(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਮੈਂ ਬਚਪਨ ਤੋਂ ਹੀ ਸਿੱਖਣ ਦਾ ਬਹੁਤ ਸ਼ੌਕੀਨ ਹਾਂ l ਭਾਵੇਂ ਜਿੰਦਗੀ ਵਿੱਚ ਚੰਗੀਆਂ ਘਟਨਾਵਾਂ ਵਾਪਰਨ ਅਤੇ ਭਾਵੇਂ ਮਾੜੀਆਂ l ਮੈਂ ਦੋਨਾਂ ਹੀ ਹਲਾਤਾਂ ਵਿਚੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ l ਮੈਂ ਇਹ ਵੀ ਨਹੀਂ ਦੇਖਦਾ ਕਿ ਜਿਸ ਤੋਂ ਮੈਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਮੇਰੇ ਤੋਂ ਛੋਟੀ ਉਮਰ ਦਾ ਹੈ ਜਾਂ ਵੱਡੀ ਦਾ l ਨਾਂ ਹੀ ਮੈਂ ਦੇਖਦਾ ਹਾਂ ਕਿ ਉਹ ਕਿਹੜੇ ਮੁਲਕ ਤੋਂ ਹੈ, ਕਿਹੜੇ ਧਰਮ ਦਾ ਹੈ ਜਾਂ ਕਿਹੜੀ ਜਾਤ ਦਾ ਹੈ ? ਮੈਨੂੰ ਇਹ ਵੀ ਲਗਦਾ ਹੈ ਕਿ ਕਦੇ ਵੀ ਉਹ ਦਿਨ ਨਹੀਂ ਆਵੇਗਾ ਜਦੋਂ ਮੈਂ ਸਭ ਕੁੱਝ ਸਿੱਖ ਜਾਵਾਂਗਾ l

ਬਹੁਤ ਸਾਲ ਪਹਿਲਾਂ ਤੋਂ ਹੀ ਮੈਂ ਕਈ ਲੋਕ ਭਲਾਈ ਸੰਸਥਾਵਾਂ ਨਾਲ ਜੁੜ ਗਿਆ ਸੀ ਜਿਨ੍ਹਾਂ ਵਿੱਚ ਵੱਖ ਵੱਖ ਸਰਗਰਮੀਆਂ ਲੋਕਾਂ ਦੇ ਭਲੇ ਲਈ ਕੀਤੀਆਂ ਜਾਂਦੀਆਂ ਸਨl ਨਿਊਜ਼ੀਲੈਂਡ ਵਿੱਚ ਕੱਲ੍ਹ ਮੇਰੇ ਇੱਕ ਕਿਰਾਏ ਤੇ ਦਿੱਤੇ ਹੋਏ ਘਰ ਨੂੰ ਅੱਗ ਲੱਗ ਗਈ l ਉਸ ਵੇਲੇ ਕਿਰਾਏਦਾਰ ਘਰ ਵਿੱਚ ਨਹੀਂ ਸੀ l ਗੁਆਂਢੀ ਨੇ ਕਿਰਾਏਦਾਰ ਨੂੰ ਫੋਨ ਕਰਕੇ ਦੱਸਿਆ ਕਿ ਘਰ ਵਿੱਚ ਅੱਗ ਲੱਗ ਗਈ ਹੈ ਅਤੇ ਉਸ ਨੇ ਫਾਇਰ ਬ੍ਰਿਗੇਡ ਨੂੰ ਵੀ ਫੋਨ ਕਰ ਦਿੱਤਾ l ਥੋੜ੍ਹੇ ਹੀ ਮਿੰਟਾਂ ਬਾਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਅੱਗ ਬੁਝਾਈ ਪਰ ਤਦ ਤੱਕ ਅੱਧੋਂ ਵੱਧ ਘਰ ਜਲ ਚੁੱਕਾ ਸੀ l ਮੇਰੀ ਮੈਨੇਜਰ ਦਾ ਮੈਨੂੰ ਦੱਸਣ ਵਾਸਤੇ ਫੋਨ ਆਇਆ l ਮੈਂ ਉਸ ਨੂੰ ਉਸੇ ਵੇਲੇ ਸਾਰੇ ਕੰਮ ਛੱਡ ਕੇ ਉਥੇ ਜਾਣ ਨੂੰ ਕਿਹਾ ਤਾਂ ਕਿ ਘਰ ਦੇ ਨਾਲ ਨਾਲ ਕਿਰਾਏਦਾਰਾਂ ਦੀ ਰਾਜੀ ਖੁਸ਼ੀ ਦਾ ਵੀ ਪਤਾ ਲੱਗ ਸਕੇ l ਅੱਗ ਦੁਪਹਿਰ ਵੇਲੇ ਲੱਗੀ ਸੀ l ਹੁਣ ਅੱਧੋਂ ਵੱਧ ਦਿਨ ਬੀਤ ਚੁੱਕਾ ਸੀ l ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਦਿਆਂ ਦੋ ਘੰਟੇ ਤੋਂ ਵੱਧ ਬੀਤ ਗਏ ਅਤੇ ਤਿੰਨ ਵੱਜ ਗਏ l ਕਿਰਾਏਦਾਰ ਦਾ ਵੀ ਕਾਫੀ ਸਮਾਨ ਸੜ ਗਿਆ ਤੇ ਘਰ ਦਾ ਵੀ ਤਕਰੀਬਨ ਇੱਕ ਲੱਖ ਡਾਲਰ ਤੋਂ ਵੱਧ ਨੁਕਸਾਨ ਹੋਇਆ l ਮੈਨੇਜਰ ਨੇ ਕਿਰਾਏਦਾਰ ਨੂੰ ਪੁੱਛਿਆ ਕਿ ਉਨ੍ਹਾਂ ਕੋਲ ਕਿਤੇ ਰਹਿਣ ਵਾਸਤੇ ਜਗਾ ਹੈ ? ਉਹ ਕਹਿੰਦੇ ਕੋਈ ਜਗਾ ਨਹੀਂ ਹੈ l ਸਾਡੇ ਇੱਕ ਘਰ ਵਿੱਚ ਪੇਂਟ ਦਾ ਕੰਮ ਚੱਲਦਾ ਸੀ ਉਸ ਕੰਮ ਨੂੰ ਰੋਕ ਕੇ ਉਹ ਘਰ ਉਨ੍ਹਾਂ ਨੂੰ ਰਹਿਣ ਵਾਸਤੇ ਦੇ ਦਿੱਤਾ ਅਤੇ ਰਾਤ ਤੱਕ ਉਨ੍ਹਾਂ ਬਚਦਾ ਸਮਾਨ ਉਸ ਘਰ ਵਿੱਚ ਲੈ ਆਂਦਾ l

ਸਵੇਰ ਵੇਲੇ ਜਦੋਂ ਮੈਂ ਆਪਣੇ ਸਟਾਫ ਨਾਲ ਉਸ ਘਰ ਵਿੱਚ ਗਿਆ ਤਾਂ ਕਿਰਾਏਦਾਰ ਮੈਨੂੰ ਮਿਲ ਪਏ l ਮੈਂ ਉਨ੍ਹਾਂ ਨਾਲ ਉਨ੍ਹਾਂ ਦੇ ਹੋਏ ਨੁਕਸਾਨ ਦਾ ਦੁੱਖ ਪ੍ਰਗਟ ਕੀਤਾ l ਉਹ ਬੜੇ ਹੈਰਾਨ ਹੋਏ ਕਿ ਤੈਨੂੰ ਤੇਰੇ ਜਲੇ ਹੋਏ ਘਰ ਦਾ ਫਿਕਰ ਨਹੀਂ ਤੂੰ ਸਾਡੇ ਥੋੜ੍ਹੇ ਜਲੇ ਸਮਾਨ ਦਾ ਫਿਕਰ ਕਰ ਰਿਹਾਂ ? ਉਹ ਕਹਿੰਦੇ ਦੁੱਖ ਤਾਂ ਅਸੀਂ ਤੇਰੇ ਜਲੇ ਹੋਏ ਘਰ ਬਾਰੇ ਪ੍ਰਗਟ ਕਰਨਾ ਸੀ l ਜੋ ਸਮਾਨ ਉਹ ਇਸ ਘਰ ਵਿੱਚ ਲੈ ਕੇ ਆਏ ਉਸ ਵਿਚੋਂ ਵੀ ਧੂਏਂ ਦਾ ਮੁਸ਼ਕ ਆ ਰਿਹਾ ਸੀ l ਖੈਰ ਮੇਰੇ ਸਟਾਫ ਨੇ ਨਵੇਂ ਪਰਦੇ ਲਗਾਉਣੇ ਸੀ ਤੇ ਸਫਾਈ ਕਰਨੀ ਸੀ ਤਾਂ ਕਿ ਘਰ ਰਹਿਣਯੋਗ ਹੋ ਜਾਵੇ l ਕਿਰਾਏਦਾਰ ਕਹਿਣ ਲੱਗੇ ਕਿ ਰਾਤੀਂ ਉਨ੍ਹਾਂ ਨੂੰ ਹੋਟਲ /ਮੋਟਲ ਵਿੱਚ ਰਹਿਣਾ ਪਿਆ ਅਤੇ ਉਨ੍ਹਾਂ ਤਿੰਨ ਦਿਨ ਉਥੇ ਹੀ ਰਹਿਣਾ ਹੈ l ਉਹ ਕਹਿੰਦੇ ਬੜੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਤਿੰਨ ਦਿਨਾਂ ਵਿੱਚ ਘਰ ਤਿਆਰ ਕਰ ਦਿਓ l ਨਿਊਜ਼ੀਲੈਂਡ ਵਿੱਚ ਸ਼ਨਿਚਰਵਾਰ ਤੇ ਐਤਵਾਰ ਨੂੰ ਕਾਮੇ ਨਹੀਂ ਮਿਲਦੇ ਅਤੇ ਜੇ ਮਿਲ ਵੀ ਜਾਣ ਤਾਂ ਤਿੰਨ ਦਿਨ ਵਿੱਚ ਕੰਮ ਖਤਮ ਨਹੀਂ ਹੋਣਾ ਸੀ l ਮੈਂ ਉਨ੍ਹਾਂ ਨੂੰ ਕਿਹਾ ਕਿ ਸੋਮਵਾਰ ਤੋਂ ਲੈ ਕੇ ਮੋਟਲ ਦੇ ਪੈਸੇ ਮੈਂ ਦੇ ਦੇਵਾਂਗਾ l ਚਾਰ ਪੰਜ ਦਿਨ ਲੱਗਣੇ ਹਨ ਅਤੇ ਹਜ਼ਾਰ ਡਾਲਰ ਦੇ ਕਰੀਬ ਖਰਚਾ ਆਵੇਗਾ ਤੇ ਉਹ ਦੇ ਦਿਆਂਗਾ l ਕਿਰਾਏਦਾਰਾਂ ਦੀ ਮਜ਼ਬੂਰੀ ਦੇਖ ਕੇ ਮੇਰੇ ਵਰਕਰ ਮੰਨ ਗਏ ਕਿ ਉਹ ਦਿਨ ਰਾਤ ਕੰਮ ਕਰਕੇ ਛੇਤੀਂ ਕੰਮ ਕਰ ਦੇਣਗੇ l ਕਿਰਾਏਦਾਰਾਂ ਨੇ ਸਾਡਾ ਇਸ ਬਦਲੇ ਧੰਨਵਾਦ ਕੀਤਾ l

ਉਨ੍ਹਾਂ ਦਾ ਖਾਣੇ ਵਾਲਾ ਸਮਾਨ ਵੀ ਜਲ ਗਿਆ ਸੀ l ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹ ਔਰਤ ਸਾਨੂੰ ਡਰਿੰਕ ਦੇ ਡੱਬਿਆਂ ਦਾ ਬਕਸਾ ਦਿਖਾ ਕੇ ਕਹਿੰਦੀ ਕਿ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਇਥੋਂ ਡਰਿੰਕ ਲੈ ਕੇ ਪੀ ਲੈਣਾ l ਉਹ ਔਰਤ ਰੱਬ ਨੂੰ ਵੀ ਨਹੀਂ ਮੰਨਦੀ ਸੀ l ਉਸ ਦਾ ਖਾਣ ਵਾਲਾ ਸਮਾਨ ਵੀ ਸੜ ਗਿਆ ਸੀ ਅਤੇ ਕੱਪੜੇ ਅਤੇ ਸੋਫੇ ਵੀ ਸੜ ਗਏ ਸੀ ਪਰ ਉਸ ਕੋਲ ਡ੍ਰਿੰਕਾਂ ਦਾ ਵੱਡਾ ਡੱਬਾ ਬਚ ਗਿਆ ਸੀ l ਉਹ ਉਸ ਨੂੰ ਵੀ ਵੰਡ ਕੇ ਛਕਣ ਨੂੰ ਤਿਆਰ ਸੀ l ਮੈਂ ਹੈਰਾਨ ਹੋਇਆ ਸੀ ਕਿ ਵੰਡ ਕੇ ਛਕਣ ਦਾ ਉਪਦੇਸ਼ ਤਾਂ ਸਾਡੇ ਮੁਲਕ ਵਿੱਚ ਸੀ ਪਰ ਉਸ ਨੂੰ ਅਪਣਾ ਇਨ੍ਹਾਂ ਲੋਕਾਂ ਨੇ ਲਿਆ ਸੀ l ਜਦੋਂ ਦਾ ਘਰ ਆਇਆ ਹਾਂ ਇਸੇ ਗੱਲ ਬਾਰੇ ਸੋਚ ਰਿਹਾ ਸੀ ਜਿਸ ਨੇ ਮੈਨੂੰ ਲਿਖਣ ਲਈ ਮਜ਼ਬੂਰ ਕਰ ਦਿੱਤਾ l

ਇਸ ਤੋਂ ਮੈਨੂੰ ਲੱਗਾ ਕਿ ਵੰਡ ਕੇ ਛਕਣ ਦੀ ਆਦਤ ਕੋਲ ਵੱਧ ਹੋਣ ਨਾਲ ਨਹੀਂ ਆਉਂਦੀ ਇਹ ਤਾਂ ਕੋਲ ਕੁੱਝ ਨਾਂ ਵੀ ਹੋਵੇ ਤਾਂ ਵੀ ਆ ਜਾਂਦੀ ਹੈ l ਉਸ ਔਰਤ ਨੇ ਜਦੋਂ ਮੈਨੂੰ ਅਤੇ ਮੇਰੇ ਵਰਕਰਾਂ ਨੂੰ ਡ੍ਰਿੰਕਾਂ ਦੇ ਕੈਨ ਪੀਣ ਲਈ ਪੁੱਛਿਆ ਤਾਂ ਮੈਨੂੰ ਇਨਸਾਨੀਅਤ ਦੇ ਅਰਥ ਹੋਰ ਵਧੀਆ ਤਰੀਕੇ ਨਾਲ ਸਮਝ ਆਏ ਭਾਵੇਂ ਕਿ ਮੈਂ ਕਿਸੇ ਵੀ ਤਰਾਂ ਦੀ ਡਰਿੰਕ ਨਹੀਂ ਪੀਂਦਾ ਸੀ l ਇਹੋ ਜਿਹੇ ਲੋਕਾਂ ਨੂੰ ਸਲਾਮ ਕਰਨਾ ਬਣਦਾ ਹੈ ਜਿਹੜੇ ਕੋਲ ਬਹੁਤਾ ਕੁੱਝ ਨਾਂ ਹੋਣ ਦੇ ਬਾਵਯੂਦ ਵੰਡ ਕੇ ਛਕਣ ਨੂੰ ਤਿਆਰ ਹਨl

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ