-ਕੀ ਮੌਕਾ ਮਿਲਣਾ ਪੈਰ ਥੱਲੇ ਬਟੇਰਾ ਆਉਣਾ ਹੁੰਦਾ ਹੈ ?

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਜਦੋਂ ਵੀ ਕਿਸੇ ਵਿਸ਼ੇ ਤੇ ਗੱਲਬਾਤ ਕਰੀਏ ਜਾਂ ਕਿਸੇ ਵਿਸ਼ੇ ਤੇ ਵਿਚਾਰ ਕਰੀਏ ਤਾਂ ਇਹ ਵਿਚਾਰ ਹਰ ਇੱਕ ਤੇ ਲਾਗੂ ਨਹੀਂ ਹੁੰਦੇ l ਕਿਸੇ ਵਿਸ਼ੇ ਤੇ ਗੱਲਬਾਤ ਜਾਂ ਵਿਚਾਰ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਉਹ ਵੱਡੀ ਗਿਣਤੀ ਤੇ ਲਾਗੂ ਹੁੰਦਾ ਹੈ l ਵੱਖ ਵੱਖ ਖੇਤਰਾਂ ਵਿੱਚ ਅਤੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਤਰੱਕੀਆਂ ਕਰਨ ਦੇ ਮੌਕੇ ਮਿਲਦੇ ਹਨ ਜਿਸ ਵਿੱਚ ਭਾਰਤ ਵੀ ਸ਼ਾਮਿਲ ਹੈ l ਕੁੱਝ ਲੋਕ ਉਨ੍ਹਾਂ ਮੌਕਿਆਂ ਦਾ ਫਾਇਦਾ ਉਠਾ ਲੈਂਦੇ ਹਨ ਅਤੇ ਕਈ ਮੌਕਾ ਮਿਲਣ ਤੇ ਵੀ ਫਾਇਦਾ ਨਹੀਂ ਉਠਾ ਸਕਦੇ l

ਜਿਹੜੇ ਲੋਕ ਮੌਕੇ ਦਾ ਫਾਇਦਾ ਉਠਾ ਜਾਂਦੇ ਹਨ ਉਨ੍ਹਾਂ ਦਾ ਨਾਮ ਕਾਮਯਾਬ ਇਨਸਾਨਾਂ ਵਿੱਚ ਆ ਜਾਂਦਾ ਹੈ ਤੇ ਦੂਜਿਆਂ ਦਾ ਫੇਲ ਹੋਏ ਜਾਂ ਨਾਕਾਮਯਾਬ ਇਨਸਾਨਾਂ ਵਿੱਚ ਆ ਜਾਂਦਾ ਹੈ l ਜਦੋਂ ਕਾਮਯਾਬ ਹੋਇਆ ਇਨਸਾਨ ਘੱਟ ਕਾਮਯਾਬ ਹੋਏ ਇਨਸਾਨਾਂ ਨੂੰ ਆਪਣੀ ਕਾਮਯਾਬੀ ਦੀ ਕਹਾਣੀ ਸੁਣਾਉਂਦਾ ਹੈ ਤਾਂ ਕਈ ਤਾਂ ਉਸ ਕਹਾਣੀ ਤੋਂ ਕੁੱਝ ਸਿੱਖ ਲੈਂਦੇ ਹਨ ਅਤੇ ਕਈ ਇਹ ਕਹਿ ਕੇ ਕਹਾਣੀ ਨੂੰ ਅੱਖੋਂ ਪਰੋਖਾ ਕਰ ਦਿੰਦੇ ਹਨ ਕਿ ਇਸ ਦੇ ਤਾਂ ਪੈਰ ਥੱਲੇ ਬਟੇਰਾ ਆ ਗਿਆ ਹੈ l ਇਹ ਦੇਖਣ ਵਾਲੇ ਦਾ ਨਜ਼ਰੀਆ ਹੈ ਕਿ ਇਸ ਵੇਲੇ ਉਸ ਨੂੰ ਇਹ ਦੱਸਣ ਵਾਲੇ ਦੀ ਕਾਮਯਾਬੀ ਲੱਗੇ ਜਾਂ ਪੈਰ ਥੱਲੇ ਆਇਆ ਬਟੇਰਾ ਲੱਗੇ l (ਪੈਰ ਥੱਲੇ ਬਟੇਰਾ ਆਉਣ ਦਾ ਅਰਥ ਹੁੰਦਾ ਹੈ ਕਿ ਕੋਈ ਚੀਜ਼ ਬਿਨਾਂ ਕੋਸ਼ਿਸ਼ ਕੀਤਿਆਂ ਅਚਾਨਕ ਮਿਲ ਜਾਵੇ) l ਹੁਣ ਦੇਖਦੇ ਹਾਂ ਕਿ ਮੌਕਾ ਕਿਸ ਨੂੰ ਮਿਲਦਾ ਹੈ ? ਜਿਆਦਾ ਤੌਰ ਤੇ ਤੁਹਾਨੂੰ ਉਹ ਚੀਜ਼ਾਂ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ ਜਿਨ੍ਹਾਂ ਦੀ ਤੁਸੀਂ ਭਾਲ ਕਰ ਰਹੇ ਹੋਵੋ l ਜਿਨ੍ਹਾਂ ਚੀਜ਼ਾਂ ਦੀ ਤੁਸੀਂ ਭਾਲ ਨਹੀਂ ਕਰਦੇ ਜਾਂ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਗੌਰ ਨਾਲ ਨਹੀਂ ਦੇਖਦੇ l ਉਹ ਤੁਹਾਡੀ ਨਜ਼ਰ ਵਿੱਚ ਨਹੀਂ ਆਉਂਦੀਆਂ ਭਾਵੇਂ ਉਹ ਤੁਹਾਡੇ ਲਾਗੇ ਹੀ ਪਈਆਂ ਹੋਣ l ਉਹ ਚੀਜ਼ਾਂ ਬੇਸ਼ੱਕ ਬਹੁਤ ਜਿਆਦਾ ਕੀਮਤੀ ਹੋਣ ਫਿਰ ਵੀ ਤੁਹਾਨੂੰ ਨਹੀਂ ਦਿਸਣਗੀਆਂ ਕਿਉਂਕਿ ਤੁਸੀਂ ਉਨ੍ਹਾਂ ਪ੍ਰਤੀ ਭਾਲ ਵਿੱਚ ਨਹੀਂ ਹੋ l ਕੁੱਝ ਉਦਾਹਰਣਾਂ ਦੇਖਦੇ ਹਾਂ l ਪੰਜਾਬ ਵਿੱਚ ਪਰਦੇਸੀ ਮਜ਼ਦੂਰਾਂ ਆ ਕੇ ਕੰਮ ਲੱਭਣੇ ਸ਼ੁਰੂ ਕੀਤੇ l ਉਨ੍ਹਾਂ ਵਿਚੋਂ ਬਹੁਤਿਆਂ ਨੂੰ ਪੰਜਾਬੀ ਬੋਲੀ ਵੀ ਨਹੀਂ ਆਉਂਦੀ ਸੀ l ਸ਼ੁਰੂ ਵਿੱਚ ਉਨ੍ਹਾਂ ਬਹੁਤ ਸਖਤ ਮਿਹਨਤ ਕੀਤੀ l ਬਹੁਤ ਸਾਰੇ ਪੰਜਾਬੀ ਬੋਲੀ ਵੀ ਸਿੱਖ ਗਏ l ਉਨ੍ਹਾਂ ਦੀ ਅਗਲੀ ਪੀੜ੍ਹੀ ਆਮ ਪੰਜਾਬੀਆਂ ਵਾਂਗ ਹੀ ਪੰਜਾਬੀ ਬੋਲਦੀ ਹੈ l ਜਿਹੜੇ ਉਨ੍ਹਾਂ ਵਿਚੋਂ ਜਿਆਦਾ ਮਿਹਨਤੀ ਜਾਂ ਸੂਝਵਾਨ ਸੀ ਉਨ੍ਹਾਂ ਆਪਣੇ ਕਾਰੋਬਾਰ ਸ਼ੁਰੂ ਕਰ ਲਏ l ਕਈਆਂ ਦੁਕਾਨਾਂ ਪਾ ਲਈਆਂ, ਥਰੀ ਵੀਲ੍ਹਰ ਚਲਾਉਣ ਲੱਗ ਪਏ ਅਤੇ ਕਈ ਠੇਕੇਦਾਰ ਬਣ ਗਏ, ਕਈ ਮਿਸਤਰੀ ਬਣ ਗਏ ਅਤੇ ਘਰ ਬਣਾਉਣ ਲੱਗ ਪਏ ਅਤੇ ਕਈ ਫੈਕਟਰੀਆਂ ਵਿੱਚ ਫੋਰਮੈਂਨ ਬਣ ਗਏ l

ਹੁਣ ਦੇਖਣ ਦੀ ਗੱਲ ਇਹ ਹੈ ਕਿ ਪੰਜਾਬੀ ਇਹ ਕੁੱਝ ਕਿਉਂ ਨਹੀਂ ਕਰ ਸਕੇ ? ਉਸ ਦੀ ਵਜ੍ਹਾ ਹੈ ਕਿ ਪ੍ਰਵਾਸੀ ਇਸ ਮੌਕੇ ਦੀ ਭਾਲ ਵਿੱਚ ਸੀ ਉਨ੍ਹਾਂ ਉਸ ਭਾਲ ਵਿੱਚ ਆਪਣਾ ਘਰ ਵੀ ਛੱਡ ਦਿੱਤਾ ਅਤੇ ਉਨ੍ਹਾਂ ਦੀ ਉਹ ਭਾਲ ਪੰਜਾਬ ਵਿੱਚ ਆ ਕੇ ਮੁੱਕੀ l ਇਸ ਦੇ ਉਲਟ ਇਹ ਸਭ ਕੁੱਝ ਪੰਜਾਬੀਆਂ ਦੇ ਕੋਲ ਪਿਆ ਸੀ l ਉਨ੍ਹਾਂ ਨੂੰ ਕਿਉਂ ਨਹੀਂ ਦਿਸਿਆ ? ਉਹ ਇਸ ਕਰਕੇ ਕਿ ਉਹ ਇਸ ਦੀ ਭਾਲ ਵਿੱਚ ਨਹੀਂ ਸਨ l ਮੇਰਾ ਇੱਕ ਪਾਕਿਸਤਾਨੀ ਦੋਸਤ ਜੋ ਮੇਰੇ ਨਾਲ ਬਹੁਤ ਸਮੇਂ ਤੋਂ ਕੀਵੀ ਫਰੂਟ ਦਾ ਕੰਮ ਕਰਦਾ ਸੀ l ਇੱਕ ਬਾਗ ਵਿੱਚ ਅਸੀਂ ਪਿਛਲੇ 20 ਸਾਲ ਤੋਂ ਇਕੱਠੇ ਕੰਮ ਕਰਦੇ ਸੀ l ਉਥੇ ਇੱਕ 80 ਮੀਟਰ ਦੀ ਸ਼ੈੱਡ ਸੀ ਅਤੇ ਉਸ ਸ਼ੈੱਡ ਦੇ ਅੰਦਰ ਇੱਕ ਸਿਰੇ ਤੇ ਛੇ ਕੁ ਮੀਟਰ ਦੀ ਛੋਟੀ ਸ਼ੈੱਡ ਸੀ l ਜਦੋਂ ਮੀਂਹ ਹੋਵੇ ਤਾਂ ਅਸੀਂ ਵੱਡੀ ਸ਼ੈੱਡ ਵਿੱਚ ਰੋਟੀ ਖਾਂਦੇ ਹੁੰਦੇ ਸੀ l ਰੋਟੀ ਖਾਣ ਵਾਲੀ ਜਗਾ ਤੋਂ ਛੋਟੀ ਸ਼ੈੱਡ ਸਿਰਫ ਚਾਰ ਮੀਟਰ ਦੀ ਦੂਰੀ ਤੇ ਸੀ l ਇੱਕ ਦਿਨ ਮੈਂ ਆਪਣੇ ਪਾਕਿਸਤਾਨੀ ਦੋਸਤ ਨੂੰ ਫੋਨ ਕੀਤਾ ਕਿ ਜੋ ਤੈਨੂੰ ਸਮਾਨ ਚਾਹੀਦਾ ਹੈ ਉਹ ਛੋਟੀ ਸ਼ੈੱਡ ਵਿੱਚ ਪਿਆ ਹੈ l ਤੂੰ ਉਸ ਵਿਚੋਂ ਸਮਾਨ ਕੱਢ ਲੈ l ਉਹ ਕਹਿਣ ਲੱਗਾ ਕਿਹੜੀ ਛੋਟੀ ਸ਼ੈੱਡ ਵਿਚੋਂ ? ਮੈਂ ਕਿਹਾ ਜਿਹੜੀ ਵੱਡੀ ਸ਼ੈੱਡ ਦੇ ਵਿੱਚ ਬਣੀ ਹੋਈ ਹੈ ਜਿਥੇ ਆਪਾਂ ਰੋਟੀ ਖਾਂਦੇ ਹੁੰਦੇ ਆਂ l ਉਹ ਕਹਿੰਦਾ ਉਥੇ ਤਾਂ ਕੋਈ ਛੋਟੀ ਸ਼ੈੱਡ ਹੀ ਨਹੀਂ l ਮੈਂ ਕਿਹਾ ਆਪਾਂ 20 ਸਾਲਾਂ ਤੋਂ ਉਥੇ ਰੋਟੀ ਖਾਂਦੇ ਹਾਂ ਤੇ ਤੂੰ ਸ਼ੈੱਡ ਕਿਉਂ ਨਹੀਂ ਦੇਖੀ ? ਉਹ ਫਿਰ ਮੈਨੂੰ ਕਹਿਣ ਲੱਗਾ ਕਿ ਤੂੰ ਮੈਨੂੰ ਬੇਵਕੂਫ ਬਣਾ ਰਿਹਾ ਹੈਂ l ਮੈਂ ਕਿਹਾ ਨਹੀਂ ਤੂੰ ਉਥੇ ਜਾ ਕੇ ਦੇਖ l ਕੁੱਝ ਮਿੰਟਾਂ ਬਾਦ ਉਹ ਉਥੇ ਪਹੁੰਚ ਗਿਆ ਅਤੇ ਸ਼ੈੱਡ ਦੇਖ ਕੇ ਬਹੁਤ ਹੈਰਾਨ ਹੋਇਆ l ਮੈਨੂੰ ਕਹਿਣ ਲੱਗਾ ਕਿ ਇਹ ਸਮਝ ਨਹੀਂ ਆ ਰਹੀ ਕਿ ਏਨੀ ਵੱਡੀ ਸ਼ੈੱਡ ਮੈਨੂੰ 20 ਸਾਲਾਂ ਵਿੱਚ ਕਿਉਂ ਨਹੀਂ ਦਿਸੀ ? ਮੈਂ ਉਸ ਨੂੰ ਦੱਸਿਆ ਕਿ ਤੁਹਾਨੂੰ ਜਿੰਦਗੀ ਵਿੱਚ ਸਿਰਫ ਉਹ ਚੀਜ਼ਾਂ ਜਾਂ ਮੌਕੇ ਮਿਲਦੇ ਹਨ ਜਿਨ੍ਹਾਂ ਦੀ ਤੁਸੀਂ ਭਾਲ ਕਰ ਰਹੇ ਹੋਵੋ l ਤੂੰ ਕਦੇ ਇਸ ਸ਼ੈੱਡ ਦੀ ਭਾਲ ਹੀ ਨਹੀਂ ਕੀਤੀ ਅਤੇ ਨਾਂ ਹੀ ਇਸ ਦੀ ਤੈਨੂੰ ਕਦੇ ਲੋੜ ਪਈ l ਇਸੇ ਕਰਕੇ ਇਹ ਤੈਨੂੰ ਦਿਸੀ ਨਹੀਂ l ਇਸ ਗੱਲ ਨੂੰ ਯਾਦ ਕਰਕੇ ਅਸੀਂ ਅੱਜ ਵੀ ਬਹੁਤ ਹੱਸਦੇ ਹਾਂ l

ਮੈਂ ਪੰਦਰਾਂ ਸਾਲਾਂ ਦੀ ਉਮਰ ਤੋਂ ਹੀ ਆਰਥਿਕ ਤਰੱਕੀ ਦੇ ਮੌਕੇ ਲੱਭਣੇ ਸ਼ੁਰੂ ਕੀਤੇ l ਜਦੋਂ ਮੈਂ ਆਪਣੀ ਪ੍ਰਿੰਟਿੰਗ ਪ੍ਰੈਸ ਖੋਲ੍ਹੀ ਤਾਂ ਉਸ ਵੇਲੇ ਜੱਟਾਂ ਵਿੱਚ ਦੁਕਾਨਦਾਰੀ ਦਾ ਰਿਵਾਜ ਨਹੀਂ ਸੀ ਨਾਂ ਹੀ ਕੋਈ ਜੱਟਾਂ ਦਾ ਮੁੰਡਾ ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਦਾ ਸੀ l ਮੈਨੂੰ ਕਈਆਂ ਨੇ ਕਿਹਾ ਕਿ ਤੂੰ ਲਾਲਿਆਂ ਵਾਲਾ ਕੰਮ ਕਿਉਂ ਸ਼ੁਰੂ ਕਰ ਲਿਆ ? ਮੈਨੂੰ ਉਸ ਵਿੱਚ ਕਾਮਯਾਬੀ ਮਿਲੀ l ਦੂਜਿਆਂ ਨੂੰ ਮੌਕਾ ਇਸ ਕਰਕੇ ਨਹੀਂ ਮਿਲਿਆ ਕਿਉਂਕਿ ਉਹ ਉਸ ਦੀ ਭਾਲ ਵਿੱਚ ਨਹੀਂ ਸਨ l

ਵਿਦੇਸ਼ (ਨਿਊਜ਼ੀਲੈਂਡ) ਆਇਆ ਤਾਂ ਭਾਲ ਕੰਮ ਦੀ ਸੀ l ਉਨ੍ਹਾਂ ਦਿਨਾਂ ਵਿੱਚ ਹਰ ਘਰ ਵਿੱਚ ਲੋਕਲ ਅੰਗਰੇਜ਼ੀ ਦੀ ਅਖ਼ਬਾਰ ਮੁਫ਼ਤ ਆਉਂਦੀ ਹੁੰਦੀ ਸੀ l ਅਖ਼ਬਾਰ ਦੇ ਸਾਰੇ ਵਰਕੇ ਬਿਨਾਂ ਪੜ੍ਹਿਆਂ ਹੀ ਉਲਟਾ ਦੇਣੇ ਅਤੇ ਸਿਰਫ ਉਹੀ ਵਰਕਾ ਪੜ੍ਹਨਾ ਜਿਸ ਵਿੱਚ ਜੌਬਾਂ (Jobs) ਦੀ ਜਾਣਕਾਰੀ ਹੋਵੇ l ਜੋ ਮੌਕੇ ਹੋਰ ਵਰਕਿਆਂ ਵਿੱਚ ਸਨ ਉਹ ਵੀ ਮੈਂ ਗੁਆਏ ਹੋਣਗੇ ਕਿਉਂਕਿ ਮੈਂ ਉਨ੍ਹਾਂ ਦੀ ਭਾਲ ਨਹੀਂ ਕਰ ਰਿਹਾ ਸੀ l ਕੁੱਝ ਚਿਰ ਬਾਦ ਪੱਕੀ ਜੌਬ ਮਿਲ ਗਈ ਅਤੇ ਮੈਂ ਅਖ਼ਬਾਰ ਪੜ੍ਹਨੀ ਛੱਡ ਦਿੱਤੀ l ਕੁੱਝ ਸਮਾਂ ਬੀਤਣ ਤੋਂ ਬਾਦ ਮੈਂ ਕਾਰਾਂ ਵੇਚਣੀਆਂ ਸ਼ੁਰੂ ਕਰ ਦਿਤੀਆਂ l ਫਿਰ ਮੈਂ ਉਸ ਅਖ਼ਬਾਰ ਦੇ ਸਾਰੇ ਵਰਕੇ ਛੱਡ ਦੇਣੇ ਤੇ ਇਕੱਲਾ ਕਾਰਾਂ ਵਾਲਾ ਵਰਕਾ ਹੀ ਪੜ੍ਹਨਾ ਜਿਸ ਵਿਚੋਂ ਸਸਤੀਆਂ ਕਾਰਾਂ ਲੱਭਣ l ਉਹ ਕੰਮ ਵੀ ਵਧੀਆ ਚੱਲਿਆ l ਹੁਣ ਇਥੇ ਦੇਖਣ ਦੀ ਲੋੜ ਹੈ ਕਿ ਕਾਰਾਂ ਤਾਂ ਉਸ ਵੇਲੇ ਵੀ ਵਿਕਣ ਵਾਸਤੇ ਅਖ਼ਬਾਰ ਵਿੱਚ ਆਉਂਦੀਆਂ ਸਨ ਜਦੋਂ ਮੈਂ ਜੌਬ ਲੱਭਦਾ ਹੁੰਦਾ ਸੀ l ਉਸ ਵੇਲੇ ਕਾਰਾਂ ਖਰੀਦਣ ਵੇਚਣ ਦਾ ਮੌਕਾ ਮੈਂ ਗੁਆ ਲਿਆ ਕਿਉਂਕਿ ਮੈਂ ਉਸ ਮੌਕੇ ਦੀ ਭਾਲ ਵਿੱਚ ਨਹੀਂ ਸੀ l

ਕਾਰਾਂ ਦੇ ਕੰਮ ਤੋਂ ਬਾਦ ਮੈਂ ਘਰਾਂ ਵਾਸਤੇ ਆਮ ਵਰਤੋਂ ਵਾਲੀਆਂ ਚੀਜ਼ਾਂ ਖਰੀਦ ਕੇ ਵੇਚਣ ਲੱਗ ਪਿਆ l ਫਿਰ ਮੈਂ ਅਖ਼ਬਾਰ ਵਿਚੋਂ ਇਕੱਲਾ ਉਹ ਹੀ ਵਰਕਾ ਪੜ੍ਹਨਾ ਜਿਸ ਤੇ ਉਹ ਚੀਜ਼ਾਂ ਵਿਕਰੀ ਤੇ ਹੋਣ l ਉਹ ਕੰਮ ਕਾਰਾਂ ਵੇਚਣ ਨਾਲੋਂ ਵੀ ਵਧੀਆ ਸੀ l ਹੈਰਾਨੀ ਇਸ ਗੱਲ ਦੀ ਹੈ ਕਿ ਉਸੇ ਅਖ਼ਬਾਰ ਵਿਚੋਂ ਇਹ ਕੰਮ ਮੈਨੂੰ ਪਹਿਲਾਂ ਕਿਉਂ ਨਹੀਂ ਦਿਸਿਆ ? ਉਹ ਇਸ ਕਰਕੇ ਕਿ ਉਸ ਵੇਲੇ ਮੈਂ ਇਸ ਮੌਕੇ ਦੀ ਭਾਲ ਵਿੱਚ ਨਹੀਂ ਸੀ l ਇਸ ਕੰਮ ਤੋਂ ਬਾਦ ਮੈਂ ਭਾਰਤੀ ਲੇਡੀਜ਼ ਫੈਸ਼ਨ (ਔਰਤਾਂ ਦੇ ਸੂਟ) ਵੇਚਣੇ ਸ਼ੁਰੂ ਕਰ ਦਿੱਤੇ l ਲੋਕਲ ਅਖ਼ਬਾਰ ਵਿਚੋਂ ਉਹ ਮਿਲਦੇ ਨਹੀਂ ਸੀ ਇਸ ਕਰਕੇ ਮੈਂ ਅਖ਼ਬਾਰ ਪੜ੍ਹਨੀ ਛੱਡ ਦਿੱਤੀ ਅਤੇ ਭਾਰਤ ਦੀਆਂ ਅਖਬਾਰਾਂ ਇਸ ਜਾਣਕਾਰੀ ਲਈ ਪੜ੍ਹਨੀਆਂ ਸ਼ੁਰੂ ਕੀਤੀਆਂ l ਉਹ ਕੰਮ ਵੀ ਬਹੁਤ ਵਧੀਆ ਚੱਲਿਆ l ਹੁਣ ਦੇਖਣ ਦੀ ਗੱਲ ਇਹ ਹੈ ਕਿ ਮੈਂ ਭਾਰਤ ਵਿਚੋਂ ਹੀ ਆਇਆ ਸੀ ਤੇ ਮੈਨੂੰ ਇਸ ਮੌਕੇ ਦਾ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ? ਉਹ ਇਸ ਕਰਕੇ ਕਿ ਪਹਿਲਾਂ ਮੈਂ ਇਸ ਦੀ ਭਾਲ ਵਿੱਚ ਨਹੀਂ ਸੀ l

ਉਪਰੋਕਤ ਕੰਮ ਤੋਂ ਬਾਦ ਮੈਂ ਘਰ ਵੇਚਣ ਅਤੇ ਖਰੀਦਣ ਦਾ ਕੰਮ ਸ਼ੁਰੂ ਕਰ ਲਿਆ ਅਤੇ ਉਹੀ ਪੁਰਾਣੀ ਲੋਕਲ ਅਖ਼ਬਾਰ ਫਿਰ ਪੜ੍ਹਨ ਲੱਗ ਪਿਆ l ਹੁਣ ਮੈਂ ਅਖ਼ਬਾਰ ਦੇ ਵਿੱਚ ਸਿਰਫ ਘਰਾਂ ਦੀ ਵਿਕਰੀ ਵਾਲੇ ਹੀ ਵਰਕੇ ਪੜ੍ਹਦਾ ਹੁੰਦਾ ਸੀ l ਇਸ ਕੰਮ ਵਿੱਚ ਮੈਨੂੰ ਪਿਛਲੇ ਸਾਰੇ ਕੰਮਾਂ ਨਾਲੋਂ ਵੱਧ ਪੈਸੇ ਬਚਣ ਲੱਗ ਪਏ l ਹੈਰਾਨੀ ਹੁਣ ਵੀ ਮੈਨੂੰ ਇਹੀ ਸੀ ਕਿ ਅਖ਼ਬਾਰ ਵਿੱਚ ਘਰ ਤਾਂ ਪਹਿਲਾਂ ਵੀ ਵਿਕਰੀ ਵਾਸਤੇ ਆਉਂਦੇ ਸਨ ਪਰ ਮੈਨੂੰ ਕਿਉਂ ਨਹੀਂ ਦਿਸੇ ? ਉਹ ਸਿਰਫ ਇਸ ਕਰਕੇ ਕਿ ਮੈਂ ਇਸ ਮੌਕੇ ਦੀ ਭਾਲ ਵਿੱਚ ਨਹੀਂ ਸੀ l

ਔਕਲੈਂਡ ਸ਼ਹਿਰ ਦੇ ਜਿਆਦਾ ਪੰਜਾਬੀ ਮੇਰੀ ਕੀਵੀ ਫਰੂਟ ਦੀ ਕੰਪਨੀ ਵਿੱਚ ਕੰਮ ਕਰਦੇ ਹੁੰਦੇ ਸੀ l ਉਨ੍ਹਾਂ ਨੂੰ ਹਰ ਰੋਜ਼ ਇੱਕ ਘੰਟੇ ਦਾ ਸਫ਼ਰ ਕਰ ਕੇ ਪੁਕੀਕੋਹੀ ਦੇ ਇਲਾਕਿਆਂ ਵਿੱਚ ਕੰਮ ਕਰਨ ਵਾਸਤੇ ਆਉਣਾ ਪੈਂਦਾ ਸੀ ਅਤੇ ਮੈਂ ਘਰ ਖਰੀਦਣ ਪੁਕੀਕੋਹੀ ਤੋਂ ਉਨ੍ਹਾਂ ਦੇ ਘਰਾਂ ਵੱਲ ਔਕਲੈਂਡ ਜਾਂਦਾ ਹੁੰਦਾ ਸੀ l ਬਹੁਤ ਵਾਰ ਅਸੀਂ ਇੱਕ ਦੂਜੇ ਨੂੰ ਰਸਤੇ ਵਿੱਚ ਮਿਲਦੇ ਹੁੰਦੇ ਸੀ l ਹੈਰਾਨੀ ਇਸ ਗੱਲ ਦੀ ਸੀ ਕਿ ਮੈਂ ਉਨ੍ਹਾਂ ਦੇ ਘਰਾਂ ਲਾਗੇ ਜਾ ਕੇ ਪੈਸੇ ਵੱਡੀ ਗਿਣਤੀ ਵਿੱਚ ਬਣਾ ਲੈਂਦਾ ਸੀ ਅਤੇ ਉਹ ਮੇਰੇ ਘਰ ਦੇ ਲਾਗੇ ਆ ਕੇ ਕੰਮ ਕਰਦੇ ਹੁੰਦੇ ਸੀ l ਮੈਂ ਉਨ੍ਹਾਂ ਦੇ ਘਰਾਂ ਲਾਗੇ ਜਾ ਕੇ ਕਈ ਗੁਣਾਂ ਪੈਸੇ ਬਣਾ ਲੈਂਦਾ ਸੀ l ਹੈਰਾਨੀ ਫਿਰ ਇਹੀ ਹੈ ਕਿ ਜਿਹੜੇ ਘਰ ਮੈਂ ਉਨ੍ਹਾਂ ਦੇ ਘਰਾਂ ਦੇ ਲਾਗੇ ਜਾ ਕੇ ਖਰੀਦ ਵੇਚ ਲੈਂਦਾ ਸੀ ਉਹ ਉਨ੍ਹਾਂ ਨੂੰ ਕਿਉਂ ਨਹੀਂ ਦਿਸਦੇ ਸਨ ? ਜਵਾਬ ਫਿਰ ਉਹੀ ਹੈ ਕਿ ਉਹ ਉਸ ਮੌਕੇ ਦੀ ਭਾਲ ਵਿੱਚ ਨਹੀਂ ਸਨ l

ਫਿਰ ਮੈਂ ਘਰਾਂ ਦੀਆਂ ਬੋਲੀਆਂ/ਨਿਲਾਮੀਆਂ (Auctions) ਵਿੱਚ ਜਾਣਾ ਸ਼ੁਰੂ ਕਰ ਦਿੱਤਾ l ਬਹੁਤ ਸਾਰੇ ਘਰਾਂ ਦੀ ਵਿਕਰੀ ਬੈਂਕ ਦੁਆਰਾ (mortgagee sales) ਨਿਲਾਮੀ ਦੇ ਤੌਰ ਤੇ ਹੁੰਦੀ ਸੀ l ਮੈਂ ਸਭ ਤੋਂ ਵੱਧ ਬੋਲੀ ਦੇ ਕੇ ਘਰ ਖਰੀਦ ਲੈਂਦਾ ਸੀ ਪਰ ਦੂਸਰੇ ਮੇਰੇ ਮੁਕਾਬਲੇ ਵੱਧ ਪੈਸੇ ਦੇਣ ਨੂੰ ਤਿਆਰ ਨਹੀਂ ਹੁੰਦੇ ਸੀ l ਉਹ ਵੀ ਇਸ ਕਰਕੇ ਕਿ ਜੋ ਮੈਂ ਘਰ ਵਿੱਚ ਦੇਖਦਾ ਸੀ ਉਹ ਉਨ੍ਹਾਂ ਨੂੰ ਨਹੀਂ ਦਿਸਦਾ ਸੀ ਅਤੇ ਜੋ ਉਹ ਦੇਖਦੇ ਸਨ ਉਸ ਨੂੰ ਮੈਂ ਨਹੀਂ ਦੇਖਦਾ ਸੀ l ਇਸ ਕਰਕੇ ਉਹ ਮੌਕਾ ਗੁਆ ਲੈਂਦੇ ਸਨ l ਮੈਂ ਦੇਖਦਾ ਸੀ ਕਿ ਘਰ ਵੱਧ ਤੋਂ ਵੱਧ ਟੁੱਟਿਆ ਜਾਂ ਗਲਿਆ ਹੋਇਆ ਹੋਵੇ ਅਤੇ ਮਾੜੇ ਇਲਾਕੇ ਵਿੱਚ ਹੋਵੇ ਜਿਥੇ ਚੋਰੀਆਂ ਹੁੰਦੀਆਂ ਹੋਣ ਅਤੇ ਲੜਾਈਆਂ ਵੀ ਹੁੰਦੀਆਂ ਹੋਣ l ਦੂਸਰੇ ਬੋਲੀ ਦੇਣ ਵਾਲੇ ਦੇਖਦੇ ਸੀ ਕਿ ਘਰ ਵਧੀਆ ਹਾਲਤ ਵਿੱਚ ਹੋਵੇ, ਵਧੀਆ ਇਲਾਕੇ ਵਿੱਚ ਹੋਵੇ, ਟੁੱਟਿਆ ਹੋਇਆ ਨਾਂ ਹੋਵੇ ਅਤੇ ਆਲੇ ਦੁਆਲੇ ਚੰਗੇ ਲੋਕ ਰਹਿੰਦੇ ਹੋਣ l ਇਸ ਕਰਕੇ ਨਿਲਾਮੀ ਵਿੱਚ ਖਰਾਬ ਹੋਏ ਘਰ ਮੈਨੂੰ ਸਸਤੇ ਮਿਲ ਜਾਂਦੇ ਸਨ ਪਰ ਉਨ੍ਹਾਂ ਵਿੱਚ ਪੈਸਾ ਮੈਨੂੰ ਵਧੀਆ ਘਰਾਂ ਨਾਲੋਂ ਵੱਧ ਬਚ ਜਾਂਦਾ ਸੀ l ਇਸ ਤਰਾਂ ਕਿਉਂ ਹੁੰਦਾ ਸੀ ? ਮੌਕਾ ਤਾਂ ਸਭ ਵਾਸਤੇ ਟੁਟੇ ਘਰ ਖਰੀਦਣ ਦਾ ਵੀ ਸੀ l ਇਸ ਦਾ ਵੀ ਜਵਾਬ ਇਹੀ ਹੈ ਕਿ ਦੂਜੇ ਉਸ ਮੌਕੇ ਦੀ ਭਾਲ ਵਿੱਚ ਨਹੀਂ ਸਨ ਜਿਸ ਮੌਕੇ ਦੀ ਭਾਲ ਵਿੱਚ ਮੈਂ ਸੀ l

ਉਪਰੋਕਤ ਸਭ ਉਦਾਹਰਣਾਂ ਦੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਮੌਕਾ ਤਾਂ ਮਿਲਦਾ ਹੈ ਜੇ ਅਸੀਂ ਉਸ ਦੀ ਭਾਲ ਵਿੱਚ ਹਾਂ l ਮੌਕੇ ਸਾਰੇ ਦੇਸ਼ਾਂ ਵਿੱਚ ਹੀ ਹੁੰਦੇ ਹਨ ਪਰ ਉਹ ਮੌਕੇ ਵੱਖਰੀਆਂ ਵੱਖਰੀਆਂ ਚੀਜ਼ਾਂ ਵਿੱਚ ਹੁੰਦੇ ਹਨ l ਇਹ ਜ਼ਰੂਰੀ ਨਹੀਂ ਕਿ ਜਿਹੜੇ ਮੌਕੇ ਨਿਊਜ਼ੀਲੈਂਡ ਵਿੱਚ ਹੋਣ ਉਹ ਹੀ ਭਾਰਤ ਵਿੱਚ ਜਾਂ ਹੋਰ ਕਿਸੇ ਮੁਲਕ ਵਿੱਚ ਹੋਣ l ਇਹ ਜ਼ਰੂਰ ਹੈ ਕਿ ਮੌਕਿਆਂ ਦੀ ਘਾਟ ਨਹੀਂ ਹੈ l ਵਿਦੇਸ਼ਾਂ ਵਿੱਚ ਆ ਕੇ ਬਹੁਤੇ ਲੋਕ ਜੌਬਾਂ ਹੀ ਲੱਭਦੇ ਰਹਿੰਦੇ ਹਨ ਅਤੇ ਦੂਜੇ ਸਭ ਮੌਕਿਆਂ ਨੂੰ ਗੁਆ ਦਿੰਦੇ ਹਨ ਜਦ ਕਿ ਦੂਜਿਆਂ ਕੰਮਾਂ ਵਿੱਚ ਵੱਧ ਪੈਸੇ ਬਣਾਉਣ ਦੇ ਮੌਕੇ ਹੁੰਦੇ ਹਨ l

ਮੇਰਾ ਵਿਚਾਰ ਹੈ ਕਿ ਸਾਨੂੰ ਆਪਣਾ ਦਿਮਾਗ ਅਤੇ ਅੱਖਾਂ ਹਮੇਸ਼ਾਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਇਹ ਵੱਧ ਤੋਂ ਵੱਧ ਮੌਕਿਆਂ ਦੀ ਭਾਲ ਕਰ ਸਕਣ l

ਨੋਟ :- ਰੱਬ ਤੇ ਯਕੀਨ ਜਾਂ ਕਿਸਮਤ ਤੇ ਯਕੀਨ ਰੱਖਣ ਨਾਲ ਵੀ ਤੁਸੀਂ ਬਹੁਤ ਸਾਰਿਆਂ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹੋ l ਤੁਹਾਡੀ ਤਰੱਕੀ ਵਿੱਚ ਰੱਬ ਜਾਂ ਕਿਸਮਤ ਦਾ ਕੋਈ ਯੋਗਦਾਨ ਨਹੀਂ ਹੈ ਪਰ ਤੁਹਾਨੂੰ ਪਿੱਛੇ ਰੱਖਣ ਵਿੱਚ ਰੱਬ ਅਤੇ ਕਿਸਮਤ ਦਾ ਪੂਰਾ ਯੋਗਦਾਨ ਹੁੰਦਾ ਹੈ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ