇ ਤੇ ਵਿਆਜ਼ ਸਿਰਫ 3% ਦੇ ਲਾਗੇ ਹੈ ਜੋ ਕਿ ਪਹਿਲਾਂ ਦੱਸੀਆਂ ਸਾਰੀਆਂ ਕਿਸਮਾਂ ਨਾਲੋਂ ਘੱਟ ਹੈ l ਇਸ ਤਰਾਂ ਦਾ ਕਰਜ਼ਾ ਅਮੀਰੀ ਵੱਲ ਤੋਰੇਗਾ l ਹੁਣ ਜੇ ਸਭ ਕਰਜ਼ਿਆਂ ਵੱਲ ਬਰੀਕੀ ਨਾਲ ਨਿਗ੍ਹਾ ਮਾਰੀਏ ਤਾਂ ਪਤਾ ਲਗਦਾ ਹੈ ਕਿ ਕਰਜ਼ੇ ਵਿੱਚ ਨੁਕਸ ਨਹੀਂ ਹੈ ਕਰਜ਼ਾ ਲੈਣ ਵਾਲੇ ਵਿੱਚ ਹੈ l ਕਰਜ਼ਾ ਲੈਣ ਵਾਲੇ ਨੂੰ ਚਾਹੀਦਾ ਹੈ ਕਿ ਇਹ ਗੱਲਾਂ ਸੋਚ ਵਿਚਾਰ ਕੇ ਕਰਜ਼ਾ ਲਵੇ l ਇਸ ਕਰਕੇ ਤੁਹਾਡਾ ਲਿਆ ਹੋਇਆ ਕਰਜ਼ਾ ਲੱਖਪਤੀ ਵੀ ਬਣਾ ਸਕਦਾ ਅਤੇ ਕੱਖਪਤੀ ਵੀ ਬਣਾ ਸਕਦਾ ਹੈ l ਜੇਕਰ ਕੋਈ ਗਲਤ ਚੀਜ਼ਾਂ ਲਈ ਕਰਜ਼ਾ ਲਈ ਜਾਂਦਾ ਹੈ ਤਾਂ ਇਹ ਰੱਬ ਅਤੇ ਕਿਸਮਤ ਵਿੱਚ ਲਿਖਿਆ ਹੋਣ ਕਰਕੇ ਨਹੀਂ ਹੈ l ਇਸ ਵਾਸਤੇ ਤੁਸੀਂ ਖੁਦ ਜਿੰਮੇਵਾਰ ਹੋ ਕਿਉਂਕਿ ਤੁਸੀਂ ਕਰਜ਼ਾ ਲੈਣ ਤੋਂ ਪਹਿਲਾਂ ਇਸ ਦੀ ਜਾਣਕਾਰੀ ਨਹੀਂ ਲਈ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ