(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿੱਚ ਰਹਿੰਦਿਆਂ ਬਜ਼ੁਰਗਾਂ ਤੋਂ ਅਤੇ ਧਾਰਮਿਕ ਪ੍ਰਚਾਰਕਾਂ ਕੋਲੋਂ ਸੁਣਦੇ ਹੁੰਦੇ ਸੀ ਕਿ ਰੱਬ ਤਾਂ ਕੀੜੇ ਨੂੰ ਪੱਥਰਾਂ ਵਿੱਚ ਵੀ ਰਿਜ਼ਕ ਦਿੰਦਾ ਹੈ ਅਤੇ ਇਸ ਸਬੰਧੀ ਉਨ੍ਹਾਂ ਤੋਂ ਬਹੁਤ ਕਹਾਣੀਆਂ ਵੀ ਸੁਣਦੇ ਹੁੰਦੇ ਸੀ ਪਰ ਮੈਂ ਇਸ ਨੂੰ ਕਦੇ ਨਾਂ ਹੀ ਸਹੀ ਮੰਨਿਆ ਅਤੇ ਨਾਂ ਹੀ ਗਲਤ ਮੰਨਿਆ l ਕਿਸੇ ਗੱਲ ਨੂੰ ਸਹੀ ਮੰਨਣ ਲਈ ਸਬੂਤ ਚਾਹੀਦੇ ਹੁੰਦੇ ਹਨ ਅਤੇ ਕਿਸੇ ਚੀਜ਼ ਨੂੰ ਗਲਤ ਸਾਬਤ ਕਰਨ ਲਈ ਵੀ ਸਬੂਤ ਚਾਹੀਦੇ ਹੁੰਦੇ ਹਨ l ਜੇਕਰ ਬਿਨਾਂ ਸੋਚਿਆਂ ਕਿਸੇ ਦੇ ਪਿੱਛੇ ਲੱਗ ਜਾਵੋ ਤਾਂ ਉਸ ਨੂੰ ਲਾਈਲੱਗਤਾ ਕਹਿੰਦੇ ਹਨ l ਮੇਰਾ ਇਹ ਮੰਨਣਾ ਸੀ ਕਿ ਅਸਲ ਵਿੱਚ ਕੀੜਾ ਪੈਦਾ ਹੀ ਉਥੇ ਹੁੰਦਾ ਹੈ ਜਿਥੇ ਉਸ ਦੇ ਜਿਉਣ ਵਾਸਤੇ ਢੁਕਵੇਂ ਹਲਾਤ ਪੈਦਾ ਹੋਣ l
ਜਦੋਂ ਧਰਤੀ ਬਾਰੇ ਜਾਣਕਾਰੀ ਹਾਸਿਲ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਧਰਤੀ ਪਹਿਲਾਂ ਸੂਰਜ ਦਾ ਹੀ ਹਿੱਸਾ ਸੀ l ਜਦੋਂ ਇਹ ਹਿੱਸਾ ਸੂਰਜ ਤੋਂ ਵੱਖ ਹੋਇਆ ਤਾਂ ਗਰਮ ਹੋਣ ਕਰਕੇ ਬਹੁਤ ਚਿਰ ਇਸ ਉੱਪਰ ਕੁੱਝ ਪੈਦਾ ਨਹੀਂ ਹੋਇਆ l ਜਿਵੇਂ ਜਿਵੇਂ ਪੌਦਿਆਂ ਜਾਂ ਜੀਵਾਂ ਵਾਸਤੇ ਅਨੁਕੂਲ ਵਾਤਾਵਰਣ ਹੋਇਆ ਤਾਂ ਇਨ੍ਹਾਂ ਪੈਦਾ ਹੋਣਾ ਸ਼ੁਰੂ ਕੀਤਾ l ਉਪਰੋਕਤ ਜਾਣਕਾਰੀ ਸਕੂਲ ਵਿੱਚ ਮੈਨੂੰ ਵੀ ਪੜ੍ਹਾਈ ਗਈ ਸੀ ਤੇ ਨਾਲ ਪੜ੍ਹਦੇ ਧਾਰਮਿਕ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਪੜ੍ਹਾਈ ਗਈ ਸੀ ਪਰ ਮੈਂ ਇਸ ਤੇ ਅੱਜ ਵੀ ਯਕੀਨ ਕਰਦਾ ਹਾਂ ਪਰ ਧਾਰਮਿਕ ਬੱਚੇ ਇਸ ਦੇ ਉਲਟ ਹੋ ਗਏ l ਉਹ ਕਹਿਣ ਲੱਗ ਪਏ ਕਿ ਰੱਬ ਨੇ ਹੀ ਸਭ ਕੁੱਝ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਨੇ ਅਧਿਆਪਕ ਤੋਂ ਉਲਟ ਸਿਖਾ ਦਿੱਤਾ l ਮੈਂ ਸੋਚਦਾ ਹਾਂ ਕਿ ਜੇ ਸਕੂਲ ਦਾ ਪੜ੍ਹਾਇਆ ਯਾਦ ਨਹੀਂ ਰੱਖਣਾ ਸੀ ਤਾਂ ਉਥੇ ਏਨੇ ਸਾਲ ਖਰਾਬ ਕਰਨ ਦਾ ਕੀ ਫਾਇਦਾ ਹੋਇਆ ਜਾਂ ਜੇ ਆਪਣੀ ਮਰਜ਼ੀ ਕਰਨੀ ਸੀ ਤਾਂ ਅਧਿਆਪਕ ਦਾ ਸਮਾਂ ਕਿਉਂ ਖਰਾਬ ਕਰਨਾ ਸੀ ? ਇਹ ਸਭ ਕੁੱਝ ਪਤਾ ਹੋਣ ਦੇ ਬਾਵਯੂਦ ਮੈਂ ਦੇਖਣਾ ਚਾਹੁੰਦਾ ਸੀ ਕਿ ਰੱਬ ਕੀੜੇ ਨੂੰ ਪੱਥਰਾਂ ਵਿੱਚ ਰਿਜ਼ਕ (ਖਾਣਾ) ਦਿੰਦਾ ਹੈ ਕਿ ਨਹੀਂ ?
ਇੱਕ ਵਾਰ ਸਾਡੇ ਘਰ ਵਿੱਚ ਕੀੜੀਆਂ ਬਹੁਤ ਪੈਦਾ ਹੋ ਗਈਆਂ l ਜਦੋਂ ਪੇਸ਼ ਨਾਂ ਗਈ ਤਾਂ ਮੈਂ ਸੋਚਿਆ ਕਿ ਘਰ ਵਿੱਚ ਸਪਰੇ ਕਰਵਾ ਕੇ ਮਾਰ ਦਿੰਦੇ ਹਾਂ l ਫਿਰ ਮੈਂ ਸੋਚਿਆ ਕਿ ਇਨ੍ਹਾਂ ਨੂੰ ਬਚਾਉਣ ਕਿਤੇ ਰੱਬ ਨਾਂ ਆ ਜਾਵੇ ਕਿਉਂਕਿ ਆਮ ਕਿਹਾ ਜਾਂਦਾ ਹਾਂ ਕਿ ਜਿੰਨੇ ਸਾਹ ਕਿਸੇ ਜੀਵ ਦੇ ਲਿਖੇ ਹੋਏ ਹਨ ਉਨ੍ਹਾਂ ਨੂੰ ਕੋਈ ਖੋਹ ਨਹੀਂ ਸਕਦਾ l ਮੈਂ ਸੋਚਿਆ ਕਿ ਸਪਰੇ ਕਰਨ ਵਾਲੇ ਨੇ ਤਾਂ ਕੀੜੀਆਂ ਮਾਰਨ ਦੀ ਗਰੰਟੀ ਦਿੱਤੀ ਹੋਈ ਹੈ ਅਤੇ ਮੈਨੂੰ ਲੱਗਾ ਕਿ ਰੱਬ ਨਾਲੋਂ ਵੱਧ ਤਾਂ ਉਸ ਵੇਲੇ ਸਪਰੇ ਕਰਨ ਵਾਲੇ ਵਿੱਚ ਤਾਕਤ ਸੀ l ਮੈਂ ਕਿਹਾ ਕਿ ਕੀੜੀਆਂ ਨੇ ਸਪਰੇ ਨਾਲ ਮਰ ਤਾਂ ਜਾਣਾ ਹੈ l ਜੇ ਹੋ ਸਕੇ ਤਾਂ ਇਨ੍ਹਾਂ ਤੇ ਮੈਂ ਇੱਕ ਪ੍ਰਯੋਗ ਕਰ ਲਵਾਂ l ਇਹ ਸੋਚ ਕਿ ਮੈਂ 15-20 ਕੀੜੀਆਂ ਇੱਕ ਸ਼ੀਸ਼ੀ ਵਿੱਚ ਪਾ ਕੇ ਢੱਕਣ ਲਾ ਲਿਆ ਤਾਂ ਕਿ ਦੇਖਿਆ ਜਾਵੇ ਕਿ ਰੱਬ ਇਨ੍ਹਾਂ ਨੂੰ ਰਿਜ਼ਕ ਦਿੰਦਾ ਹੈ ਕਿ ਨਹੀਂ ? ਮੈਂ ਦਿਹਾੜੀ ਵਿੱਚ ਤਿੰਨ ਤਿੰਨ ਵਾਰ ਵੀ ਦੇਖਿਆ ਕਿ ਕੀੜੀਆਂ ਨੂੰ ਕੁੱਝ ਖਾਣ ਨੂੰ ਮਿਲਿਆ ਕਿ ਨਹੀਂ ? ਉਸ ਤੋਂ ਬਾਦ ਹੌਲੀ ਹੌਲੀ ਸਭ ਕੀੜੀਆਂ ਮਰ ਗਈਆਂ ਅਤੇ ਇੱਕ ਨੂੰ ਵੀ ਕਿਸੇ ਰੱਬ ਨੇ ਰਿਜ਼ਕ ਨਾਂ ਦਿੱਤਾ l ਸੋਚਣ ਦੀ ਗੱਲ ਹੈ ਕਿ ਰੱਬ ਨੂੰ ਪੱਥਰਾਂ ਵਿੱਚ ਰਿਜ਼ਕ ਦੇਣ ਨੂੰ ਤਾਂ ਕਾਫੀ ਸੰਘਰਸ਼ ਕਰਨਾ ਪੈ ਸਕਦਾ l ਬਹੁਤ ਸਾਰੀ ਦੁਨੀਆਂ ਪੱਧਰੇ ਬੈਠੀ ਹੀ ਭੁੱਖੀ ਮਰ ਰਹੀ ਹੈ l ਪਹਿਲਾਂ ਉਨ੍ਹਾਂ ਨੂੰ ਹੀ ਰੋਟੀ ਦੇ ਦੇਵੇ l ਉਨ੍ਹਾਂ ਵਿਚੋਂ ਕਈ ਮੰਗਤੇ ਤਾਂ ਧਾਰਮਿਕ ਅਸਥਾਨਾਂ ਦੇ ਸਾਹਮਣੇ ਹੀ ਬੈਠੇ ਹੁੰਦੇ ਹਨ l
ਉਪਰੋਕਤ ਪ੍ਰਯੋਗ ਤੋਂ ਬਾਦ ਮੈਂ ਹਮੇਸ਼ਾਂ ਸੋਚਦਾ ਰਹਿੰਦਾ ਹਾਂ ਕਿ ਇਸ ਤਰ੍ਹਾਂ ਦਾ ਸਧਾਰਨ ਪ੍ਰਯੋਗ ਬਾਕੀ ਲੋਕ ਕਿਉਂ ਨਹੀਂ ਕਰਕੇ ਦੇਖਦੇ ? ਫਿਰ ਮੈਨੂੰ ਅਚਾਨਕ ਚੇਤੇ ਆਇਆ ਕਿ ਲਾਈਲੱਗਤਾ ਲਈ ਤਾਂ ਪ੍ਰਯੋਗ ਕਰਨ ਦੀ ਲੋੜ ਹੀ ਨਹੀਂ ਹੁੰਦੀ l ਮੈਂ ਤਾਂ ਇਹ ਵੀ ਸੋਚਦਾਂ ਕਿ ਬਹੁਤੇ ਇਸ ਨੂੰ ਪੜ੍ਹ ਕੇ ਵੀ ਇਸ ਤਰਾਂ ਦਾ ਪ੍ਰਯੋਗ ਨਹੀਂ ਕਰਨਗੇ l ਪ੍ਰਯੋਗ ਕਰਨ ਵਾਸਤੇ ਖੁਲ੍ਹੇ ਦਿਮਾਗ ਦਾ ਹੋਣਾ ਜ਼ਰੂਰੀ ਹੁੰਦਾ ਹੈ ਪਰ ਖੁਲ੍ਹੇ ਦਿਮਾਗ ਦੀ ਦਿਨੋਂ ਦਿਨ ਘਾਟ ਦਿਖਾਈ ਦੇ ਰਹੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ