ਸੱਚ ਤੇ ਅਧਾਰਿਤ
(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਰੱਖੜੀ ਖੁਸ਼ੀਆਂ ਦਾ ਤਿਉਹਾਰ ਹੈ l ਇਸ ਦਿਨ ਭੈਣ ਭਰਾ ਕਾਫੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਯੂਦ ਇੱਕ ਦੂਜੇ ਨੂੰ ਮਿਲਦੇ ਹਨl ਬਹੁਤਿਆਂ ਨੇ ਤਾਂ ਰੱਖੜੀ ਵਾਲੇ ਦਿਨ ਤੇ ਪਹਿਲਾਂ ਹੀ ਨਿਸ਼ਾਨੀ ਲਗਾਈ ਹੁੰਦੀ ਹੈ l ਜਿਨ੍ਹਾਂ ਦੀਆਂ ਭੈਣਾਂ ਵਿਦੇਸ਼ਾਂ ਵਿੱਚ ਹਨ ਉਹ ਡਾਕ ਰਾਹੀਂ ਰੱਖੜੀਆਂ ਭੇਜਦੀਆਂ ਹਨl
ਇਹ ਗੱਲ ਵੱਖਰੀ ਹੈ ਕਿ ਕੁੱਝ ਲੋਕ ਇਸ ਨੂੰ ਮਨਾਉਂਦੇ ਹਨ ਅਤੇ ਕੁੱਝ ਲੋਕ ਨਹੀਂ l ਇਸ ਬਾਰੇ ਆਪਣਾ ਵਿਚਾਰ ਕੁੱਝ ਵੀ ਹੋਵੇ l ਉਸ ਵਿਚਾਰ ਨੂੰ ਪਰੇ ਰੱਖ ਕੇ ਦੇਖੀਏ ਤਾਂ ਇਹ ਇੱਕ ਦੂਜੇ ਨੂੰ ਮਿਲਣ ਦਾ ਅਤੇ ਰੌਣਕ ਮੇਲੇ ਦਾ ਤਿਉਹਾਰ ਹੈ l ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਰੱਖੜੀ ਦੀ ਖੁਸ਼ੀ ਵਿੱਚ ਭੈਣਾਂ ਨੂੰ ਗਿਫਟ (ਤੋਹਫੇ) ਦਿੰਦੇ ਹਨ l ਉਨ੍ਹਾਂ ਦੇ ਬੱਚਿਆਂ ਨੂੰ ਇੱਕ ਦੂਜੇ ਨਾਲ ਖੇਡਣ ਦਾ ਅਤੇ ਖਾਣ ਪੀਣ ਦਾ ਮੌਕਾ ਮਿਲ ਜਾਂਦਾ ਹੈ l ਵਿਦੇਸ਼ਾਂ ਵਿੱਚ ਇਸ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਸਭ ਲੋਕ ਕੰਮਾਂ ਕਾਰਾਂ ਵਿੱਚ ਰੁਝੇ ਹੋਣ ਕਰਕੇ ਇੱਕ ਦੂਜੇ ਨੂੰ ਦਿਨਾਂ ਤਿਉਹਾਰਾਂ ਤੇ ਹੀ ਜਿਆਦਾ ਮਿਲਦੇ ਹਨ l ਇਨ੍ਹਾਂ ਦਿੱਤੇ ਹੋਏ ਤੋਹਫ਼ਿਆਂ ਵਿੱਚ ਵੀ ਕਈ ਵਾਰ ਡੂੰਘਾ ਪਿਆਰ ਦੇਖਣ ਨੂੰ ਮਿਲਦਾ ਹੈ l ਇੱਕ ਘਟਨਾ ਆਪ ਨਾਲ ਸਾਂਝੀ ਕਰ ਰਿਹਾ ਹਾਂ l ਬਚਪਨ ਤੋਂ ਹੀ ਇਕੱਠੇ ਰਹਿਣ ਕਰਕੇ, ਉਮਰ ਵਿੱਚ ਬਹੁਤਾ ਫਰਕ ਨਾ ਹੋਣ ਕਰਕੇ ਅਤੇ ਆਪਸੀ ਪਿਆਰ ਕਰਕੇ ਮੈਂ ਆਪਣੇ ਭਤੀਜਾ ਤੇ ਭਤੀਜੀ ਨੂੰ ਭਰਾ ਤੇ ਭੈਣ ਹੀ ਸਮਝਿਆ ਜੋ ਅੱਜ ਵੀ ਇਸੇ ਤਰਾਂ ਹੀ ਹੈ l ਇਸ ਦਾ ਕਾਰਨ ਇੱਕ ਇਹ ਵੀ ਸੀ ਕਿ ਮੇਰੇ ਭਰਾ ਅਤੇ ਭਰਜਾਈ ਨੇ ਹੀ ਮੈਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਤੇ ਪੜ੍ਹਾਇਆ ਸੀ l ਇਸ ਕਰਕੇ ਸਾਡਾ ਬੱਚਿਆਂ ਦਾ ਵੀ ਆਪਸ ਵਿੱਚ ਕਦੇ ਭੇਦ ਭਾਵ ਨਹੀਂ ਹੋਇਆ l
ਜਦੋਂ 1989 ਵਿੱਚ ਮੈਂ ਪੰਜਾਬ ਛੱਡਿਆ ਤਾਂ ਸਾਡਾ ਭੈਣਾਂ ਭਰਾਵਾਂ ਦਾ ਵਿਛੋੜਾ ਪੈ ਗਿਆ l ਸਿਰਫ ਦੋ ਸੌ ਡਾਲਰ ਲੈ ਕੇ ਮੈਂ ਨਿਊਜ਼ੀਲੈਂਡ ਆ ਗਿਆ l ਕੰਮ ਕਾਰ ਬਹੁਤ ਘੱਟ ਜਾਂ ਨਾ ਮਿਲਣ ਕਰਕੇ ਸੰਨ 1990 ਦੀ ਰੱਖੜੀ ਨੂੰ ਮੇਰੇ ਕੋਲ ਸਿਰਫ ਨਿਊਜ਼ੀਲੈਂਡ ਦਾ ਇੱਕ ਡਾਲਰ ਹੀ ਰਹਿ ਗਿਆ l ਉਨ੍ਹਾਂ ਦਿਨਾਂ ਵਿੱਚ ਇੱਕ ਡਾਲਰ ਕਾਗਜ਼ ਦਾ ਹੁੰਦਾ ਸੀ l ਮੈਨੂੰ ਪੰਜਾਬ ਤੋਂ ਭੈਣ ਦੀ ਰੱਖੜੀ ਆ ਗਈ l ਉਨ੍ਹਾਂ ਦਿਨਾਂ ਵਿੱਚ ਫੋਨ ਨਹੀਂ ਸਨ l ਚਿਠੀਆਂ ਹੀ ਲਿਖਦੇ ਹੁੰਦੇ ਸੀ l ਮੈਂ ਭੈਣ ਨੂੰ ਚਿੱਠੀ ਲਿਖੀ ਅਤੇ ਵਿੱਚ ਉਹੀ ਇੱਕ ਡਾਲਰ ਦਾ ਨੋਟ ਪਾ ਦਿੱਤਾ ਅਤੇ ਲਿਖਿਆ ਕਿ ਇਹ ਮੇਰੇ ਕੋਲ ਨਿਊਜ਼ੀਲੈਂਡ ਵਿੱਚ ਆਖਰੀ ਨੋਟ ਹੀ ਸੀ l
ਇਸ ਗੱਲ ਨੂੰ ਤੀਹ ਸਾਲ ਹੋ ਗਏ ਹਨ l ਉਸ ਤੋਂ ਬਾਦ ਭੈਣ ਕਨੇਡਾ ਚਲੀ ਗਈ l ਫਿਰ ਪੰਜਾਬ ਜਾ ਕੇ ਭੈਣ ਦਾ ਵਿਆਹ ਹੋਇਆ l ਉਹ ਦੂਜੇ ਘਰ ਚਲੀ ਗਈ ਅਤੇ ਇਸ ਦੌਰਾਨ ਹੋਰ ਵੀ ਬਹੁਤ ਘਟਨਾਵਾਂ ਵਾਪਰੀਆਂ l ਇਸ ਸਭ ਕੁੱਝ ਦੇ ਦੌਰਾਨ ਭੈਣ ਨੇ ਉਹ ਡਾਲਰ ਗੁਆਚਣ ਨਹੀਂ ਦਿੱਤਾ ਜੋ ਕਿ ਅੱਜ ਵੀ ਉਸ ਦੇ ਕੋਲ ਹੀ ਹੈ ਕਿਉਂਕਿ ਇਹ ਉਸ ਦੇ ਭਰਾ ਦੇ ਔਖੇ ਵੇਲੇ ਦੀ ਦਿੱਤੀ ਹੋਈ ਨਿਸ਼ਾਨੀ ਸੀ ਜਿਨ੍ਹਾਂ ਦਿਨਾਂ ਵਿੱਚ ਉਸ ਦੇ ਭਰਾ ਨੂੰ ਨਿਊਜ਼ੀਲੈਂਡ ਵਿੱਚ ਰੋਟੀ ਵੀ ਕਦੇ ਕਦਾਈਂ ਹੀ ਮਿਲਦੀ ਸੀ ਤੇ ਭਰਾ ਜੰਗਲਾਂ ਵਿੱਚ ਹੀ ਰਹਿੰਦਾ ਸੀ l ਇਸ ਤਰਾਂ ਦੀਆਂ ਸਾਂਭੀਆਂ ਹੋਈਆਂ ਨਿਸ਼ਾਨੀਆਂ ਆਪਸੀ ਗੂੜ੍ਹਾ ਪਿਆਰ ਦਿਖਾਉਂਦੀਆਂ ਹਨ l ਕਈ ਭੈਣਾਂ ਭਰਾ ਕਿਸੇ ਕਾਰਨ ਇੱਕ ਦੂਜੇ ਨਾਲ ਰੁੱਸ ਜਾਂਦੇ ਹਨ l ਰੱਖੜੀ ਦੇ ਦਿਨ ਉਨ੍ਹਾਂ ਨੂੰ ਵੀ ਮੌਕਾ ਮਿਲਦਾ ਹੈ ਕਿ ਉਹ ਪੁਰਾਣੇ ਗੁਸੇ ਛੱਡ ਦੇਣ ਅਤੇ ਫਿਰ ਪਹਿਲਾਂ ਵਾਂਗ ਹੋ ਜਾਣ l ਇਸ ਕਰਕੇ ਰੱਖੜੀ ਵਿਛੜਿਆਂ ਅਤੇ ਰੁਸਿਆਂ ਨੂੰ ਮਿਲਾਉਣ ਵਾਲਾ ਦਿਨ ਹੈ l ਇੱਕ ਧਾਗਾ ਭਾਵੇਂ ਜ਼ਿੰਦਗੀ ਤੇ ਅਸਰ ਨਾ ਪਾਵੇ ਪਰ ਭੈਣਾਂ ਭਰਾਵਾਂ ਦਾ ਪਿਆਰ ਇੱਕ ਦੂਜੇ ਦੀ ਜ਼ਿੰਦਗੀ ਤੇ ਅਸਰ ਜ਼ਰੂਰ ਪਾਉਂਦਾ ਹੈ l
ਮੈਂ ਉਮੀਦ ਕਰਦਾ ਹਾਂ ਕਿ ਭੈਣਾਂ ਭਰਾਵਾਂ ਦੇ ਪਿਆਰ ਸਾਰੀ ਦੁਨੀਆਂ ਵਿੱਚ ਇਸੇ ਤਰਾਂ ਕਾਇਮ ਰਹਿਣ ਅਤੇ ਅਸੀਂ ਇੱਕ ਦੂਜੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਰਹੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ
avtar31@hotmailcom