(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਜਿਥੇ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ ਉਥੇ ਹੀ ਕੁੱਝ ਗਿਣਤੀ ਵਿੱਚ ਲੋਕ ਇੱਕ ਦੂਜੇ ਦੀ ਮੱਦਦ ਕਰਕੇ ਲੋਕ ਭਲਾਈ ਕਰ ਰਹੇ ਹਨ l ਜਿਥੇ ਮੈਨੂੰ ਲੁੱਟਣ ਵਾਲੇ ਲੋਕਾਂ ਵਲੋਂ ਕੀਤੇ ਜਾਂਦੇ ਜ਼ੁਲਮ ਦਾ ਦੁੱਖ ਹੈ ਉਥੇ ਹੀ ਮੈਨੂੰ ਲੋਕ ਪੱਖੀ ਸ਼ਖਸ਼ੀਅਤਾਂ ਤੇ ਮਾਣ ਹੈ ਜੋ ਆਪੋ ਆਪਣੀ ਹਿੰਮਤ ਮੁਤਾਬਕ ਲੋਕ ਭਲਾਈ ਕਰਕੇ ਪੰਜਾਬ ਅਤੇ ਪੰਜਾਬੀਆਂ ਨੂੰ ਬਚਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ l
ਹਾਲਾਂਕਿ ਸਾਨੂੰ ਬਚਪਨ ਤੋਂ ਹੀ ਵੰਡ ਕੇ ਛਕਣਾ ਸਿਖਾਇਆ ਜਾਂਦਾ ਹੈ ਪਰ ਸਿਖਾਉਣ ਨਾਲੋਂ ਵੰਡ ਕੇ ਛਕਣਾ ਹੋਰ ਵੀ ਔਖਾ ਹੈ l ਇਹ ਵੰਡ ਕੇ ਛਕਣਾ ਉਸ ਵੇਲੇ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਵੰਡਣ ਵਾਲੇ ਕੋਲ ਆਰਥਿਕ ਸਾਧਨ ਸੀਮਤ ਹੋਣ l ਵੰਡ ਕੇ ਛਕਣ ਵਾਸਤੇ ਕੋਈ ਬਹੁਤੀ ਜ਼ਮੀਨ ਜਾਇਦਾਦ ਦੀ ਲੋੜ ਨਹੀਂ ਹੁੰਦੀ ਸਿਰਫ ਭਾਵਨਾ ਦੀ ਲੋੜ ਹੁੰਦੀ ਹੈ l ਵੱਧ ਜ਼ਮੀਨਾਂ ਹੋਣ ਨਾਲ ਕਈ ਵਾਰੀ ਲੋਕ ਪੱਖੀ ਭਾਵਨਾ ਘੱਟ ਜਾਂ ਖ਼ਤਮ ਹੋ ਜਾਂਦੀ ਹੈ l ਇਸ ਤਰਾਂ ਤਾਜ਼ਾ ਲੋਕ ਪੱਖੀ ਕੰਮ ਦੀ ਉਦਾਹਰਣ ਸਾਹਮਣੇ ਆਈ ਜੋ ਆਪ ਨਾਲ ਸਾਂਝੀ ਕਰ ਰਿਹਾ ਹਾਂ l

ਪਿੰਡ ਦਿਹਾਣਾ ( ਹੁਸ਼ਿਆਰਪੁਰ ) ਵਿੱਚ ਮੇਰੇ ਸਹੁਰਿਆਂ ਦੇ ਪਰਿਵਾਰ ਵਿਚੋਂ ਮੇਰੇ ਚਾਚਾ ਕਰਨੈਲ ਸਿੰਘ ਜੀ ਨੇ ਆਪਣੇ ਖ਼ਾਲੀ ਪਏ ਤੌੜ (ਛੋਟਾ ਜ਼ਮੀਨ ਦਾ ਹਿੱਸਾ) ਵਿੱਚ ਕਰੇਲੇ, ਭਿੰਡੀਆਂ, ਤੋਰੀਆਂ, ਬੱਡਾਂ, ਫਲੀਆਂ, ਸੰਤਰੇ ਅਤੇ ਨਿੰਬੂ ਪੈਦਾ ਕੀਤੇ ਹੋਏ ਹਨ ਜਿਨ੍ਹਾਂ ਤੇ ਕੋਈ ਵੀ ਸਪਰੇ ਦਾ ਛਿੜਕਾ ਨਹੀਂ ਕੀਤਾ ਜਾਂਦਾ l ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਭ ਲੋੜਵੰਦਾਂ ਨੂੰ ਇਹ ਸਬਜ਼ੀਆਂ ਤੇ ਫ਼ਲ ਮੁਫ਼ਤ ਦਿੱਤੇ ਜਾਂਦੇ ਹਨ l

ਜਿਥੇ ਮੈਂ ਆਪਣੇ ਚਾਚਾ ਜੀ ਤੇ ਮਾਣ ਕਰਦਾ ਹਾਂ ਉਥੇ ਹੀ ਪਿੰਡ ਵਾਸੀਆਂ ਅਤੇ ਆਂਢੀਆਂ ਗੁਆਂਢੀਆਂ ਤੇ ਮਾਣ ਕਰਦਾ ਹਾਂ ਜਿਨ੍ਹਾਂ ਨੇ ਪੁਰਾਣੀਆਂ ਪਿੰਡਾਂ ਵਾਲੀਆਂ ਸਾਂਝਾਂ ਅੱਜ ਵੀ ਪਹਿਲਾਂ ਦੀ ਤਰ੍ਹਾਂ ਕਾਇਮ ਰੱਖੀਆਂ ਹੋਈਆਂ ਹਨ l ਜਦੋਂ ਵੀ ਮੈਂ ਪਿੰਡ ਵਿੱਚ ਜਾਂਦਾ ਹਾਂ ਤਾਂ ਬਹੁਤ ਵਾਰ ਮੁਹੱਲੇ ਵਾਲਿਆਂ ਨੂੰ ਇਕੱਠੇ ਹੋ ਕੇ ਇੱਕ ਦੂਜੇ ਦੇ ਘਰ ਰੋਟੀ ਪਾਣੀ ਛਕਦਾ ਦੇਖਦਾ ਹਾਂ ਤਾਂ ਪੁਰਾਣਾ ਪੰਜਾਬ ਚੇਤੇ ਆ ਜਾਂਦਾ ਹੈ l ਜਦੋਂ ਸਾਡੀ ਭਾਰਤ ਫੇਰੀ ਦੌਰਾਨ ਅਸੀਂ ਦਿਹਾਣੇ ਤੋਂ ਨਿਊਜ਼ੀਲੈਂਡ ਨੂੰ ਜਾਣ ਵਾਸਤੇ ਤੁਰਨਾ ਹੋਵੇ ਤਾਂ ਕਾਫੀ ਵੱਡੀ ਗਿਣਤੀ ਵਿੱਚ ਮੁਹੱਲੇ ਵਾਲੇ ਸਾਨੂੰ ਤੋਰਨ ਆਉਂਦੇ ਹਨ ਭਾਵੇਂ ਦਿਨ ਹੋਵੇ ਜਾਂ ਰਾਤ l ਇਹੀ ਤਾਂ ਸਾਡਾ ਪੰਜਾਬ ਹੁੰਦਾ ਸੀ l ਗਾਣਿਆਂ ਵਿਚਲੀਆਂ ਰਫਲਾਂ, ਬੰਦੂਕਾਂ ਜਾਂ ਦੁਨਾਲੀਆਂ ਵਾਲਾ ਤਾਂ ਨਹੀਂ ਸੀ l

ਇਹ ਜਾਣਕਾਰੀ ਆਪ ਨਾਲ ਸਾਂਝੀ ਕਰਨ ਦਾ ਮਕਸਦ ਹੈ ਕਿ ਇਸ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਪੰਜਾਬ ਦੇ ਲੋਕ ਪੁਰਾਣੀਆਂ ਸਾਂਝਾਂ ਦੁਬਾਰਾ ਕਾਇਮ ਕਰ ਸਕਣ l ਅਸੀਂ ਇਕੱਲਾ ਆਪਣਾ ਨਾ ਸੋਚੀਏ ਦੂਜਿਆਂ ਬਾਰੇ ਵੀ ਸੋਚੀਏ l ਇਸ ਤਰਾਂ ਦੇ ਸਹਿਯੋਗ ਕਰਕੇ ਅਸੀਂ ਇੱਕ ਦੂਜੇ ਦੀ ਮੱਦਦ ਕਰ ਸਕਦੇ ਹਾਂ l ਇਸੇ ਪਿੰਡ ਵਿੱਚ ਲੌਕ ਡੌਨ ਦੌਰਾਨ ਮੈਂ ਆਪਣੇ ਵਲੋਂ ਲੋੜਵੰਦਾਂ ਤੱਕ ਰਾਸ਼ਣ (ਖਾਣ ਪੀਣ ਦਾ ਸਮਾਨ) ਪਹੁੰਚਾਉਣ ਦਾ ਕੰਮ ਕੀਤਾ ਸੀ ਜਿਸ ਵਿੱਚ ਹੋਰ ਪਿੰਡ ਵਾਸੀ ਅਤੇ ਵਿਦੇਸ਼ੀ ਸੱਜਣ ਵੀ ਸ਼ਾਮਿਲ ਸਨ l ਪਿੰਡ ਵਾਸੀਆਂ ਦੇ ਇਸ ਉੱਦਮ ਵਾਸਤੇ ਉਨ੍ਹਾਂ ਦਾ ਦਿਲੋਂ ਧੰਨਵਾਦੀ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਇਸ ਸਾਂਝ ਨੂੰ ਹਮੇਸ਼ਾਂ ਕਾਇਮ ਰੱਖਣਗੇ ਅਤੇ ਦੂਜਿਆਂ ਲਈ ਉਦਾਹਰਣ ਬਣਨਗੇ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ